ਸ਼੍ਰੀ ਦਸਮ ਗ੍ਰੰਥ

ਅੰਗ - 95


ਸਿਆਮ ਪਹਾਰ ਸੇ ਦੈਤ ਹਨੇ ਤਮ ਜੈਸੇ ਹਰੇ ਰਵਿ ਕੀ ਕਿਰਨੈ ਸੇ ॥

ਕਾਲੇ ਪਰਬਤ ਵਰਗੇ ਦੈਂਤ (ਇਸ ਤਰ੍ਹਾਂ) ਮਾਰ ਦਿੱਤੇ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਨਾਲ ਹਨੇਰਾ ਖ਼ਤਮ ਹੋ ਜਾਂਦਾ ਹੈ।

ਭਾਜ ਗਈ ਧੁਜਨੀ ਡਰਿ ਕੈ ਕਬਿ ਕੋਊ ਕਹੈ ਤਿਹ ਕੀ ਛਬਿ ਕੈਸੇ ॥

(ਚੰਡੀ ਦੇ) ਡਰ ਨਾਲ (ਦੈਂਤ) ਸੈਨਾ ਭਜ ਗਈ, ਉਸ ਦੀ ਛਬੀ ਨੂੰ ਕੋਈ ਕਵੀ ਕਿਵੇਂ ਕਹਿ ਸਕਦਾ ਹੈ,

ਭੀਮ ਕੋ ਸ੍ਰਉਨ ਭਰਿਓ ਮੁਖ ਦੇਖਿ ਕੈ ਛਾਡਿ ਚਲੇ ਰਨ ਕਉਰਉ ਜੈਸੇ ॥੧੮੦॥

ਜਿਵੇਂ ਭੀਮ ਦੇ ਲਹੂ ਭਰੇ ਮੂੰਹ ਨੂੰ ਵੇਖ ਕੇ ਕੌਰਵ ਰਣ-ਭੂਮੀ ਨੂੰ ਛਡ ਚਲੇ ਹਨ ॥੧੮੦॥

ਕਬਿਤੁ ॥

ਕਬਿੱਤ:

ਆਗਿਆ ਪਾਇ ਸੁੰਭ ਕੀ ਸੁ ਮਹਾਬੀਰ ਧੀਰ ਜੋਧੇ ਆਏ ਚੰਡਿ ਉਪਰ ਸੁ ਕ੍ਰੋਧ ਕੈ ਬਨੀ ਠਨੀ ॥

ਸੁੰਭ ਦੀ ਆਗਿਆ ਪ੍ਰਾਪਤ ਕਰ ਕੇ ਮਹਾਬਲੀ ਅਤੇ ਧੀਰਜਵਾਨ ਯੋਧੇ ਕ੍ਰੋਧ-ਪੂਰਵਕ ਸਜ-ਧਜ ਕੇ ਚੰਡੀ ਉਪਰ ਚੜ੍ਹ ਆਏ।

ਚੰਡਿਕਾ ਲੈ ਬਾਨ ਅਉ ਕਮਾਨ ਕਾਲੀ ਕਿਰਪਾਨ ਛਿਨ ਮਧਿ ਕੈ ਕੈ ਬਲ ਸੁੰਭ ਕੀ ਹਨੀ ਅਨੀ ॥

ਚੰਡੀ ਨੇ ਧਨੁਸ਼ ਅਤੇ ਬਾਣ ਅਤੇ ਕਾਲੀ ਨੇ ਕ੍ਰਿਪਾਨ ਧਾਰਨ ਕਰ ਕੇ ਬਲ-ਪੂਰਵਕ ਛਿਣ ਵਿਚ ਹੀ ਸ਼ੁੰਭ ਦੀ ਸੈਨਾ (ਅਨੀ) ਨੂੰ ਮਾਰ ਦਿੱਤਾ।

