ਸ਼੍ਰੀ ਦਸਮ ਗ੍ਰੰਥ

ਅੰਗ - 542


ਦੈ ਧਨ ਪਾਇ ਘਨੋ ਘਰਿ ਮੈ ਕਛੁ ਦੀਨਨ ਦੇਤ ਨ ਨੈਕੁ ਕ੍ਰਿਪਾ ਕਰਿ ॥

(ਉਹ ਮੈਨੂੰ) ਬਹੁਤ ਧਨ ਦੇਣਗੇ ਅਤੇ (ਉਹ ਮੈਂ) ਘਰ ਵਿਚ (ਲਿਆਵਾਂਗਾ)। (ਕੀ ਉਹ) ਥੋੜੀ ਜਿੰਨੀ ਕ੍ਰਿਪਾ ਕਰ ਕੇ, ਗ਼ਰੀਬਾਂ ਨੂੰ ਕੁਝ ਵੀ ਨਹੀਂ ਦਿੰਦੇ ਹੋਣਗੇ।

ਈਸ ਲਹੈ ਕਿਧੋ ਮੋਹਿ ਨਿਹਾਰ ਕੈ ਕੈਸੀ ਕ੍ਰਿਪਾ ਕਰਿ ਹੈ ਹਮ ਪੈ ਹਰਿ ॥੨੪੦੬॥

ਕ੍ਰਿਸ਼ਨ (ਈਸ਼ਵਰ) ਮੈਨੂੰ ਵੇਖ ਕੇ ਪਛਾਣ ਲੈਣਗੇ ਅਤੇ ਸ੍ਰੀ ਕ੍ਰਿਸ਼ਨ ਮੇਰੇ ਉਤੇ ਕਿਹੋ ਜਿਹੀ ਕ੍ਰਿਪਾ ਕਰਨਗੇ ॥੨੪੦੬॥

ਮਾਰਗ ਨਾਖ ਕੈ ਬਿਪ੍ਰ ਜਬੈ ਗ੍ਰਿਹਿ ਸ੍ਰੀ ਜਦੁਬੀਰ ਕੇ ਭੀਤਰ ਆਯੋ ॥

ਪੈਂਡਾ ਮਾਰ ਕੇ ਜਦੋਂ ਬ੍ਰਾਹਮਣ ਸ੍ਰੀ ਕ੍ਰਿਸ਼ਨ ਦੇ ਘਰ ਦੇ ਅੰਦਰ ਆਇਆ,

ਸ੍ਰੀ ਬ੍ਰਿਜਨਾਥ ਨਿਹਾਰਤ ਤਾਹਿ ਸੁ ਬਿਪ੍ਰ ਸੁਦਾਮਾ ਇਹੈ ਠਹਰਾਯੋ ॥

ਸ੍ਰੀ ਕ੍ਰਿਸ਼ਨ ਨੇ ਉਸ ਨੂੰ ਵੇਖ ਕੇ, (ਮਨ ਵਿਚ) ਯਕੀਨ ਕਰ ਲਿਆ ਕਿ ਇਹ ਸੁਦਾਮਾ ਬ੍ਰਾਹਮਣ ਹੈ।

ਆਸਨ ਤੇ ਉਠਿ ਆਤੁਰ ਹੁਇ ਅਤਿ ਪ੍ਰੀਤਿ ਬਢਾਇ ਕੈ ਲੈਬੇ ਕਉ ਧਾਯੋ ॥

ਆਸਣ ਤੋਂ ਉਠ ਕੇ ਅਤੇ ਪ੍ਰੀਤ ਨੂੰ ਵਧਾ ਕੇ ਬਿਹਬਲ ਹੋਏ ਉਸ ਨੂੰ ਅਗੋਂ ਲੈਣ ਲਈ ਆਏ।

ਪਾਇ ਪਰਿਓ ਤਿਹ ਕੋ ਹਰਿ ਜੀ ਫਿਰਿ ਸ੍ਯਾਮ ਭਨੈ ਉਠਿ ਕੰਠਿ ਲਗਾਯੋ ॥੨੪੦੭॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਉਸ ਦੇ ਪੈਰੀਂ ਪਏ, ਫਿਰ ਉਠ ਕੇ ਉਸ ਨੂੰ ਗਲਵਕੜੀ ਵਿਚ ਲਿਆ ॥੨੪੦੭॥

