ਅਤੇ ਧਰਤੀ ਪੋਸਤ ਦੇ ਫੁਲ ਵਾਂਗ ਲਾਲ ਹੋ ਗਈ ॥੧੬੨॥
ਯੁੱਧ-ਭੂਮੀ ਵਿਚ ਬਹੁਤ ਰੌਲਾ ਪਿਆ
ਅਤੇ ਲਹੂ ਪੀਣੀਆਂ ਖ਼ੰਜਰਾਂ ਦੀ ਚਲਾਚਲੀ ਹੋਈ ॥੧੬੩॥
ਤਦੋਂ ਇਕ ਲਿਸ਼ਕ ਨੇ ਝਲਕਾਰਾ ਮਾਰਿਆ,
ਜਦੋਂ ਯੁੱਧ-ਖੇਤਰ ਵਿਚ ਦੋ ਚੁਸਤ ਸੂਰਮੇ ਆਏ ॥੧੬੪॥
ਉਦੋਂ ਇਸਰਾਫ਼ੀਲ (ਫਰਿਸ਼ਤੇ) ਨੇ ਕਿਆਮਤ ਵਾਲੇ ਦਿਨ ਦੀ ਤੁਰੀ ਵਜਾਈ
ਤਦੋਂ ਖ਼ੂਬਸੂਰਤ ਹੂਰ ਘੋੜੇ ਉਤੇ ਚੜ੍ਹ ਕੇ ਯੁੱਧ-ਖੇਤਰ ਵਿਚ ਆਈ ॥੧੬੫॥
ਜਦੋਂ ਯੁੱਧ ਦਾ ਰੌਲਾ ਮਚਿਆ, ਤਾਂ ਸੂਰਮਿਆਂ ਦੇ ਸ਼ਰੀਰਾਂ ਵਿਚ ਕ੍ਰੋਧ ਜਾਗਿਆ
ਅਤੇ ਜਵਾਨਾਂ ਦੇ ਬਾਜ਼ੂਆਂ ਵਿਚ ਜੋਸ਼ ਪੈਦਾ ਹੋ ਗਿਆ ॥੧੬੬॥
(ਯੁੱਧ ਸ਼ੁਰੂ ਹੋ ਜਾਣ ਨਾਲ) ਇਕੋ ਵਾਰ ਸੂਰਮਿਆਂ ਨੇ ਧਰਤੀ ਉਤੇ ਲਾਲ ਅਤਲਸ ਦਾ ਫ਼ਰਸ਼ ਵਿਛਾ ਦਿੱਤਾ।
(ਉਥੇ ਸ਼ੋਰ ਇਤਨਾ ਪੈ ਗਿਆ) ਮਾਨੋ ਮਦਰਸੇ ਵਿਚ ਬੱਚੇ ਪਹਿਲਵੀ ਭਾਸ਼ਾ ਪੜ੍ਹ ਰਹੇ ਹੋਣ ॥੧੬੭॥
ਯੁੱਧ ਵਿਚ ਇਤਨੇ ਬੰਦੇ ਮਾਰੇ ਗਏ
ਕਿ ਉਨ੍ਹਾਂ ਦੀ ਗਿਣਤੀ ਜ਼ਬਾਨ ਨਾਲ ਨਹੀਂ ਕੀਤੀ ਜਾ ਸਕਦੀ ॥੧੬੮॥
ਮਾਯੰਦਰਾਂ ਦਾ ਬਾਦਸ਼ਾਹ ਉਥੋਂ ਭਜ ਗਿਆ
ਕਿਉਂਕਿ ਉਸ ਦੀ ਬਹੁਤ ਜ਼ਿਆਦਾ ਸੈਨਾ ਮਾਰੀ ਗਈ ਸੀ ॥੧੬੯॥
ਉਸ ਪਿਛੇ ਵਜ਼ੀਰ ਦੀ ਲੜਕੀ ਚਲੀ ਗਈ
ਅਤੇ ਉਸ ਨੂੰ ਪਕੜ ਕੇ ਕੈਦ ਕਰ ਲਿਆ ॥੧੭੦॥
ਉਹ ਬਾਦਸ਼ਾਹ ਨੂੰ ਪਕੜ ਕੇ ਆਪਣੇ ਸ਼ਾਹ (ਅਰਥਾਤ-ਪਤੀ) ਕੋਲ ਲੈ ਆਈ
ਅਤੇ ਕਹਿਣ ਲਗੀ ਕਿ ਐ ਸੁੰਦਰ ਬਸਤ੍ਰ ਵਾਲੇ ਬਾਦਸ਼ਾਹਾਂ ਦੇ ਬਾਦਸ਼ਾਹ! ॥੧੭੧॥
ਉਸ ਨੇ ਕਿਹਾ ਕਿ ਮਾਯੰਦਰਾਂ ਦੇ ਇਸ ਬਾਦਸ਼ਾਹ ਨੂੰ ਪਕੜ ਕੇ
ਮੈਂ ਤੁਹਾਡੇ ਕੋਲ ਲਿਆਈ ਹਾਂ ॥੧੭੨॥
ਜੇ ਤੂੰ ਕਹੇਂ ਤਾਂ ਇਸ ਦੀ ਜਾਨ ਲੈ ਲਵਾਂ
ਅਤੇ ਜੇ ਤੂੰ ਕਹੇਂ ਤਾਂ ਜੇਲ੍ਹ ਅੰਦਰ ਡਕ ਦਿਆਂ ॥੧੭੩॥
ਉਸ ਨੇ ਬਾਦਸ਼ਾਹ ਨੂੰ ਵੱਡੀ ਜੇਲ੍ਹ ਵਿਚ ਭੇਜ ਦਿੱਤਾ
