ਸ਼੍ਰੀ ਦਸਮ ਗ੍ਰੰਥ

ਅੰਗ - 84


ਦਾਰਿਮ ਦਰਕ ਗਇਓ ਪੇਖਿ ਦਸਨਨਿ ਪਾਤਿ ਰੂਪ ਹੀ ਕੀ ਕ੍ਰਾਤਿ ਜਗਿ ਫੈਲ ਰਹੀ ਸਿਤ ਹੀ ॥

(ਉਸ ਦੇ) ਦੰਦਾਂ ਦੀ ਪੰਕਤੀ ਨੂੰ ਵੇਖ ਕੇ ਅਨਾਰ ਫਟ ਗਿਆ ਹੈ ਅਤੇ ਰੂਪ ਦੀ ਸ਼ੋਭਾ (ਕ੍ਰਾਂਤ) ਜਗਤ ਵਿਚ ਪ੍ਰਕਾਸ਼ ਰੂਪ ਵਿਚ ਪਸਰੀ ਹੋਈ ਹੈ।

ਐਸੀ ਗੁਨ ਸਾਗਰ ਉਜਾਗਰ ਸੁ ਨਾਗਰਿ ਹੈ ਲੀਨੋ ਮਨ ਮੇਰੋ ਹਰਿ ਨੈਨ ਕੋਰਿ ਚਿਤ ਹੀ ॥੮੯॥

ਉਹ ਸੁੰਦਰੀ (ਨਾਗਰ) ਅਜਿਹੇ ਗੁਣਾਂ ਦਾ ਸਮੁੰਦਰ ਪ੍ਰਗਟਾਉਂਦੀ ਹੈ। (ਉਸ ਨੇ) ਅੱਖਾਂ ਦੀ ਕਟਾਛ ਨਾਲ ਮੇਰੇ ਮਨ ਨੂੰ ਮੋਹ ਲਿਆ ਹੈ ॥੮੯॥

ਦੋਹਰਾ ॥

ਦੋਹਰਾ:

ਬਾਤ ਦੈਤ ਕੀ ਸੁੰਭ ਸੁਨਿ ਬੋਲਿਓ ਕਛੁ ਮੁਸਕਾਤ ॥

(ਉਸ) ਦੈਂਤ ਦੀ ਗੱਲ ਸੁਣ ਕੇ ਰਾਜਾ ਸੁੰਭ ਕੁਝ ਮੁਸਕਰਾ ਕੇ ਕਹਿਣ ਲਗਾ

ਚਤੁਰ ਦੂਤ ਕੋਊ ਭੇਜੀਏ ਲਖਿ ਆਵੈ ਤਿਹ ਘਾਤ ॥੯੦॥

ਕਿ ਕਿਸੇ ਸਿਆਣੇ ਦੂਤ ਨੂੰ ਭੇਜਿਆ ਜਾਵੇ ਜੋ ਉਸ ਨੂੰ ਕਾਬੂ ਕਰਨ ਦਾ ਦਾਉ ਵੇਖ ਆਵੇ ॥੯੦॥

ਬਹੁਰਿ ਕਹੀ ਉਨ ਦੈਤ ਅਬ ਕੀਜੈ ਏਕ ਬਿਚਾਰ ॥

ਫਿਰ ਉਸ ਦੈਂਤ ਨੇ ਕਿਹਾ ਕਿ ਹੁਣ ਇਕ ਵਿਚਾਰ ਕਰੋ

ਜੋ ਲਾਇਕ ਭਟ ਸੈਨ ਮੈ ਭੇਜਹੁ ਦੈ ਅਧਿਕਾਰ ॥੯੧॥

ਕਿ ਫ਼ੌਜ ਵਿਚ ਜੋ ਸੂਰਮਾ ਇਸ (ਕੰਮ ਲਈ) ਯੋਗ ਹੋਵੇ (ਉਸ ਨੂੰ) ਅਧਿਕਾਰ ਸਹਿਤ ਭੇਜਿਆ ਜਾਵੇ ॥੯੧॥

ਸ੍ਵੈਯਾ ॥

ਸ੍ਵੈਯਾ:

