ਸ਼੍ਰੀ ਦਸਮ ਗ੍ਰੰਥ

ਅੰਗ - 1385


ਕਢੈ ਦੈਤ ਰਨ ਦਾਤ ਬਿਹਾਰਤ ॥

(ਕਿਤੇ) ਦੈਂਤ ਰਣ-ਭੂਮੀ ਵਿਚ ਦੰਦ ਕਢ ਕੇ ਫਿਰ ਰਹੇ ਸਨ

ਭੂਤ ਪ੍ਰੇਤ ਤਾਲੀ ਕਹ ਮਾਰਤ ॥

ਅਤੇ ਭੂਤ ਪ੍ਰੇਤ ਤਾੜੀਆਂ ਮਾਰ ਰਹੇ ਸਨ।

ਉਲਕਾ ਪਾਤ ਹੋਤ ਆਕਾਸਾ ॥

ਆਕਾਸ਼ ਤੋਂ ਤਾਰੇ ਅਥਵਾ ਅੰਗਾਰੇ ('ਉਲਕਾ') ਡਿਗਦੇ ਸਨ।

ਅਸੁਰ ਸੈਨ ਇਹ ਬਿਧਿ ਭਯੋ ਨਾਸਾ ॥੩੫੭॥

ਇਸ ਤਰ੍ਹਾਂ ਦੈਂਤ ਸੈਨਾ ਦਾ ਨਾਸ ਹੋ ਗਿਆ ॥੩੫੭॥

ਬਹਤ ਅਮਿਤ ਰਨ ਪਵਨ ਪ੍ਰਚੰਡਾ ॥

ਰਣ-ਭੂਮੀ ਵਿਚ ਬਹੁਤ ਤੇਜ਼ ਹਵਾ ਚਲ ਰਹੀ ਸੀ।

ਦਿਖਿਯਤ ਪਰੇ ਸੁਭਟ ਖੰਡ ਖੰਡਾ ॥

(ਉਥੇ) ਟੁਕੜੇ ਟੁਕੜੇ ਹੋਏ ਪਏ ਸੂਰਮੇ ਦਿਖ ਰਹੇ ਸਨ।

ਕਾਕਨਿ ਕੁਹਕਿ ਮਾਨਵਤਿ ਤਾਤੀ ॥

ਮਾਨਮਤੀਆਂ ਕਾਉਣੀਆਂ ਤਿਖੀ ਸੁਰ ਵਿਚ ਕਾਂ ਕਾਂ ਕਰ ਰਹੀਆਂ ਸਨ,

ਫਾਗੁਨ ਜਾਨੁ ਕੋਕਿਲਾ ਮਾਤੀ ॥੩੫੮॥

ਮਾਨੋ ਫਗਣ ਦੇ ਮਹੀਨੇ ਵਿਚ ਕੋਇਲਾਂ ਮਸਤ ਹੋ ਕੇ ਬੋਲ ਰਹੀਆਂ ਹੋਣ ॥੩੫੮॥

ਇਹ ਬਿਧਿ ਸ੍ਰੋਨ ਕੁੰਡਿ ਭਰਿ ਗਯੋ ॥

ਇਸ ਤਰ੍ਹਾਂ ਲਹੂ ਦਾ ਕੁੰਡ ਭਰ ਗਿਆ,

ਦੂਸਰ ਮਾਨਸਰੋਵਰ ਭਯੋ ॥

(ਮਾਨੋ) ਦੂਜਾ ਮਾਨਸਰੋਵਰ ਹੋ ਗਿਆ ਹੋਵੇ।

ਸੇਤ ਛਤ੍ਰੁ ਤਹ ਹੰਸ ਬਿਰਾਜੈ ॥

ਟੁਟੇ ਹੋਏ (ਸਫ਼ੈਦ) ਛਤ੍ਰ ਹੰਸਾਂ ਵਰਗੇ ਸ਼ੋਭ ਰਹੇ ਸਨ

ਅਨਤ ਸਾਜ ਜਲ ਜਿਯ ਸੇ ਰਾਜੈ ॥੩੫੯॥

ਅਤੇ ਹੋਰ ਸਾਜ਼-ਸਾਮਾਨ ਜਲ-ਜੀਵਾਂ ('ਜਲ-ਜਿਯ') ਵਰਗਾ ਲਗ ਰਿਹਾ ਸੀ ॥੩੫੯॥

ਟੂਕ ਟੂਕ ਦੰਤੀ ਕਹੂੰ ਭਏ ॥

ਕਿਤੇ ਟੋਟੇ ਟੋਟੇ ਹੋਏ ਹਾਥੀ ਪਏ ਸਨ

ਤਿਲ ਤਿਲ ਪ੍ਰਾਇ ਸੁਭਟ ਹ੍ਵੈ ਗਏ ॥

ਅਤੇ ਸੂਰਮੇ ਤਿਲ ਤਿਲ ਦੇ ਬਰਾਬਰ ਹੋਏ ਪਏ ਸਨ।

ਸ੍ਰੋਨਤ ਧਾਰਿ ਬਹੀ ਇਕ ਬਾਰਾ ॥

ਇਕ ਪਾਸੇ ਲਹੂ ਦੀ ਧਾਰ ਵਗ ਰਹੀ ਸੀ,

ਭਈ ਧੂਰਿ ਰਨ ਕੀ ਸਭ ਗਾਰਾ ॥੩੬੦॥

