ਸ਼੍ਰੀ ਦਸਮ ਗ੍ਰੰਥ

ਅੰਗ - 366


ਜੋਊ ਆਈ ਮਨਾਵਨ ਗ੍ਵਾਰਨਿ ਥੀ ਤਿਹ ਸੋ ਬਤੀਯਾ ਇਮ ਪੈ ਉਚਰੀ ॥

ਜੋ ਗੋਪੀ ਉਸ ਨੂੰ ਮਨਾਉਣ ਲਈ ਆਈ ਸੀ, ਉਸ ਨਾਲ ਇਸ ਤਰ੍ਹਾਂ ਗੱਲ ਕੀਤੀ।

ਸਖੀ ਕਾਹੇ ਕੌ ਹਉ ਹਰਿ ਪਾਸ ਚਲੋ ਹਰਿ ਕੀ ਕਛੁ ਮੋ ਪਰਵਾਹ ਪਰੀ ॥੭੧੦॥

ਹੇ ਸਖੀ! ਮੈਂ ਕਿਸ ਲਈ ਕ੍ਰਿਸ਼ਨ ਕੋਲ ਜਾਵਾਂ, ਮੈਨੂੰ ਕ੍ਰਿਸ਼ਨ ਦੀ ਕੁਝ ਪਰਵਾਹ ਪਈ ਹੈ ॥੭੧੦॥

ਯੌ ਇਹ ਉਤਰ ਦੇਤ ਭਈ ਤਬ ਯਾ ਬਿਧਿ ਸੋ ਉਨਿ ਬਾਤ ਕਰੀ ਹੈ ॥

ਜਦ (ਉਸ ਨੇ) ਇਸ ਤਰ੍ਹਾਂ ਉੱਤਰ ਦਿੱਤਾ, ਤਦ ਉਸ (ਦੂਤੀ) ਨੇ ਇਸ ਢੰਗ ਨਾਲ ਗੱਲ ਕੀਤੀ ਹੈ।

ਰਾਧੇ ਬਲਾਇ ਲਿਉ ਰੋਸ ਕਰੋ ਨਹਿ ਕਿਉ ਕਿਹ ਕੋਪ ਕੇ ਸੰਗ ਭਰੀ ਹੈ ॥

ਹੇ ਰਾਧਾ! ਮੈਂ ਤੇਰੀਆਂ ਬਲਾਵਾਂ ਲਵਾਂ, ਕ੍ਰੋਧ ਨਾ ਕਰ, (ਤੂੰ) ਕਿਸ ਕਰ ਕੇ ਕ੍ਰੋਧ ਨਾਲ ਭਰ ਗਈ ਹੈਂ।

ਤੂ ਇਤ ਮਾਨ ਰਹੀ ਕਰਿ ਕੈ ਉਤ ਹੇਰਤ ਪੈ ਰਿਪੁ ਚੰਦ ਹਰੀ ਹੈ ॥

ਤੂੰ ਇਥੇ ਰੁਸ ਕੇ ਬੈਠ ਗਈ ਹੈਂ ਅਤੇ ਉਧਰ ਚੰਦ੍ਰਮਾ ਦਾ ਵੈਰੀ (ਸ੍ਰੀ ਕ੍ਰਿਸ਼ਨ) (ਤੇਰਾ ਰਾਹ) ਵੇਖ ਰਿਹਾ ਹੈ।

ਤੂ ਨ ਕਰੈ ਪਰਵਾਹ ਹਰੀ ਹਰਿ ਕੌ ਤੁਮਰੀ ਪਰਵਾਹ ਪਰੀ ਹੈ ॥੭੧੧॥

(ਜੇ) ਤੂੰ ਕ੍ਰਿਸ਼ਨ ਦੀ ਪਰਵਾਹ ਨਹੀਂ ਕਰਦੀ, (ਤਾਂ) ਕ੍ਰਿਸ਼ਨ ਨੂੰ (ਭਲਾ) ਤੇਰੀ ਕੀ ਪਰਵਾਹ ਪਈ ਹੈ ॥੭੧੧॥