ਲੈ ਤਿਹ ਮੰਦਿਰ ਮਾਹਿ ਗਯੋ ਤਿਹ ਕੋ ਅਤਿ ਹੀ ਕਰਿ ਆਦਰੁ ਕੀਨੋ ॥

ਉਸ ਨੂੰ ਲੈ ਕੇ ਘਰ ਦੇ ਅੰਦਰ ਗਏ ਅਤੇ ਉਸ ਨੂੰ ਬਹੁਤ ਅਧਿਕ ਆਦਰ ਦਿੱਤਾ।

ਬਾਰਿ ਮੰਗਾਇ ਤਹੀ ਦਿਜ ਕੋ ਦੋਊ ਪਾਇਨ ਧ੍ਵੈ ਚਰਨਾਮ੍ਰਿਤ ਲੀਨੋ ॥

ਜਲ ਮੰਗਵਾ ਕੇ, ਉਸ ਬ੍ਰਾਹਮਣ ਦੇ ਦੋਹਾਂ ਪੈਰਾਂ ਨੂੰ ਧੋ ਕੇ ਚਰਨਾਮ੍ਰਿਤ ਲਿਆ।

ਝੌਪਰੀ ਤੇ ਤਿਹ ਠਾ ਹਰਿ ਜੂ ਸੁਭ ਕੰਚਨ ਕੋ ਪੁਨਿ ਮੰਦਰਿ ਕੀਨੋ ॥

ਝੌਂਪੜੀ ਦੀ ਥਾਂ ਤੇ ਸ੍ਰੀ ਕ੍ਰਿਸ਼ਨ ਨੇ ਫਿਰ ਸੁਨਹਿਰੀ ਘਰ ਬਣਵਾ ਦਿੱਤੇ।

ਤਉ ਨ ਸਕਿਓ ਸੁ ਬਿਦਾ ਕਰਿ ਬਿਪਹਿ ਸ੍ਯਾਮ ਭਨੈ ਤਿਹ ਰੰਚ ਨ ਦੀਨੋ ॥੨੪੦੮॥

(ਕਵੀ) ਸ਼ਿਆਮ ਕਹਿੰਦੇ ਹਨ, ਉਸ ਬ੍ਰਾਹਮਣ ਨੂੰ (ਕਹਿ) ਨਾ ਸਕੇ, ਅਤੇ ਵਿਦਾ ਕਰ ਦਿੱਤਾ। (ਪਰ ਪ੍ਰਤੱਖ ਤੌਰ ਤੇ) ਬਿਲਕੁਲ ਕੁਝ ਨਾ ਦਿੱਤਾ ॥੨੪੦੮॥

ਦੋਹਰਾ ॥

ਦੋਹਰਾ:

ਜਬ ਦਿਜ ਕੇ ਗ੍ਰਿਹਿ ਪੜਤ ਤਬ ਮੋ ਸੋ ਹੁਤੋ ਗਰੋਹ ॥

ਜਦੋਂ (ਸੰਦੀਪਨ) ਬ੍ਰਾਹਮਣ ਦੇ ਘਰ ਪੜ੍ਹਦੇ ਸਾਂ, ਤਦ ਮੇਰੇ ਨਾਲ (ਇਸ ਦੀ) ਜੁੰਡਲੀ ਸੀ।

ਅਬ ਲਾਲਚ ਬਸਿ ਹਰਿ ਭਏ ਕਛੂ ਨ ਦੀਨੋ ਮੋਹ ॥੨੪੦੯॥

ਹੁਣ ਸ੍ਰੀ ਕ੍ਰਿਸ਼ਨ ਲਾਲਚ ਦੇ ਵਸ ਵਿਚ ਹੋ ਗਿਆ ਹੈ, (ਇਸ ਲਈ) ਕੁਝ ਨਹੀਂ ਦਿੱਤਾ ॥੨੪੦੯॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਜੋ ਬ੍ਰਿਜਨਾਥ ਕੀ ਸੇਵਾ ਕਰੈ ਪੁਨਿ ਪਾਵਤ ਹੈ ਬਹੁਤੋ ਧਨ ਸੋਊ ॥