ਡਰਤ ਜਿ ਖੇਤ ਮਹਾ ਪ੍ਰੇਤ ਕੀਨੇ ਬਾਨਨ ਸੋ ਬਿਚਲ ਬਿਥਰ ਐਸੇ ਭਾਜਗੀ ਅਨੀ ਕਿਨੀ ॥

ਡਰ ਦੇ ਮਾਰੇ ਯੁੱਧ-ਭੂਮੀ ਛਡ ਗਏ, (ਉਨ੍ਹਾਂ ਨੂੰ) ਬਾਣਾਂ (ਦੀ ਮਾਰ) ਨਾਲ ਭੂਤਨੇ ਬਣਾ ਦਿੱਤਾ ਅਤੇ ਵਿਚਲਿਤ (ਦੈਂਤ) ਸੈਨਾ ਇਸ ਤਰ੍ਹਾਂ ਖਿੰਡ-ਪੁੰਡ ਗਈ

ਜੈਸੇ ਬਾਰੂਥਲ ਮੈ ਸਬੂਹ ਬਹੇ ਪਉਨ ਹੂੰ ਕੇ ਧੂਰ ਉਡਿ ਚਲੇ ਹੁਇ ਕੇ ਕੋਟਿਕ ਕਨੀ ਕਨੀ ॥੧੮੧॥

ਜਿਸ ਤਰ੍ਹਾਂ ਰੇਤ ਦੇ ਥਲ ਵਿਚ ਹਵਾ ਦੇ ਝੌਂਕੇ ('ਸਬੂਹ') ਨਾਲ ਧੂੜ ਦੇ ਕਰੋੜਾਂ ਜ਼ੱਰੇ ਉਡਣ ਲਗ ਜਾਂਦੇ ਹਨ ॥੧੮੧॥

ਸ੍ਵੈਯਾ ॥

ਸ੍ਵੈਯਾ:

ਖਗ ਲੈ ਕਾਲੀ ਅਉ ਚੰਡੀ ਕੁਵੰਡਿ ਬਿਲੋਕ ਕੈ ਦਾਨਵ ਇਉ ਦਬਟੇ ਹੈ ॥

ਕਾਲੀ ਨੇ ਖੜਗ ਅਤੇ ਚੰਡੀ ਨੇ ਧਨੁਸ਼ ਲੈ ਕੇ ਦੈਂਤ ਨੂੰ ਵੇਖ ਕੇ ਇਉਂ ਦਬਕਾਇਆ ਹੈ।

ਕੇਤਕ ਚਾਬ ਗਈ ਮੁਖਿ ਕਾਲਿਕਾ ਕੇਤਿਨ ਕੇ ਸਿਰ ਚੰਡਿ ਕਟੇ ਹੈ ॥

ਕਈਆਂ ਨੂੰ ਕਾਲੀ ਮੂੰਹ ਨਾਲ ਚੱਬ ਗਈ ਹੈ ਅਤੇ ਕਈਆਂ ਦੇ ਸਿਰ ਚੰਡੀ ਨੇ ਕਟ ਦਿੱਤੇ ਹਨ।

ਸ੍ਰਉਨਤ ਸਿੰਧੁ ਭਇਓ ਧਰ ਮੈ ਰਨ ਛਾਡ ਗਏ ਇਕ ਦੈਤ ਫਟੇ ਹੈ ॥

ਧਰਤੀ ਉਤੇ ਲਹੂ ਦਾ ਸਮੁੰਦਰ ਬਣ ਗਿਆ ਹੈ। (ਕਈ ਦੈਂਤ) ਰਣ-ਭੂਮੀ ਛਡ ਗਏ ਹਨ (ਅਤੇ ਕਈ) ਦੈਂਤ ਜ਼ਖ਼ਮੀ ਹੋਏ ਪਏ ਹਨ। (ਜੋ ਯੁੱਧ ਵਿਚੋਂ ਭਜ ਕੇ ਗਏ ਹਨ)

