ਤਦੋਂ ਸ਼ਿਵ ਨੇ ਕ੍ਰੋਧ ਕਰ ਕੇ ਹੱਥ ਵਿਚ ਤ੍ਰਿਸ਼ੂਲ ਫੜ ਲਿਆ
ਅਤੇ ਵੈਰੀ ਦਾ ਸਿਰ ਕਟ ਕੇ ਦੋ ਟੋਟੇ ਕਰ ਦਿੱਤੇ ॥੩੯॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ 'ਪਿਨਾਕਿਪ੍ਰਬੰਧਹ' 'ਅੰਧਕ-ਬਧ' ਅਤੇ 'ਰੁਦ੍ਰ-ਉਸਤਤ' ਵਾਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧੦॥
ਹੁਣ ਗੌਰੀ (ਪਾਰਬਤੀ) ਦੇ ਵੱਧ ਦਾ ਕਥਨ:
ਸ੍ਰੀ ਭਗਉਤੀ ਜੀ ਸਹਾਇ:
ਤੋਟਕ ਛੰਦ:
ਇੰਦਰ ਦੇਵ ਉਦੋਂ ਪ੍ਰਸੰਨ ਹੋਇਆ
ਜਦੋਂ ਉਸ ਨੇ ਵੈਰੀ ਅੰਧਕ ਦਾ ਨਾਸ ਹੋਣਾ ਸੁਣਿਆ।
ਇਸ ਤਰ੍ਹਾਂ ਕਈ ਦਿਨ ਬੀਤ ਗਏ
ਤਾਂ ਇਕ ਦਿਨ ਸ਼ਿਵ ਇੰਦਰ ਦੇ ਘਰ ਗਿਆ ॥੧॥
ਤਦੋਂ ਸ਼ਿਵ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ।
ਇੰਦਰ ਨੇ ਸ਼ਿਵ ਨੂੰ ਵੇਖ ਕੇ ਉਸ ਉਤੇ ਹਥਿਆਰ ਸੁਟਿਆ।
ਉਦੋਂ ਸ਼ਿਵ ਨੇ ਵੀ ਅਖੰਡ ਕ੍ਰੋਧ ਕੀਤਾ,
ਜਿਸ ਤੋਂ ਇਕ ਅਪਾਰ ਅੰਗਾਰ ਨੇ ਜਨਮ ਲਿਆ ॥੨॥
ਉਸ ਅੰਗਾਰ ਦੇ ਤੇਜ ਨਾਲ ਜਗਤ ਦੇ ਸਾਰੇ ਜੀਵ ਸੜਨ ਲਗੇ,
(ਇਸ ਕਰ ਕੇ) ਉਸ ਨੂੰ ਉਸ ਵੇਲੇ ਸਮੁੰਦਰ ਵਿਚ ਸੁਟ ਦਿੱਤਾ ਗਿਆ।
ਪਰ ਸੁਟੇ ਜਾਣ ਤੇ ਸਮੁੰਦਰ ਨੇ ਉਸ ਨੂੰ ਗ੍ਰਹਿਣ ਨਾ ਕੀਤਾ।
ਇਸ ਕਰ ਕੇ ਉਸ ਨੇ ਧਰਤੀ ਉਤੇ ਆ ਕੇ ਜਲੰਧਰ ਦਾ ਰੂਪ ਧਾਰਨ ਕੀਤਾ ॥੩॥
ਚੌਪਈ:
ਇਸ ਤਰ੍ਹਾਂ ਬਲਵਾਨ ਦੈਂਤ ਪ੍ਰਗਟ ਹੋਇਆ ਅਤੇ
ਉਸ ਨੇ ਕੁਬੇਰ ਦਾ ਖ਼ਜ਼ਾਨਾ ਲੁਟ ਲਿਆ।
ਦਾੜ੍ਹੀ ਤੋਂ ਪਕੜ ਕੇ ਬ੍ਰਹਮਾ ਨੂੰ ਰੁਆਇਆ
ਅਤੇ ਇੰਦਰ ਨੂੰ ਜਿਤ ਕੇ (ਆਪਣੇ) ਸਿਰ ਉਤੇ ਛੱਤਰ ਝੁਲਵਾਇਆ ॥੪॥