ਯੌਂ ਕਹਿ ਬਾਤ ਕਹੀ ਫਿਰਿ ਯੌ ਉਠਿ ਬੇਗ ਚਲੋ ਚਲਿ ਹੋਹੁ ਸੰਜੋਗੀ ॥

ਇਸ ਤਰ੍ਹਾਂ ਗੱਲ ਕਹਿ ਕੇ ਫਿਰ (ਦੂਤੀ ਗੋਪੀ ਨੇ) ਇੰਜ ਕਿਹਾ, ਉਠ ਜਲਦੀ ਚਲ ਅਤੇ ਚਲ ਕੇ ਉਸ ਦੀ ਸੰਜੋਗਣ ਬਣ।

ਤਾਹੀ ਕੇ ਨੈਨ ਲਗੇ ਇਹ ਠਉਰ ਜੋਊ ਸਭ ਲੋਗਨ ਕੋ ਰਸ ਭੋਗੀ ॥

ਉਸ ਦੀਆਂ ਅੱਖਾਂ ਇਸ ਥਾਂ ਤੇ ਲਗੀਆਂ ਹੋਈਆਂ ਹਨ, ਜੋ ਸਾਰਿਆਂ ਲੋਕਾਂ ਦਾ ਰਸ ਭੋਗਦਾ ਹੈ।

ਤਾ ਕੇ ਨ ਪਾਸ ਚਲੈ ਸਜਨੀ ਉਨ ਕੋ ਕਛ ਜੈ ਹੈ ਨ ਆਪਨ ਖੋਗੀ ॥

ਹੇ ਸਜਨੀ! (ਜੇ) ਉਸ ਦੇ ਕੋਲ ਨਹੀਂ ਜਾਂਦੀ, (ਤਾਂ) ਉਸ ਦਾ ਕੁਝ ਨਹੀਂ ਜਾਏਗਾ, (ਤੂੰ ਹੀ) ਆਪਣਾ ਕੁਝ ਖੋਹੇਂਗੀ।

ਤੈ ਮੁਖ ਰੀ ਬਲਿ ਦੇਖਨ ਕੋ ਜਦੁਰਾਇ ਕੇ ਨੈਨ ਭਏ ਦੋਊ ਬਿਓਗੀ ॥੭੧੨॥

ਹੇ ਬੱਲੀਏ! ਤੇਰਾ ਮੁਖ ਵੇਖਣ ਲਈ ਕ੍ਰਿਸ਼ਨ ਦੇ ਦੋਵੇਂ ਨੈਣ ਵਿਯੋਗੀ ਹੋ ਗਏ ਹਨ ॥੭੧੨॥

ਪੇਖਤ ਹੈ ਨਹੀ ਅਉਰ ਤ੍ਰੀਯਾ ਤੁਮਰੋ ਈ ਸੁਨੋ ਬਲਿ ਪੰਥ ਨਿਹਾਰੈ ॥

ਹੇ ਸਖੀ! ਸੁਣ, ਹੋਰ ਕਿਸੇ ਇਸਤਰੀ ਵਲ ਨਹੀਂ ਵੇਖਦੇ, (ਬਸ) ਤੇਰਾ ਹੀ ਮਾਰਗ ਵੇਖਦੇ ਰਹਿੰਦੇ ਹਨ।

ਤੇਰੇ ਹੀ ਧ੍ਯਾਨ ਬਿਖੈ ਅਟਕੇ ਤੁਮਰੀ ਹੀ ਕਿਧੌ ਬਲਿ ਬਾਤ ਉਚਾਰੈ ॥

ਹੇ ਬਲ੍ਹੀਏ! ਤੇਰੇ ਹੀ ਧਿਆਨ ਵਿਚ ਅਟਕੇ ਹੋਏ ਹਨ ਜਾਂ ਫਿਰ ਤੇਰੀਆਂ ਹੀ ਗੱਲਾਂ ਕਰ ਲੈਂਦੇ ਹਨ।

ਝੂਮਿ ਗਿਰੈ ਕਬਹੂੰ ਧਰਨੀ ਕਰਿ ਤ੍ਵੈ ਮਧਿ ਆਪਨ ਆਪ ਸੰਭਾਰੈ ॥

ਕਦੇ ਕਦੇ ਉਹ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪੈਂਦੇ ਹਨ, (ਉਹ ਤਾਂ) ਤੇਰੇ ਵਿਚ ਹੀ ਆਪਣੇ ਆਪ ਨੂੰ ਸੰਭਾਲਦੇ ਹਨ।