ਬੈਠੋ ਹੁਤੋ ਨ੍ਰਿਪ ਮਧਿ ਸਭਾ ਉਠਿ ਕੈ ਕਰਿ ਜੋਰਿ ਕਹਿਓ ਮਮ ਜਾਊ ॥

(ਉਸ ਵੇਲੇ) ਰਾਜੇ ਦੀ ਸਭਾ ਵਿਚ ਬੈਠੇ (ਧੂਮ੍ਰਲੋਚਨ ਨੇ) ਨੇ ਉਠ ਕੇ ਹੱਥ ਬੰਨ੍ਹ ਕੇ ਕਿਹਾ "ਮੈਂ ਜਾਵਾਂਗਾ।

ਬਾਤਨ ਤੇ ਰਿਝਵਾਇ ਮਿਲਾਇ ਹੋ ਨਾਤੁਰਿ ਕੇਸਨ ਤੇ ਗਹਿ ਲਿਆਊ ॥

ਗੱਲਾਂ ਨਾਲ (ਚੰਡੀ ਨੂੰ) ਫੁਸਲਾ ਕੇ (ਤੁਹਾਨੂੰ) ਮਿਲਾ ਦਿਆਂਗਾ, ਨਹੀਂ ਤਾਂ ਵਾਲਾਂ ਤੋਂ ਪਕੜ ਕੇ ਲੈ ਆਵਾਂਗਾ।

ਕ੍ਰੁਧ੍ਰ ਕਰੇ ਤਬ ਜੁਧੁ ਕਰੇ ਰਣਿ ਸ੍ਰਉਣਤ ਕੀ ਸਰਤਾਨ ਬਹਾਊ ॥

(ਜੇ ਉਹ) ਕ੍ਰੋਧ ਕਰੇਗੀ ਤਾਂ ਯੁੱਧ ਕਰਾਂਗਾ ਅਤੇ ਰਣ-ਭੂਮੀ ਵਿਚ ਲਹੂ ਦੀਆਂ ਨਦੀਆਂ ਵਹਾ ਦਿਆਂਗਾ।

ਲੋਚਨ ਧੂਮ ਕਹੈ ਬਲ ਆਪਨੋ ਸ੍ਵਾਸਨ ਸਾਥ ਪਹਾਰ ਉਡਾਊ ॥੯੨॥

ਧੂਮ੍ਰਲੋਚਨ (ਸੁੰਭ ਦੀ ਸਭਾ ਵਿਚ) ਆਪਣਾ ਬਲ ਦਸਣ ਲਗਾ ਕਿ (ਮੈਂ) ਫੂਕਾਂ ਨਾਲ ਹੀ (ਸੁਮੇਰ) ਪਰਬਤ ਉਡਾ ਦਿਆਂਗਾ" ॥੯੨॥

ਦੋਹਰਾ ॥

ਦੋਹਰਾ:

ਉਠੇ ਬੀਰ ਕੋ ਦੇਖ ਕੈ ਸੁੰਭ ਕਹੀ ਤੁਮ ਜਾਹੁ ॥

(ਇਸ ਤਰ੍ਹਾਂ) ਖੜੋਤੇ ਹੋਏ ਯੁੱਧਵੀਰ (ਧੂਮ੍ਰਲੋਚਨ) ਨੂੰ ਵੇਖ ਕੇ ਸੁੰਭ ਨੇ ਕਿਹਾ, ਤੂੰ ਜਾ,

ਰੀਝੈ ਆਵੈ ਆਨੀਓ ਖੀਝੇ ਜੁਧ ਕਰਾਹੁ ॥੯੩॥

ਜੇ ਖੁਸ਼ੀ ਨਾਲ ਆਵੇ ਤਾਂ ਲੈ ਆਈਂ, ਅਤੇ ਜੇ ਖਿਝੇ ਤਾਂ ਯੁੱਧ ਕਰੀਂ ॥੯੩॥

ਤਹਾ ਧੂਮ੍ਰ ਲੋਚਨ ਚਲੇ ਚਤੁਰੰਗਨ ਦਲੁ ਸਾਜਿ ॥

ਉਦੋਂ ਧੂਮ੍ਰਲੋਚਨ ਚਾਰ ਪ੍ਰਕਾਰ ਦੀ ਸੈਨਾ ਨੂੰ ਤਿਆਰ ਕਰ ਕੇ ਚਲ ਪਿਆ

ਗਿਰ ਘੇਰਿਓ ਘਨ ਘਟਾ ਜਿਉ ਗਰਜ ਗਰਜ ਗਜਰਾਜ ॥੯੪॥

ਤੇ (ਸੁਮੇਰ) ਪਰਬਤ ਨੂੰ ਕਾਲੀ ਘਟਾ ਵਾਂਗ ਘੇਰ ਲਿਆ ਅਤੇ ਗਜਰਾਜ ਦੇ ਸਮਾਨ ਗੱਜਣ ਲਗਾ ॥੯੪॥

ਧੂਮ੍ਰ ਨੈਨ ਗਿਰ ਰਾਜ ਤਟਿ ਊਚੇ ਕਹੀ ਪੁਕਾਰਿ ॥

ਧੂਮ੍ਰਲੋਚਨ ਨੇ ਸੁਮੇਰ (ਗਿਰ ਰਾਜ) ਕੋਲ ਜਾ ਕੇ ਉੱਚੀ ਆਵਾਜ਼ ਵਿਚ ਕਿਹਾ,

ਕੈ ਬਰੁ ਸੁੰਭ ਨ੍ਰਿਪਾਲ ਕੋ ਕੈ ਲਰ ਚੰਡਿ ਸੰਭਾਰਿ ॥੯੫॥

(ਹੇ ਦੇਵੀ!) ਜਾਂ ਤਾਂ ਰਾਜੇ ਸੁੰਭ ਨੂੰ ਵਰ ਲੈ ਜਾਂ ਫਿਰ ਯੁੱਧ ਕਰਨ ਲਈ ਤਿਆਰ ਹੋ ਜਾ ॥੯੫॥

ਰਿਪੁ ਕੇ ਬਚਨ ਸੁੰਨਤ ਹੀ ਸਿੰਘ ਭਈ ਅਸਵਾਰ ॥

ਵੈਰੀ ਦੇ ਬੋਲ ਸੁਣਦਿਆਂ ਹੀ (ਚੰਡੀ ਦੇਵੀ) ਸ਼ੇਰ ਉਤੇ ਸਵਾਰ ਹੋ ਗਈ

ਗਿਰ ਤੇ ਉਤਰੀ ਬੇਗ ਦੈ ਕਰਿ ਆਯੁਧ ਸਭ ਧਾਰਿ ॥੯੬॥

ਅਤੇ ਸਾਰੇ ਸ਼ਸਤ੍ਰਅਸ ਤ੍ਰ ਹੱਥਾਂ ਵਿਚ ਧਾਰਨ ਕਰ ਕੇ ਛੇਤੀ ਨਾਲ ਪਹਾੜੋਂ ਹੇਠਾਂ ਉਤਰ ਆਈ ॥੯੬॥

ਸ੍ਵੈਯਾ ॥

ਸ੍ਵੈਯਾ:

ਕੋਪ ਕੈ ਚੰਡ ਪ੍ਰਚੰਡ ਚੜੀ ਇਤ ਕ੍ਰੁਧੁ ਕੈ ਧੂਮ੍ਰ ਚੜੈ ਉਤ ਸੈਨੀ ॥

ਇਧਰੋਂ ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਚੜ੍ਹੀ ਅਤੇ ਉਧਰੋਂ ਧੂਮ੍ਰਲੋਚਨ ਗੁੱਸੇ ਨਾਲ ਸੈਨਾ ਲੈ ਕੇ ਚੜ੍ਹ ਆਇਆ।

ਬਾਨ ਕ੍ਰਿਪਾਨਨ ਮਾਰ ਮਚੀ ਤਬ ਦੇਵੀ ਲਈ ਬਰਛੀ ਕਰਿ ਪੈਨੀ ॥

ਤੀਰਾਂ ਅਤੇ ਤਲਵਾਰਾਂ ਦੀ ਖੂਬ ਮਾਰ ਮਚੀ, ਤਦ ਦੇਵੀ ਨੇ ਤੀਖਣ ਬਰਛੀ ਹੱਥ ਵਿਚ ਫੜ ਲਈ।


Flag Counter