ਸੁੰਭ ਪੈ ਜਾਇ ਕਹੀ ਤਿਨ ਇਉ ਬਹੁ ਬੀਰ ਮਹਾ ਤਿਹ ਠਉਰ ਲਟੇ ਹੈ ॥੧੮੨॥

ਉਨ੍ਹਾਂ ਨੇ ਸੁੰਭ ਕੋਲ ਜਾ ਕੇ ਇਉਂ (ਗੱਲ) ਕਹੀ (ਕਿ) ਬਹੁਤ ਸਾਰੇ ਮਹਾਨ ਯੋਧੇ ਰਣ-ਭੂਮੀ ਵਿਚ ਲੇਟੇ ਪਏ ਹਨ (ਅਰਥਾਤ ਮਾਰੇ ਗਏ ਹਨ) ॥੧੮੨॥

ਦੋਹਰਾ ॥

ਦੋਹਰਾ:

ਦੇਖਿ ਭਇਆਨਕ ਜੁਧ ਕੋ ਕੀਨੋ ਬਿਸਨੁ ਬਿਚਾਰ ॥

(ਇਸ ਤਰ੍ਹਾਂ ਦੇ) ਭਿਆਨਕ ਯੁੱਧ ਨੂੰ ਵੇਖ ਕੇ ਵਿਸ਼ਣੂ ਨੇ ਵਿਚਾਰ ਕੀਤਾ

ਸਕਤਿ ਸਹਾਇਤ ਕੇ ਨਮਿਤ ਭੇਜੀ ਰਨਹਿ ਮੰਝਾਰ ॥੧੮੩॥

ਅਤੇ (ਚੰਡੀ ਦੀ) ਸਹਾਇਤਾ ਲਈ (ਸਾਰੀਆਂ) ਦੇਵ-ਸ਼ਕਤੀਆਂ ਰਣ-ਭੂਮੀ ਵਿਚ ਭੇਜ ਦਿੱਤੀਆਂ ॥੧੮੩॥

ਸ੍ਵੈਯਾ ॥

ਸ੍ਵੈਯਾ:

ਆਇਸ ਪਾਇ ਸਭੈ ਸਕਤੀ ਚਲਿ ਕੈ ਤਹਾ ਚੰਡਿ ਪ੍ਰਚੰਡ ਪੈ ਆਈ ॥

(ਵਿਸ਼ਣੂ ਦੀ) ਆਗਿਆ ਪ੍ਰਾਪਤ ਕਰ ਕੇ (ਦੇਵਤਿਆਂ ਦੀ) ਸਾਰੀ ਸ਼ਕਤੀ ਚਲ ਕੇ ਉਥੇ ਪ੍ਰਚੰਡ ਚੰਡੀ ਕੋਲ ਆ ਗਈ।

