ਧਰਤੀ, ਆਕਾਸ਼, ਪਾਤਾਲ ਆਦਿ ਸਭ ਨੂੰ ਬਣਾ ਕੇ ਉਹ ਇਕ ਤੋਂ ਅਨੇਕ ਰੂਪਾਂ ਵਾਲਾ ਸਦਵਾਇਆ ਹੈ।
ਓਹੀ ਪੁਰਸ਼ ਕਾਲ ਦੀ ਫਾਹੀ ਤੋਂ ਬਚ ਸਕਦਾ ਹੈ ਜੋ ਹਰਿ ਦੀ ਸ਼ਰਨ ਵਿਚ ਜਾਂਦਾ ਹੈ ॥੩॥੧॥੮॥
ਰਾਗ ਦੇਵ ਗੰਧਾਰੀ ਪਾਤਿਸ਼ਾਹੀ ੧੦:
ਇਕ ਪਰਮਾਤਮਾ ਤੋਂ ਬਿਨਾ (ਕਿਸੇ) ਦੂਜੇ ਨੂੰ ਨਾ ਪਛਾਣੋ।
(ਜੋ) ਪ੍ਰਭੂ ਸਦਾ ਘੜਨ ਅਤੇ ਭੰਨਣ ਦੇ ਸਮਰਥ ਹੈ, ਉਹ ਕਰਤਾਰ ਸਭ ਕੁਝ ਜਾਣਦਾ ਹੈ ॥੧॥ ਰਹਾਉ।
ਕੀ ਹੋਇਆ ਜੇ ਬਹੁਤ ਹਿਤ ਚਿਤ ਨਾਲ ਬਹੁਤ ਤਰ੍ਹਾਂ ਪਥਰਾਂ ਦੀ ਪੂਜਾ ਕੀਤੀ ਹੈ।
ਪੱਥਰਾਂ ਨੂੰ ਪੂਜਦਿਆਂ ਪੂਜਦਿਆਂ ਪ੍ਰਾਣ ਥਕ ਗਏ ਹਨ (ਅਰਥਾਤ ਜੀਵਨ ਦਾ ਅੰਤ ਹੋ ਗਿਆ ਹੈ) ਪਰ (ਅਜੇ ਤਕ) ਕੋਈ ਸਿੱਧੀ ਹੱਥ ਨਹੀਂ ਲਗੀ ॥੧॥
ਚਾਵਲ, ਧੂਪ ਅਤੇ ਦੀਪਕ ਆਦਿ ਅਰਪਿਤ ਕੀਤੇ ਹਨ, (ਪਰ) ਪੱਥਰ ਕੁਝ ਨਹੀਂ ਖਾਂਦਾ।
ਹੇ ਮੂਰਖ! ਉਸ ਵਿਚ ਕੀ ਸਿੱਧੀ ਹੈ ਜੋ ਤੈਨੂੰ ਕੁਝ ਵਰ ਦੇਵੇਗਾ ॥੨॥
ਤੂੰ ਮਨ, ਬਾਣੀ ਅਤੇ ਕਰਮ ਕਰਕੇ ਵਿਚਾਰ ਲੈ ਕਿ ਜੇ ਉਸ ਵਿਚ ਜੀਵਨ ਹੁੰਦਾ ਤਾਂ ਤੈਨੂੰ ਕੁਝ ਜ਼ਰੂਰ ਦਿੰਦਾ।
ਕੇਵਲ ਇਕ ਸੁਆਮੀ ਦੀ ਸ਼ਰਨ ਵਿਚ ਜਾਣ ਤੋਂ ਬਿਨਾ (ਹੋਰ) ਕਿਸੇ ਤਰ੍ਹਾਂ ਵੀ (ਤੇਰਾ) ਉਧਾਰ ਨਹੀਂ ਹੋਵੇਗਾ ॥੩॥੧॥੯॥
ਰਾਗ ਦੇਵਗੰਧਾਰੀ ਪਾਤਿਸ਼ਾਹੀ ੧੦:
(ਕੋਈ ਵੀ) ਹਰਿ ਨਾਮ ਤੋਂ ਬਿਨਾ (ਕਾਲ ਤੋਂ) ਬਚ ਨਹੀਂ ਸਕੇਗਾ।
ਜਿਸ ਕਾਲ ਨੇ ਚੌਦਾਂ ਲੋਕ ਵਸ ਵਿਚ ਕੀਤੇ ਹੋਏ ਹਨ, ਉਸ ਤੋਂ ਕਿਥੇ ਭਜ ਕੇ ਜਾਵੇਂਗਾ ॥੧॥ ਰਹਾਉ।