ਤਉਨ ਸਮੈ ਸਖੀ ਤੋਹਿ ਚਿਤਾਰਿ ਕੈ ਸ੍ਯਾਮਿ ਜੂ ਮੈਨ ਕੋ ਮਾਨ ਨਿਵਾਰੈ ॥੭੧੩॥

ਹੇ ਸਖੀ! ਉਸ ਵੇਲੇ ਸ੍ਰੀ ਕ੍ਰਿਸ਼ਨ ਤੈਨੂੰ ਯਾਦ ਕਰਦੇ ਹਨ ਅਤੇ ਕਾਮ ਦੇ ਮਾਣ ਨੂੰ ਵੀ ਦੂਰ ਕਰ ਦਿੰਦੇ ਹਨ ॥੭੧੩॥

ਤਾ ਤੇ ਨ ਮਾਨ ਕਰੋ ਸਜਨੀ ਉਠਿ ਬੇਗ ਚਲੋ ਕਛੁ ਸੰਕ ਨ ਆਨੋ ॥

ਇਸ ਕਰ ਕੇ ਹੇ ਸਜਨੀ! ਰੋਸਾ ਨਾ ਕਰ, ਉਠ ਕੇ ਜਲਦੀ ਚਲ, ਮਨ ਵਿਚ ਕੁਝ ਸੰਗ ਨਾ ਕਰ।

ਸ੍ਯਾਮ ਕੀ ਬਾਤ ਸੁਨੋ ਹਮ ਤੇ ਤੁਮਰੇ ਚਿਤ ਮੈ ਅਪਨੋ ਚਿਤ ਮਾਨੋ ॥

ਮੇਰੇ ਕੋਲੋਂ ਕ੍ਰਿਸ਼ਨ ਦੀ ਗੱਲ ਸੁਣ, ਤੇਰੇ ਚਿਤ ਵਿਚ (ਉਸ ਨੇ) ਆਪਣਾ ਚਿਤ ਮੰਨਿਆ ਹੋਇਆ ਹੈ।

ਤੇਰੇ ਹੀ ਧ੍ਯਾਨ ਫਸੇ ਹਰਿ ਜੂ ਕਰ ਕੈ ਮਨਿ ਸੋਕ ਅਸੋਕ ਬਹਾਨੋ ॥

ਸ੍ਰੀ ਕ੍ਰਿਸ਼ਨ (ਅਸਲ ਵਿਚ) ਤੇਰੇ ਹੀ ਧਿਆਨ ਵਿਚ ਫਸੇ ਹੋਏ ਹਨ, (ਪਰ) ਮਨ ਵਿਚ ਸੋਗ ਜਾਂ ਅਸੋਗ ਦਾ ਬਹਾਨਾ (ਬਣਾ ਕੇ ਗੱਲ ਨੂੰ ਟਾਲੀ ਰਖਦੇ ਹਨ)।

ਮੂੜ ਰਹੀ ਅਬਲਾ ਕਰਿ ਮਾਨ ਕਛੂ ਹਰਿ ਕੋ ਨਹੀ ਹੇਤ ਪਛਾਨੋ ॥੭੧੪॥

ਹੇ ਅਬਲਾ! ਮੂਰਖਾਂ ਵਾਂਗ ਰੋਸਾ ਕਰ ਕੇ (ਬੈਠ) ਰਹੀ ਹੈਂ ਅਤੇ ਸ੍ਰੀ ਕ੍ਰਿਸ਼ਨ ਦੇ ਪ੍ਰੇਮ ਨੂੰ ਕੁਝ ਵੀ ਪਛਾਣਿਆ ਨਹੀਂ ਹੈ ॥੭੧੪॥