ਜੋ ਸ੍ਰੀ ਕ੍ਰਿਸ਼ਨ ਦੀ ਸੇਵਾ ਕਰਦਾ ਹੈ, ਉਹ ਫਿਰ ਬਹੁਤ ਧਨ ਪ੍ਰਾਪਤ ਕਰਦਾ ਹੈ।

ਲੋਗ ਕਹਾ ਤਿਹ ਭੇਦਹਿ ਪਾਵਤ ਆਪਨੀ ਜਾਨਤ ਹੈ ਪੁਨਿ ਓਊ ॥

ਲੋਕੀਂ ਉਸ ਦੇ ਭੇਦ ਨੂੰ ਕਿਵੇਂ ਪਾ ਸਕਦੇ ਹਨ, ਫਿਰ ਉਹ ਆਪ ਹੀ (ਆਪਣੀ) ਗਤਿ ਨੂੰ ਜਾਣਦਾ ਹੈ।

ਸਾਧਨ ਕੇ ਬਰਤਾ ਹਰਤਾ ਦੁਖ ਬੈਰਨ ਕੇ ਸੁ ਬੜੇ ਘਰ ਖੋਊ ॥

(ਉਹ) ਸਾਧਾਂ ਨੂੰ ਵਰ ਦੇਣ ਵਾਲਾ, ਦੁਖਾਂ ਨੂੰ ਨਸ਼ਟ ਕਰਨ ਵਾਲਾ ਅਤੇ ਵੱਡੇ ਵੱਡੇ ਵੈਰੀਆਂ ਦਾ ਘਰ ਨਸ਼ਟ ਕਰ ਦੇਣ ਵਾਲਾ ਹੈ।

ਦੀਨਨ ਕੇ ਜਗ ਪਾਲਬੇ ਕਾਜ ਗਰੀਬ ਨਿਵਾਜ ਨ ਦੂਸਰ ਕੋਊ ॥੨੪੧੦॥

ਜਗਤ ਵਿਚ ਗ਼ਰੀਬਾਂ ਨੂੰ ਪਾਲਣ ਲਈ (ਉਸ ਵਰਗਾ) ਗਰੀਬ-ਨਿਵਾਜ਼ ਕੋਈ ਹੋਰ ਨਹੀਂ ਹੈ ॥੨੪੧੦॥

ਸੋ ਸਿਸੁਪਾਲ ਹਨਿਯੋ ਛਿਨ ਮੈ ਜਿਹ ਸੋ ਕੋਊ ਅਉਰ ਨ ਮਾਨ ਧਰੈ ॥

ਉਸ ਨੇ ਸ਼ਿਸ਼ੁਪਾਲ ਨੂੰ ਛਿਣ ਭਰ ਵਿਚ ਮਾਰ ਦਿੱਤਾ ਜਿਸ ਵਰਗਾ ਕੋਈ ਅਭਿਮਾਨੀ ਨਹੀਂ ਸੀ।

ਅਰੁ ਦੰਤ ਬਕਤ੍ਰ ਹਨਿਯੋ ਜਮ ਲੋਕ ਤੇ ਜੋ ਕਬਹੂੰ ਨ ਰਤੀ ਕੁ ਡਰੈ ॥

ਅਤੇ ਦੰਤ ਬਕਤ੍ਰ ਨੂੰ ਮਾਰ ਦਿੱਤਾ ਜੋ ਯਮਲੋਕ ਤੋਂ ਕਦੀ ਰਤੀ ਭਰ ਵੀ ਨਹੀਂ ਡਰਦਾ ਸੀ।

ਰਿਸ ਸੋ ਭੂਮਾਸੁਰ ਜੀਤਿ ਲਯੋ ਜੋਊ ਇੰਦ੍ਰ ਸੇ ਬੀਰ ਨ ਸੰਗ ਅਰੈ ॥

ਕ੍ਰੋਧਿਤ ਹੋ ਕੇ (ਉਸ ਨੇ) ਭੂਮਾਸੁਰ ਨੂੰ ਜਿਤ ਲਿਆ, ਜਿਸ ਨਾਲ ਇੰਦਰ ਵਰਗਾ ਯੋਧਾ ਵੀ ਨਹੀਂ ਅੜਦਾ ਸੀ।