ਰਾਮ ਅਤੇ ਰਹੀਮ ਵੀ (ਉਸਨੂੰ) ਉਬਾਰ ਨਹੀਂ ਸਕਦੇ, ਜਿਨ੍ਹਾਂ ਦੇ (ਨਾਮ ਤੂੰ) ਰਟਦਾ ਹੈਂ,
ਬ੍ਰਹਮਾ, ਵਿਸ਼ਣੂ, ਰੁਦ੍ਰ, ਸੂਰਜ, ਚੰਦ੍ਰਮਾ ਆਦਿ ਸਾਰੇ ਕਾਲ ਦੇ ਵਸ ਵਿਚ ਹਨ ॥੧॥
ਵੇਦ, ਕੁਰਾਨ, ਪੁਰਾਨ (ਆਦਿ ਧਰਮ ਪੁਸਤਕਾਂ) ਦੇ ਸਾਰੇ ਮਤ ਜਿਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।
ਇੰਦਰ, ਸ਼ੇਸ਼ਨਾਗ, ਮਹਾਮੁਨੀ (ਆਦਿ ਜਿਸ ਨੂੰ) ਬਹੁਤ ਕਲਪਾਂ ਤਕ ਧਿਆਉਂਦੇ ਰਹੇ ਹਨ (ਪਰ ਉਹ ਫਿਰ ਵੀ) ਧਿਆਨ ਵਿਚ ਨਹੀਂ ਆਇਆ ॥੨॥
ਜਿਸਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾਂਦਾ, (ਉਸ ਨੂੰ) ਕਿਸ ਤਰ੍ਹਾਂ ਸ਼ਿਆਮ ਕਿਹਾ ਜਾ ਸਕਦਾ ਹੈ।
ਕਾਲ ਦੇ ਜਾਲ ਤੋਂ ਤਦ ਹੀ ਖਲਾਸ ਹੋਏਂਗਾ (ਜੇ) ਉਸ (ਪ੍ਰਭੂ) ਦੇ ਚਰਨਾਂ ਨਾਲ ਲਿਪਟ ਜਾਏਂਗਾ ॥੩॥੧॥੧੦॥
ਸਵੈਯੇ:
ਸ੍ਰੀ ਮੁਖਵਾਕ ਪਾਤਿਸਾਹੀ ੧੦:
ਸ੍ਵੈਯਾ:
ਜਾਗਦੀ ਜੋਤਿ ਵਾਲੇ (ਪਰਮਾਤਮਾ) ਨੂੰ ਦਿਨ ਰਾਤ ਜਪੇ ਅਤੇ (ਉਸ) ਇਕ ਤੋਂ ਬਿਨਾ ਮਨ ਵਿਚ ਕਿਸੇ ਹੋਰ ਨੂੰ ਨਾ ਲਿਆਵੇ।
ਪੂਰਨ ਪ੍ਰੇਮ ਅਤੇ ਪ੍ਰਤੀਤ ਦੇ ਬੁਤ ਦੀ ਪਾਲਨਾ ਕਰੇ ਅਤੇ ਗੋਰਾਂ, ਮੜ੍ਹੀਆਂ ਤੇ ਮਠਾਂ ਨੂੰ ਭੁਲ ਕੇ ਵੀ ਨਾ ਮੰਨੇ।
ਤੀਰਥ (ਇਸ਼ਨਾਨ) ਦਾਨ, ਦਇਆ, ਤਪ, ਸੰਜਮ ਆਦਿ ਨੂੰ ਬਿਨਾ ਇਕ (ਪ੍ਰਭੂ) ਦੇ (ਹੋਰ ਕਿਸੇ) ਇਕ ਨੂੰ ਨਾ ਪਛਾਣੇ।
(ਜਦੋਂ ਉਸ) ਪਰਿਪੂਰਨ ਦੀ ਜੋਤਿ ਹਿਰਦੇ ਵਿਚ ਜਗੇਗੀ, ਤਦ ਹੀ ਉਸ ਨੂੰ ਅਤਿਅੰਤ ਨਿਰਮਲ ਰੂਪ ਖਾਲਸਾ ਜਾਣੇ ॥੧॥
