ਸ਼੍ਰੀ ਦਸਮ ਗ੍ਰੰਥ

ਅੰਗ - 7


ਕਿ ਸਰਬਤ੍ਰ ਪਾਲੈ ॥੧੧੪॥

ਅਤੇ ਸਭ ਦਾ ਪਾਲਕ ਹੈਂ ॥੧੧੪॥

ਕਿ ਸਰਬਤ੍ਰ ਹੰਤਾ ॥

(ਹੇ ਪ੍ਰਭੂ!) ਤੂੰ ਸਭ ਦਾ ਸੰਘਾਰਕ ਹੈਂ,

ਕਿ ਸਰਬਤ੍ਰ ਗੰਤਾ ॥

ਸਭ ਤਕ ਤੇਰੀ ਪਹੁੰਚ ਹੈ,

ਕਿ ਸਰਬਤ੍ਰ ਭੇਖੀ ॥

ਤੂੰ ਸਾਰਿਆਂ ਭੇਖਾਂ ਵਿਚ ਹੈਂ

ਕਿ ਸਰਬਤ੍ਰ ਪੇਖੀ ॥੧੧੫॥

ਅਤੇ ਸਾਰਿਆਂ ਨੂੰ ਵੇਖਣ ਵਾਲਾ ਹੈਂ ॥੧੧੫॥

ਕਿ ਸਰਬਤ੍ਰ ਕਾਜੈ ॥

(ਹੇ ਪ੍ਰਭੂ!) ਤੂੰ ਸਭ ਦਾ ਕਾਰਜ (ਭਾਵ ਕਾਰਨ) ਸਰੂਪ ਹੈ,

ਕਿ ਸਰਬਤ੍ਰ ਰਾਜੈ ॥

ਤੂੰ ਸਭ ਥਾਂ ਸੋਭ ਰਿਹਾ ਹੈਂ,

ਕਿ ਸਰਬਤ੍ਰ ਸੋਖੈ ॥

ਤੂੰ ਸਭ ਨੂੰ ਸੁਕਾਉਂਦਾ (ਨਸ਼ਟ ਕਰਦਾ) ਹੈਂ,

ਕਿ ਸਰਬਤ੍ਰ ਪੋਖੈ ॥੧੧੬॥

ਤੂੰ ਸਭ ਦੀ ਪਾਲਨਾ ਕਰਦਾ ਹੈਂ ॥੧੧੬॥

ਕਿ ਸਰਬਤ੍ਰ ਤ੍ਰਾਣੈ ॥

(ਹੇ ਪ੍ਰਭੂ!) ਤੂੰ ਸਭ ਦਾ ਤ੍ਰਾਣ (ਬਲ) ਹੈਂ,

ਕਿ ਸਰਬਤ੍ਰ ਪ੍ਰਾਣੈ ॥

ਤੂੰ ਸਭ ਦਾ ਪ੍ਰਾਣ ਹੈਂ,

ਕਿ ਸਰਬਤ੍ਰ ਦੇਸੈ ॥

ਤੂੰ ਸਭ ਦੇਸ਼ਾਂ ਵਿਚ ਮੌਜੂਦ ਹੈਂ

ਕਿ ਸਰਬਤ੍ਰ ਭੇਸੈ ॥੧੧੭॥

ਅਤੇ ਸਾਰਿਆਂ ਭੇਸਾਂ ਵਿਚ ਸਥਿਤ ਹੈਂ ॥੧੧੭॥

ਕਿ ਸਰਬਤ੍ਰ ਮਾਨਿਯੈਂ ॥

(ਹੇ ਪ੍ਰਭੂ!) ਤੂੰ ਸਭ ਥਾਂ ਮੰਨਿਆ ਜਾਂਦਾ ਹੈਂ (ਪੂਜਣਯੋਗ ਹੈਂ)