ਅਬ ਕੰਚਨ ਧਾਮ ਕੀਯੋ ਦਿਜ ਕੋ ਬ੍ਰਿਜਨਾਥ ਬਿਨਾ ਐਸੀ ਕਉਨ ਕਰੈ ॥੨੪੧੧॥

(ਉਸ ਨੇ) ਹੁਣ ਬ੍ਰਾਹਮਣ ਦੇ ਘਰ ਸੋਨੇ ਦੇ ਬਣਾ ਦਿੱਤੇ ਹਨ। ਸ੍ਰੀ ਕ੍ਰਿਸ਼ਨ ਤੋਂ ਬਿਨਾ ਹੋਰ ਕੌਣ ਅਜਿਹੀ ਕ੍ਰਿਪਾ ਕਰ ਸਕਦਾ ਹੈ ॥੨੪੧੧॥

ਜਾ ਮਧੁ ਕੀਟਭ ਕੋ ਬਧ ਕੈ ਭੂ ਇੰਦ੍ਰ ਦਈ ਕਰਿ ਕੈ ਕਰੁਨਾਈ ॥

ਜਿਸ ਨੇ ਮਧੁ ਅਤੇ ਕੈਟਭ ਨੂੰ ਮਾਰ ਕੇ ਅਤੇ ਕਰੁਣਾ ਕਰ ਕੇ ਇੰਦਰ ਨੂੰ ਭੂਮੀ ਪ੍ਰਦਾਨ ਕਰ ਦਿੱਤੀ।

ਅਉਰ ਜਿਤੀ ਇਹ ਸਾਮੁਹੇ ਸਤ੍ਰਨ ਸੈਨ ਗਈ ਸਭ ਯਾਹਿ ਖਪਾਈ ॥

ਹੋਰ ਜਿਤਨੀ ਵੀ ਵੈਰੀ ਸੈਨਾ ਇਸ ਦੇ ਸਾਹਮਣੇ ਗਈ, (ਉਹ) ਸਾਰੀ ਉਸ ਨੇ ਖਪਾ ਦਿੱਤੀ।

ਜਾਹਿ ਬਿਭੀਛਨ ਰਾਜ ਦਯੋ ਅਰੁ ਰਾਵਨ ਮਾਰ ਕੈ ਲੰਕ ਲੁਟਾਈ ॥

ਜਿਸ ਨੇ ਵਿਭੀਸ਼ਣ ਨੂੰ ਰਾਜ ਦਿੱਤਾ ਸੀ ਅਤੇ ਰਾਵਣ ਨੂੰ ਮਾਰ ਕੇ ਲੰਕਾ ਲੁਟਾ ਦਿੱਤੀ ਸੀ।

ਕੰਚਨ ਕੋ ਤਿਹ ਧਾਮ ਦਯੋ ਕਬਿ ਸ੍ਯਾਮ ਕਹੈ ਕਹੈ ਕਉਨ ਬਡਾਈ ॥੨੪੧੨॥

ਕਵੀ ਸ਼ਿਆਮ ਕਹਿੰਦਾ ਹੈ, ਉਸ ਨੇ (ਨਿਰਧਨ ਬ੍ਰਾਹਮਣ ਨੂੰ) ਸੋਨੇ ਦੇ ਘਰ (ਬਣਵਾ) ਦਿੱਤੇ ਹਨ, ਦਸੋ (ਅਜਿਹਾ ਕਰਨ ਵਿਚ) ਉਸ ਦੀ ਕਿਹੜੀ ਵਡਿਆਈ ਹੈ ॥੨੪੧੨॥