ਦੇਵਤਿਆਂ ਨੂੰ ਜਿਤ ਕੇ ਆਪਣੀ ਚਰਨੀ ਲਾਇਆ
ਅਤੇ ਸ਼ਿਵ ਤੇ ਵਿਸ਼ਣੂ ਨੂੰ (ਲਿਆ ਕੇ) ਆਪਣੇ ਸ਼ਹਿਰ ਵਿਚ ਵਸਾਇਆ।
(ਉਸ ਨੇ) ਚੌਦਾਂ ਰਤਨ ਲਿਆ ਕੇ ਆਪਣੇ ਘਰ ਵਿਚ ਪਾ ਲਏ।
ਜਿਥੇ ਕਿਥੇ (ਲੋਕਾਂ ਨੂੰ ਦੁਖ ਦੇਣ ਲਈ) ਨੌਂ ਗ੍ਰਹਿ ਬਿਠਾ ਦਿੱਤੇ ॥੫॥
ਦੋਹਰਾ:
(ਜਲੰਧਰ ਨੇ) ਸਾਰਿਆਂ ਦੇਵਤਿਆਂ ਅਤੇ ਦੈਂਤਾਂ ਨੂੰ ਜਿਤ ਕੇ ਆਪਣੀ ਪੁਰੀ ਵਿਚ ਲਿਆ ਵਸਾਇਆ।
ਕੈਲਾਸ਼ ਪਰਬਤ ਉਤੇ ਜਾ ਕੇ ਮਹੇਸ਼ ਦੀ ਪੂਜਾ ਕੀਤੀ ॥੬॥
ਚੌਪਈ:
(ਜਲੰਧਰ) ਨੇ ਬਹੁਤ ਵਿਧੀਆਂ ਨਾਲ ਸ਼ਿਵ ਦਾ ਧਿਆਨ ਧਰਿਆ
ਅਤੇ ਦਿਨ ਰਾਤ ਬਹੁਤ ਸੇਵਾ ਕੀਤੀ।
ਇਸ ਤਰ੍ਹਾਂ ਨਾਲ ਉਸ ਨੇ ਕੁਝ ਸਮਾਂ ਬਿਤਾ ਲਿਆ।
ਹੁਣ ਪ੍ਰਸੰਗ ਸ਼ਿਵ ਵਲ ਆਉਂਦਾ ਹੈ ॥੭॥
ਸ਼ਿਵ ਦਾ ਅਤੁੱਲ ਬਲ ਵੇਖ ਕੇ,
ਜਲ ਥਲ ਵਿਚ ਰਹਿਣ ਵਾਲੇ ਅਨੇਕਾਂ ਵੈਰੀ ਕੰਬਣ ਲਗੇ।
ਉਸ ਸਮੇਂ ਦਕਸ਼ ਪ੍ਰਜਾਪਤੀ ਨਾਂ ਦਾ ਇਕ ਉਤੱਮ ਰਾਜਾ ਹੋਇਆ ਸੀ
ਜਿਸ ਦੇ ਘਰ ਦਸ ਹਜ਼ਾਰ ਪੁੱਤਰੀਆਂ (ਪੈਦਾ ਹੋਈਆਂ) ਸਨ ॥੮॥
ਉਸ ਨੇ ਇਕ ਵਾਰ ਸੁਅੰਬਰ ਕੀਤਾ
ਅਤੇ ਦਸ ਹਜ਼ਾਰ ਰਾਜ-ਕੰਨਿਆਵਾਂ ਨੂੰ ਆਗਿਆ ਦਿੱਤੀ ਕਿ
ਜਿਸ ਨੂੰ ਜੋ ਵਰ ਚੰਗਾ ਲਗਦਾ ਹੈ, ਹੁਣੇ ਉਹੀ ਵਰ ਲਵੇ,
(ਭਾਵੇਂ) ਕੋਈ ਰਾਜਾ ਜਾਂ ਊਚ-ਨੀਚ (ਕਿਉਂ ਨਾ) ਹੋਵੇ ॥੯॥
ਜਿਸ ਨੂੰ ਜੋ ਜੋ (ਵਰ) ਚੰਗਾ ਲਗਿਆ ਉਸ ਨੇ ਉਸ ਨੂੰ ਵਰ ਲਿਆ।
ਸਾਰਾ ਪ੍ਰਸੰਗ ਉਚਾਰਿਆ ਨਹੀਂ ਜਾ ਸਕਦਾ।
ਜੇ ਮੁੱਢ ਤੋਂ ਸਾਰਾ ਬ੍ਰਿੱਤਾਂਤ ਕਹਿ ਕੇ ਸੁਣਾਵਾਂ,
ਤਾਂ ਕਥਾ ਦੇ ਵੱਧ ਜਾਣ ਤੋਂ ਡਰਦਾ ਹਾਂ ॥੧੦॥
ਪ੍ਰਜਾਪਤੀ ਨੇ ਚਾਰ ਧੀਆਂ ਕਸ਼ਪ (ਰਿਸ਼ੀ) ਨੂੰ ਦਿੱਤੀਆਂ