ਸਦੈਵੰ ਪ੍ਰਧਾਨਿਯੈਂ ॥

ਸਦਾ ਤੂੰ ਹੀ ਪ੍ਰਧਾਨ ਹੈਂ,

ਕਿ ਸਰਬਤ੍ਰ ਜਾਪਿਯੈ ॥

ਤੂੰ ਸਭ ਥਾਂਵਾਂ ਤੇ ਜਪਿਆ ਜਾਂਦਾ ਹੈਂ,

ਕਿ ਸਰਬਤ੍ਰ ਥਾਪਿਯੈ ॥੧੧੮॥

ਸਭ ਥਾਂਵਾਂ ਵਿਚ ਤੂੰ ਹੀ ਸਥਿਤ ਹੈਂ ॥੧੧੮॥

ਕਿ ਸਰਬਤ੍ਰ ਭਾਨੈ ॥

(ਹੇ ਪ੍ਰਭੂ!) ਤੂੰ ਸਭ ਦਾ ਪ੍ਰਕਾਸ਼ਕ (ਸੂਰਜ) ਹੈਂ,

ਕਿ ਸਰਬਤ੍ਰ ਮਾਨੈ ॥

ਤੂੰ ਸਭ ਦਾ ਮਾਣ ਹੈਂ,

ਕਿ ਸਰਬਤ੍ਰ ਇੰਦ੍ਰੈ ॥

ਤੂੰ ਸਭ ਦਾ ਰਾਜਾ (ਇੰਦਰ) ਹੈਂ

ਕਿ ਸਰਬਤ੍ਰ ਚੰਦ੍ਰੈ ॥੧੧੯॥

ਅਤੇ ਸਭ ਨੂੰ ਸ਼ਾਂਤੀ ਦੇਣ ਵਾਲਾ (ਚੰਦ੍ਰਮਾ) ਹੈਂ ॥੧੧੯॥

ਕਿ ਸਰਬੰ ਕਲੀਮੈ ॥

(ਹੇ ਪ੍ਰਭੂ!) ਤੂੰ ਸਭ ਦਾ ਬੋਲ (ਕਲਾਮ) ਹੈਂ,

ਕਿ ਪਰਮੰ ਫਹੀਮੈ ॥

ਤੂੰ ਸ੍ਰੇਸ਼ਠ ਬੁੱਧੀਮਾਨ ਹੈਂ,

ਕਿ ਆਕਲ ਅਲਾਮੈ ॥

ਤੂੰ ਵੱਡਾ ਅਕਲਮੰਦ ਹੈਂ,

ਕਿ ਸਾਹਿਬ ਕਲਾਮੈ ॥੧੨੦॥

ਤੂੰ ਬੋਲੀਆਂ (ਕਲਾਮ) ਦਾ ਸੁਆਮੀ ਹੈਂ ॥੧੨੦॥

ਕਿ ਹੁਸਨਲ ਵਜੂ ਹੈਂ ॥

(ਹੇ ਪ੍ਰਭੂ!) ਤੂੰ ਸੁੰਦਰਤਾ (ਹੁਸਨ) ਦੀ ਮੂਰਤੀ (ਵਜੂਦ) ਹੈਂ,

ਤਮਾਮੁਲ ਰੁਜੂ ਹੈਂ ॥

ਤੂੰ ਸਭ ਵਲ ਧਿਆਨ ('ਰੁਜੂ') ਦੇਣ ਵਾਲਾ ਹੈਂ,

ਹਮੇਸੁਲ ਸਲਾਮੈਂ ॥

ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ ਹੈਂ,

ਸਲੀਖਤ ਮੁਦਾਮੈਂ ॥੧੨੧॥

ਤੂੰ ਸਥਿਰ ਸੰਤਾਨ ('ਸਲੀਖਤ') ਵਾਲਾ ਹੈਂ ॥੧੨੧॥