ਗ੍ਵਾਰਨਿ ਕੀ ਸੁਨ ਕੈ ਬਤੀਯਾ ਤਬ ਰਾਧਿਕਾ ਉਤਰ ਦੇਤ ਭਈ ॥

ਗੋਪੀ ਦੀ ਗੱਲ ਸੁਣ ਕੇ, ਤਦ ਰਾਧਾ ਜਵਾਬ ਦੇਣ ਲਗੀ।

ਕਿਹ ਹੇਤ ਕਹਿਯੋ ਤਜਿ ਕੈ ਹਰਿ ਪਾਸਿ ਮਨਾਵਨ ਮੋਹੂ ਕੇ ਕਾਜ ਧਈ ॥

(ਤੂੰ) ਕਿਸ ਲਈ ਸ੍ਰੀ ਕ੍ਰਿਸ਼ਨ ਦਾ ਸਾਥ ਤਿਆਗ ਕੇ ਮੈਨੂੰ ਮੰਨਾਉਣ ਦੇ ਕੰਮ ਲਈ ਦੌੜੀ (ਆਈ) ਹੈ।

ਨਹਿ ਹਉ ਚਲਿ ਹੋ ਹਰਿ ਪਾਸ ਕਹਿਯੋ ਤੁਮਰੀ ਧਉ ਕਹਾ ਗਤਿ ਹ੍ਵੈ ਹੈ ਦਈ ॥

(ਮੈਂ) ਕਹਿ ਦਿੱਤਾ ਹੈ (ਕਿ ਮੈਂ) ਕ੍ਰਿਸ਼ਨ ਪਾਸ ਨਹੀਂ ਜਾਵਾਂਗੀ। ਤੇਰੀ ਤਾ ਕੀ ਹੈਸੀਅਤ ਹੈ, (ਪਰ ਜੇ) ਵਿਧਾਤਾ (ਵੀ ਕਹਿਣ ਤਦ ਵੀ ਨਹੀਂ ਜਾਵਾਂਗੀ)।

ਸਖੀ ਅਉਰਨ ਨਾਮ ਸੁ ਮੂੜ ਧਰੈ ਨ ਲਖੈ ਇਹ ਹਉਹੂੰ ਕਿ ਮੂੜ ਮਈ ॥੭੧੫॥

ਹੇ ਸਖੀ! (ਤੂੰ) ਹੋਰਨਾਂ ਦਾ ਨਾਂ ਮੂਰਖ ਧਰਦੀ ਹੈਂ; (ਪਰ) ਇਹ ਨਹੀਂ ਸਮਝਦੀ ਕਿ ਤੂੰ ਵੀ ਮੂਰਖਮਈ ਹੋ ਗਈ ਹੈਂ ॥੭੧੫॥

ਸੁਨ ਕੈ ਬ੍ਰਿਖਭਾਨ ਸੁਤਾ ਕੋ ਕਹਿਯੋ ਇਹ ਭਾਤਿ ਸੋ ਗ੍ਵਾਰਨਿ ਉਤਰ ਦੀਨੋ ॥

ਰਾਧਾ (ਦੀ ਗੱਲ) ਸੁਣ ਕੇ, ਉਸ ਗੋਪੀ ਨੇ ਇਸ ਤਰ੍ਹਾਂ ਉੱਤਰ ਦਿੱਤਾ,

ਰੀ ਸੁਨ ਗ੍ਵਾਰਨਿ ਮੋ ਬਤੀਯਾ ਤਿਨ ਹੂੰ ਸੁਨਿ ਸ੍ਰੌਨ ਸੁਨੈਬੇ ਕਉ ਕੀਨੋ ॥

ਹੇ ਗੋਪੀ (ਰਾਧਾ!) ਮੇਰੀਆਂ ਗੱਲਾਂ ਸੁਣ, ਉਨ੍ਹਾਂ ਨੂੰ ਸੁਣਨ ਲਈ ਆਪਣੇ ਕੰਨਾਂ ਨੂੰ ਸੁਣਨ ਯੋਗ ਕਰ।

ਮੋਹਿ ਕਹੈ ਮੁਖ ਤੇ ਕਿ ਤੂ ਮੂੜ ਮੈ ਮੂੜ ਤੁਹੀ ਮਨ ਮੈ ਕਰਿ ਚੀਨੋ ॥

ਮੈਨੂੰ ਤੂੰ ਮੁਖ ਤੋਂ ਮੂਰਖ ਕਿਹਾ ਹੈ, (ਕੀ) 'ਮੈਂ ਮੂਰਖ ਹਾਂ', (ਇਸ ਗੱਲ ਨੂੰ ਖੁਦ) ਮਨ ਵਿਚ ਵਿਚਾਰ ਕਰ ਕੇ ਵੇਖ।

