ਸ਼੍ਰੀ ਦਸਮ ਗ੍ਰੰਥ

ਅੰਗ - 1098


ਛਾਡਿ ਕੈ ਸੋਕ ਤ੍ਰਿਲੋਕੀ ਕੇ ਲੋਕ ਬਿਲੋਕਿ ਪ੍ਰਭਾ ਸਭ ਹੀ ਬਲਿ ਜਾਵੈ ॥੭॥

ਤਿੰਨਾਂ ਲੋਕਾਂ ਦੇ ਲੋਗ ਦੁਖਾਂ ਨੂੰ ਛਡ ਕੇ (ਉਨ੍ਹਾਂ ਦੀ) ਸੁੰਦਰਤਾ ਨੂੰ ਵੇਖ ਕੇ ਬਲਿਹਾਰੇ ਜਾਂਦੇ ਸਨ ॥੭॥

ਕੋਕ ਕੀ ਰੀਤਿ ਸੋ ਪ੍ਰੀਤਿ ਕਰੈ ਸੁਭ ਕਾਮ ਕਲੋਲ ਅਮੋਲ ਕਮਾਵੈ ॥

(ਉਹ) ਕੋਕ ਸ਼ਾਸਤ੍ਰ ਦੀ ਵਿਧੀ ਅਨੁਸਾਰ ਪ੍ਰੀਤ ਕਰਦੇ ਸਨ ਅਤੇ ਅਨੇਕ ਤਰ੍ਹਾਂ ਦੇ ਚੰਗੇ ਕਾਮ ਕਲੋਲ ਕਰਦੇ ਸਨ।

ਬਾਰਹਿ ਬਾਰ ਰਮੈ ਰੁਚਿ ਸੋ ਦੋਊ ਹੇਰਿ ਪ੍ਰਭਾ ਤਨ ਕੀ ਬਲਿ ਜਾਵੈ ॥

ਦੋਵੇਂ ਬਾਰ ਬਾਰ ਰੁਚੀ ਪੂਰਵਕ ਰਮਣ ਕਰਦੇ ਸਨ। ਉਨ੍ਹਾਂ ਦੇ ਸ਼ਰੀਰਾਂ ਦੀ ਸੁੰਦਰਤਾ ਨੂੰ ਵੇਖ ਕੇ ਬਲਿਹਾਰੇ ਜਾਈਦਾ ਸੀ।

ਬੀਰੀ ਚਬਾਇ ਸਿੰਗਾਰ ਬਨਾਇ ਸੁ ਨੈਨ ਨਚਾਇ ਮਿਲੈ ਮੁਸਕਾਵੈ ॥

ਪਾਨ ਚਬਾ ਕੇ, ਸ਼ਿੰਗਾਰ ਕਰ ਕੇ ਅਤੇ ਅੱਖਾਂ ਮਟਕਾ ਕੇ ਮਿਲਦੇ ਅਤੇ ਹਸਦੇ ਸਨ।

ਮਾਨਹੁ ਬੀਰ ਜੁਟੇ ਰਨ ਮੈ ਸਿਤ ਤਾਨਿ ਕਮਾਨਨ ਬਾਨ ਚਲਾਵੈ ॥੮॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੋ ਸੂਰਮੇ ਰਣ ਵਿਚ ਜੁਟੇ ਹੋਣ ਅਤੇ ਤਣ ਕੇ ਕਮਾਨਾਂ ਤੋਂ ਤਿਖੇ ਤੀਰ ਚਲਾਉਂਦੇ ਹੋਣ ॥੮॥

ਚੌਪਈ ॥

ਚੌਪਈ:

ਐਸੀ ਪ੍ਰੀਤਿ ਦੁਹੁਨ ਮੈ ਭਈ ॥

ਦੋਹਾਂ ਵਿਚ ਅਜਿਹਾ ਪਿਆਰ ਪਿਆ

ਬਿਸਰਿ ਲੋਕ ਕੀ ਲਜਾ ਗਈ ॥

ਕਿ (ਉਨ੍ਹਾਂ ਨੂੰ) ਲੋਕ ਲਾਜ ਵੀ ਭੁਲ ਗਈ।

ਨੋਖੋ ਨੇਹ ਨਿਗੋਡੋ ਲਾਗੋ ॥

ਅਜਿਹਾ ਭੈੜਾ ਅਨੋਖਾ ਪਿਆਰ ਲਗਿਆ

ਜਾ ਤੇ ਨੀਂਦ ਭੂਖਿ ਦੋਊ ਭਾਗੋ ॥੯॥

ਜਿਸ ਕਰ ਕੇ ਨੀਂਦਰ ਅਤੇ ਭੁਖ ਦੋਵੇਂ ਭਜ ਗਏ ॥੯॥

ਏਕ ਦਿਵਸ ਤ੍ਰਿਯ ਮੀਤ ਬੁਲਾਯੋ ॥

ਇਕ ਦਿਨ ਇਸਤਰੀ ਨੇ ਮਿਤਰ ਨੂੰ ਬੁਲਾਇਆ।

ਸੋਤ ਸੰਗਿ ਸਵਤਨਿਨ ਤਕਾਯੋ ॥

(ਉਸ ਨਾਲ) ਸੁੱਤੀ ਹੋਈ ਨੂੰ ਸੌਂਕਣਾਂ ਨੇ ਵੇਖ ਲਿਆ।

ਭੇਵ ਰਛਪਾਲਨ ਕੋ ਦੀਨੋ ॥

(ਉਨ੍ਹਾਂ ਨੇ ਇਹ) ਭੇਦ ਪਹਿਰੇਦਾਰਾਂ ਨੂੰ ਦਿੱਤਾ।

ਤਿਨ ਕੋ ਕੋਪ ਆਤਮਾ ਕੀਨੋ ॥੧੦॥

ਉਨ੍ਹਾਂ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਕੀਤਾ ॥੧੦॥

ਰਛਪਾਲ ਕ੍ਰੁਧਿਤ ਅਤਿ ਭਏ ॥

ਪਹਿਰੇਦਾਰ ਬਹੁਤ ਕ੍ਰੋਧਿਤ ਹੋਏ

ਰਾਨੀ ਹੁਤੀ ਤਹੀ ਤੇ ਗਏ ॥

ਅਤੇ ਜਿਥੇ ਰਾਣੀ ਸੀ, ਉਥੇ ਗਏ।

ਜਾਰ ਸਹਿਤ ਤਾ ਕੋ ਲਹਿ ਲੀਨੋ ॥

ਉਸ ਨੂੰ ਯਾਰ ਸਹਿਤ ਪਕੜ ਲਿਆ।

ਬਿਵਤ ਹਨਨ ਦੁਹੂੰਅਨ ਕੌ ਕੀਨੋ ॥੧੧॥

ਦੋਹਾਂ ਨੂੰ ਮਾਰਨ ਦੀ ਯੋਜਨਾ ਬਣਾਈ ॥੧੧॥

ਤਬ ਰਾਨੀ ਇਹ ਭਾਤਿ ਉਚਾਰੀ ॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਰਛਕੋ ਬਾਤ ਹਮਾਰੀ ॥