ਦੇਵੀ ਕਹਿਓ ਤਿਨ ਕੋ ਕਰ ਆਦਰੁ ਆਈ ਭਲੇ ਜਨੁ ਬੋਲਿ ਪਠਾਈ ॥

ਉਨ੍ਹਾਂ ਦਾ ਆਦਰ ਕਰ ਕੇ ਦੇਵੀ ਨੇ 'ਜੀਊ ਆਇਆਂ' ਕਿਹਾ ਮਾਨੋ ਬੁਲਾਵਾ ਭੇਜ ਕੇ (ਮੰਗਵਾਈਆਂ ਹੋਣ)।

ਤਾ ਛਬਿ ਕੀ ਉਪਮਾ ਅਤਿ ਹੀ ਕਵਿ ਨੇ ਅਪਨੇ ਮਨ ਮੈ ਲਖਿ ਪਾਈ ॥

ਉਸ (ਸਮੇਂ ਦੀ) ਛਬੀ ਦੀ ਉਪਮਾ ਕਵੀ ਨੇ ਆਪਣੇ ਮਨ ਵਿਚ (ਚੰਗੀ ਤਰ੍ਹਾਂ) ਜਾਣ ਲਈ,

ਮਾਨਹੁ ਸਾਵਨ ਮਾਸ ਨਦੀ ਚਲਿ ਕੈ ਜਲ ਰਾਸਿ ਮੈ ਆਨਿ ਸਮਾਈ ॥੧੮੪॥

ਮਾਨੋ ਸਾਵਣ ਦੇ ਮਹੀਨੇ ਵਿਚ ਨਦੀ ਚਲ ਕੇ ਸਮੁੰਦਰ ਵਿਚ ਆ ਸਮਾਈ ਹੋਵੇ ॥੧੮੪॥

ਦੇਖਿ ਮਹਾ ਦਲ ਦੇਵਨ ਕੋ ਬਰ ਬੀਰ ਸੁ ਸਾਮੁਹੇ ਜੁਧ ਕੋ ਧਾਏ ॥

ਦੇਵਤਿਆਂ ਦੇ ਵਡੇ ਦਲ ਨੂੰ ਵੇਖ ਕੇ ਸ਼ਕਤੀਸ਼ਾਲੀ ਵੀਰ (ਦੈਂਤ) ਯੁੱਧ ਕਰਨ ਲਈ ਸਾਹਮਣੇ ਆ ਗਏ।

ਬਾਨਨਿ ਸਾਥਿ ਹਨੇ ਬਲੁ ਕੈ ਰਨ ਮੈ ਬਹੁ ਆਵਤ ਬੀਰ ਗਿਰਾਏ ॥

(ਉਨ੍ਹਾਂ ਦੈਂਤ) ਵੀਰਾਂ ਨੂੰ ਆਉਂਦੇ ਹੋਇਆਂ (ਵੇਖ ਕੇ ਚੰਡੀ ਨੇ) ਬਲਪੂ ਰਵਕ ਤੀਰਾਂ ਨਾਲ ਰਣ ਵਿਚ ਮਾਰ ਦਿੱਤਾ।

ਦਾੜਨ ਸਾਥਿ ਚਬਾਇ ਗਈ ਕਲਿ ਅਉਰ ਗਹੈ ਚਹੂੰ ਓਰਿ ਬਗਾਏ ॥

(ਉਨ੍ਹਾਂ ਵਿਚੋਂ ਕਈਆਂ ਨੂੰ) ਕਾਲੀ ਦਾੜ੍ਹਾਂ ਨਾਲ ਚਬ ਗਈ ਅਤੇ (ਕਈ) ਹੋਰਾਂ ਨੂੰ ਫੜ-ਫੜ ਕੇ ਚੌਹਾਂ ਪਾਸਿਆਂ ਵਿਚ ਸੁਟ ਦਿੱਤਾ,

ਰਾਵਨ ਸੋ ਰਿਸ ਕੈ ਰਨ ਮੈ ਪਤਿ ਭਾਲਕ ਜਿਉ ਗਿਰਰਾਜ ਚਲਾਏ ॥੧੮੫॥

ਜਿਵੇਂ ਰਾਵਣ ਨਾਲ ਗੁੱਸੇ ਹੋ ਕੇ ਜਾਮਵੰਤ (ਭਾਲਕ-ਪਤਿ) ਨੇ ਯੁੱਧ ਵਿਚ ਵਡੇ ਵਡੇ ਪਰਬਤ ਸੁਟੇ ਹੋਣ ॥੧੮੫॥

ਫੇਰ ਲੈ ਪਾਨਿ ਕ੍ਰਿਪਾਨ ਸੰਭਾਰ ਕੈ ਦੈਤਨ ਸੋ ਬਹੁ ਜੁਧ ਕਰਿਓ ਹੈ ॥

ਫਿਰ (ਕਾਲੀ ਨੇ) ਹੱਥ ਵਿਚ ਕ੍ਰਿਪਾਨ ਸੰਭਾਲ ਕੇ ਦੈਂਤਾਂ ਨਾਲ ਬਹੁਤ ਯੁੱਧ ਕੀਤਾ ਹੈ।

ਮਾਰ ਬਿਦਾਰ ਸੰਘਾਰ ਦਏ ਬਹੁ ਭੂਮਿ ਪਰੇ ਭਟ ਸ੍ਰਉਨ ਝਰਿਓ ਹੈ ॥

(ਤਲਵਾਰ ਨਾਲ) ਬਹੁਤ (ਸੂਰਮੇ) ਕਟ ਵਢ ਸੁਟੇ ਹਨ ਅਤੇ ਭੂਮੀ ਉਤੇ ਡਿਗੇ ਪਏ (ਸੂਰਮਿਆਂ ਦੇ ਸ਼ਰੀਰਾਂ ਵਿਚੋਂ) ਲਹੂ ਵਗ ਰਿਹਾ ਹੈ।