ਜੈ ਜਦੁਰਾਇ ਕੀ ਭੇਜੀ ਅਈ ਸੁਨਿ ਤੈ ਜਦੁਰਾਇ ਹੂੰ ਸੋ ਹਠ ਕੀਨੋ ॥੭੧੬॥

ਸੁਣ, ਮੈਂ ਸ੍ਰੀ ਕ੍ਰਿਸ਼ਨ ਦੀ ਭੇਜੀ ਹੋਈ ਆਈ ਹਾਂ ਅਤੇ ਤੂੰ ਸ੍ਰੀ ਕ੍ਰਿਸ਼ਨ ਨਾਲ ਹੀ ਹਠ ਕੀਤਾ ਹੋਇਆ ਹੈ ॥੭੧੬॥

ਯੌ ਕਹਿ ਕੈ ਇਹ ਭਾਤਿ ਕਹਿਯੋ ਚਲੀਯੈ ਉਠਿ ਕੈ ਬਲਿ ਸੰਕ ਨ ਆਨੋ ॥

ਇਸ ਤਰ੍ਹਾਂ ਕਹਿ ਕੇ, ਫਿਰ ਇੰਜ ਕਿਹਾ, ਹੇ ਬਲ੍ਹੀਏ! ਉਠ ਕੇ ਚਲ ਅਤੇ (ਮਨ ਵਿਚ ਕੋਈ) ਸ਼ੰਕਾ ਨਾ ਲਿਆ।

ਤੋ ਹੀ ਸੋ ਹੇਤੁ ਘਨੋ ਹਰਿ ਕੋ ਤਿਹ ਤੇ ਤੁਮਹੂੰ ਕਹਿਯੋ ਸਾਚ ਹੀ ਜਾਨੋ ॥

ਸ੍ਰੀ ਕ੍ਰਿਸ਼ਨ ਦਾ ਤੇਰੇ ਨਾਲ ਹੀ ਘਨੇਰਾ ਪ੍ਰੇਮ ਹੈ, ਇਸ ਲਈ ਤੂੰ (ਮੇਰਾ) ਕਿਹਾ ਸਚ ਹੀ ਜਾਣ।

ਪਾਇਨ ਤੋਰੇ ਪਰੋ ਲਲਨਾ ਹਠ ਦੂਰ ਕਰੋ ਕਬਹੂੰ ਫੁਨਿ ਮਾਨੋ ॥

ਹੇ ਪਿਆਰੀ! (ਮੈਂ) ਤੇਰੇ ਪੈਰੀਂ ਪੈਂਦੀ ਹਾਂ, ਹਠ ਨੂੰ ਦੂਰ ਕਰ ਦੇ ਅਤੇ ਕਦੇ ਤਾਂ (ਮੇਰਾ ਕਿਹਾ) ਮੰਨ ਲੈ।

ਤਾ ਤੇ ਨਿਸੰਕ ਚਲੋ ਤਜਿ ਸੰਕ ਕਿਧੌ ਹਰਿ ਕੀ ਵਹ ਪ੍ਰੀਤਿ ਪਛਾਨੋ ॥੭੧੭॥

ਇਸ ਲਈ ਨਿਸੰਗ ਹੋ ਕੇ ਚਲ, ਸੰਗ ਨੂੰ ਛਡ ਦੇ ਅਤੇ ਕਿਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਉਸ ਪ੍ਰੀਤ ਨੂੰ ਪਛਾਣ ॥੭੧੭॥

ਕੁੰਜਨ ਮੈ ਸਖੀ ਰਾਸ ਸਮੈ ਹਰਿ ਕੇਲ ਕਰੇ ਤੁਮ ਸੋ ਬਨ ਮੈ ॥

ਹੇ ਸਖੀ! ਕੁੰਜ ਗਲੀਆਂ ਵਿਚ, ਰਾਸ ਦੇ ਵੇਲੇ, ਸ੍ਰੀ ਕ੍ਰਿਸ਼ਨ ਤੇਰੇ ਨਾਲ ਬਨ ਵਿਚ ਖੇਡਾਂ ਕਰਦਾ ਸੀ।

ਜਿਤਨੋ ਉਨ ਕੋ ਹਿਤ ਹੈ ਤੁਹਿ ਮੋ ਤਿਹ ਤੇ ਨਹੀ ਆਧਿਕ ਹੈ ਉਨ ਮੈ ॥

ਜਿਤਨਾ ਉਸ (ਕ੍ਰਿਸ਼ਨ) ਦਾ ਤੇਰੇ ਵਿਚ ਹਿਤ ਹੈ, ਉਸ ਤੋਂ ਅੱਧਾ ਵੀ ਉਨ੍ਹਾਂ (ਹੋਰਨਾਂ ਗੋਪੀਆਂ) ਵਿਚ ਨਹੀਂ ਹੈ।

