ਸ਼੍ਰੀ ਦਸਮ ਗ੍ਰੰਥ

ਅੰਗ - 957


ਦੋਹਰਾ ॥

ਦੋਹਰਾ:

ਪ੍ਰਭਾਵਤੀ ਰਾਨੀ ਤਬੈ ਤਾ ਕੋ ਰੂਪ ਨਿਹਾਰਿ ॥

ਤਦ ਪ੍ਰਭਾਵਤੀ ਰਾਣੀ ਉਸ ਦੇ ਰੂਪ ਨੂੰ ਵੇਖ ਕੇ

ਰੀਝਿ ਅਧਿਕ ਚਿਤ ਮੈ ਰਹੀ ਹਰ ਅਰਿ ਸਰ ਗਯੋ ਮਾਰਿ ॥੩੩॥

ਮਨ ਵਿਚ ਬਹੁਤ ਖ਼ੁਸ਼ ਹੋ ਗਈ (ਕਿਉਂਕਿ ਉਸ ਨੂੰ) 'ਹਰ-ਅਰਿ' (ਕਾਮ ਦੇਵ) ਤੀਰ ਮਾਰ ਗਿਆ ਸੀ ॥੩੩॥

ਕਬਿਤੁ ॥

ਕਬਿੱਤ:

ਕੈਧੋ ਕਾਹੂ ਰਿਖਿ ਇੰਦ੍ਰ ਆਸਨ ਤੇ ਟਾਰਿ ਦਯੋ ਕੈਧੋ ਇਹ ਸੂਰਜ ਸਰੂਪ ਧਰਿ ਆਯੋ ਹੈ ॥

(ਉਹ ਸੋਚਦੀ ਸੀ) ਕਿ ਕਿਸੇ ਰਿਸ਼ੀ ਨੇ ਇੰਦਰ ਨੂੰ ਆਸਣ ਤੋਂ ਹਟਾ ਦਿੱਤਾ ਹੋਵੇ, ਜਾਂ ਸੂਰਜ ਹੀ ਇਹ ਸਰੂਪ ਧਾਰਨ ਕਰ ਕੇ ਆਇਆ ਹੈ।

ਕੈਧੋ ਚੰਦ੍ਰ ਚੰਦ੍ਰਲੋਕ ਛੋਰਿ ਕੈ ਸਿਪਾਹੀ ਬਨ ਮੇਰੇ ਜਾਨ ਤੀਰਥ ਅਨ੍ਰਹੈਬੈ ਕੋ ਸਿਧਾਯੋ ਹੈ ॥

ਜਾਂ ਚੰਦ੍ਰਮਾ ਚੰਦ੍ਰਲੋਕ ਨੂੰ ਛਡ ਕੇ ਸਿਪਾਹੀ ਬਣ ਕੇ ਮੇਰੀ ਜਾਚੇ ਤੀਰਥ ਉਤੇ ਇਸ਼ਨਾਨ ਕਰਨ ਆਇਆ ਹੈ।

ਕੈਧੋ ਹੈ ਅਨੰਗ ਅਰੁਧੰਗਕ ਕੇ ਅੰਤਕ ਤੇ ਮਾਨੁਖ ਕੋ ਰੂਪ ਕੈ ਕੈ ਆਪੁ ਕੌ ਛਪਾਯੋ ਹੈ ॥

ਜਾਂ ਸ਼ਿਵ ('ਅਰੁਧੰਗਕ') ਦੇ ਡਰ ('ਅੰਤਕ' 'ਅੰਤਕ') ਤੋਂ ਕਾਮ ਦੇਵ ਨੇ ਮਨੁੱਖ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਲੁਕਾਇਆ ਹੈ।

ਕੈਧੋ ਯਹ ਸਸਿਯਾ ਕੇ ਰਸਿਯਾ ਨੈ ਕੋਪ ਕੈ ਕੈ ਮੋਰੇ ਛਲਬੇ ਕੌ ਕਛੂ ਛਲ ਸੋ ਬਨਾਯੋ ਹੈ ॥੩੪॥

ਜਾਂ ਸਸਿਯਾ ਦੇ 'ਰਸਿਯਾ' (ਪ੍ਰੇਮੀ, ਪੁੰਨੂੰ) ਨੇ ਕ੍ਰੋਧ ਕਰ ਕੇ ਮੈਨੂੰ ਛਲਣ ਲਈ ਕੋਈ ਛਲ ਕੀਤਾ ਹੈ ॥੩੪॥