ਗੂਦ ਬਹਿਓ ਅਰਿ ਸੀਸਨ ਤੇ ਕਵਿ ਨੇ ਤਿਹ ਕੋ ਇਹ ਭਾਉ ਧਰਿਓ ਹੈ ॥

ਵੈਰੀਆਂ ਦੇ ਸ਼ਰੀਰਾਂ ਵਿਚੋਂ ਵਗਦੀ ਮਿਝ (ਨੂੰ ਵੇਖ ਕੇ) ਕਵੀ ਨੇ ਇਹ ਭਾਵ ਕਢਿਆ ਹੈ

ਮਾਨੋ ਪਹਾਰ ਕੇ ਸ੍ਰਿੰਗਹੁ ਤੇ ਧਰਨੀ ਪਰ ਆਨਿ ਤੁਸਾਰ ਪਰਿਓ ਹੈ ॥੧੮੬॥

ਮਾਨੋ ਪਰਬਤ ਦੀ ਚੋਟੀ ਤੋਂ ਧਰਤੀ ਉਤੇ ਬਰਫ਼ ('ਤੁਸਾਰ') ਡਿਗ ਪਈ ਹੋਵੇ ॥੧੮੬॥

ਦੋਹਰਾ ॥

ਦੋਹਰਾ:

ਭਾਗ ਗਈ ਧੁਜਨੀ ਸਭੈ ਰਹਿਓ ਨ ਕਛੂ ਉਪਾਉ ॥

ਜਦੋਂ ਕੋਈ ਉਪਾ ਨਾ ਰਿਹਾ (ਤਾਂ ਦੈਂਤਾਂ ਦੀ) ਸਾਰੀ ਸੈਨਾ ਭਜ ਗਈ।

ਸੁੰਭ ਨਿਸੁੰਭਹਿ ਸੋ ਕਹਿਓ ਦਲ ਲੈ ਤੁਮ ਹੂੰ ਜਾਉ ॥੧੮੭॥

(ਉਸ ਵੇਲੇ) ਸ਼ੁੰਭ ਨੇ ਨਿਸ਼ੁੰਭ ਨੂੰ ਕਿਹਾ ਕਿ ਤੂੰ ਹੀ ਦਲ ਲੈ ਕੇ (ਲੜਨ ਲਈ) ਜਾ ॥੧੮੭॥

ਸ੍ਵੈਯਾ ॥

ਸ੍ਵੈਯਾ:

ਮਾਨ ਕੈ ਸੁੰਭ ਕੋ ਬੋਲ ਨਿਸੁੰਭੁ ਚਲਿਓ ਦਲ ਸਾਜਿ ਮਹਾ ਬਲਿ ਐਸੇ ॥

ਸ਼ੁੰਭ ਦੇ ਬੋਲ (ਹੁਕਮ) ਮੰਨ ਕੇ ਮਹਾਬਲੀ ਨਿਸ਼ੁੰਭ ਆਪਣਾ ਦਲ ਸਜਾ ਕੇ ਇਸ ਤਰ੍ਹਾਂ ਤੁਰ ਪਿਆ

ਭਾਰਥ ਜਿਉ ਰਨ ਮੈ ਰਿਸਿ ਪਾਰਥਿ ਕ੍ਰੁਧ ਕੈ ਜੁਧ ਕਰਿਓ ਕਰਨੈ ਸੇ ॥

ਜਿਸ ਤਰ੍ਹਾਂ ਮਹਾਭਾਰਤ (ਦੀ ਜੰਗ ਵੇਲੇ) ਅਰਜਨ ('ਪਾਰਥਿ') ਨੇ ਕ੍ਰੋਧ ਪੂਰਵਕ ਕਰਨ ਨਾਲ ਯੁੱਧ ਕੀਤਾ ਸੀ।