ਮੁਰਝਾਇ ਗਏ ਬਿਨੁ ਤੈ ਹਰਿ ਜੂ ਨਹਿ ਖੇਲਤ ਹੈ ਫੁਨਿ ਗ੍ਵਾਰਿਨ ਮੈ ॥

ਤੇਰੇ ਬਿਨਾ ਕ੍ਰਿਸ਼ਨ ਜੀ ਮੁਰਝਾ ਗਏ ਹਨ ਅਤੇ ਫਿਰ ਗੋਪੀਆਂ ਵਿਚ ਆ ਕੇ ਖੇਡਦੇ ਨਹੀਂ ਹਨ।

ਤਿਹ ਤੇ ਸੁਨ ਬੇਗ ਨਿਸੰਕ ਚਲੋ ਕਰ ਕੈ ਸੁਧਿ ਪੈ ਬਨ ਕੀ ਮਨ ਮੈ ॥੭੧੮॥

ਇਸ ਕਰ ਕੇ ਹੇ ਸਖੀ! ਸੁਣ, ਮਨ ਵਿਚ ਬਨ ਦੀ (ਲੀਲਾ ਦਾ) ਧਿਆਨ ਧਰ ਕੇ ਅਤੇ ਨਿਸੰਗ ਹੋ ਕੇ ਜਲਦੀ ਚਲ ॥੭੧੮॥

ਸ੍ਯਾਮ ਬੁਲਾਵਤ ਹੈ ਚਲੀਯੈ ਬਲਿ ਪੈ ਮਨ ਮੈ ਨ ਕਛੂ ਹਠੁ ਕੀਜੈ ॥

ਹੇ ਬਲੀਏ! ਸ੍ਰੀ ਕ੍ਰਿਸ਼ਨ ਬੁਲਾਉਂਦਾ ਹੈ, ਇਸ ਲਈ ਮਨ ਵਿਚ ਕੁਝ ਵੀ ਹਠ ਨਾ ਕਰ ਅਤੇ ਚਲ।

ਬੈਠ ਰਹੀ ਕਰਿ ਮਾਨ ਘਨੋ ਕਛੁ ਅਉਰਨ ਹੂੰ ਕੋ ਕਹਿਯੋ ਸੁਨ ਲੀਜੈ ॥

ਬਹੁਤ ਅਧਿਕ ਰੋਸਾ ਕਰ ਕੇ ਬੈਠ ਰਹੀ ਹੈਂ, ਹੋਰਨਾਂ ਦਾ ਕਿਹਾ ਵੀ ਕੁਝ ਸੁਣ ਲਈਦਾ ਹੈ।

ਤਾ ਤੇ ਹਉ ਬਾਤ ਕਰੋ ਤੁਮ ਸੋ ਇਹ ਤੇ ਨ ਕਛੂ ਤੁਮਰੋ ਕਹਿਯੋ ਛੀਜੈ ॥

ਇਸ ਵਾਸਤੇ ਮੈਂ ਤੇਰੇ ਨਾਲ ਗੱਲ ਕਰਦੀ ਹਾਂ ਅਤੇ ਕਹਿੰਦੀ ਹਾਂ ਕਿ ਇਸ ਵਿਚ ਤੇਰਾ ਕੁਝ ਨਹੀਂ ਵਿਗੜਨਾ।

ਨੈਕੁ ਨਿਹਾਰ ਕਹਿਯੋ ਹਮ ਓਰਿ ਸਭੈ ਤਜ ਮਾਨ ਅਬੈ ਹਸਿ ਦੀਜੈ ॥੭੧੯॥

(ਸਖੀ ਨੇ ਫਿਰ) ਕਿਹਾ, ਮੇਰੇ ਵਲ ਜ਼ਰਾ ਵੇਖ ਅਤੇ ਸਾਰਾ ਰੋਸਾ ਛਡ ਕੇ ਹੁਣ ਹਸ ਦੇ ॥੭੧੯॥

ਰਾਧੇ ਬਾਚ ਦੂਤੀ ਸੋ ॥

ਰਾਧਾ ਨੇ ਦੂਤੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਮੈ ਨ ਹਸੋ ਹਰਿ ਪਾਸ ਚਲੋ ਨਹੀ ਜਉ ਤੁਹਿ ਸੀ ਸਖੀ ਕੋਟਿਕ ਆਵੈ ॥

