ਜਿਥੇ ਸ੍ਰੀ ਕ੍ਰਿਸ਼ਨ ਖੜੋਤੇ ਸਨ, ਉਥੇ ਆ ਪਹੁੰਚਿਆ ॥੨੩੭੦॥
ਸਵੈਯਾ:
ਸ੍ਰੀ ਕ੍ਰਿਸ਼ਨ ਨੂੰ ਜਦੋਂ ਉਸ ਨੇ ਯੁੱਧ ਖੇਤਰ ਵਿਚ ਆ ਕੇ ਲਲਕਾਰਿਆ ਅਤੇ ਕਿਹਾ,
'ਮੈਂ ਉਸ ਤਰ੍ਹਾਂ ਨਹੀਂ ਮਾਰਿਆ ਜਾਵਾਂਗਾ, ਜਿਸ ਤਰ੍ਹਾਂ ਬਲਵਾਨ ਸ਼ਿਸ਼ੁਪਾਲ ਨੂੰ ਤੂੰ ਮਾਰਿਆ ਸੀ'।
ਜਦ ਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਦਾ ਬੋਲ ਸੁਣਿਆ ਤਾਂ ਸ੍ਰੀ ਕ੍ਰਿਸ਼ਨ ਨੇ ਫਿਰ ਬਾਣ ਸੰਭਾਲ ਲਿਆ।
(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਵੈਰੀ ਨੂੰ ਰਥ ਉਤੇ ਮੂਰਛਿਤ ਕਰ ਕੇ, ਧਰਤੀ ਉਤੇ ਡਿਗਾ ਦਿੱਤਾ ॥੨੩੭੧॥
ਹੋਸ਼ ਸੰਭਾਲ ਕੇ ਉਹ (ਉਥੋਂ) ਲੋਪ ਹੋ ਗਿਆ ਅਤੇ ਕ੍ਰੋਧ ਦਾ ਭਰਿਆ ਹੋਇਆ ਫਿਰ ਯੁੱਧ-ਭੂਮੀ ਵਿਚ ਆ ਗਿਆ।
(ਫਿਰ) ਛਲ ਵਿਦਿਆ ਨਾਲ ਸ੍ਰੀ ਕ੍ਰਿਸ਼ਨ ਦੇ ਪਿਤਾ ਬਸੁਦੇਵ ਦਾ ਸਿਰ ਕਟ ਕੇ ਕ੍ਰਿਸ਼ਨ ਨੂੰ ਵਿਖਾਇਆ।
ਤਦ ਸ੍ਰੀ ਕ੍ਰਿਸ਼ਨ ਨੇ ਬਹੁਤ ਕ੍ਰੋਧ ਕੀਤਾ ਅਤੇ ਦੋਹਾਂ ਨੈਣਾਂ ਤੋਂ ਹੰਝੂ ਵਗਾਏ।
ਹੱਥ ਵਿਚ ਸੁਦਰਸ਼ਨ ਚੱਕਰ ਲੈ ਕੇ ਵੈਰੀ ਦਾ ਸਿਰ ਕਟ ਕੇ ਧਰਤੀ ਉਤੇ ਡਿਗਾ ਦਿੱਤਾ ॥੨੩੭੨॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਦੰਤ ਬਕਤ੍ਰ ਦੈਂਤ ਦੇ ਬਧ ਦੇ ਅਧਿਆਇ ਦੀ ਸਮਾਪਤੀ।
ਹੁਣ ਬੈਦੂਰਥ ਦੈਂਤ ਦੇ ਬਧ ਦਾ ਕਥਨ:
ਕਵੀ ਨੇ ਕਿਹਾ:
ਸਵੈਯਾ:
