ਸ਼ਸਤ੍ਰ ਅਤੇ ਅਸਤ੍ਰ ਚਲਾਉਂਦੇ ਹਨ
ਅਤੇ ਚੰਗੀ ਤਰ੍ਹਾਂ ਨਾਲ ਸੈਨਾ ਨੂੰ ਗਾਹ ਰਹੇ ਹਨ ॥੨੭੫॥
ਭੈਰੋਂ ਭਭਕ ਰਿਹਾ ਹੈ।
ਕਾਲੀ ਕਿਲਕਾਰੀਆਂ ਮਾਰਦੀ ਹੈ।
ਜੋਗਣਾਂ ਜੁਟੀਆਂ ਹੋਈਆਂ ਹਨ
ਅਤੇ (ਖੋਪਰੀਆਂ ਦੇ) ਬਰਤਨ ਨਾਲ ਟੁਟ ਕੇ ਪੈ ਗਈਆਂ ਹਨ ॥੨੭੬॥
ਦੇਵੀ ਲਿਸ਼ਕਦੀ ਹੈ,
ਕਾਲੀ ਕਿਲਕਾਰੀਆਂ ਮਾਰਦੀ ਹੈ।
ਭੈਰੋਂ ਲਲਕਾਰ ਰਹੀ ਹੈ,
ਡੌਰੂ ਡੁਕ ਡੁਕ ਕਰ ਕੇ ਵਜ ਰਹੇ ਹਨ ॥੨੭੭॥
ਬਹੁਤ ਸ਼ਸਤ੍ਰਾਂ ਦੀ ਬਰਖਾ ਹੋ ਰਹੀ ਹੈ,
ਪਰਮ ਅਸਤ੍ਰ (ਧਨੁਸ਼ ਬਾਣ) ਖਿਚੇ ਜਾ ਰਹੇ ਹਨ।
ਦੈਂਤ ਅਸਤ੍ਰ ਚਲ ਰਹੇ ਹਨ,
ਦੇਵ ਅਸਤ੍ਰ ਮੁਕ ਗਏ ਹਨ ॥੨੭੮॥
(ਸੂਰਮਿਆਂ ਨੇ) ਸੈਲ (ਪੱਥਰ) ਅਸਤ੍ਰ ਸਜਾ ਲਏ ਹਨ,
ਹਵਾ ਦੇ ਅਸਤ੍ਰ ਚਲ ਰਹੇ ਹਨ,
ਮੇਘ ਅਸਤ੍ਰ ਵਰ੍ਹ ਰਹੇ ਹਨ,
ਅਗਨ ਅਸਤ੍ਰਾਂ ਨੂੰ ਖਿਚਿਆ ਜਾ ਰਿਹਾ ਹੈ ॥੨੭੯॥
ਹੰਸ ਅਸਤ੍ਰ ਛੁਟ ਰਹੇ ਹਨ,
ਕਾਕ ਅਸਤ੍ਰ ਟੁਟ ਰਹੇ ਹਨ,
ਮੇਘ ਅਸਤ੍ਰ ਵਰ੍ਹ ਰਹੇ ਹਨ,
ਸੂਕ੍ਰ ਅਸਤ੍ਰ ਖਿਚੇ ਜਾ ਰਹੇ ਹਨ ॥੨੮੦॥
ਸਾਵੰਤ ਸਜੇ ਹੋਏ ਹਨ,
ਆਕਾਸ਼ ਵਿਚ ਅਸਤ੍ਰ ਗਜ ਰਹੇ ਹਨ,
ਯਕਸ਼ ਅਸਤ੍ਰ ਚਲ ਰਹੇ ਹਨ,
ਕਿੰਨਰ ਅਸਤ੍ਰ ਮੁਕ ਗਏ ਹਨ ॥੨੮੧॥
ਗੰਧਰਬ ਅਸਤ੍ਰ ਚਲਾਏ ਜਾ ਰਹੇ ਹਨ,