ਬਿਸਨਪਦ ਧਨਾਸਰੀ ॥

ਬਿਸਨਪਦ ਧਨਾਸਰੀ:

ਜਿਹ ਮ੍ਰਿਗ ਰਾਖੈ ਨੈਨ ਬਨਾਇ ॥

ਜਿਸ ਨੇ (ਆਪਣੇ) ਨੈਣ ਹਿਰਨ ਵਰਗੇ ਬਣਾ ਰਖੇ ਹਨ।

ਅੰਜਨ ਰੇਖ ਸ੍ਯਾਮ ਪਰ ਅਟਕਤ ਸੁੰਦਰ ਫਾਧ ਚੜਾਇ ॥

ਸੁਰਮੇ ਦੀ ਲੀਕ (ਧਾਰ) ਸ਼ਿਆਮਲ ਸਰੂਪ ਉਤੇ ਟਿਕੀ ਹੋਈ ਹੈ, (ਮਾਨੋ) ਸੁੰਦਰ ਫਾਹੀ ਬਣੀ ਹੋਈ ਹੈ।

ਮ੍ਰਿਗ ਮਨ ਹੇਰਿ ਜਿਨੇ ਨਰ ਨਾਰਿਨ ਰਹਤ ਸਦਾ ਉਰਝਾਇ ॥

ਇਸਤਰੀਆਂ ਅਤੇ ਪੁਰਸ਼ਾਂ ਦੇ ਮਨ ਰੂਪ ਹਿਰਨ ਉਸ ਨੂੰ ਵੇਖਣ ਵਿਚ ਹੀ ਉਲਝੇ ਰਹਿੰਦੇ ਹਨ।

ਤਿਨ ਕੇ ਊਪਰਿ ਅਪਨੀ ਰੁਚਿ ਸਿਉ ਰੀਝਿ ਸ੍ਯਾਮ ਬਲਿ ਜਾਇ ॥੨੪੧੩॥

ਉਨ੍ਹਾਂ ਉਪਰ ਸ੍ਰੀ ਕ੍ਰਿਸ਼ਨ ਆਪਣੀ ਇੱਛਾ ਨਾਲ ਬਲਿਹਾਰੇ ਜਾਂਦੇ ਹਨ ॥੨੪੧੩॥

ਹਰਿ ਕੇ ਨੈਨਾ ਜਲਜ ਠਏ ॥

ਸ੍ਰੀ ਕ੍ਰਿਸ਼ਨ ਦੇ ਨੈਣਾਂ ਕਮਲ (ਵਰਗੇ) ਬਣੇ ਹੋਏ ਹਨ।

ਦਿਪਤ ਜੋਤਿ ਦਿਨ ਮਨਿ ਦੁਤਿ ਮੁਖ ਤੇ ਕਬਹੂੰ ਨ ਮੁੰਦਿਤ ਭਏ ॥

(ਉਨ੍ਹਾਂ ਦੇ) ਮੂੰਹ ਦੀ ਚਮਕ ਸੂਰਜ ਦੀ ਜੋਤ ਵਾਂਗ ਪ੍ਰਕਾਸ਼ਿਤ ਹੈ। (ਇਸ ਲਈ ਉਸ ਦੇ ਕਮਲ ਵਰਗੇ ਨੈਣ) ਕਦੇ ਬੰਦ ਨਹੀਂ ਹੁੰਦੇ।

ਤਿਨ ਕਉ ਦੇਖਿ ਜਨਨ ਦ੍ਰਿਗ ਪੁਤਰੀ ਲਗੀ ਸੁ ਭਾਵ ਭਏ ॥

ਉਨ੍ਹਾਂ ਨੂੰ ਵੇਖਣ ਲਈ (ਭਗਤ) ਜਨਾਂ ਦੇ ਨੈਣਾਂ ਦੀ ਪੁਤਲੀ ਸਦਾ ਲਗੀ ਰਹਿੰਦੀ ਹੈ। (ਇਸ ਦਾ) ਭਾਵ (ਕਵੀ ਦੇ ਮਨ ਵਿਚ ਇਸ ਤਰ੍ਹਾਂ) ਪੈਦਾ ਹੋਇਆ ਹੈ।