ਚੌਪਈ ॥

ਚੌਪਈ:

ਜਬ ਲੌ ਬੈਨ ਕਹਨ ਨਹਿ ਪਾਈ ॥

ਅਜੇ ਉਹ ਇਹ ਗੱਲ ਕਹਿ ਹੀ ਨਹੀਂ ਸਕੀ ਸੀ

ਤਬ ਲੌ ਨਿਕਟ ਗਯੋ ਵਹੁ ਆਈ ॥

ਕਿ ਉਦੋਂ ਤਕ ਉਹ ਉਸ ਦੇ ਕੋਲ ਆ ਗਈ।

ਰੂਪ ਨਿਹਾਰਿ ਮਤ ਹ੍ਵੈ ਝੂਲੀ ॥

(ਉਸ ਦਾ) ਰੂਪ ਵੇਖ ਕੇ ਉਹ ਮਸਤ ਹੋ ਗਈ

ਗ੍ਰਿਹ ਕੀ ਸਕਲ ਤਾਹਿ ਸੁਧਿ ਭੂਲੀ ॥੩੫॥

ਅਤੇ ਉਸ ਨੂੰ ਘਰ ਦੀ ਸਭ ਸੁੱਧ-ਬੁੱਧ ਭੁਲ ਗਈ ॥੩੫॥

ਸੋਰਠਾ ॥

ਸੋਰਠਾ:

ਪਠਏ ਦੂਤ ਅਨੇਕ ਅਮਿਤ ਦਰਬੁ ਤਿਨ ਕੌ ਦਯੋ ॥

(ਉਸ ਨੇ ਆਪਣੇ) ਬਹੁਤ ਸਾਰੇ ਦੂਤਾਂ ਨੂੰ ਬੇਸ਼ੁਮਾਰ ਧਨ ਦੇ ਭੇਜਿਆ

ਕਹਿਯੋ ਮਹੂਰਤ ਏਕ ਕ੍ਰਿਪਾ ਕਰੋ ਇਹ ਗ੍ਰਿਹ ਬਸੋ ॥੩੬॥

ਕਿ (ਉਸ ਨੂੰ ਜਾ ਕੇ) ਕਹੋ ਕਿ ਕ੍ਰਿਪਾ ਕਰ ਕੇ ਇਕ ਮਹੂਰਤ (ਦੋ ਘੜੀਆਂ ਜਿੰਨੇ ਸਮੇਂ) ਲਈ ਇਸ ਘਰ ਵਿਚ ਠਹਿਰੇ ॥੩੬॥

ਕਬਿਤੁ ॥

ਕਬਿੱਤ:

ਕੈਧੌ ਅਲਿਕੇਸ ਹੋ ਕਿ ਸਸਿ ਹੋ ਦਿਨੇਸ ਹੋ ਕਿ ਰੂਪ ਹੂੰ ਕਿ ਭੇਸ ਹੋ ਜਹਾਨ ਮੈ ਸੁਹਾਏ ਹੋ ॥

(ਰਾਣੀ ਸੁੰਦਰੀ ਨੂੰ ਸੰਬੋਧਿਤ ਹੋ ਕੇ ਕਹਿਣ ਲਗੀ) ਕੀ (ਤੁਸੀਂ) 'ਅਲਿਕੇਸ' (ਕੁਬੇਰ) ਹੋ, ਕਿ ਚੰਦ੍ਰਮਾ, ਸੂਰਜ, ਜਾਂ ਸੁੰਦਰਤਾ ਦਾ ਹੀ ਭੇਸ ਹੋ ਕੇ ਸੰਸਾਰ ਵਿਚ ਸ਼ੋਭ ਰਹੇ ਹੋ।