(ਜੋ ਸਦਾ ਸਤਿ ਸਰੂਪ ਹੈ, ਆਦਿ ਤੋਂ ਹੀ ਸੱਤ ਅਤੇ ਬ੍ਰਤ ਵਾਲਾ ਹੈ, ਜੋ ਆਦਿ ਤੋਂ ਰਹਿਤ, ਅਗਾਧ ਅਤੇ ਨਾ ਜਿਤਿਆ ਜਾ ਸਕਣ ਵਾਲਾ ਹੈ।
(ਜਿਸਨੇ) ਦਾਨ, ਦਇਆ, (ਇੰਦ੍ਰੀਆਂ ਦੇ) ਦਮਨ, ਸੰਜਮ, ਨੇਮ, ਜਤ, ਬ੍ਰਤ, ਸੀਲ ਅਤੇ ਚੰਗੀ ਵ੍ਰਿੱਤੀ ਵਾਲਾ ਅਤੇ ਅਦੁੱਤੀ (ਅਬੈ) ਵਾਲਾ ਹੈ।
(ਜੋ) ਆਪ ਸਭ ਦਾ ਆਦਿ, ਸੰਖਿਆ ਰਹਿਤ ('ਅਨੀਲ'); ਆਦਿ ਤੋਂ ਬਿਨਾ, ਅਨਾਹਦ, ਅਦ੍ਵੈਖ, ਅਭੇਖ ਅਤੇ ਅਭੈ ਹੈ।
(ਜਿਸ ਦਾ) ਰੂਪ ਅਰੂਪ, ਅਰੇਖ ਅਤੇ ਬੁਢੇਪੇ ਨੂੰ ਨਸ਼ਟ ਕਰਨ ਵਾਲਾ, ਦੀਨ ਉਤੇ ਦਇਆ ਕਰਨ ਵਾਲਾ ਅਤੇ ਕ੍ਰਿਪਾਲੂ ਹੋਇਆ ਹੈ ॥੨॥
(ਉਹ) ਮਹਾ ਪ੍ਰਭੂ ਆਦਿ, ਅਦ੍ਵੈਸ, ਅਭੇਖ, ਸਤਿ ਸਰੂਪ ਵਾਲਾ ਹੈ (ਅਤੇ ਸਰਬਤ੍ਰ ਉਸਦੀ) ਜੋਤਿ ਪ੍ਰਕਾਸ਼ਿਤ ਹੈ।
ਜੋ ਸਾਰਿਆਂ ਦੇ ਦਿਲਾਂ ਦੇ ਪਟ ਉਤੇ ਪਸਰਿਆ ਹੋਇਆ ਹੈ ਅਤੇ ਤੱਤਾਂ ਦੇ ਸਰੂਪ ਅਤੇ ਸੁਭਾ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ।
ਹੇ ਪ੍ਰਭੂ! ਤੂੰ ਹੀ ਆਦਿ, ਜੁਗਾਦਿ, ਜਗਾਦਿ ਵਿਚ ਪਸਰਿਆ ਹੋਇਆ ਹੈ ਅਤੇ ਸਭ ਦੇ ਅੰਦਰ ਵਸ ਰਿਹਾ ਹੈਂ।
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ ਕਰਨ ਵਾਲੇ, ਤੂੰ ਆਦਿ, ਅਜੋਨ, ਅਜੈ ਅਤੇ ਅਬਿਨਾਸੀ ਹੈਂ ॥੩॥
ਹੇ ਪ੍ਰਭੂ! (ਤੂੰ) ਸਦਾ ਆਦਿ, ਅਭੇਖ, ਅਛੇਦ (ਨ ਛੇਦੇ ਜਾ ਸਕਣ ਵਾਲਾ) ਹੈਂ। ਵੇਦਾਂ ਅਤੇ ਕਤੇਬਾਂ ਨੇ (ਤੇਰਾ) ਭੇਦ ਨਹੀਂ ਪਾਇਆ ਹੈ।
