ਜਿਸ ਨੇ ਜਰਾਸੰਧ ਦੀ ਸੈਨਾ ਨੂੰ ਮਸਲ ਦਿੱਤਾ ਸੀ ਅਤੇ ਵੈਰੀਆਂ ਦਾ ਹੰਕਾਰ ਨਸ਼ਟ ਕਰ ਦਿੱਤਾ ਸੀ।
ਉਸੇ ਤਰ੍ਹਾਂ ਫਿਰ ਸ੍ਰੀ ਕ੍ਰਿਸ਼ਨ ਸੰਤਾਂ (ਭਗਤਾਂ) ਦੇ ਸਾਰਿਆਂ ਪਾਪਾਂ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ ॥੨੪੮੧॥
ਕਵੀ ਸ਼ਿਆਮ ਕਹਿੰਦੇ ਹਨ, ਜੋ (ਸਾਧਕ) ਪ੍ਰੇਮ ਪੂਰਵਕ ਸ੍ਰੀ ਕ੍ਰਿਸ਼ਨ ਦੇ ਗੀਤਾਂ ਦਾ ਗਾਇਨ ਕਰਦਾ ਹੈ।
ਜੋ (ਕਵੀ) ਸਿਆਣਪ ਨਾਲ ਸ੍ਰੀ ਕ੍ਰਿਸ਼ਨ ਦੇ ਯਸ਼ ਨੂੰ ਕਵਿਤਾ ਵਿਚ ਬੰਨ੍ਹਦਾ ਹੈ।
ਜੋ (ਵਿਅਕਤੀ) ਹੋਰਨਾਂ ਤੋਂ ਸ੍ਰੀ ਕ੍ਰਿਸ਼ਨ ਦੀ ਚਰਚਾ ਸੁਣ ਕੇ ਸ੍ਰੀ ਕ੍ਰਿਸ਼ਨ ਵਿਚ ਮਨ ਨੂੰ ਟਿਕਾਉਂਦਾ ਹੈ।
ਕਵੀ ਸ਼ਿਆਮ ਕਹਿੰਦੇ ਹਨ, ਉਹ (ਵਿਅਕਤੀ) ਸ਼ਰੀਰ ਧਾਰਨ ਕਰ ਕੇ ਫਿਰ ਇਸ ਸੰਸਾਰ ਵਿਚ ਨਹੀਂ ਆਉਂਦੇ ॥੨੪੮੨॥
ਜੋ (ਵਿਅਕਤੀ) ਸ੍ਰੀ ਕ੍ਰਿਸ਼ਨ ਦੀ ਉਪਮਾ ਗਾਉਂਦਾ ਹੈ ਅਤੇ ਕਵਿਤਾ ਵਿਚ ਰਚਦਾ ਹੈ।
ਕਵੀ ਸ਼ਿਆਮ ਕਹਿੰਦੇ ਹਨ, ਉਹ ਪਾਪਾਂ ਦੀ ਅਗਨੀ ਵਿਚ ਕਦੇ ਨਹੀਂ ਸੜਦਾ।
ਜਿਨ੍ਹਾਂ (ਦੀ ਸੁਰਤ) ਛਿਣ ਭਰ ਲਈ (ਕ੍ਰਿਸ਼ਨ ਦੇ ਪ੍ਰੇਮ ਵਿਚ) ਲਗ ਗਈ ਹੈ, ਉਨ੍ਹਾਂ ਦੇ ਸਾਰੇ ਪਾਪ ਦੂਰ ਹੋ ਜਾਣਗੇ ਅਤੇ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ।
ਜੋ ਪੁਰਸ਼ ਕ੍ਰਿਸ਼ਨ ਜੀ ਦੇ ਚਰਨ ਪਰਸਣਗੇ, ਉਹ ਪੁਰਸ਼ ਫਿਰ ਦੇਹ ਧਾਰਨ ਨਹੀਂ ਕਰਨਗੇ ॥੨੪੮੩॥
ਕਵੀ ਸ਼ਿਆਮ ਕਹਿੰਦੇ ਹਨ, ਫਿਰ ਜੋ (ਵਿਅਕਤੀ) ਰੁਚੀ ਪੂਰਵਕ ਸ੍ਰੀ ਕ੍ਰਿਸ਼ਨ ਦਾ ਜਾਪ ਜਪਦੇ ਹਨ।
ਜੋ (ਵਿਅਕਤੀ) ਮਨ ਵਿਚ ਉਸ (ਸ੍ਰੀ ਕ੍ਰਿਸ਼ਨ) ਦੇ ਪ੍ਰੇਮ ਕਰ ਕੇ, ਮੰਗਤਿਆਂ ਨੂੰ ਧਨ ਦਿੰਦੇ ਹਨ।