ਸੇਸ ਹੋ ਸੁਰੇਸ ਹੋ ਗਨੇਸ ਹੋ ਮਹੇਸ ਹੋ ਜੀ ਕੈਧੌ ਜਗਤੇਸ ਤੁਮ ਬੇਦਨ ਬਤਾਏ ਹੋ ॥

ਜਾਂ ਤੁਸੀਂ ਸ਼ੇਸ਼ਨਾਗ ਹੋ, ਇੰਦਰ ਹੋ, ਗਣੇਸ਼ ਹੋ, ਮਹੇਸ਼ ਹੋ, ਜਾਂ ਵੇਦਾ ਵਿਚ ਦਸੇ ਜਗਦੀਸ਼ ਦਾ ਰੂਪ ਹੋ।

ਕਾਲਿੰਦ੍ਰੀ ਕੇ ਏਸ ਹੋ ਕਿ ਤੁਮ ਹੀ ਜਲੇਸ ਹੋ ਬਤਾਵੌ ਕੌਨ ਦੇਸ ਕੇ ਨਰੇਸੁਰ ਕੇ ਜਾਏ ਹੋ ॥

ਜਾਂ ਤੁਸੀਂ ਕਾਲਿੰਦ੍ਰੀ (ਜਮੁਨਾ) ਦੇ ਸੁਆਮੀ (ਸ੍ਰੀ ਕ੍ਰਿਸ਼ਨ) ਹੋ ਜਾਂ ਤੁਸੀਂ ਹੀ ਵਰੁਣ ਹੋ ਜਾਂ (ਤੁਸੀਂ) ਦਸੋ ਕਿਹੜੇ ਦੇਸ ਦੇ ਰਾਜੇ ਦੇ ਪੁੱਤਰ ਹੋ।

ਕਹੋ ਮੇਰੇ ਏਸ ਕਿਹ ਕਾਜ ਨਿਜੁ ਦੇਸ ਛੋਰਿ ਚਾਕਰੀ ਕੋ ਭੇਸ ਕੈ ਹਮਾਰੇ ਦੇਸ ਆਏ ਹੋ ॥੩੭॥

ਹੇ ਮੇਰੇ ਸੁਆਮੀ! ਕਿਸ ਕੰਮ ਲਈ ਆਪਣੇ ਦੇਸ਼ ਨੂੰ ਛਡ ਕੇ ਨੌਕਰੀ ਕਰਨ ਲਈ ਇਸ ਭੇਸ ਵਿਚ ਸਾਡੇ ਦੇਸ਼ ਵਿਚ ਆਏ ਹੋ ॥੩੭॥

ਹੌ ਨ ਅਲਿਕੇਸ ਹੌ ਨ ਸਸਿ ਹੌ ਦਿਨੇਸ ਹੌ ਨ ਰੂਪ ਹੂ ਕੇ ਭੇਸ ਕੈ ਜਹਾਨ ਮੈ ਸੁਹਾਯੋ ਹੌਂ ॥

(ਉਰਬਸੀ ਨੇ ਉੱਤਰ ਦਿੱਤਾ) ਮੈਂ ਨਾ ਅਲਿਕੇਸ ਹਾਂ, ਨਾ ਚੰਦ੍ਰਮਾ ਹਾਂ? ਨਾ ਸੂਰਜ ਹਾਂ? ਅਤੇ ਨਾ ਹੀ ਸੁੰਦਰਤਾ ਦਾ ਭੇਸ ਧਾਰ ਕੇ ਜਗਤ ਵਿਚ ਸ਼ੋਭ ਰਿਹਾ ਹਾਂ।

ਸੇਸ ਨ ਸੁਰੇਸ ਹੌ ਗਨੇਸ ਹੌ ਮਹੇਸ ਨਹੀ ਹੌ ਨ ਜਗਤੇਸ ਹੌ ਜੁ ਬੇਦਨ ਬਤਾਯੋ ਹੌ ॥

ਨਾ ਮੈਂ ਸ਼ੇਸ਼ਨਾਗ ਹਾਂ, ਨਾ ਇੰਦਰ ਹਾਂ, ਨਾ ਗਣੇਸ਼ ਹਾਂ, ਨਾ ਹੀ ਮਹੇਸ਼ ਹਾਂ ਅਤੇ ਨਾ ਹੀ ਵੇਦਾਂ ਵਿਚ ਦਸਿਆ ਜਗਦੀਸ਼ ਹਾਂ।