ਹੇ ਪਹਿਰੇਦਾਰੋ! ਮੇਰੀ ਗੱਲ ਸੁਣੋ।

ਮੀਤ ਮਰੇ ਨ੍ਰਿਪ ਤ੍ਰਿਯ ਮਰਿ ਜੈ ਹੈ ॥

ਮਿਤਰ ਦੇ ਮਰਨ ਨਾਲ ਰਾਣੀ ਵੀ ਮਰ ਜਾਵੇਗੀ

ਤ੍ਰਿਯਾ ਮਰੈ ਰਾਜਾ ਕੋ ਛੈ ਹੈ ॥੧੨॥

ਅਤੇ ਰਾਣੀ ਦੇ ਮਰਨ ਨਾਲ ਰਾਜਾ ਵੀ ਮਰ ਜਾਏਗਾ ॥੧੨॥

ਦੋ ਕੁਕਟ ਕੁਕਟੀ ਮੰਗਵਾਈ ॥

(ਉਸ ਨੇ) ਦੋ ਕੁਕੜ ਅਤੇ ਕੁਕੜੀਆਂ ਮੰਗਵਾਈਆਂ

ਸਖਿਯਹਿ ਬੋਲ ਤਿਨੈ ਬਿਖੁ ਖ੍ਵਾਈ ॥

ਅਤੇ ਸਖੀਆਂ ਨੂੰ ਕਹਿ ਕੇ ਉਨ੍ਹਾਂ ਨੂੰ ਜ਼ਹਿਰ ਖਵਾ ਦਿੱਤੀ।

ਨਿਕਟ ਆਪਨੈ ਦੁਹੁਅਨ ਆਨੋ ॥

ਉਨ੍ਹਾਂ ਦੋਹਾਂ ਨੂੰ ਆਪਣੇ ਕੋਲ ਮੰਗਵਾ ਲਿਆ।

ਮੂੜ ਰਛਕਨ ਚਰਿਤ ਨ ਜਾਨੋ ॥੧੩॥

ਪਰ ਮੂਰਖ ਪਹਿਰੇਦਾਰ ਚਰਿਤ੍ਰ ਨੂੰ ਸਮਝ ਨਾ ਸਕੇ ॥੧੩॥

ਪ੍ਰਥਮ ਮਾਰਿ ਕੁਕਟ ਕੋ ਦਯੋ ॥

ਪਹਿਲਾਂ ਕੁਕੜ ਨੂੰ ਮਾਰ ਦਿੱਤਾ।

ਕੁਕਟੀ ਕੋ ਬਿਨੁ ਬਧ ਬਧ ਭਯੋ ॥

ਕੁਕੜੀ ਬਿਨਾ ਮਾਰਿਆਂ ਹੀ ਮਰ ਗਈ।

ਬਹੁਰਿ ਨਾਸ ਕੁਕਟੀ ਕੋ ਭਯੋ ॥

ਫਿਰ ਕੁਕੜੀ ਦਾ ਨਾਸ਼ ਹੋ ਗਿਆ

ਪਲਕ ਬਿਖੈ ਕੁਕਟੋ ਮਰਿ ਗਯੋ ॥੧੪॥

ਅਤੇ ਛਿਣ ਭਰ ਵਿਚ ਕੁਕੜ ਵੀ ਮਰ ਗਿਆ ॥੧੪॥

ਰਾਨੀ ਬਾਚ ॥

ਰਾਣੀ ਨੇ ਕਿਹਾ:

ਸਨਹੁ ਲੋਗ ਮੈ ਤੁਮੈ ਸੁਨਾਊ ॥

ਹੇ ਲੋਕੋ! ਸੁਣੋ, ਮੈਂ ਤੁਹਾਨੂੰ ਸੁਣਾਉਂਦੀ ਹਾਂ।

ਮਿਤ੍ਰ ਮਰੇ ਮੈ ਪ੍ਰਾਨ ਗਵਾਊ ॥

ਮਿਤਰ ਮਰਨ ਨਾਲ ਮੈਂ ਪ੍ਰਾਣ ਤਿਆਗ ਦਿਆਂਗੀ।

ਮੋਹਿ ਮਰੇ ਰਾਜਾ ਮਰਿ ਜੈ ਹੈ ॥

ਮੇਰੇ ਮਰਨ ਨਾਲ ਰਾਜਾ ਮਰ ਜਾਏਗਾ।

ਤੁਮਰੇ ਕਹੋ ਹਾਥ ਕਾ ਐ ਹੈ ॥੧੫॥

(ਦਸੋ ਭਲਾ) ਤੁਹਾਡੇ ਹੱਥ ਕੀ ਆਏਗਾ ॥੧੫॥

ਹੋ ਰਾਜਾ ਜੌ ਜਿਯਤ ਉਬਰਿ ਹੈ ॥

ਜੇ ਰਾਜਾ ਜੀਉਂਦਾ ਰਹੇਗਾ

ਤੁਮਰੀ ਸਦਾ ਪਾਲਨਾ ਕਰਿ ਹੈ ॥

ਤਾਂ ਤੁਹਾਡੀ ਸਦਾ ਪਾਲਨਾ ਕਰੇਗਾ।

ਜੋ ਨ੍ਰਿਪ ਤ੍ਰਿਯ ਜੁਤ ਸ੍ਵਰਗ ਸਿਧੈ ਹੈ ॥

ਜੇ ਰਾਜਾ ਇਸਤਰੀ ਸਮੇਤ ਮਰ ਜਾਏਗਾ

ਤੁਮ ਧਨ ਤੇ ਵੈ ਜਿਯਤੇ ਜੈ ਹੈ ॥੧੬॥

ਤਾਂ ਤੁਸੀਂ ਵੀ ਉਸ ਧਨ ਤੋਂ ਜੀਉਂਦੇ ਜੀ ਵਾਂਝੇ ਹੋ ਜਾਓਗੇ ॥੧੬॥

ਤਾ ਤੇ ਕ੍ਯੋਨ ਨ ਦਰਬੁ ਅਤਿ ਲੀਜੈ ॥

ਇਸ ਲਈ ਤੁਸੀਂ ਕਿਉਂ ਨਾ ਅਧਿਕ ਧਨ ਲੈ ਲਵੋ

ਤਿਹੂੰ ਜਿਯਨ ਕੀ ਰਛਾ ਕੀਜੈ ॥

ਅਤੇ ਤਿੰਨਾਂ ਜੀਵਾਂ ਦੀ ਰਖਿਆ ਕਰੋ।

ਜੜਨ ਕੁਕਟ ਕੋ ਚਰਿਤ ਨਿਹਾਰਿਯੋ ॥

(ਉਨ੍ਹਾਂ) ਮੂਰਖਾਂ ਨੇ ਕੁਕੜਾਂ ਦਾ ਚਰਿਤ੍ਰ ਵੇਖਿਆ

ਜਾਰ ਸਹਿਤ ਰਾਨੀਯਹਿ ਨ ਮਾਰਿਯੋ ॥੧੭॥

ਅਤੇ ਯਾਰ ਸਹਿਤ ਰਾਣੀ ਨੂੰ ਨਾ ਮਾਰਿਆ ॥੧੭॥

ਦੋਹਰਾ ॥

ਦੋਹਰਾ:

ਇਸਕਮਤੀ ਇਹ ਛਲ ਭਏ ਕੁਕਟ ਕੁਕਟਿਯਹਿ ਘਾਇ ॥

ਕੁਕੜ ਅਤੇ ਕੁਕੜੀ ਨੂੰ ਮਾਰ ਕੇ ਇਸ਼ਕ ਮਤੀ ਨੇ ਇਹ ਚਰਿਤ੍ਰ ਵਿਖਾਇਆ

ਪ੍ਰਾਨ ਉਬਾਰਿਯੋ ਪ੍ਰਿਯ ਸਹਿਤ ਨ੍ਰਿਪ ਡਰ ਜੜਨ ਦਿਖਾਇ ॥੧੮॥

ਅਤੇ ਉਨ੍ਹਾਂ ਮੂਰਖਾਂ ਨੂੰ ਰਾਜੇ (ਦੇ ਮਰਨ ਦਾ) ਡਰ ਵਿਖਾ ਕੇ ਪ੍ਰਿਯ ਸਹਿਤ ਆਪਣੇ ਪ੍ਰਾਣ ਬਚਾ ਲਏ ॥੧੮॥

ਚੌਪਈ ॥

ਚੌਪਈ:

ਤਿਨ ਇਹ ਭਾਤਿ ਬਿਚਾਰ ਬਿਚਾਰੇ ॥

ਉਨ੍ਹਾਂ (ਪਹਿਰੇਦਾਰਾਂ) ਨੇ ਇਸ ਤਰ੍ਹਾਂ ਵਿਚਾਰ ਬਣਾਇਆ


Flag Counter