ਜਿਸ ਨੂੰ ਬ੍ਰਹਮਾ ਅਤੇ ਸ਼ਿਵ ਆਦਿਕ ਨਮਸਕਾਰ ਕਰਦੇ ਹਨ, ਉਸ ਨੂੰ (ਜਿਨ੍ਹਾਂ ਨੇ) ਸਦਾ ਆਪਣੇ ਚਿਤ ਵਿਚ ਵਿਚਾਰਿਆ ਹੈ (ਅਰਥਾਤ ਧਿਆਨ ਵਿਚ ਲਿਆਂਦਾ ਹੈ)।
(ਕਵੀ) ਸ਼ਿਆਮ ਕਹਿੰਦੇ ਹਨ, ਉਨ੍ਹਾਂ ਨੂੰ ਕਦੇ ਨਾ ਕਦੇ ਕ੍ਰਿਪਾ ਨਿਧਾਨ ਦਰਸ਼ਨ (ਜ਼ਰੂਰ) ਦਿੰਦੇ ਹਨ।
(ਜਿਸ ਦਾ) ਰੂਪ, ਰੰਗ, ਰੇਖ ਅਤੇ ਰਾਗ (ਮੋਹ) ਨਹੀਂ ਹੈ, ਇਸੇ ਭੇਦ ਨੂੰ ਚੌਹਾਂ ਵੇਦਾਂ ਨੇ ਪ੍ਰਗਟ ਕੀਤਾ ਹੈ।
(ਕਵੀ) ਸ਼ਿਆਮ ਕਹਿੰਦੇ ਹਨ, ਓਹੀ ਇਹ ਸਰੂਪ ਧਾਰਨ ਕਰ ਕੇ ਰਣ-ਖੇਤਰ ਵਿਚ ਯੁੱਧ ਕਰ ਕੇ (ਉਸ ਦੈਂਤ ਨੂੰ) ਮਾਰ ਰਿਹਾ ਹੈ ॥੨੩੭੩॥
ਦੋਹਰਾ:
ਕ੍ਰਿਸ਼ਨ ਨੇ ਜਦ ਕ੍ਰੋਧ ਕਰ ਕੇ ਦੋਹਾਂ ਵੈਰੀਆਂ ਨੂੰ ਰਣਭੂਮੀ ਵਿਚ ਨਸ਼ਟ ਕਰ ਦਿੱਤਾ,
(ਤਦ) ਜੋ ਤੀਜਾ ਜੀਉਂਦਾ ਬਚਿਆ ਸੀ, ਉਹ ਵੀ ਆ ਪਹੁੰਚਿਆ ॥੨੩੭੪॥
ਉਹ ਦੰਦਾਂ ਨਾਲ ਦੋਵੇਂ ਹੋਠ ਕਟ ਰਿਹਾ ਸੀ ਅਤੇ ਦੋਹਾਂ ਅੱਖਾਂ ਨਾਲ ਘੂਰ ਰਿਹਾ ਸੀ।
ਤਦ ਬਲਰਾਮ ਨੇ ਉਸ ਨੂੰ ਇਹ ਬਚਨ ਕਹੇ, (ਕਵੀ) ਸ਼ਿਆਮ ਉਹੀ ਬੋਲ ਕਹਿ ਰਿਹਾ ਹੈ ॥੨੩੭੫॥
ਸਵੈਯਾ:
ਹੇ ਮੂਰਖ! ਸ੍ਰੀ ਕ੍ਰਿਸ਼ਨ ਨਾਲ ਕਿਉਂ ਯੁੱਧ ਕਰਦਾ ਹੈਂ, ਜਿਸ ਨੇ ਮਧੁ ਅਤੇ ਕੈਟਭ ਵਰਗੇ ਵੈਰੀ ਨਸ਼ਟ ਕਰ ਦਿੱਤੇ ਹਨ।
ਰਾਵਣ ਵਰਗੇ, ਹਰਨਾਖਸ ਜਿਹੇ, ਹਰਨਾਛ ਵਰਗੇ ਜਗਤ ਵਿਚ ਉਸ ਨੂੰ ਸਮਝ ਨਹੀਂ ਸਕੇ ਹਨ।
ਕੰਸ ਅਤੇ ਜਰਾਸੰਧ ਵਰਗਿਆਂ ਨਾਲ ਦੇਸ਼ਾਂ ਦੇਸ਼ਾਂਤਰਾਂ ਤੋਂ ਰਾਜੇ ਆਏ ਸਨ।