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ ਨਿਧਾਨ, ਸਦਾ ਸਤਿ ਸਰੂਪ! ਸਾਰਿਆਂ ਘਟਾਂ (ਸ਼ਰੀਰਾਂ) ਵਿਚ ਤੂੰ ਫੈਲਿਆ ਹੋਇਆ ਹੈਂ।
ਸ਼ੇਸ਼ਨਾਗ, ਇੰਦਰ, ਗਣੇਸ਼, ਸ਼ਿਵ, ਵੇਦ (ਆਦਿ ਸਭ) ਲਭਦੇ ਰਹੇ ਹਨ, ਪਰ (ਤੇਰਾ) ਥਾਹ ਪ੍ਰਾਪਤ ਨਹੀਂ ਕਰ ਸਕੇ ਹਨ।
ਹੇ ਮੂਰਖ ਮਨ! (ਤੂੰ) ਦਸ, ਕਿਸ ਲਈ ਅਜਿਹੇ ਸੁਸਪਸ਼ਟ (ਅਗੂੜ) ਪ੍ਰਭੂ ਨੂੰ ਭੁਲਾ ਦਿੱਤਾ ਹੈ ॥੪॥
(ਜੋ) ਅਡਿਗ (ਅਚੁਤ) ਆਦਿ, ਅਣਗਿਣਤ (ਅਨੀਲ) ਅਤੇ ਅਨਾਹਦ (ਅਪਾਰ) ਹੈ ਅਤੇ ਜਿਸ ਦਾ ਸਰੂਪ ਸਦਾ 'ਸਤਿ' ਕਿਹਾ ਜਾਂਦਾ ਹੈ।
(ਜੋ) ਆਦਿ, ਅਜੋਨ, ਅਜਾਇ (ਬਿਨਾ ਕਿਸੇ ਵਿਸ਼ੇਸ਼ ਸਥਾਨ ਦੇ) ਬਿਨਾ ਬਿਰਧ ਅਵਸਥਾ ਦੇ, ਅਤਿ ਪਵਿਤਰ ਅਤੇ ਪਰੇ ਤੋਂ ਪਰੇ ਮੰਨਿਆ ਜਾਂਦਾ ਹੈ।
(ਜੋ) ਆਪਣੇ ਆਪ ਸਿੱਧ ਹੋਣ ਵਾਲਾ ਅਤੇ ਸਾਰੇ ਸੰਸਾਰ ਵਿਚ ਪ੍ਰਸਿੱਧ ਹੈ ਅਤੇ (ਜਿਸ ਦਾ) ਇਕ ਹੀ ਸਥਾਨ ਤੇ ਅਨੇਕ ਤਰ੍ਹਾਂ ਦਾ ਵਰਣਨ ਹੁੰਦਾ ਹੈ।
ਹੇ ਵਿਚਾਰੇ ਮਨ! ਤੂੰ ਉਸ ਕਲੰਕ-ਰਹਿਤ ਹਰਿ ਨੂੰ ਕਿਸ ਕਾਰਨ ਨਹੀਂ ਪਛਾਣਿਆ ਹੈ ॥੫॥
ਹੇ ਕਰਤਾਰ! ਤੂੰ ਅਛਰ (ਛਲ-ਰਹਿਤ) ਆਦਿ, ਅਨੀਲ, ਅਨਾਹਦ (ਅਪਾਰ) ਅਤੇ ਸਦਾ ਸਤਿ ਸਰੂਪ ਵਾਲਾ ਹੈਂ।
ਜਲ ਅਤੇ ਥਲ ਵਿਚ ਵਸਣ ਵਾਲੇ ਜਿਤਨੇ ਜੀਵ ਹਨ, (ਤੂੰ ਹੀ ਉਨ੍ਹਾਂ) ਸਾਰਿਆਂ ਦਾ ਸਦਾ ਪੇਟ ਭਰਨ ਵਾਲਾ ਹੈਂ।