ਕਾਲਿੰਦ੍ਰੀ ਕੇ ਏਸ ਅਥਿਤੇਸ ਮੈ ਜਲੇਸ ਨਹੀ ਦਛਿਨ ਕੇ ਦੇਸ ਕੇ ਨਰੇਸੁਰ ਕੋ ਜਾਯੋ ਹੌ ॥

ਨਾ ਮੈਂ ਕਾਲਿੰਦ੍ਰੀ ਦਾ ਪਤੀ (ਕ੍ਰਿਸ਼ਨ) ਹਾਂ, ਨਾ ਭਿਖਿਆ ਮੰਗਣ ਵਾਲਾ (ਵਾਮਨ ਅਵਤਾਰ) ਹਾਂ, ਨਾ ਵਰੁਣ ਹਾਂ, ਬਸ ਦੱਖਣ ਦੇਸ ਦੇ ਰਾਜੇ ਦਾ ਪੁੱਤਰ ਹਾਂ।

ਮੋਹਨ ਹੈ ਨਾਮ ਆਗੇ ਜੈਹੋ ਸਸੁਰਾਰੇ ਧਾਮ ਸੋਭਾ ਸੁਨਿ ਤੁਮਰੀ ਤਮਾਸੇ ਕਾਜ ਆਯੋ ਹੌ ॥੩੮॥

ਮੇਰਾ ਨਾਮ ਮੋਹਨ ਹੈ ਅਤੇ ਅਗੇ ਸੌਹਰੇ ਘਰ ਜਾ ਰਿਹਾ ਹਾਂ। ਤੁਹਾਡੀ ਸ਼ੋਭਾ ਸੁਣ ਕੇ ਦਰਸ਼ਨ ਕਰਨ ਲਈ ਆਇਆ ਹਾਂ ॥੩੮॥

ਸਵੈਯਾ ॥

ਸਵੈਯਾ:

ਤੇਰੀ ਸੋਭਾ ਸੁਨਿ ਕੈ ਸੁਨਿ ਸੁੰਦਰਿ ਆਯੋ ਈਹਾ ਚਲਿ ਕੋਸ ਹਜਾਰੌ ॥

ਹੇ ਸੁੰਦਰੀ! ਤੇਰੀ ਸ਼ੋਭਾ ਸੁਣ ਕੇ ਹਜ਼ਾਰਾਂ ਕੋਹ ਚਲ ਕੇ ਇਥੇ ਆਇਆ ਹਾਂ।

ਆਜੁ ਮਹੂਰਤ ਹੈ ਤਿਤ ਕੋ ਕਛੁ ਸਾਥ ਮਿਲੈ ਨਹੀ ਤ੍ਰਾਸ ਬਿਚਾਰੌ ॥

ਜੇ ਅਜ ਦੇ ਮੁਹੂਰਤ ਵਿਚ ਕੋਈ ਸਾਥ ਮਿਲ ਜਾਏ ਤਾਂ ਡਰ ਨਹੀਂ ਮੰਨਾਗਾ।

ਰੀਤ ਹੈ ਧਾਮ ਇਹੈ ਹਮਰੇ ਨਿਜੁ ਨਾਰਿ ਬਿਨਾ ਨਹੀ ਔਰ ਨਿਹਾਰੌ ॥

ਪਰ ਸਾਡੇ ਘਰ ਇਹੀ ਰੀਤ ਹੈ ਕਿ ਆਪਣੀ ਪਤਨੀ ਤੋਂ ਛਡ ਕੇ ਹੋਰ ਕਿਸੇ ਨੂੰ ਨਹੀਂ ਵੇਖਣਾ।

ਖੇਲੋ ਹਸੌ ਸੁਖ ਸੋ ਤੁਮ ਹੂੰ ਮੁਹਿ ਦੇਹੁ ਬਿਦਾ ਸਸੁਰਾਰਿ ਸਿਧਾਰੌ ॥੩੯॥

ਤੁਸੀਂ ਸੁਖ ਪੂਰਵਕ ਹਸੋ, ਖੇਡੋ ਅਤੇ ਮੈਨੂੰ ਵਿਦਾ ਕਰੋ ਕਿ ਸੌਹਰੇ ਘਰ ਜਾਵਾਂ ॥੩੯॥

ਬਾਤ ਬਿਦਾ ਕੀ ਸੁਨੀ ਜਬ ਹੀ ਬਿਨੁ ਚੈਨ ਭਈ ਨ ਸੁਹਾਵਤ ਜੀ ਕੀ ॥

ਜਦੋਂ (ਉਸ ਨੇ) ਵਿਦਾ ਹੋਣ ਦੀ ਗੱਲ ਸੁਣੀ ਤਾਂ ਉਹ ਮਨ ਵਿਚ ਬੇਚੈਨ ਹੋ ਗਈ ਅਤੇ ਮਨ ਨੂੰ ਚੰਗੀ ਨਾ ਲਗੀ।

ਲਾਲ ਗੁਲਾਲ ਸੀ ਬਾਲ ਹੁਤੀ ਤਤਕਾਲ ਭਈ ਮੁਖ ਕੀ ਛਬਿ ਫੀਕੀ ॥

ਗੁਲਾਲ ਵਰਗੀ ਲਾਲ ਇਸਤਰੀ ਸੀ, ਪਰ ਉਸ ਦੇ ਮੁਖ ਦਾ ਰੰਗ ਤੁਰਤ ਫਿਕਾ ਪੈ ਗਿਆ।

ਹਾਥ ਉਚਾਇ ਹਨੀ ਛਤਿਯਾ ਉਰ ਪੈ ਲਸੈ ਸੌ ਮੁੰਦਰੀ ਅੰਗੁਰੀ ਕੀ ॥

(ਉਸ ਨੇ) ਹੱਥ ਚੁਕ ਕੇ ਛਾਤੀ ਉਤੇ ਮਾਰੇ। ਛਾਤੀ ਉਤੇ ਅੰਗੁਲੀਆਂ ਵਿਚ ਪਾਈਆਂ ਮੁੰਦਰੀਆਂ ਦੇ ਨਿਸ਼ਾਨ ਇਸ ਤਰ੍ਹਾਂ ਲਗ ਰਹੇ ਸਨ

ਦੇਖਨ ਕੋ ਪਿਯ ਕੌ ਤਿਯ ਕੀ ਪ੍ਰਗਟੀ ਅਖਿਯਾ ਜੁਗ ਜਾਨੁਕ ਹੀ ਕੀ ॥੪੦॥

ਮਾਨੋ ਪ੍ਰਿਯ ਨੂੰ ਵੇਖਣ ਲਈ ਇਸਤਰੀ ਦੇ ਹਿਰਦੇ ('ਹੀ') ਦੀਆਂ ਦੋਵੇਂ ਅੱਖਾਂ ਖੁਲ੍ਹ ਗਈਆਂ ਹੋਣ ॥੪੦॥

ਦੋਹਰਾ ॥

ਦੋਹਰਾ:

ਮਨੁ ਤਰਫਤ ਤਵ ਮਿਲਨ ਕੋ ਤਨੁ ਭੇਟਤ ਨਹਿ ਜਾਇ ॥

(ਮੇਰਾ) ਮਨ ਤੈਨੂੰ ਮਿਲਣ ਲਈ ਤੜਪਦਾ ਹੈ, ਪਰ ਸ਼ਰੀਰ ਮੇਲਿਆ ਨਹੀਂ ਜਾ ਸਕਦਾ।

ਜੀਭ ਜਰੋ ਤਿਨ ਨਾਰਿ ਕੀ ਦੈ ਤੁਹਿ ਬਿਦਾ ਬੁਲਾਇ ॥੪੧॥

ਉਸ ਇਸਤਰੀ ਦੀ ਜ਼ਬਾਨ ਸੜ ਜਾਏ ਜੋ ਤੈਨੂੰ ਵਿਦਾ ਬੁਲਾ ਦੇਵੇ ॥੪੧॥

ਕਬਿਤੁ ॥

ਕਬਿੱਤ:

ਕੋਊ ਦਿਨ ਰਹੋ ਹਸਿ ਬੋਲੋ ਆਛੀ ਬਾਤੈ ਕਹੋ ਕਹਾ ਸਸੁਰਾਰਿ ਕੀ ਅਨੋਖੀ ਪ੍ਰੀਤਿ ਪਾਗੀ ਹੈ ॥

(ਫਿਰ ਰਾਣੀ ਕਹਿਣ ਲਗੀ) ਕੁਝ ਦਿਨ ਰਹੋ, ਹੱਸ ਕੇ ਚੰਗੀਆਂ ਚੰਗੀਆਂ ਗੱਲਾਂ ਕਰੋ, ਦਸੋ ਸੌਹਰਿਆਂ ਦਾ ਅਜਿਹਾ ਅਨੋਖਾ ਪ੍ਰੇਮ ਕਿਉਂ ਪਾਲ ਰਖਿਆ ਹੈ।

ਯਹੈ ਰਾਜ ਲੀਜੈ ਯਾ ਕੋ ਰਾਜਾ ਹ੍ਵੈ ਕੈ ਰਾਜ ਕੀਜੈ ਹਾਥੁ ਚਾਇ ਦੀਜੈ ਮੋਹਿ ਯਹੈ ਜਿਯ ਜਾਗੀ ਹੈ ॥

ਇਥੋਂ ਦਾ ਰਾਜ ਲੈ ਲੌ ਅਤੇ ਰਾਜਾ ਬਣਾ ਕੇ ਇਥੇ ਰਾਜ ਕਰੋ; ਹੱਥ ਚੁਕ ਕੇ ਮੈਨੂੰ ਉਹੋ ਕੁਝ ਦੇ ਦਿਓ ਜਿਸ (ਦੀ ਇੱਛਾ) ਮੇਰੇ ਮਨ ਵਿਚ ਪੈਦਾ ਹੋਈ ਹੈ।

ਤੁਮ ਕੋ ਨਿਹਾਰਿ ਕਿਯ ਮਾਰ ਨੈ ਸੁ ਮਾਰ ਮੋ ਕੌ ਤਾ ਤੇ ਬਿਸੰਭਾਰ ਭਈ ਨੀਂਦ ਭੂਖਿ ਭਾਗੀ ਹੈ ॥

ਤੁਹਾਨੂੰ ਵੇਖ ਕੇ ਮੇਰੇ ਉਤੇ ਕਾਮ ਦੇਵ ਨੇ ਹਮਲਾ ਕੀਤਾ ਹੈ ਜਿਸ ਕਰ ਕੇ ਬੇਸੁਧ ਹੋ ਗਈ ਹਾਂ ਅਤੇ ਨੀਂਦਰ ਅਤੇ ਭੁਖ ਖ਼ਤਮ ਹੋ ਗਈ ਹੈ।

ਤਹਾ ਕੌ ਨ ਜੈਯੇ ਮੇਰੀ ਸੇਜ ਕੋ ਸੁਹੈਯੈ ਆਨਿ ਲਗਨ ਨਿਗੌਡੀ ਨਾਥ ਤੇਰੇ ਸਾਥ ਲਾਗੀ ਹੈ ॥੪੨॥

(ਤੁਸੀਂ) ਉਥੇ ਨਾ ਜਾਓ ਅਤੇ ਆ ਕੇ ਮੇਰੀ ਸੇਜ ਨੂੰ ਸੁਹਾਵਣਾ ਬਣਾਓ; ਹੇ ਨਾਥ! ਭੈੜੀ ਲਗਨ ਤੇਰੇ ਨਾਲ ਲਗ ਗਈ ਹੈ ॥੪੨॥