ਗਨੀਮੁਲ ਸਿਕਸਤੈ ॥

(ਹੇ ਪ੍ਰਭੂ!) ਤੂੰ ਵੱਡਿਆਂ ਵੈਰੀਆਂ ਨੂੰ ਹਰਾਉਣ ਵਾਲਾ ਹੈਂ,

ਗਰੀਬੁਲ ਪਰਸਤੈ ॥

ਤੂੰ ਗ਼ਰੀਬਾਂ ਦਾ ਪਾਲਣਹਾਰ ('ਪਰਸਤੈ') ਹੈਂ,

ਬਿਲੰਦੁਲ ਮਕਾਨੈਂ ॥

ਤੇਰਾ ਸਥਾਨ (ਮਕਾਨ) ਬਹੁਤ ਉੱਚਾ ਹੈ,

ਜਮੀਨੁਲ ਜਮਾਨੈਂ ॥੧੨੨॥

ਤੂੰ ਧਰਤੀ ਅਤੇ ਆਕਾਸ਼ ਵਿਚ (ਭਾਵ ਸਭ ਵਿਚ) ਵਿਆਪਤ ਹੈਂ ॥੧੨੨॥

ਤਮੀਜੁਲ ਤਮਾਮੈਂ ॥

(ਹੇ ਪ੍ਰਭੂ!) ਤੂੰ ਸਭ ਨੂੰ ਪਛਾਣਨ ਵਾਲਾ (ਤਮੀਜ਼ ਕਰਨ ਵਾਲਾ) ਵਿਵੇਕੀ ਹੈਂ,

ਰੁਜੂਅਲ ਨਿਧਾਨੈਂ ॥

ਤੂੰ ਸਭ ਵਲ ਧਿਆਨ ਦੇਣ (ਰੁਜੂ ਕਰਨ) ਵਾਲੀ ਰੁਚੀ ਦਾ ਭੰਡਾਰ ਹੈਂ,

ਹਰੀਫੁਲ ਅਜੀਮੈਂ ॥

ਤੂੰ (ਸਭ ਦਾ) ਵੱਡਾ ਮਿਤਰ ਹੈਂ,

ਰਜਾਇਕ ਯਕੀਨੈਂ ॥੧੨੩॥

ਤੂੰ ਨਿਸਚੇ ਹੀ (ਸਭ ਨੂੰ) ਰੋਜ਼ੀ ਦਿੰਦਾ ਹੈਂ ॥੧੨੩॥

ਅਨੇਕੁਲ ਤਰੰਗ ਹੈਂ ॥

(ਹੇ ਪ੍ਰਭੂ!) ਤੂੰ ਅਨੇਕ ਲਹਿਰਾਂ ਵਾਲਾ (ਸਾਗਰ) ਹੈਂ,

ਅਭੇਦ ਹੈਂ ਅਭੰਗ ਹੈਂ ॥

ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਤੂੰ ਨਾਸ਼-ਰਹਿਤ ਹੈਂ,

ਅਜੀਜੁਲ ਨਿਵਾਜ ਹੈਂ ॥

ਤੂੰ ਪਿਆਰਿਆਂ (ਅਜ਼ੀਜ਼ਾਂ) ਨੂੰ ਵਡਿਆਉਣ ਵਾਲਾ ਹੈਂ,

ਗਨੀਮੁਲ ਖਿਰਾਜ ਹੈਂ ॥੧੨੪॥

ਤੂੰ ਵੈਰੀਆਂ (ਗ਼ਨੀਮਾਂ) ਤੋਂ ਕਰ ('ਖ਼ਿਰਾਜ') ਵਸੂਲ ਕਰਨ ਵਾਲਾ ਹੈਂ (ਅਰਥਾਤ ਸਭ ਤੇਰੇ ਅਧੀਨ ਹਨ) ॥੧੨੪॥