ਵੇਦ, ਪੁਰਾਨ, ਕੁਰਾਨ (ਦੇ ਮੰਨਣ ਵਾਲੇ) ਦੋਹਾਂ (ਹਿੰਦੂਆਂ ਤੇ ਮੁਸਲਮਾਨਾਂ) ਨੇ ਮਿਲਕੇ ਅਤੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਵਿਚਾਰੇ ਹਨ।
ਹੇ ਅਸਚਰਜ (ਸੁਬਹਾਨ) ਰੂਪ! (ਇਸ) ਸੰਸਾਰ ਦਾ ਅੰਤ ਵਿਚ ਹੋਰ ਕੋਈ ਨਹੀਂ, (ਕੇਵਲ) ਤੂੰ ਹੀ ਸੁਆਮੀ ਹੋਵੇਂਗਾ ॥੬॥
(ਜੋ) ਆਦਿ, ਅਗਾਧਿ (ਅਥਾਹ) ਅਛੇਦ, ਅਭੇਦ, ਅਲੇਖ, ਅਜੈ (ਨ ਜਿਤੇ ਜਾ ਸਕਣ ਵਾਲੇ) ਅਰਥਾਂਤਰ-ਨ ਜਨਮ ਲੈਣ ਵਾਲੇ (ਅਜੇ) ਅਤੇ ਅਨਾਹਦ (ਅਪਾਰ) ਜਾਣਿਆ ਗਿਆ ਹੈ।
ਭੂਤ, ਭਵਿਖਤ ਅਤੇ ਵਰਤਮਾਨ ਕਾਲਾਂ ਅਤੇ ਸਭ ਸਥਾਨਾਂ ਵਿਚ ਤੁੰ ਹੀ ਹੈਂ, (ਇਹ ਗੱਲ) ਮੇਰੇ ਮਨ ਨੇ ਮੰਨ ਲਈ ਹੈ।
ਦੇਵਤਿਆਂ, ਦੈਂਤਾਂ, ਸ਼ੇਸ਼ਨਾਗ, ਨਾਰਦ, ਸ਼ਾਰਦਾ (ਸਰਸ੍ਵਤੀ) ਨੇ (ਤੈਨੂੰ) ਸਦਾ ਸਤਿ ਕਰਕੇ ਪਛਾਣਿਆ ਹੈ।
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ-ਨਿਧਾਨ! (ਤੇਰਾ) ਕੁਝ ਵੀ ਭੇਦ ਪੁਰਾਨ ਅਤੇ ਕੁਰਾਨ ਨੇ ਨਹੀਂ ਜਾਣਿਆ ॥੭॥
ਹੇ ਸਤਿ ਸਰੂਪ ਅਤੇ ਸਦਾ ਸੱਤ ਬ੍ਰਿਤੀ ਵਾਲੇ! ਤੂੰ ਹੀ ਵੇਦਾਂ ਅਤੇ ਕਤੇਬਾਂ ਨੂੰ ਉਤਪੰਨ ਕੀਤਾ ਹੈ।
(ਜੋ) ਦੇਵਤਿਆਂ ਅਤੇ ਦੈਂਤਾਂ ਦਾ ਸੁਆਮੀ (ਦੇਵ) ਧਰਤੀ ਨੂੰ ਧਾਰਨ ਕਰਨ ਵਾਲਾ ਹੈ, ਉਸੇ ਨੂੰ ਤਿੰਨਾਂ ਕਾਲਾਂ ਵਿਚ ਮੰਨਿਆ ਜਾਂਦਾ ਹੈ।
(ਜੋ) ਆਦਿ, ਜੁਗਾਦਿ, ਅਨੀਲ, ਅਨਾਹਦ (ਅਪਾਰ) ਹੈ, (ਉਸ ਨੂੰ) ਲੋਕ ਅਤੇ ਪਰਲੋਕ ਵਿਚ ਕੋਈ ਵੇਖ ਨਹੀਂ ਸਕਿਆ ਹੈ।
ਹੇ ਮੂਰਖ ਮਨ! ਅਜਿਹੇ ਸੁਸਪਸ਼ਟ ('ਅਗੂੜਿ') ਪ੍ਰਭੂ (ਦਾ ਭੇਦ) ਦਸ, ਤੈਨੂੰ ਕਿਸ ਨੇ ਆ ਕੇ ਸੁਣਾਇਆ ਹੈ ॥੮॥