ਚੰਡਿ ਕੇ ਬਾਨ ਲਗੇ ਬਹੁ ਦੈਤ ਕਉ ਫੋਰਿ ਕੈ ਪਾਰ ਭਏ ਤਨ ਕੈਸੇ ॥

ਚੰਡੀ ਦੇ ਬਹੁਤ ਸਾਰੇ ਬਾਣ ਦੈਂਤ ਨੂੰ ਲਗੇ, ਉਹ ਤਨ ਨੂੰ ਚੀਰ ਕੇ ਕਿਸ ਤਰ੍ਹਾਂ ਪਾਰ ਹੋ ਗਏ,

ਸਾਵਨ ਮਾਸ ਕ੍ਰਿਸਾਨ ਕੇ ਖੇਤਿ ਉਗੇ ਮਨੋ ਧਾਨ ਕੇ ਅੰਕੁਰ ਜੈਸੇ ॥੧੮੮॥

ਮਾਨੋ ਸਾਵਣ ਦੇ ਮਹੀਨੇ ਵਿਚ ਕਿਸਾਨ ਦੇ ਖੇਤ ਵਿਚ ਧਾਨ ਦੇ ਅੰਕੁਰ ਨਿਕਲੇ ਹੋਣ ॥੧੮੮॥

ਬਾਨਨ ਸਾਥ ਗਿਰਾਇ ਦਏ ਬਹੁਰੋ ਅਸਿ ਲੈ ਕਰਿ ਇਉ ਰਨ ਕੀਨੋ ॥

(ਪਹਿਲਾਂ) ਬਾਣਾਂ ਨਾਲ ਡਿਗਾ ਦਿੱਤਾ ਅਤੇ ਫਿਰ ਹੱਥ ਵਿਚ ਤਲਵਾਰ ਲੈ ਕੇ ਇਸ ਤਰ੍ਹਾਂ ਯੁੱਧ ਕੀਤਾ

ਮਾਰਿ ਬਿਦਾਰਿ ਦਈ ਧੁਜਨੀ ਸਭ ਦਾਨਵ ਕੋ ਬਲੁ ਹੁਇ ਗਇਓ ਛੀਨੋ ॥

ਕਿ ਸਾਰੀ (ਦੈਂਤ) ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ, (ਫਲਸਰੂਪ) ਵੈਰੀ ਦੀ ਸ਼ਕਤੀ ਮੱਠੀ ਪੈ ਗਈ।

ਸ੍ਰਉਨ ਸਮੂਹਿ ਪਰਿਓ ਤਿਹ ਠਉਰ ਤਹਾ ਕਵਿ ਨੇ ਜਸੁ ਇਉ ਮਨ ਚੀਨੋ ॥

ਉਸ ਸਥਾਨ ਉਤੇ ਬਹੁਤ ਅਧਿਕ ਲਹੂ ਪਿਆ ਹੋਇਆ ਹੈ। (ਉਸ ਦਾ) ਯਸ਼ ਕਵੀ ਨੇ ਮਨ ਵਿਚ ਇਸ ਤਰ੍ਹਾਂ ਜਾਣਿਆ ਹੈ

ਸਾਤ ਹੂੰ ਸਾਗਰ ਕੋ ਰਚਿ ਕੈ ਬਿਧਿ ਆਠਵੋ ਸਿੰਧੁ ਕਰਿਓ ਹੈ ਨਵੀਨੋ ॥੧੮੯॥

ਮਾਨੋ ਸੱਤਾਂ ਸਮੁੰਦਰਾਂ ਨੂੰ ਬਣਾ ਕੇ ਬ੍ਰਹਮਾ ਨੇ (ਲਹੂ ਦਾ) ਅੱਠਵਾਂ ਨਵਾਂ ਸਮੁੰਦਰ ਬਣਾਇਆ ਹੋਵੇ ॥੧੮੯॥