ਮੈਂ ਨਹੀਂ ਹਸਾਂਗੀ ਅਤੇ ਨਾ ਹੀ ਕ੍ਰਿਸ਼ਨ ਪਾਸ ਚਲਾਂਗੀ, ਜੇ ਕਰ ਤੇਰੇ ਵਰਗੀਆਂ ਕਰੋੜਾਂ ਸਖੀਆਂ ਆ ਜਾਣ।

ਆਇ ਉਪਾਵ ਅਨੇਕ ਕਰੈ ਅਰੁ ਪਾਇਨ ਊਪਰ ਸੀਸ ਨਿਆਵੈ ॥

ਆ ਕੇ (ਉਹ) ਅਨੇਕ ਤਰ੍ਹਾਂ ਦੇ ਯਤਨ ਕਰਨ ਅਤੇ ਪੈਰਾਂ ਉਤੇ ਸਿਰ ਝੁਕਾਉਣ।

ਮੈ ਕਬਹੂ ਨਹੀ ਜਾਉ ਤਹਾ ਤੁਹ ਸੀ ਕਹਿ ਕੋਟਿਕ ਬਾਤ ਬਨਾਵੈ ॥

ਮੈਂ ਉਥੇ ਕਦੇ ਵੀ ਨਹੀਂ ਜਾਵਾਂਗੀ, ਤੇਰੇ ਵਰਗੀਆਂ (ਭਾਵੇਂ) ਕਰੋੜਾਂ ਗੱਲਾਂ ਬਣਾਉਣ।

ਅਉਰ ਕੀ ਕਉਨ ਗਨੈ ਗਨਤੀ ਬਲਿ ਆਪਨ ਕਾਨ੍ਰਹ੍ਰਹ ਜੂ ਸੀਸ ਝੁਕਾਵੈ ॥੭੨੦॥

ਹੋਰਾਂ ਦੇ ਬਲ ਦੀ ਤਾਂ ਕੀ ਗਿਣਤੀ ਕਰੀਏ, (ਜੇ) ਆਪ ਵੀ ਸ੍ਰੀ ਕ੍ਰਿਸ਼ਨ ਸਿਰ ਝੁਕਾਉਣ (ਫਿਰ ਵੀ ਨਹੀਂ ਜਾਵਾਂਗੀ) ॥੭੨੦॥

ਪ੍ਰਤਿਉਤਰ ਬਾਚ ॥

ਪ੍ਰਤਿ-ਉੱਤਰ ਵਿਚ ਕਿਹਾ:

ਸਵੈਯਾ ॥

ਸਵੈਯਾ:

ਜੋ ਇਨ ਐਸੀ ਕਹੀ ਬਤੀਯਾ ਤਬ ਹੀ ਉਹ ਗ੍ਵਾਰਨਿ ਯੌ ਕਹਿਯੌ ਹੋ ਰੀ ॥

ਜਦ ਉਸ (ਰਾਧਾ) ਨੇ ਇਸ ਤਰ੍ਹਾਂ ਗੱਲ ਕਹੀ ਤਦ ਉਸ ਗੋਪੀ (ਦੂਤੀ) ਨੇ ਇੰਜ ਕਿਹਾ, ਨੀ!

ਜਉ ਹਮ ਬਾਤ ਕਹੀ ਚਲੀਯੈ ਤੂ ਕਹੈ ਹਮ ਸ੍ਯਾਮ ਸੋ ਪ੍ਰੀਤ ਹੀ ਛੋਰੀ ॥

ਜੇ ਮੈਂ ਚਲਣ ਦੀ ਗੱਲ ਕਹਿੰਦੀ ਹਾਂ, ਤਾਂ ਕਹਿੰਦੀ ਹੈਂ ਕਿ ਮੈਂ ਕ੍ਰਿਸ਼ਨ ਨਾਲ ਪ੍ਰੀਤ ਕਰਨੀ ਹੀ ਛਡੀ ਹੈ।