ਅਤੇ ਉਸ ਤੋਂ ਦੇਸ਼ ਦੀ ਬਾਦਸ਼ਾਹੀ ਅਤੇ ਤਾਜ-ਤਖ਼ਤ ਲੈ ਲਿਆ ॥੧੭੪॥
ਪਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਨੇ ਸਭ ਪਾਸਿਆਂ ਦੀ ਬਾਦਸ਼ਾਹੀ ਹਾਸਲ ਕਰ ਲਈ
ਅਤੇ ਵੈਰੀਆਂ ਦੇ ਟੋਟੇ ਟੋਟੇ ਕਰ ਦਿੱਤੇ ॥੧੭੫॥
ਜੋ ਕੋਈ ਔਕੜਾਂ ਦੇ ਵਾਰ ਨੂੰ ਸਹਾਰਦਾ ਹੈ,
ਉਨ੍ਹਾਂ ਉਤੇ ਪਰਮਾਤਮਾ ਮਿਹਰ ਕਰਦਾ ਹੈ ॥੧੭੬॥
ਉਹ ਉਸ ਮੁਲਕ ਦੇ ਬਾਦਸ਼ਾਹ ਦੀ ਬੇਗਮ ਬਣ ਗਈ
ਅਤੇ ਰੱਬ ਦੇ ਹੁਕਮ ਨਾਲ ਉਸ ਨੇ ਬਾਦਸ਼ਾਹੀ ਪ੍ਰਾਪਤ ਕਰ ਲਈ ॥੧੭੭॥
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ
ਜਿਸ ਨਾਲ ਕਿ ਮੇਰੇ ਘੁੰਡ ਦਾ ਪਰਦਾ ਹਟ ਜਾਏ ॥੧੭੮॥
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ
ਜੋ ਜੰਗ ਵੇਲੇ ਮੈਨੂੰ ਚਾਹੀਦਾ ਹੈ ॥੧੭੯॥੧੦॥
ਹੇ ਪਰਮਾਤਮਾ! ਤੂੰ ਦੁਖਾਂ ਅੰਦਰ ਹੱਥ ਪਕੜਨ ਵਾਲਾ (ਸਹਾਇਕ) ਹੈਂ।
ਤੂੰ ਹੀ ਵਿਚਾਰਿਆਂ (ਨਿਆਸਰਿਆਂ) ਦੇ ਕੰਮਾਂ ਨੂੰ ਸੰਵਾਰਨ ਵਾਲਾ ਹੈਂ ॥੧॥
ਤੂੰ ਬਾਦਸ਼ਾਹ ਦਾ ਬਾਦਸ਼ਾਹ, ਬਖ਼ਸ਼ਣ ਵਾਲਾ ਅਤੇ ਬੇਨਿਆਜ਼ ਹੈਂ।
ਧਰਤੀ ਤੋਂ ਆਕਾਸ਼ ਤਕ ਦਾ ਤੂੰ ਹੀ ਕਾਰ-ਸਾਜ਼ ਹੈਂ ॥੨॥
ਮੈਂ ਕਲਿੰਜਰ ਦੇਸ਼ ਦੇ ਰਾਜੇ ਦੀ ਕਹਾਣੀ ਸੁਣੀ ਹੈ
ਜਿਸ ਨੇ ਇਕ ਪਹਾੜ ਜਿੰਨਾ ਦਰਸ਼ਨੀ ਦਰਵਾਜ਼ਾ ਬਣਵਾਇਆ ਸੀ ॥੩॥
ਉਸ ਦਾ ਇਕ ਬਹੁਤ ਸੁੰਦਰ ਪੁੱਤਰ ਸੀ
ਜੋ ਮੁਲਕ ਨੂੰ ਸੰਭਾਲਣ ਲਈ ਬਹੁਤ ਯੋਗ ਸੀ ॥੪॥
ਉਸੇ ਨਗਰ ਦੇ ਇਕ ਸ਼ਾਹ ਦੀ ਪੁੱਤਰੀ ਸੀ।
ਚੰਮੇਲੀ ਦੇ ਪੱਤਰ ਵਰਗੀ ਕੋਮਲ ਉਸ ਵਰਗੀ ਹੋਰ ਕੋਈ ਲੜਕੀ ਨਹੀਂ ਸੀ ॥੫॥
ਉਹ ਲੜਕੀ ਬਾਦਸ਼ਾਹ ਦੇ ਪੁੱਤਰ ਉਤੇ ਇਸ ਤਰ੍ਹਾਂ ਮੋਹਿਤ ਹੋ ਗਈ
ਜਿਵੇਂ ਚੰਦ੍ਰਮਾ ਸੂਰਜ ਉਤੇ ਹੁੰਦਾ ਹੈ ॥੬॥