(ਜਿਸ ਕਰ ਕੇ) ਰਣ ਦੀ ਮਿੱਟੀ ਗਾਰਾ ਬਣੀ ਪਈ ਸੀ ॥੩੬੦॥

ਨੇਜਬਾਜ ਬਹੁ ਬੀਰ ਸੰਘਾਰੇ ॥

ਨੇਜ਼ਾ-ਬਾਜ਼ਾਂ ਨੇ ਬਹੁਤ ਸੂਰਮੇ ਮਾਰ ਦਿੱਤੇ ਸਨ

ਪ੍ਰੋਏ ਬਰਾ ਸੀਖ ਭਟਿਯਾਰੇ ॥

(ਮਾਨੋ) ਭਠਿਆਰਾਂ ਨੇ ਸੀਖਾਂ ਵਿਚ ਵੜੇ ਪਰੋਏ ਹੋਏ ਹੋਣ।

ਟੂਕ ਟੂਕ ਭਟ ਰਨ ਹ੍ਵੈ ਰਹੇ ॥

ਰਣ ਵਿਚ ਸੂਰਮੇ ਟੁਕੜੇ ਟੁਕੜੇ ਹੋਏ ਪਏ ਸਨ,

ਜਿਨ ਕੇ ਘਾਵ ਸਰੋਹਿਨ ਬਹੇ ॥੩੬੧॥

ਜਿਨ੍ਹਾਂ ਦੇ ਜ਼ਖ਼ਮਾਂ ਉਤੇ ਸਰੋਹੀ (ਤਲਵਾਰ) ਵਗੀ ਸੀ ॥੩੬੧॥

ਇਹ ਬਿਧਿ ਅਮਿਤ ਕੋਪ ਕਰਿ ਕਾਲਾ ॥

ਇਸ ਤਰ੍ਹਾਂ ਨਾਲ ਕਾਲ ਬਹੁਤ ਕ੍ਰੋਧ ਕਰ ਕੇ

ਕਾਢਤ ਭਯੋ ਦਾਤ ਬਿਕਰਾਲਾ ॥

ਭਿਆਨਕ ਦੰਦ ਕਢਣ ਲਗਾ।

ਛਿਪ੍ਰ ਹਨੇ ਛਿਨ ਮਾਝ ਛਤ੍ਰਾਲੇ ॥

ਛਿਣ ਭਰ ਵਿਚ ਛੇਤੀ ਨਾਲ ਛਤ੍ਰਾਂ ਵਾਲੇ ਮਾਰ ਦਿੱਤੇ

ਸੂਰਬੀਰ ਬਲਵਾਨ ਮੁਛਾਲੇ ॥੩੬੨॥

ਜੋ ਸੂਰਬੀਰ, ਬਲਵਾਨ ਅਤੇ ਮੁਛੈਲ ਸਨ ॥੩੬੨॥

ਦੁਹੂੰ ਅਧਿਕ ਰਨ ਕਿਯੋ ਅਪਾਰਾ ॥

ਦੋਹਾਂ ਨੇ ਬਹੁਤ ਘਮਸਾਨ ਯੁੱਧ ਕੀਤਾ,

ਦਾਨਵ ਮਰਤ ਭਯੋ ਨਹਿ ਮਾਰਾ ॥

ਪਰ ਦੈਂਤ ਮਾਰਿਆਂ ਮਰ ਨਹੀਂ ਰਹੇ ਸਨ।

ਤਬ ਅਸਿਧੁਜ ਅਸ ਮੰਤ੍ਰ ਬਿਚਾਰੋ ॥

ਤਦ ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ ਵਿਚਾਰ ਕੀਤਾ

ਜਿਹ ਬਿਧਿ ਤੇ ਦਾਨਵਹਿ ਸੰਘਾਰੋ ॥੩੬੩॥

ਜਿਸ ਤਰ੍ਹਾਂ ਕਿ ਦੈਂਤਾਂ ਨੂੰ ਮਾਰਿਆ ਜਾ ਸਕੇ ॥੩੬੩॥

ਸਰਬਾਕਰਖਨ ਕਿਯ ਅਸਿਧੁਜ ਜਬ ॥

ਜਦ ਮਹਾ ਕਾਲ ਨੇ (ਆਪਣੀ ਸ਼ਕਤੀ ਨਾਲ) ਸਾਰਿਆਂ ਨੂੰ ਖਿਚ ਲਿਆ।

ਉਪਜਤ ਤੇ ਰਹਿ ਗਏ ਅਸੁਰ ਤਬ ॥

ਤਦ ਦੈਂਤ ਪੈਦਾ ਹੋਣੇ ਬੰਦ ਹੋ ਗਏ।

ਆਗ੍ਯਾ ਬਹੁਰਿ ਕਾਲਿ ਕਹ ਦਈ ॥

ਫਿਰ ਉਸ ਨੇ 'ਕਾਲਿ' ਨੂੰ ਆਗਿਆ ਦਿੱਤੀ।

ਸਤ੍ਰੁ ਸੈਨ ਭਛਨ ਕਰਿ ਗਈ ॥੩੬੪॥

ਉਹ ਵੈਰੀ ਦੀ ਸੈਨਾ ਨੂੰ ਖਾ ਗਈ ॥੩੬੪॥

ਏਕੈ ਅਸੁਰ ਤਬੈ ਰਹਿ ਗਯੋ ॥