ਨਿਰੁਕਤ ਸਰੂਪ ਹੈਂ ॥

(ਹੇ ਪ੍ਰਭੂ!) ਤੇਰਾ ਸਰੂਪ ਬਿਆਨ ਰਹਿਤ ਹੈ,

ਤ੍ਰਿਮੁਕਤਿ ਬਿਭੂਤ ਹੈਂ ॥

ਤੇਰੀ ਵਿਭੂਤੀ (ਸੰਪੱਤੀ) ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ,

ਪ੍ਰਭੁਗਤਿ ਪ੍ਰਭਾ ਹੈਂ ॥

ਤੇਰੇ ਹੀ ਪ੍ਰਤਾਪ ਤੋਂ ਉਪਭੋਗੀ ਸਾਮਗ੍ਰੀ ਪੈਦਾ ਹੋਈ ਹੈ,

ਸੁ ਜੁਗਤਿ ਸੁਧਾ ਹੈਂ ॥੧੨੫॥

ਤੂੰ ਅੰਮ੍ਰਿਤ ('ਸੁਧਾ') ਨਾਲ ਸੰਯੁਕਤ ਹੈਂ ॥੧੨੫॥

ਸਦੈਵੰ ਸਰੂਪ ਹੈਂ ॥

(ਹੇ ਪ੍ਰਭੂ!) ਤੇਰਾ ਸਰੂਪ ਸਦੀਵੀ ਹੈ,

ਅਭੇਦੀ ਅਨੂਪ ਹੈਂ ॥

ਭੇਦ ਅਤੇ ਉਪਮਾ ਤੋਂ ਰਹਿਤ ਹੈ,

ਸਮਸਤੋ ਪਰਾਜ ਹੈਂ ॥

ਤੂੰ ਸਭ ਨੂੰ ਉਪਜਾਉਣ ਵਾਲਾ ਹੈਂ

ਸਦਾ ਸਰਬ ਸਾਜ ਹੈਂ ॥੧੨੬॥

ਅਤੇ ਸਭ ਨੂੰ ਸੁਸਜਿਤ ਕਰਨ ਵਾਲਾ ਹੈਂ ॥੧੨੬॥

ਸਮਸਤੁਲ ਸਲਾਮ ਹੈਂ ॥

(ਹੇ ਪ੍ਰਭੂ!) ਤੂੰ ਸਾਰਿਆਂ ਦੁਆਰਾ ਪ੍ਰਨਾਮ ਕਰਨ ਯੋਗ ਹੈਂ,

ਸਦੈਵਲ ਅਕਾਮ ਹੈਂ ॥

ਤੂੰ ਸਦਾ ਕਾਮਨਾਵਾਂ ਤੋਂ ਮੁਕਤ ਹੈਂ,

ਨ੍ਰਿਬਾਧ ਸਰੂਪ ਹੈਂ ॥

ਤੂੰ (ਹਰ ਪ੍ਰਕਾਰ ਦੀਆਂ) ਰੁਕਾਵਟਾਂ ਤੋਂ ਰਹਿਤ ਸਰੂਪ ਵਾਲਾ ਹੈਂ,

ਅਗਾਧ ਹੈਂ ਅਨੂਪ ਹੈਂ ॥੧੨੭॥

ਨਾ ਤੇਰਾ ਪਾਰਾਵਾਰ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਤੇਰੀ ਉਪਮਾ ਦਿੱਤੀ ਜਾ ਸਕਦੀ ਹੈ ॥੧੨੭॥

ਓਅੰ ਆਦਿ ਰੂਪੇ ॥

(ਹੇ ਪ੍ਰਭੂ!) ਤੂੰ ਓਅੰਕਾਰ ਸਰੂਪ ਅਤੇ ਸਭ ਦਾ ਆਦਿ ਹੈਂ,

ਅਨਾਦਿ ਸਰੂਪੈ ॥

ਤੂੰ ਸਾਰਿਆਂ ਦਾ ਸਰੋਤ-ਰੂਪ ਹੈਂ,

ਅਨੰਗੀ ਅਨਾਮੇ ॥

ਤੂੰ ਸ਼ਰੀਰ ਤੋਂ ਬਿਨਾ ('ਅਨੰਗ') ਅਤੇ ਨਾਮ ਤੋਂ ਰਹਿਤ ਹੈਂ,

ਤ੍ਰਿਭੰਗੀ ਤ੍ਰਿਕਾਮੇ ॥੧੨੮॥

ਤੂੰ ਤਿੰਨਾਂ ਲੋਕਾਂ ਦਾ ਵਿਨਾਸ਼ਕ ਅਤੇ ਤਿੰਨਾਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ ॥੧੨੮॥