ਜਨੁ ਪਰਾਗ ਕਮਲਨ ਕੀ ਊਪਰ ਭ੍ਰਮਰ ਕੋਟਿ ਭ੍ਰਮਏ ॥੨੪੧੪॥

ਮਾਨੋ ਪਰਾਗ (ਅਰਥਾਤ ਫੁਲਾਂ ਦੀ ਧੂੜ ਨੂੰ ਲੈਣ ਲਈ) ਕਮਲਾਂ ਉਪਰ ਕਰੋੜਾਂ ਭੌਰੇ ਮੋਹੇ ਫਿਰਦੇ ਹਨ ॥੨੪੧੪॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਸੁਦਾਮਾ ਕੋ ਦਾਰਿਦ ਦੂਰ ਕਰਤ ਕੰਚਨ ਧਾਮ ਕਰ ਦੇਤ ਭਏ ॥

ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਾਹਮਣ ਸੁਦਾਮਾ ਦੇ ਦਰਿਦ੍ਰ ਨੂੰ ਦੂਰ ਕਰ ਕੇ ਸੋਨੇ ਦੇ ਘਰ ਬਣਾ ਦਿੱਤੇ ਵਾਲੇ ਪ੍ਰਸੰਗ ਦੀ ਸਮਾਪਤੀ।

ਅਥ ਕਾਨ੍ਰਹ ਜੂ ਸੂਰਜ ਗ੍ਰਹਿਣ ਕੇ ਦਿਨ ਕੁਰਖੇਤ੍ਰ ਗਵਨਿ ਕਥਨੰ ॥

ਹੁਣ ਕਾਨ੍ਹ ਜੀ ਦੇ ਸੂਰਜ ਗ੍ਰਹਿਣ ਵਾਲੇ ਦਿਨ ਕੁਰਕਸ਼ੇਤ੍ਰ ਵਿਚ ਆਉਣ ਦੇ ਪ੍ਰਸੰਗ ਦਾ ਕਥਨ:

ਸਵੈਯਾ ॥

ਸਵੈਯਾ:

ਜਉ ਰਵਿ ਕੇ ਗ੍ਰਸਬੇ ਹੂ ਕੋ ਦਿਵਸ ਲਗਿਓ ਕਹਿ ਜੋਤਿਕੀ ਯੌ ਤੁ ਸੁਨਾਯੋ ॥

ਜਦੋਂ ਸੂਰਜ ਨੂੰ ਗ੍ਰਸਣ ਵਾਲਾ ਦਿਨ ਆ ਗਿਆ, ਤਾਂ ਜੋਤਸ਼ੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।