ਤਦ ਇਕੋ ਦੈਂਤ ਰਹਿ ਗਿਆ।

ਤ੍ਰਾਸਿਤ ਅਧਿਕ ਚਿਤ ਮਹਿ ਭਯੋ ॥

ਉਹ ਮਨ ਵਿਚ ਬਹੁਤ ਡਰਿਆ।

ਹਾਇ ਹਾਇ ਕਸ ਕਰੌ ਉਪਾਵਾ ॥

'ਹਾਇ ਹਾਇ' ਕਰਦਾ ਹੋਇਆ ਸੋਚਣ ਲਗਾ ਕਿ ਕੀ ਉਪਾ ਕੀਤਾ ਜਾਏ।

ਅਸ ਕੋਈ ਚਲਤ ਨੇ ਮੇਰਾ ਦਾਵਾ ॥੩੬੫॥

ਹੁਣ ਮੇਰਾ ਕੋਈ ਦਾਵਾ (ਜਾਂ ਦਾਓ) ਨਹੀਂ ਚਲਦਾ ॥੩੬੫॥

ਦੋਹਰਾ ॥

ਦੋਹਰਾ:

ਮਹਾ ਕਾਲ ਕੀ ਸਰਨਿ ਜੇ ਪਰੇ ਸੁ ਲਏ ਬਚਾਇ ॥

ਮਹਾ ਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ।

ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ ॥੩੬੬॥

ਹੋਰ ਦੂਜਾ (ਦੈਂਤ) ਜਗਤ ਵਿਚ ਪੈਦਾ ਨਹੀਂ ਹੋਇਆ, (ਕਾਲਿ ਨੇ) ਸਭ ਨੂੰ ਖਾ ਲਿਆ ॥੩੬੬॥

ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥

ਜੋ ਅਸਿਕੇਤੁ (ਮਹਾ ਕਾਲ) ਦੀ ਹਰ ਰੋਜ਼ ਪੂਜਾ ਕਰਦੇ ਹਨ,

ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ ॥੩੬੭॥

ਉਨ੍ਹਾਂ ਨੂੰ ਆਪਣਾ ਹੱਥ ਦੇ ਕੇ ਅਸਿਧੁਜ ਬਚਾ ਲੈਂਦਾ ਹੈ ॥੩੬੭॥

ਚੌਪਈ ॥

ਚੌਪਈ:

ਦੁਸਟ ਦੈਤ ਕਛੁ ਬਾਤ ਨ ਜਾਨੀ ॥

ਦੁਸ਼ਟ ਦੈਂਤ ਨੇ ਕੋਈ ਗੱਲ ਨਾ ਸਮਝੀ।

ਮਹਾ ਕਾਲ ਤਨ ਪੁਨਿ ਰਿਸਿ ਠਾਨੀ ॥

ਮਹਾ ਕਾਲ ਪ੍ਰਤਿ (ਉਸ ਨੇ) ਫਿਰ ਰੋਹ ਪਾਲ ਲਿਆ।

ਬਲ ਅਪਬਲ ਅਪਨੋ ਨ ਬਿਚਾਰਾ ॥

(ਉਸ ਨੇ) ਆਪਣੀ ਸ਼ਕਤੀ ਅਤੇ ਕਮਜ਼ੋਰੀ ਨੂੰ ਨਾ ਵਿਚਾਰਿਆ।

ਗਰਬ ਠਾਨਿ ਜਿਯ ਬਹੁਰਿ ਹੰਕਾਰਾ ॥੩੬੮॥

ਮਨ ਵਿਚ ਬਹੁਤ ਅਭਿਮਾਨ ਅਤੇ ਹੰਕਾਰ ਠਾਨ ਲਿਆ ॥੩੬੮॥

ਰੇ ਰੇ ਕਾਲ ਫੂਲਿ ਜਿਨਿ ਜਾਹੁ ॥

(ਅਤੇ ਕਹਿਣ ਲਗਾ) ਹੇ ਕਾਲ! ਐਵੇਂ ਫੁਲਿਆ ਨਾ ਫਿਰ,

ਬਹੁਰਿ ਆਨਿ ਸੰਗ੍ਰਾਮ ਮਚਾਹੁ ॥

(ਮੇਰੇ ਨਾਲ) ਆ ਕੇ ਫਿਰ ਯੁੱਧ ਕਰ।


Flag Counter