ਦੇਵਤਿਆਂ, ਦੈਂਤਾਂ, ਧਰਤੀ ਨੂੰ ਧਾਰਨ ਕਰਨ ਵਾਲੇ ਸ਼ੇਸ਼ਨਾਗ, ਸਿੱਧ ਅਤੇ ਪ੍ਰਸਿੱਧ ਲੋਕਾਂ ਨੇ (ਤੈਨੂੰ ਪ੍ਰਾਪਤ ਕਰਨ ਲਈ) ਬੜੀ ਭਾਰੀ ਤਪਸਿਆ ਕੀਤੀ ਹੈ।
ਵੇਦ, ਪੁਰਾਨ, ਕੁਰਾਨ (ਆਦਿ ਸਾਰੇ ਧਰਮ ਗ੍ਰੰਥ ਤੇਰੇ) ਗੁਣ ਗਾਂਦੇ ਗਾਂਦੇ ਥਕ ਗਏ ਹਨ, ਪਰ ਤੈਨੂੰ (ਉਹ) ਪਛਾਣ ਨਹੀਂ ਸਕੇ ਹਨ।
ਭੂਮੀ, ਆਕਾਸ਼, ਪਾਤਾਲ, ਦਿਸ਼ਾ, ਵਿਦਿਸ਼ਾ ਵਿਚ ਜੋ ਵੀ (ਜੀਵ ਜੰਤ) ਹੈ, (ਉਨ੍ਹਾਂ) ਸਭ ਦੇ ਚਿਤ ਦੇ ਹਾਲ ਨੂੰ (ਉਹ) ਜਾਣਦਾ ਹੈ।
(ਉਸ ਦੀ) ਮਹਿਮਾ ਸਾਰੀ ਪ੍ਰਿਥਵੀ ਵਿਚ ਪਸਰੀ ਹੋਈ ਹੈ। (ਇਸੇ ਨੇ) ਮੇਰੇ ਮਨ ਵਿਚ ਵਿਚਾਰ ਭਰ ਦਿੱਤਾ ਹੈ (ਚੇਤਨਾ ਪੈਦਾ ਕਰ ਦਿੱਤੀ ਹੈ) ॥੯॥
ਵੇਦਾਂ ਅਤੇ ਕਤੇਬਾਂ ਨੇ ਉਸ ਦਾ ਭੇਦ ਨਹੀਂ ਪਾਇਆ ਹੈ, ਸਾਰੇ ਸਿੱਧ ਲੋਗ ਸਮਾਧੀਆਂ ਲਗਾ ਲਗਾ ਕੇ ਹਾਰ ਗਏ ਹਨ।
ਸਿਮ੍ਰਿਤੀਆਂ, ਸ਼ਾਸਤ੍ਰਾਂ, ਵੇਦਾਂ ਅਤੇ ਪੁਰਾਨਾਂ ਆਦਿਕ ਸਾਰਿਆਂ (ਧਰਮ ਗ੍ਰੰਥਾਂ) ਨੇ ਬਹੁਤ ਤਰ੍ਹਾਂ ਨਾਲ (ਉਸ ਦਾ) ਵਿਚਾਰ ਵਿਚਾਰਿਆ ਹੈ।
(ਉਸ) ਆਦਿ ਅਤੇ ਅਨਾਦਿ (ਪਰਮਾਤਮਾ) ਦੀ ਕਥਾ ਦੀ (ਥਾਹ ਨਹੀਂ ਪਾਈ ਜਾ ਸਕਦੀ) ਜਿਸ ਨੇ ਧ੍ਰੂਹ ਪ੍ਰਹਿਲਾਦ (ਵਰਗੇ ਭਗਤ) ਅਤੇ ਅਜਾਮਲ (ਜਿਹੇ ਪਾਪੀ) ਤਾਰੇ ਹਨ।
(ਜਿਸ ਦੇ) ਨਾਮ ਨੂੰ ਜਪ ਕੇ ਵੇਸਵਾ ਤਰ ਗਈ ਹੈ, ਉਸੇ ਨਾਮ ਦਾ ਸਦਾ ਵਿਚਾਰ ਸਾਡੇ ਪ੍ਰਾਣਾਂ ਦਾ ਆਧਾਰ ਹੈ ॥੧੦॥