ਨਰ ਅਸਤ੍ਰਾਂ ਨੂੰ ਗਾਹਿਆ ਜਾ ਰਿਹਾ ਹੈ,
(ਯੋਧਿਆਂ ਦੀਆਂ) ਅੱਖਾਂ ਚੰਚਲ ਹੋ ਰਹੀਆਂ ਹਨ,
ਸ਼ਰਾਬ ਦੇ ਨਸ਼ੇ ਵਿਚ ਬੋਲ ਰਹੇ ਹਨ ॥੨੮੨॥
ਰਣ-ਭੂਮੀ ਵਿਚ (ਸੂਰਮੇ) ਡਿਗ ਰਹੇ ਹਨ,
(ਲਹੂ ਦੀ) ਲਾਲੀ ਨਾਲ ਗੜੁਚ ਹਨ,
ਸ਼ਸਤ੍ਰ ਅਤੇ ਅਸਤ੍ਰ (ਆਪਸ ਵਿਚ) ਵਜ ਰਹੇ ਹਨ,
ਸੂਰਮੇ ਗਜ ਰਹੇ ਹਨ ॥੨੮੩॥
ਹੂਰਾਂ (ਯੋਧਿਆਂ ਨੂੰ) ਘੇਰਾ ਪਾ ਰਹੀਆਂ ਹਨ,
ਕਤਲਗਾਹ ('ਸਾਵਰਤ') ਭਰ ਗਈ ਹੈ, (ਅਰਥਾਂਤਰ: ਸੂਰਮਿਆਂ ਨੂੰ ਪੂਰੀ ਤਰ੍ਹਾਂ ਹੂਰਾਂ ਨੇ ਘੇਰ ਲਿਆ ਹੈ)
(ਹੂਰਾਂ) ਸਾਰੇ ਆਕਾਸ਼ ਵਿਚ ਘੁੰਮ ਰਹੀਆਂ ਹਨ।
ਉਨ੍ਹਾਂ ਦੀਆਂ ਅੱਖਾਂ (ਪ੍ਰੇਮ ਰੰਗ ਵਿਚ) ਲਾਲ ਹਨ ॥੨੮੪॥
ਪੌਣ ਦੀ ਗਤੀ ਵਾਲੇ ਘੋੜੇ ('ਪਾਵੰਗ') ਕੁਦ ਰਹੇ ਹਨ,
ਸਾਰੇ ਅਸਤ੍ਰ ਖੁਲ੍ਹ ਗਏ ਹਨ।
ਹੰਕਾਰ ਨਾਲ ਭਰੇ ਹੋਏ (ਸੂਰਮੇ) ਚਲਾਂਦੇ ਹਨ,
(ਦੁਸ਼ਮਨ ਨੂੰ) ਅਧੋ ਅਧ ਵਢ ਸੁਟਦੇ ਹਨ ॥੨੮੫॥
ਸ਼ਿਵ ਦੀ ਸਮਾਧੀ ਖੁਲ੍ਹ ਗਈ ਹੈ
ਜਿਸ ਨੇ ਸੰਨਿਆਸ ਧਾਰਨ ਕੀਤਾ ਹੋਇਆ ਸੀ।
ਗੰਧਰਬ ਗਜ ਰਹੇ ਹਨ,
ਵਾਜੇ ਵਜ ਰਹੇ ਹਨ ॥੨੮੬॥
ਪਾਪ ਅਸਤ੍ਰਾਂ ਦੀ ਬਰਖਾ ਹੋ ਰਹੀ ਹੈ,
ਧਰਮ ਅਸਤ੍ਰ ਕਸੇ ਜਾ ਰਹੇ ਹਨ,
ਅਰੋਗ ਅਸਤ੍ਰ ਛੁਟ ਰਹੇ ਹਨ,