ਜੋ (ਵਿਅਕਤੀ) ਘਰ ਦੇ ਸਾਰੇ ਕੰਮਾਂ ਨੂੰ ਛਡ ਕੇ ਉਸ ਦੇ ਚਰਨਾਂ ਨੂੰ ਚਿਤ ਅੰਦਰ (ਸਥਾਨ) ਦਿੰਦੇ ਹਨ।
ਉਹ (ਅਧਿਆਤਮਿਕ) ਸੂਰਮੇ ਇਸ ਸੰਸਾਰ ਵਿਚ (ਜੀਉਂਦਿਆਂ ਹੀ) ਪਾਪਾਂ ਦੇ ਸਮੂਹ ਨੂੰ ਵਿਦਾ ਕਰ ਦਿੰਦੇ ਹਨ (ਅਤੇ ਆਪ ਬ੍ਰਹਮ ਲੋਕ ਵਿਚ) ਚਲੇ ਜਾਂਦੇ ਹਨ ॥੨੪੮੪॥
ਜਿਸ ਨੇ ਪ੍ਰੇਮ ਨਾ ਕੀਤਾ, (ਪਰ) ਬਹੁਤ ਤਪ ਕੀਤਾ, ਕਸ਼ਟ ਸਹੇ ਅਤੇ ਸ਼ਰੀਰ ਨੂੰ ਖ਼ੂਬ ਤਪਾਇਆ।
ਕਾਸ਼ੀ ਵਿਚ ਜਾ ਕੇ ਵੇਦਾਂ ਨੂੰ ਬਹੁਤ ਅਧਿਕ ਪੜ੍ਹਿਆ, (ਪਰ ਉਨ੍ਹਾਂ ਦੇ) ਹੱਥ ਵਿਚ ਸਾਰ ਤਤ੍ਵ ਪ੍ਰਾਪਤ ਨਾ ਹੋਇਆ।
(ਜਿਨ੍ਹਾਂ ਨੇ) ਦਾਨ ਦਿੱਤੇ, (ਕੀ) ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਵਸ ਹੋ ਗਿਆ ਹੈ, (ਨਹੀਂ) ਉਨ੍ਹਾਂ ਸਭਨਾਂ ਨੇ ਆਪਣਾ ਧਨ ਹੀ ਗੰਵਾਇਆ ਹੈ।
ਜਿਸ ਨੇ ਅੰਦਰਲੀ ਰੁਚੀ ਨਾਲ ਸ੍ਰੀ ਕ੍ਰਿਸ਼ਨ ਨਾਲ ਪ੍ਰੇਮ ਕੀਤਾ ਹੈ, ਉਨ੍ਹਾਂ ਨੇ ਹੀ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕੀਤਾ ਹੈ ॥੨੪੮੫॥
ਕੀ ਹੋਇਆ ਜੋ (ਕੋਈ) ਬਗਲੇ (ਵਾਂਗ) ਅੱਖਾਂ ਬੰਦ ਕਰ ਕੇ ਬੈਠ ਰਿਹਾ ਹੈ, ਜਗਤ ਨੂੰ ਭੇਖ ਵਿਖਾਉਂਦਾ ਹੈ।
ਮੱਛੀ (ਵਾਂਗ) ਸਦਾ ਜਲ ਵਿਚ ਨ੍ਹਾਉਂਦਾ ਫਿਰਿਆ ਹੈ, ਤਾਂ ਕੀ ਹੋਇਆ। (ਕੀਹ) ਉਸ ਦੇ ਹੱਥ ਵਿਚ ਹਰਿ ਆ ਗਿਆ ਹੈ।
ਡੱਡੂ (ਵਾਂਗ) ਜੋ ਦਿਨ ਰਾਤ ਬੋਲਦਾ ਰਹਿੰਦਾ ਹੈ, ਜਾਂ ਸ਼ਰੀਰ ਉਤੇ ਖੰਭ ਲਗਾ ਕੇ ਪੰਛੀ (ਵਾਂਗ) ਉਡ ਗਿਆ ਹੈ।