(ਕਵੀ) ਸ਼ਿਆਮ ਕਹਿੰਦੇ ਹਨ, ਹੇ ਮੂਰਖ! ਤੂੰ ਕੀ ਅੜੇਂਗਾ, ਉਨ੍ਹਾਂ ਨੂੰ (ਸ੍ਰੀ ਕ੍ਰਿਸ਼ਨ ਨੇ) ਛਿਣ ਭਰ ਵਿਚ ਯਮਲੋਕ ਪਹੁੰਚਾ ਦਿੱਤਾ ਸੀ ॥੨੩੭੬॥
ਕਵੀ ਸ਼ਿਆਮ ਕਹਿੰਦੇ ਹਨ, ਤਦੋਂ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਇਸ ਤਰ੍ਹਾਂ ਕਿਹਾ,
ਮੈਂ ਬਕਾਸੁਰ ਅਤੇ ਅਘਾਸੁਰ ਨੂੰ ਮਾਰ ਦਿੱਤਾ ਹੈ ਅਤੇ ਕੇਸਾਂ ਤੋਂ ਪਕੜ ਕੇ ਕੰਸ ਨੂੰ ਪਛਾੜ ਸੁਟਿਆ ਹੈ।
ਸੁਣ, ਜਰਾਸੰਧ ਦੀ ਤੇਈ ਅਛੋਹਣੀ ਸੈਨਾ ਨੂੰ ਮੈਂ ਚੰਗੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ।
ਸ੍ਰੀ ਕਿਸ਼ਨ ਨੇ ਕਿਹਾ, ਤੂੰ ਸਾਡੇ ਬਲ ਸਾਹਮਣੇ (ਅਰਥਾਤ ਬਰਾਬਰ) ਕਿਸ ਨੂੰ ਸਮਝਿਆ ਹੈ ॥੨੩੭੭॥
ਉੱਤਰ ਵਿਚ ਉਸ ਨੇ ਕਿਹਾ, ਇਸ ਤਰ੍ਹਾਂ ਕਹਿ ਕੇ ਮੈਨੂੰ ਡਰਾਉਂਦਾ ਹੈ ਕਿ ਕੰਸ ਦੇ ਸ਼ੂਰਵੀਰਾਂ 'ਬਕੀ' ਅਤੇ 'ਬਕ' ਨੂੰ ਮਾਰ ਦਿੱਤਾ ਹੈ,
(ਫਿਰ) ਮੈਨੂੰ ਕਹਿੰਦਾ ਹੈਂ ਕਿ ਜਰਾਸੰਧ ਦੀ ਸਾਰੀ ਸੈਨਾ ਨੂੰ ਛਿਣ ਭਰ ਵਿਚ ਨਸ਼ਟ ਕਰ ਦਿੱਤਾ ਹੈ।
ਓਇ (ਕ੍ਰਿਸ਼ਨ! ਤੂੰ) ਮੈਨੂੰ ਕਹਿੰਦਾ ਹੈਂ ਕਿ ਮੇਰੇ ਬਲ ਦੇ ਅਗੇ ਕੌਣ ਵਿਚਾਰਿਆ ਜਾ ਸਕਦਾ ਹੈ।
ਹੇ ਕ੍ਰਿਸ਼ਨ! ਤੂੰ ਛਤ੍ਰੀ ਹੈਂ ਕਿ ਭਠਿਆਰਾ (ਕਿਉਂਕਿ) ਸੂਰਮਿਆਂ ਦੀ ਇਹ ਰੀਤ ਨਹੀਂ (ਕਿ ਆਪਣੀ ਸਿਫ਼ਤ ਆਪ ਕਰਨ) ॥੨੩੭੮॥
ਮੈਂ ਆਪਣੇ ਕ੍ਰੋਧ ਦੀ ਅਗਨੀ ਵਿਚ ਤੇਰੇ ਸਾਰੇ ਬਲ ਨੂੰ ਫੂਸ ਵਾਂਗ ਸਾੜ ਦਿਆਂਗਾ।