ਏਕ ਪਾਇ ਸੇਵਾ ਕਰੌ ਚੇਰੀ ਹ੍ਵੈ ਕੈ ਨੀਰ ਭਰੌ ਤੁਹੀ ਕੌ ਬਰੌ ਮੋਰੀ ਇਛਾ ਪੂਰੀ ਕੀਜਿਯੈ ॥

(ਮੈਂ) ਇਕ ਪੈਰ (ਉਤੇ ਖੜੀ ਹੋ ਕੇ) ਸੇਵਾ ਕਰਾਂਗੀ, ਦਾਸੀ ਬਣ ਕੇ ਤੁਹਾਡਾ ਪਾਣੀ ਭਰਾਂਗੀ, ਤੁਹਾਨੂੰ ਹੀ ਵਰਾਂਗੀ, ਮੇਰੀ (ਇਹ) ਇੱਛਾ ਪੂਰੀ ਕਰ ਦਿਓ।

ਯਹੈ ਰਾਜ ਲੇਹੁ ਹਾਥ ਉਠਾਇ ਮੋ ਕੌ ਟੂਕ ਦੇਹੁ ਹਮ ਸੌ ਬਢਾਵ ਨੇਹੁ ਜਾ ਤੇ ਲਾਲ ਜੀਜਿਯੈ ॥

ਇਹ ਰਾਜ ਲੈ ਲਵੋ ਅਤੇ ਹੱਥ ਚੁਕ ਕੇ ਮੈਨੂੰ ਕੁਝ ਖਾਣ ਲਈ ਦਿਓ; ਮੇਰੇ ਨਾਲ ਪ੍ਰੇਮ ਵਧਾਓ, ਹੇ ਪ੍ਰੀਤਮ! ਜਿਸ ਕਰ ਕੇ ਜੀ ਸਕਾਂ।

ਜੌ ਕਹੌ ਬਿਕੈਹੌ ਜਹਾ ਭਾਖੋ ਤਹਾ ਚਲੀ ਜੈਹੌ ਐਸੋ ਹਾਲ ਹੇਰਿ ਨਾਥ ਕਬਹੂੰ ਪ੍ਰਸੀਜਿਯੈ ॥

ਜੇ ਕਹੋ, ਤਾਂ ਵਿਕ ਜਾਵਾਂਗੀ, ਜਿਥੇ ਕਹੋ, ਉਥੇ ਚਲੀ ਜਾਵਾਂਗੀ; ਹੇ ਨਾਥ! (ਮੇਰਾ) ਅਜਿਹਾ ਹਾਲ ਵੇਖ ਕੇ ਕਦੇ ਤਾਂ ਤਰਸ ਆਉਣਾ ਚਾਹੀਦਾ ਹੈ।

ਯਾਹੀ ਠੌਰ ਰਹੋ ਹਸਿ ਬੋਲੋ ਆਛੀ ਬਾਤੈ ਕਹੋ ਜਾਨ ਸਸੁਰਾਰਿ ਕੋ ਨ ਨਾਮੁ ਫੇਰ ਲੀਜਿਯੈ ॥੪੩॥

ਇਥੇ ਹੀ ਰਹੋ, ਹੱਸ ਕੇ ਬੋਲੋ ਅਤੇ ਚੰਗੀਆਂ ਚੰਗੀਆਂ ਗੱਲਾਂ ਕਰੋ ਅਤੇ ਸੌਹਰੇ ਜਾਣ ਦਾ ਫਿਰ ਨਾਂ ਤਕ ਨਾ ਲਵੋ ॥੪੩॥

ਸਵੈਯਾ ॥

ਸਵੈਯਾ:

ਕ੍ਯੋ ਨਿਜੁ ਤ੍ਰਿਯ ਤਜਿ ਕੇ ਸੁਨਿ ਸੁੰਦਰਿ ਤੋਹਿ ਭਜੇ ਧ੍ਰਮ ਜਾਤ ਹਮਾਰੋ ॥

(ਉਰਬਸੀ ਨੇ ਉੱਤਰ ਦਿੱਤਾ) ਹੇ ਸੁੰਦਰੀ! ਸੁਣੋ, ਜੇ ਆਪਣੀ ਇਸਤਰੀ ਛਡ ਕੇ ਤੇਰੇ ਨਾਲ ਸੰਯੋਗ ਕਰਦਾ ਹਾਂ ਤਾਂ ਮੇਰਾ ਧਰਮ ਨਸ਼ਟ ਹੁੰਦਾ ਹੈ।


Flag Counter