(ਕਵੀ) ਸ਼ਿਆਮ ਕਹਿੰਦੇ ਹਨ, ਸਾਰੇ ਸੰਤ ਇਹ (ਕਹਿੰਦੇ ਹਨ) ਕਿ ਪ੍ਰੇਮ ਤੋਂ ਬਿਨਾ ਕਿਸੇ ਨੇ ਵੀ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਨਹੀਂ ਕੀਤਾ ॥੨੪੮੬॥
ਜੇ ਕਿਸੇ ਨੇ ਧਨ ਦੇ ਲਾਲਚ ਵਸ ਹੋ ਕੇ ਕਿਸੇ ਕੋਲ ਪ੍ਰਭੂ ਦੇ ਚੰਗੀ ਤਰ੍ਹਾਂ ਗੀਤ ਸੁਣਾਏ ਹਨ।
(ਜੇ ਕਿਸੇ ਨੇ ਭਗਤੀ ਕਰਨ ਲਈ) ਨਾਚ ਨਚਿਆ ਹੈ, (ਪਰ) ਉਸ ਵਿਚ ਮਗਨ ਨਹੀਂ ਹੋਇਆ, (ਤਾਂ ਉਸ ਨੇ) ਹਰਿ ਦੇ ਅਲੌਕਿਕ ਲੋਕ ਦਾ ਮਾਰਗ ਨਹੀਂ ਪਾਇਆ।
(ਉਸ ਨੇ) ਜਗਤ ਵਿਚ ਆਪਣਾ ਹਾਸਾ ਕਰਾਇਆ ਹੈ, (ਕਿਉਂਕਿ) ਉਸ ਨੇ ਸੁਪਨੇ ਵਿਚ ਵੀ ਗਿਆਨ ਦੇ ਤਤ੍ਵ ਨੂੰ ਨਹੀਂ ਜਾਣਿਆ ਹੈ।
ਕਵੀ ਸ਼ਿਆਮ ਕਹਿੰਦੇ ਹਨ, ਪ੍ਰੇਮ ਤੋਂ ਬਿਨਾ ਸ੍ਰੀ ਕ੍ਰਿਸ਼ਨ ਕਿਸੇ ਦੇ ਹੱਥ ਵਿਚ ਨਹੀਂ ਆਇਆ ॥੨੪੮੭॥
(ਜੋ) ਆਪਣੇ ਘਰ ਬਾਰ ਤੋਂ ਹਾਰ ਕੇ ਬਨ ਨੂੰ ਚਲੇ ਗਏ ਹਨ (ਅਤੇ ਉਥੇ) ਉਨ੍ਹਾਂ ਨੇ ਬਹਤੁ ਧਿਆਨ ਲਗਾਇਆ ਹੈ।
ਸਿੱਧ ਹੋ ਕੇ ਸਮਾਧੀ ਲਗਾਈ ਹੈ, ਮੁਨੀ ਹੋ ਕੇ ਅਗਾਧ ਕਥਾ (ਸੁਣੀ ਹੈ) (ਉਹ ਸਾਰੇ) ਖੋਜ ਰਹੇ ਹਨ, (ਪਰ ਉਨ੍ਹਾਂ ਦੇ) ਹੱਥ ਵਿਚ ਹਰਿ ਨਹੀਂ ਆਇਆ।
(ਕਵੀ) ਸ਼ਿਆਮ ਕਹਿੰਦੇ ਹਨ ਕਿ ਸਾਰੇ ਵੇਦਾਂ, ਕਤੇਬਾਂ ਅਤੇ ਸੰਤਾਂ ਦੇ ਮਤ ਵਿਚ ਇਹੀ ਠਹਿਰਾਇਆ ਹੋਇਆ ਹੈ।
ਕਵੀ ਕਹਿੰਦੇ ਹਨ। ਹੇ ਸੰਤੋ! ਸੁਣੋ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਨ੍ਹਾਂ ਨੇ ਹੀ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ ॥੨੪੮੮॥
(ਮੈਂ) ਛਤ੍ਰੀ ਦਾ ਪੁੱਤਰ ਹਾਂ, ਬ੍ਰਾਹਮਣ ਦਾ (ਪੁੱਤਰ) ਨਹੀਂ ਹਾਂ। (ਮੈਨੂੰ) ਤਪ ਕਰਨਾ ਕਿਥੇ ਆਉਂਦਾ ਹੈ, ਜੇ ਕਰਾਂ।