ਭੋਗ ਅਸਤ੍ਰਾਂ ਨੂੰ (ਵੈਰੀ ਸੈਨਾ ਉਤੇ) ਸੁਟਿਆ ਜਾ ਰਿਹਾ ਹੈ ॥੨੮੭॥
ਬਿਬਾਦ ਅਸਤ੍ਰ ਸਜ ਗਏ ਹਨ,
ਬਿਰੋਧ ਅਸਤ੍ਰ ਵਜ ਰਹੇ ਹਨ,
ਕੁਮੰਤ੍ਰ ਅਸਤ੍ਰ ਛੁਟ ਰਹੇ ਹਨ,
ਸੁਮੰਤ੍ਰ ਅਸਤ੍ਰ ਟੁਟ ਰਹੇ ਹਨ ॥੨੮੮॥
ਕਾਮ ਅਸਤ੍ਰ ਛੁਟ ਰਹੇ ਹਨ,
ਕ੍ਰੋਧ ਅਸਤ੍ਰ ਟੁਟ ਰਹੇ ਹਨ,
ਬਿਰੋਧ ਅਸਤ੍ਰ ਵਰ੍ਹ ਰਹੇ ਹਨ,
ਬਿਮੋਹ ਅਸਤ੍ਰ ਕਸੇ ਜਾ ਰਹੇ ਹਨ ॥੨੮੯॥
ਚਰਿਤ੍ਰ ਅਸਤ੍ਰ ਛੁਟ ਰਹੇ ਹਨ,
ਮੋਹ ਅਸਤ੍ਰ ਜੁਟੇ ਹੋਏ ਹਨ,
ਤ੍ਰਾਸ ਅਸਤ੍ਰਾਂ ਦੀ ਬਰਖਾ ਹੋ ਰਹੀ ਹੈ,
ਕ੍ਰੋਧ ਅਸਤ੍ਰ ਖਿਚੇ ਜਾ ਰਹੇ ਹਨ ॥੨੯੦॥
ਚੌਪਈ ਛੰਦ:
ਇਸ ਤਰ੍ਹਾਂ ਨਾਲ ਬਹੁਤ ਅਸਤ੍ਰ ਅਤੇ ਸ਼ਸਤ੍ਰ ਛਡੇ ਗਏ ਹਨ।
ਬਿਬੇਕ ਰਾਜੇ ਦੇ ਯੋਧੇ ਝੰਝੋੜ ਦਿੱਤੇ ਗਏ ਹਨ।
ਤਦ ਰਾਜਾ ਆਪ (ਯੁੱਧ ਲਈ) ਨਿਕਲ ਕੇ ਚਲ ਪਿਆ ਹੈ।
(ਉਦੋਂ) ਤਰ੍ਹਾਂ ਤਰ੍ਹਾਂ ਦੇ ਵਾਜੇ ਵਜਣ ਲਗ ਗਏ ਹਨ ॥੨੯੧॥
ਦੋਹਾਂ ਧਿਰਾਂ ਵਿਚ ਧੌਂਸਿਆਂ ਉਤੇ ਡਗੇ ਵਜੇ ਹਨ।
(ਉਨ੍ਹਾਂ ਦੀ) ਚੋਟ ਨਾਲ ਬਹੁਤ ਭਾਰੀ ਧੁਨ ਉਠੀ ਹੈ।
ਬਾਣਾਂ ਦੀ ਬਰਖਾ ਆਕਾਸ਼ ਵਿਚ ਛਾ ਗਈ ਹੈ।
ਭੂਤ ਅਤੇ ਪਿਸ਼ਾਚ ਉਲਝ ਗਏ ਹਨ ॥੨੯੨॥
ਆਕਾਸ਼ ਤੋਂ ਝਿੰਮ ਝਿੰਮ ਕਰਦਾ ਲੋਹਾ (ਲੋਹੇ ਦੇ ਬਾਣ) ਵਰ੍ਹਿਆ ਹੈ।