(ਉਹ) ਪ੍ਰਭੂ ਸਦਾ ਆਦਿ, ਅਨਾਦਿ, ਅਗਾਧਿ ਸਰੂਪ ਵਾਲਾ ਹੈ ਅਤੇ ਸਭ ਨੂੰ ਪਛਾਣਨ ਵਾਲਾ ਹੈ।
ਗੰਧਰਬ, ਯਕਸ਼, ਮਹੀਧਰ (ਪਰਬਤ) ਸ਼ੇਸ਼ਨਾਗ, (ਆਦਿ ਸਾਰੇ ਉਸ ਨੂੰ) ਭੂਮੀ, ਆਕਾਸ਼, ਚੌਹਾਂ ਦਿਸ਼ਾਵਾਂ (ਵਿਚ ਵਿਆਪਕ) ਜਾਣਦੇ ਹਨ।
ਦੇਵਤਿਆਂ ਤੇ ਦੈਂਤਾਂ ਦੋਹਾਂ ਨੇ ਪ੍ਰਭੂ ਨੂੰ ਲੋਕ, ਪਰਲੋਕ, ਦਿਸ਼ਾ ਅਤੇ ਵਿਦਿਸ਼ਾ ਵਿਚ ਮੰਨਿਆ ਹੈ।
ਹੇ ਅਗਿਆਨੀ ਚਿਤ! ਉਸ ਆਪਣੇ ਆਪ ਹੋਣ ਵਾਲੇ (ਪ੍ਰਭੂ) ਨੂੰ ਪਛਾਣ। ਕਿਸ ਦੀ ਮੁਹਤਾਜੀ ਕਰਕੇ (ਉਸ ਨੂੰ) ਭੁਲਾ ਦਿਤਾ ਹੈ ॥੧੧॥
ਕਿਸੇ ਨੇ ਠਾਕੁਰ ਨੂੰ ਲੈ ਕੇ ਗਲ ਨਾਲ ਘੁਟ ਕੇ ਬੰਨ੍ਹ ਲਿਆ ਹੈ ਅਤੇ ਕੋਈ ਸ਼ਿਵ ਨੂੰ ਈਸ਼ਵਰ ਮੰਨਦਾ ਹੈ।
ਕੋਈ ਹਰਿ ਨੂੰ ਮੰਦਿਰ ਵਿਚ ਦਸਦਾ ਹੈ ਅਤੇ ਕੋਈ ਮਸੀਤ ਵਿਚ ਮੰਨਦਾ ਹੈ।
ਕਿਸੇ ਨੇ (ਉਸਨੂੰ) ਰਾਮ ਕਿਹਾ ਹੈ ਅਤੇ ਕਿਸੇ ਨੇ ਕ੍ਰਿਸ਼ਨ ਅਤੇ ਕਿਸੇ ਨੇ ਮਨ ਵਿਚ (ਉਸਨੂੰ) ਅਵਤਾਰਾਂ ਵਿਚ ਮੰਨਿਆ ਹੈ।
(ਪਰ ਮੈਂ ਆਪਣੇ) ਮਨ ਵਿਚ ਸਾਰੇ ਫੋਕਟ ਧਰਮਾਂ ਨੂੰ ਭੁਲਾ ਕੇ, ਕੇਵਲ ਕਰਤਾਰ ਨੂੰ ਹੀ ਕਰਤਾ ਮੰਨਿਆ ਹੈ ॥੧੨॥
ਜੇ ਰਾਮ ਨੂੰ ਅਜੋਨੀ ਅਤੇ ਅਤਿ ਅਜੈ ਕਹੋਗੇ, (ਤਾਂ ਉਹ) ਕੌਸ਼ਲਿਆ ਦੀ ਕੁਖ ਵਿਚੋਂ ਕਿਉਂ ਜੰਮਿਆ ਸੀ।
ਜੇ ਕਾਨ੍ਹ ਨੂੰ ਹੀ ਕਾਲ ਕਹੋਗੇ, (ਤਾਂ ਉਹ) ਕਿਸ ਲਈ ਕਾਲ ਦੇ ਅਧੀਨ ਹੋਇਆ ਸੀ (ਅਰਥਾਤ ਮ੍ਰਿਤੂ ਨੂੰ ਪ੍ਰਾਪਤ ਹੋਇਆ ਸੀ)।
(ਜੋ) ਸਤਿ ਸਰੂਪ ਅਤੇ ਨਿਰਵੈਰ ਅਖਵਾਉਂਦਾ ਹੈ, (ਤਾਂ ਉਸਨੇ) ਅਰਜਨ (ਪਥ-ਪਾਰਥ) ਦਾ ਰਥ ਕਿਉਂ ਹਿਕ ਕੇ ਭਜਾਇਆ ਸੀ।