ਅਤੇ ਘਰ ਦੇ ਹੋਰ ਜਿਤਨੇ ਜੰਜਾਲ ਹਨ, ਤੁਹਾਨੂੰ ਤਿਆਗ ਕੇ ਕੀਹ ਚਿਤ ਉਨ੍ਹਾਂ ਵਿਚ ਧਰਾਂ।
(ਇਸ ਲਈ) ਹੁਣ ਪ੍ਰਸੰਨ ਹੋ ਕੇ ਮੈਨੂੰ ਉਹੀ (ਵਰ) ਦਿਓ, ਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ।
ਜਦੋਂ ਮੇਰੀ ਆਯੂ ਦੀ ਅਵਧੀ ਦਾ ਅੰਤ ਆ ਬਣੇ ਤਾਂ ਭਿਆਨਕ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ ॥੨੪੮੯॥
ਦੋਹਰਾ:
ਸਤਾਰ੍ਹਾਂ ਸੌ ਪੰਤਾਲੀ (੧੭੪੫ ਬਿ.) ਵਿਚ ਸਾਵਣ ਦੀ ਸੁਦੀ ਸੱਤਵੀਂ ਥਿਤ ਨੂੰ
ਪਾਂਵਟਾ ਨਗਰ (ਵਿਚ ਕਵਿਤਾ ਰਚਣ ਦਾ ਇਹ) ਸ਼ੁਭ ਕਰਮ (ਕੀਤਾ ਜਿਥੇ) ਨੇੜੇ ਹੀ ਜਮਨਾ ਵਗ ਰਹੀ ਹੈ ॥੨੪੯੦॥
ਭਾਗਵਤ (ਪੁਰਾਣ) ਦੇ ਦਸਮ (ਸਕੰਧ) ਦੀ ਕਥਾ (ਮੈਂ) ਭਾਖਾ ਵਿਚ ਰਖੀ ਹੈ।
ਹੇ ਪ੍ਰਭੂ! (ਮੇਰੇ ਮਨ ਵਿਚ) ਹੋਰ ਕੋਈ ਕਾਮਨਾ ਨਹੀਂ ਹੈ, (ਬਸ) ਧਰਮ ਦੇ ਯੁੱਧ ਦੀ ਚਾਹ (ਲਈ ਪ੍ਰੇਰਿਤ ਕਰਨਾ) ਹੈ ॥੨੪੯੧॥
ਸਵੈਯਾ:
ਜਗਤ ਵਿਚ ਉਨ੍ਹਾਂ ਦਾ ਜੀਉਣਾ ਧੰਨ ਹੈ (ਜੋ) ਮੁਖ ਤੋਂ ਹਰਿ (ਦਾ ਨਾਮ ਜਪਦੇ ਹਨ ਅਤੇ) ਚਿਤ ਵਿਚ ਯੁੱਧ (ਕਰਨ ਦਾ) ਵਿਚਾਰ ਪਾਲਦੇ ਹਨ।
(ਕਿਉਂਕਿ) ਦੇਹ ਅਨਿਤ ਹੈ, ਨਿਤ ਨਹੀਂ ਰਹੇਗੀ। (ਜੋ ਵਿਅਕਤੀ ਧਰਮ ਯੁੱਧ ਕਰਕੇ) ਯਸ਼ ਦੀ ਬੇੜੀ ਉਤੇ ਚੜ੍ਹੇਗਾ, ਉਹ ਭਵ ਸਾਗਰ ਵਿਚੋਂ ਤਰ ਜਾਏਗਾ।
ਇਸ ਸ਼ਰੀਰ ਨੂੰ ਧੀਰਜ ਦਾ ਘਰ ਬਣਾ ਲਵੋ ਅਤੇ ਬੁੱਧੀ ਨੂੰ ਦੀਪਕ ਵਾਂਗ (ਇਸ ਵਿਚ) ਜਗਾ ਲਵੋ।
ਗਿਆਨ ਦੇ ਝਾੜੂ ਨੂੰ ਮਨ ਰੂਪ ਹੱਥ ਵਿਚ ਲੈ ਕੇ, ਕਾਇਰਤਾ ਰੂਪ ਕੂੜੇ ਨੂੰ ਬਾਹਰ ਹੂੰਝ ਦਿਓ ॥੨੪੯੨॥