ਲੈ ਕਰ ਮੈ ਅਸਿ ਚੰਡਿ ਪ੍ਰਚੰਡ ਸੁ ਕ੍ਰੁਧ ਭਈ ਰਨ ਮਧ ਲਰੀ ਹੈ ॥

ਪ੍ਰਚੰਡ ਚੰਡੀ ਹੱਥ ਵਿਚ ਤਲਵਾਰ ਧਾਰਨ ਕਰ ਕੇ ਕ੍ਰੋਧਿਤ ਹੋਈ ਰਣ ਵਿਚ ਲੜ ਰਹੀ ਹੈ

ਫੋਰ ਦਈ ਚਤੁਰੰਗ ਚਮੂੰ ਬਲੁ ਕੈ ਬਹੁ ਕਾਲਿਕਾ ਮਾਰਿ ਧਰੀ ਹੈ ॥

ਅਤੇ ਚਤੁਰੰਗਣੀ ਸੈਨਾ ਨੂੰ ਬਲ-ਪੂਰਵਕ ਨਸ਼ਟ ਕਰ ਦਿੱਤਾ ਹੈ। ਕਾਲੀ ਨੇ ਵੀ ਬਹੁਤ (ਫ਼ੌਜ) ਮਾਰ ਸੁਟੀ ਹੈ।

ਰੂਪ ਦਿਖਾਇ ਭਇਆਨਕ ਇਉ ਅਸੁਰੰਪਤਿ ਭ੍ਰਾਤ ਕੀ ਕ੍ਰਾਤਿ ਹਰੀ ਹੈ ॥

ਇਸ ਤਰ੍ਹਾਂ ਭਿਆਨਕ ਰੂਪ ਵਿਖਾ ਕੇ ਨਿਸੁੰਭ (ਅਸੁਰ ਪਤੀ ਭ੍ਰਾਤ) ਦੀ ਚਮਕ ਨੂੰ ਨਸ਼ਟ ਕਰ ਦਿੱਤਾ ਹੈ।

ਸ੍ਰਉਨ ਸੋ ਲਾਲ ਭਈ ਧਰਨੀ ਸੁ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ ॥੧੯੦॥

ਲਹੂ ਨਾਲ ਧਰਤੀ ਲਾਲ ਹੋ ਗਈ ਹੈ, ਮਾਨੋ (ਧਰਤੀ ਨੇ) ਸੂਹੇ ਰੰਗ ਦੀ ਸਾੜ੍ਹੀ ਪਾਈ ਹੋਈ ਹੋਵੇ ॥੧੯੦॥

ਦੈਤ ਸੰਭਾਰਿ ਸਭੈ ਅਪਨੋ ਬਲਿ ਚੰਡਿ ਸੋ ਜੁਧ ਕੋ ਫੇਰਿ ਅਰੇ ਹੈ ॥

ਸਾਰੇ ਦੈਂਤ ਆਪਣਾ ਬਲ (ਸੰਭਾਲ ਕੇ) ਚੰਡੀ ਨਾਲ ਯੁੱਧ ਕਰਨ ਲਈ ਫਿਰ ਡਟੇ ਹੋਏ ਹਨ।

ਆਯੁਧ ਧਾਰਿ ਲਰੈ ਰਨ ਇਉ ਜਨੁ ਦੀਪਕ ਮਧਿ ਪਤੰਗ ਪਰੇ ਹੈ ॥

ਸ਼ਸਤ੍ਰ ਧਾਰ ਕੇ ਯੁੱਧ-ਭੂਮੀ ਵਿਚ ਇੰਜ ਲੜ ਰਹੇ ਹਨ ਮਾਨੋ ਦੀਵੇ ਵਿਚ ਪਤੰਗੇ ਪੈ ਰਹੇ ਹੋਣ।

ਚੰਡ ਪ੍ਰਚੰਡ ਕੁਵੰਡ ਸੰਭਾਰਿ ਸਭੈ ਰਨ ਮਧਿ ਦੁ ਟੂਕ ਕਰੇ ਹੈ ॥

ਪ੍ਰਚੰਡ ਚੰਡੀ ਨੇ ਧਨੁਸ਼ ਸੰਭਾਲ ਕੇ ਸਭ ਦੇ ਰਣ ਵਿਚ ਦੋ ਦੋ ਟੋਟੇ ਕਰ ਦਿੱਤੇ ਹਨ,