ਤੇਰੇ ਅੰਗਾਂ ਵਿਚ ਜਿਤਨਾ ਵੀ ਲਹੂ ਹੈ; ਉਸ ਨੂੰ ਪਾਣੀ ਵਾਂਗ ਉਬਾਲ ਦਿਆਂਗਾ।
ਕਵੀ ਸ਼ਿਆਮ ਕਹਿੰਦੇ ਹਨ ਕਿ ਜਦੋਂ ਮੈਂ ਆਪਣੀ ਸ਼ੂਰਵੀਰਤਾ ਦਾ ਦੇਗਚਾ ਰਣ-ਭੂਮੀ ਵਿਚ ਚੜ੍ਹਾਵਾਂਗਾ,
ਤਦੋਂ ਤੇਰੇ ਸ਼ਰੀਰ ਦੇ ਸਾਰੇ ਮਾਸ ਨੂੰ ਉਸ ਵਿਚ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਵਾਂਗਾ ॥੨੩੭੯॥
ਇਸ ਤਰ੍ਹਾਂ ਦਾ ਵਿਵਾਦ ਕਰ ਕੇ ਦੋਹਾਂ ਨੇ ਰਣ-ਭੂਮੀ ਵਿਚ ਕ੍ਰੋਧ ਨਾਲ ਭਰ ਕੇ ਯੁੱਧ ਮਚਾਇਆ ਹੈ।
ਬਾਣਾਂ ਨਾਲ ਸੂਰਜ (ਢਕ ਗਿਆ ਹੈ) ਅਤੇ ਰਥਾਂ ਦੇ ਪਹੀਆਂ ਨਾਲ ਉਠੀ ਧੂੜ ਆਕਾਸ਼ ਵਿਚ ਛਾ ਗਈ ਹੈ।
ਇਸ ਕੌਤਕ ਨੂੰ ਵੇਖਣ ਲਈ ਸੂਰਜ ਅਤੇ ਚੰਦ੍ਰਮਾ ਆਏ ਹੋਏ ਹਨ ਅਤੇ ਉਨ੍ਹਾਂ ਨੇ ਮੰਗਲਮਈ ਗੀਤ ਗਾਏ ਹਨ।
ਅੰਤ ਵਿਚ ਸ੍ਰੀ ਕ੍ਰਿਸ਼ਨ ਤੋਂ ਉਹ ਜਿਤ ਨਾ ਸਕਿਆ ਅਤੇ ਫਿਰ ਯਮਲੋਕ ਨੂੰ ਚਲਾ ਗਿਆ ॥੨੩੮੦॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਬਹੁਤ ਤਕੜਾ ਯੁੱਧ ਕਰ ਕੇ ਵੈਰੀ ਨੂੰ ਮਾਰ ਦਿੱਤਾ।
ਉਸ ਵੇਲੇ ਬਯਦੂਰਥ (ਵਿਦੂਰਥ) ਦਾ ਸ਼ਰੀਰ ਕੁਰੂਪ ਹੋ ਕੇ ਯੁੱਧ-ਪੂਮੀ ਵਿਚ ਡਿਗ ਪਿਆ।
(ਜਦੋਂ) ਸ੍ਰੀ ਕ੍ਰਿਸ਼ਨ ਨੇ ਲਹੂ ਨਾਲ ਲਿਬੜਿਆ ਹੋਇਆ ਸ਼ਰੀਰ ਵੇਖਿਆ ਤਾਂ (ਉਨ੍ਹਾਂ ਦੇ) ਮਨ ਵਿਚ ਦਇਆ (ਦੀ ਭਾਵਨਾ) ਪੈਦਾ ਹੋ ਗਈ।
(ਫਿਰ) ਧਨੁਸ਼ ਬਾਣ ਛਡ ਕੇ ਉੱਚੀ ਆਵਾਜ਼ ਵਿਚ ਕਿਹਾ ਕਿ ਅਜ ਦੇ ਦਿਨ ਤੋਂ ਬਾਦ ਕਦੇ ਯੁੱਧ ਨਹੀਂ ਕਰਾਂਗਾ ॥੨੩੮੧॥