ਕਾਨ੍ਰਹ ਕੀ ਮਾਤ ਬਿਮਾਤ ਅਰੁ ਭ੍ਰਾਤ ਚਲੈ ਕੁਰੁਖੇਤ੍ਰਿ ਇਹੈ ਠਹਰਾਯੋ ॥

ਕ੍ਰਿਸ਼ਨ ਦੀ ਮਾਤਾ, ਵਿਮਾਤਾ ਅਤੇ ਭਰਾ ਨੇ ਕੁਰੁਕਸ਼ੇਤ੍ਰ ਨੂੰ ਚਲਣ ਦਾ ਮਨ ਬਣਾਇਆ।

ਤਾਤ ਚਲਿਯੋ ਬ੍ਰਿਜਨਾਥ ਕੋ ਲੈ ਸੰਗਿ ਭਾਤਿਨ ਭਾਤਿ ਕੋ ਸੈਨ ਬਨਾਯੋ ॥

ਭਾਂਤ ਭਾਂਤ ਦੀ ਸੈਨਾ ਤਿਆਰ ਕਰ ਕੇ ਅਤੇ ਕ੍ਰਿਸ਼ਨ ਨੂੰ ਨਾਲ ਲੈ ਕੇ (ਉਨ੍ਹਾਂ ਦੇ) ਪਿਤਾ ਚਲ ਪਏ।

ਜੋ ਕੋਊ ਅੰਤੁ ਚਹੈ ਤਿਹ ਕੋ ਤਿਨ ਕੋ ਕਛੂ ਆਵਤ ਅੰਤੁ ਨ ਪਾਯੋ ॥੨੪੧੫॥

ਜੋ ਕੋਈ ਉਸ ਦਾ ਅੰਤ ਪਾਉਣਾ ਚਾਹੁੰਦਾ ਹੈ, (ਤਾਂ) ਉਨ੍ਹਾਂ ਦਾ ਕੁਝ ਵੀ ਅੰਤ ਪਾਉਣ ਵਿਚ ਨਹੀਂ ਆਉਂਦਾ ॥੨੪੧੫॥

ਇਤ ਤੇ ਬ੍ਰਿਜ ਨਾਇਕ ਆਵਤ ਭੇ ਉਤ ਨੰਦ ਤੇ ਆਦਿ ਸਭੈ ਤਹ ਆਏ ॥

ਇਧਰੋਂ ਸ੍ਰੀ ਕ੍ਰਿਸ਼ਨ (ਕੁਰੁਕਸ਼ੇਤ੍ਰ) ਆ ਗਏ ਅਤੇ ਉਧਰੋਂ ਨੰਦ ਆਦਿਕ ਸਾਰੇ ਹੀ ਉਥੇ ਆ ਗਏ।

ਚੰਦ੍ਰਭਗਾ ਬ੍ਰਿਖਭਾਨ ਸੁਤਾ ਸਭ ਗੁਆਰਿਨਿ ਸ੍ਯਾਮ ਜਬੈ ਦਰਸਾਏ ॥

ਚੰਦ੍ਰਭਗਾ, ਬ੍ਰਿਸ਼ਭਾਨ-ਸੁਤਾ (ਰਾਧਾ) ਅਤੇ ਹੋਰ ਸਾਰੀਆਂ ਗੋਪੀਆਂ ਨੇ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕੀਤੇ।

ਰੂਪ ਨਿਹਾਰਿ ਰਹੀ ਚਕਿ ਕੈ ਜਕਿ ਗੀ ਕਛੁ ਬੈਨ ਕਹਿਓ ਨਹੀ ਜਾਏ ॥

(ਸਾਰੀਆਂ ਸ੍ਰੀ ਕ੍ਰਿਸ਼ਨ ਦੇ) ਰੂਪ ਨੂੰ ਵੇਖ ਕੇ ਹੈਰਾਨ ਹੋ ਕੇ ਝਕ ਗਈਆਂ। (ਉਨ੍ਹਾਂ ਤੋਂ) ਕੁਝ ਬੋਲਿਆ ਨਹੀਂ ਜਾਂਦਾ।

ਨੰਦ ਜਸੋਮਤ ਮੋਹ ਬਢਾਇ ਕੈ ਕਾਨ੍ਰਹ ਜੂ ਕੇ ਉਰ ਮੈ ਲਪਟਾਏ ॥੨੪੧੬॥

ਨੰਦ ਅਤੇ ਜਸੋਧਾ ਪ੍ਰੇਮ ਵਧਾ ਕੇ ਕ੍ਰਿਸ਼ਨ ਜੀ ਦੀ ਛਾਤੀ ਨਾਲ ਲਗ ਗਏ ॥੨੪੧੬॥

ਨੰਦ ਜਸੋਮਤਿ ਪ੍ਰੇਮ ਬਢਾਇ ਕੈ ਨੈਨਨ ਤੇ ਦੁਹੂ ਨੀਰ ਬਹਾਯੋ ॥

ਨੰਦ ਅਤੇ ਜਸੋਧਾ ਨੇ ਪ੍ਰੇਮ ਵਧਾ ਕੇ, ਦੋਹਾਂ ਨੇ ਨੈਣਾਂ ਵਿਚੋਂ ਹੰਝੂ ਵਗਾ ਦਿੱਤੇ,


Flag Counter