ਤ੍ਰਿਬਰਗੰ ਤ੍ਰਿਬਾਧੇ ॥

(ਹੇ ਪ੍ਰਭੂ!) ਤੂੰ ਤਿੰਨ ਵਰਗਾਂ (ਅਰਥ, ਧਰਮ ਅਤੇ ਕਾਮ) ਵਾਲਾ ਅਤੇ ਤਿੰਨਾਂ ਲੋਕਾਂ ਨੂੰ ਬੰਨ੍ਹਣ ਵਾਲਾ (ਅਧੀਨ ਰਖਣ ਵਾਲਾ) ਹੈਂ,

ਅਗੰਜੇ ਅਗਾਧੇ ॥

ਤੂੰ ਨਾਸ਼ ਤੋਂ ਰਹਿਤ ਅਤੇ ਅਥਾਹ ਹੈਂ,

ਸੁਭੰ ਸਰਬ ਭਾਗੇ ॥

ਤੂੰ (ਸੰਸਾਰ ਦੇ) ਸਾਰਿਆਂ ਹਿੱਸਿਆਂ ਵਿਚ ਸ਼ੋਭਾਇਮਾਨ ਹੈਂ,

ਸੁ ਸਰਬਾ ਅਨੁਰਾਗੇ ॥੧੨੯॥

ਤੂੰ ਸਭ ਨੂੰ ਪਿਆਰ ਕਰਨ ਵਾਲਾ ਹੈਂ ॥੧੨੯॥

ਤ੍ਰਿਭੁਗਤ ਸਰੂਪ ਹੈਂ ॥

(ਹੇ ਪ੍ਰਭੂ!) ਤੇਰਾ ਸਰੂਪ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ (ਆਨੰਦ-ਦਾਇਕ) ਹੈ,

ਅਛਿਜ ਹੈਂ ਅਛੂਤ ਹੈਂ ॥

ਤੇਰਾ ਰੂਪ ਵਿਨਾਸ਼ (ਛਿਜਣ) ਤੋਂ ਰਹਿਤ ਅਤੇ ਪਵਿਤਰ ਹੈ,

ਕਿ ਨਰਕੰ ਪ੍ਰਣਾਸ ਹੈਂ ॥

ਤੂੰ ਨਰਕ ਨੂੰ ਨਸ਼ਟ ਕਰਨ ਵਾਲਾ

ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥

ਅਤੇ ਪ੍ਰਿਥਵੀ ਉਤੇ ਨਿਵਾਸ ਕਰਨ ਵਾਲਾ ਹੈਂ ॥੧੩੦॥

ਨਿਰੁਕਤਿ ਪ੍ਰਭਾ ਹੈਂ ॥

(ਹੇ ਪ੍ਰਭੂ!) ਨਾ ਵਰਣਨ ਕੀਤੇ ਜਾ ਸਕਣ ਵਾਲਾ ਤੇਰਾ ਤੇਜ ਹੈ,

ਸਦੈਵੰ ਸਦਾ ਹੈਂ ॥

ਤੂੰ ਸਦਾ ਵਰਤਮਾਨ ਹੈਂ,

ਬਿਭੁਗਤਿ ਸਰੂਪ ਹੈਂ ॥

ਤੂੰ ਹੀ ਸਾਰੀ ਭੋਗਣਯੋਗ ਸਾਮਗ੍ਰੀ ਹੈਂ,

ਪ੍ਰਜੁਗਤਿ ਅਨੂਪ ਹੈਂ ॥੧੩੧॥

ਤੂੰ ਸਾਰਿਆਂ ਨਾਲ ਸੰਯੁਕਤ ਅਤੇ ਉਪਮਾ ਤੋਂ ਰਹਿਤ ਹੈਂ ॥੧੩੧॥

ਨਿਰੁਕਤਿ ਸਦਾ ਹੈਂ ॥

(ਹੇ ਪ੍ਰਭੂ!) ਤੂੰ ਸਦਾ ਵਰਣਨ ਤੋਂ ਪਰੇ ਹੈਂ,

ਬਿਭੁਗਤਿ ਪ੍ਰਭਾ ਹੈਂ ॥

ਤੇਰੀ ਸੋਭਾ ਵੱਖ ਵੱਖ ਤਰ੍ਹਾਂ ਦੀ ਹੈ,

ਅਨਉਕਤਿ ਸਰੂਪ ਹੈਂ ॥

ਤੇਰਾ ਸਰੂਪ ਉਕਤੀਜੁ ਗਤੀ ਤੋਂ ਰਹਿਤ ਹੈ,

ਪ੍ਰਜੁਗਤਿ ਅਨੂਪ ਹੈਂ ॥੧੩੨॥

ਤੂੰ ਸਭ ਨਾਲ ਸੰਯੁਕਤ ਹੈਂ ਅਤੇ ਉਪਮਾ ਦੇਣ ਦੀ ਸੀਮਾ ਤੋਂ ਪਰੇ ਹੈਂ ॥੧੩੨॥

ਚਾਚਰੀ ਛੰਦ ॥

ਚਾਚਰੀ ਛੰਦ:

ਅਭੰਗ ਹੈਂ ॥

(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,

ਅਨੰਗ ਹੈਂ ॥

ਤੂੰ ਸ਼ਰੀਰ ਰਹਿਤ ਹੈਂ,

ਅਭੇਖ ਹੈਂ ॥

ਤੂੰ ਭੇਖ ਤੋਂ ਬਿਨਾ ਹੈਂ,

ਅਲੇਖ ਹੈਂ ॥੧੩੩॥

ਤੂੰ ਲੇਖੇ ਤੋਂ ਬਾਹਰ ਹੈਂ ॥੧੩੩॥

ਅਭਰਮ ਹੈਂ ॥

(ਹੇ ਪ੍ਰਭੂ!) ਤੂੰ ਭਰਮ-ਰਹਿਤ ਹੈਂ,

ਅਕਰਮ ਹੈਂ ॥

ਤੂੰ ਕਰਮ-ਰਹਿਤ ਹੈਂ,

ਅਨਾਦਿ ਹੈਂ ॥

ਤੂੰ ਆਦਿ ਤੋਂ ਬਿਨਾ ਹੈਂ,

ਜੁਗਾਦਿ ਹੈਂ ॥੧੩੪॥

ਤੂੰ ਯੁਗਾਂ ਦੇ ਆਰੰਭ ਤੋਂ ਪਹਿਲਾਂ ਦਾ ਹੈਂ ॥੧੩੪॥

ਅਜੈ ਹੈਂ ॥

(ਹੇ ਪ੍ਰਭੂ!) ਤੂੰ ਜਿਤਿਆ ਨਹੀਂ ਜਾ ਸਕਦਾ,

ਅਬੈ ਹੈਂ ॥

ਤੂੰ ਆਯੂ-ਰਹਿਤ ਹੈਂ,

ਅਭੂਤ ਹੈਂ ॥

ਤੂੰ ਪੰਜ ਤੱਤ੍ਵਾਂ ਤੋਂ ਮੁਕਤ ਹੈਂ,

ਅਧੂਤ ਹੈਂ ॥੧੩੫॥

ਤੂੰ ਡੁਲਾਇਮਾਨ ਨਹੀਂ ਹੁੰਦਾ ॥੧੩੫॥

ਅਨਾਸ ਹੈਂ ॥

(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,

ਉਦਾਸ ਹੈਂ ॥

ਤੂੰ (ਸਭ ਤੋਂ) ਉਪਰਾਮ ਹੈਂ,

ਅਧੰਧ ਹੈਂ ॥

ਤੂੰ ਸੰਸਾਰਿਕ ਧੰਧਿਆਂ ਤੋਂ ਪਰੇ ਹੈਂ,

ਅਬੰਧ ਹੈਂ ॥੧੩੬॥

ਤੂੰ ਬੰਧਨਾਂ ਤੋਂ ਮੁਕਤ ਹੈਂ ॥੧੩੬॥


Flag Counter