ਦੋਹਰਾ:
ਜਦੋਂ ਜਸੋਧਾ ਸੌਂ ਗਈ, (ਉਸ ਵੇਲੇ) ਮਾਇਆ ਨੇ (ਬਾਲਿਕਾ ਦੇ ਰੂਪ ਵਿਚ) ਜਨਮ ਲਿਆ।
(ਬਸੁਦੇਵ ਨੇ) ਕ੍ਰਿਸ਼ਨ ਨੂੰ ਉਸ ਦੇ ਕੋਲ ਲਿਟਾ ਕੇ, ਉਸ ਦੀ ਪੁੱਤਰੀ ਹੱਥ ਵਿਚ ਚੁਕ ਲਿਆਂਦੀ ॥੬੮॥
ਸਵੈਯਾ:
ਬਸੁਦੇਵ ਮਾਇਆ ਨੂੰ ਲੈ ਕੇ ਛੇਤੀ ਨਾਲ ਆਪਣੇ ਘਰ ਨੂੰ ਤੁਰ ਪਿਆ।
(ਇਧਰ) ਘਰ ਦੇ ਦਰਵਾਜ਼ੇ ਉਤੇ (ਜੋ ਪਹਿਰੇਦਾਰ ਬੈਠੇ ਸਨ, ਉਹ) ਸਾਰੇ ਹੀ ਸੌਂ ਗਏ। (ਉਨ੍ਹਾਂ ਨੂੰ) ਬਾਹਰ ਅੰਦਰ ਦੀ (ਕੁਝ ਵੀ) ਸੁਧ ਨਹੀਂ ਹੈ।
ਜਦੋਂ (ਬਸੁਦੇਵ ਮਾਇਆ ਸਹਿਤ) ਦੇਵਕੀ ਕੋਲ ਗਿਆ, (ਤਦੋਂ ਹੀ) ਸਾਰੇ ਬੂਹੇ ਆਪਸ ਵਿਚ ਮਿਲ ਗਏ।
ਜਦੋਂ ਉਹ ਲੜਕੀ ਜਾਗ ਕੇ ਉਠੀ ਅਤੇ ਰੋਣ ਲਗੀ, (ਤਾਂ ਪਹਿਰੇਦਾਰਾਂ ਨੇ) ਜਾ ਕੇ ਕੰਸ ਨੂੰ ਖ਼ਬਰ ਕਰ ਦਿੱਤੀ ॥੬੯॥
ਜਦੋਂ ਉਹ ਲੜਕੀ ਰੋਂਦੀ ਹੋਈ ਉਠੀ ਤਾਂ ਹੋਰਨਾਂ ਨੇ ਵੀ ਉਸ ਦੀ ਆਵਾਜ਼ ਕੰਨਾਂ ਨਾਲ ਸੁਣ ਲਈ।
(ਉਹ) ਭਜ ਕੇ ਕੰਸ ਦੇ ਘਰ ਗਏ ਅਤੇ ਜਾ ਕੇ ਕਿਹਾ, ਤੇਰਾ ਵੈਰੀ ਜੰਮ ਪਿਆ ਹੈ।
(ਕੰਸ) ਤਲਵਾਰ ਲੈ ਕੇ, ਉਥੇ ਚਲਾ ਗਿਆ ਅਤੇ ਜਾ ਕੇ (ਦੇਵਕੀ ਦੇ) ਹੱਥੋਂ ਜ਼ੋਰ ਨਾਲ (ਲੜਕੀ ਨੂੰ) ਪਕੜ ਲਿਆ।
ਹੁਣ ਮਹਾ ਮੂਰਖ (ਕੰਸ) ਦੀ ਗੱਲ ਵੇਖੋ (ਜੋ) ਅਦਰਕ ਦੇ ਭੁਲੇਖੇ ਵਿਸ਼ (ਮਿੱਠੇ ਤੇਲੀਏ ਦੀ ਗੰਢੀ) ਖਾ ਰਿਹਾ ਹੈ ॥੭੦॥
(ਦੇਵਕੀ) ਉਸ ਨੂੰ ਛਾਤੀ ਨਾਲ ਲਗਾ ਰਹੀ ਸੀ ਅਤੇ ਮੂੰਹੋਂ ਕੰਸ ਨੂੰ ਕਹਿ ਰਹੀ ਸੀ, ਹੇ ਪਾਗਲ!
(ਮੇਰੀ) ਗੱਲ ਸੁਣ, ਤੂੰ ਮੇਰੇ ਅੱਗ ਵਰਗੇ (ਤੇਜ ਵਾਲੇ) ਛੇ ਪੁੱਤਰਾਂ ਨੂੰ ਪੱਥਰ ਉਤੇ ਪਟਕਾ ਕੇ ਮਾਰ ਸੁਟਿਆ ਹੈ, (ਇਸ ਧੀ ਨੂੰ ਨਾ ਮਾਰ।
ਪਰ ਉਸ ਕੋਲੋਂ) ਖੋਹ ਕੇ ਕੰਸ ਨੇ ਮੂੰਹੋਂ ਕਿਹਾ, ਇਸ ਨੂੰ ਵੀ ਹੁਣ ਨਾਲ ਹੀ ਪਟਕਾਉਂਦਾ ਹਾਂ।
(ਉਹ ਉਸੇ ਵੇਲੇ ਹੱਥੋਂ ਨਿਕਲ ਗਈ ਅਤੇ) ਬਿਜਲੀ ਬਣ ਕੇ ਆਕਾਸ਼ ਵਿਚ ਜਾ ਚਮਕੀ; ਜਦ ਉਸ ਨੂੰ ਰਖਣ ਵਾਲੇ ਨੇ ਰੱਖ ਲਿਆ ਹੈ ॥੭੧॥
ਕਬਿੱਤ:
(ਕੰਸ ਨੇ) ਮਨ ਵਿਚ ਕ੍ਰੋਧ ਕਰ ਕੇ ਉਸ ਦੇ ਮਾਰਨ ਦੀ ਵਿਉਂਤ ਬਣਾਈ ਅਤੇ ਨੌਕਰਾਂ ਨੂੰ ਕਿਹਾ, ਰਾਜ ਆਗਿਆ ਹੈ (ਇਸ ਨੂੰ) ਮਾਰ ਸੁਟੋ।
(ਨੌਕਰ ਉਸ ਨੂੰ) ਹੱਥ ਵਿਚ ਚੁਕ ਕੇ ਚੰਗੀ ਤਰ੍ਹਾਂ ਨਾਲ ਭਾਰੇ ਪੱਥਰ ਉਤੇ (ਪਟਕਾਉਣ ਲਗੇ) ਕਿਉਂਕਿ ਰਾਜ ਦੇ ਕਰਤੱਵ ਕਰਨ ਵਿਚ ਕੋਈ ਪਾਪ ਨਹੀਂ ਹੈ।
ਨੌਕਰ ਆਪਣੇ ਜ਼ੋਰ ਨਾਲ (ਮਾਇਆਵੀ ਲੜਕੀ ਨੂੰ) ਭਲੀ ਭਾਂਤ ਪਕੜੀ ਰਖਣਾ ਚਾਹੁੰਦੇ ਹਨ। ਪਰ ਉਹ ਕੰਨਿਆਂ ਆਪਣੇ ਯਤਨ ਨਾਲ ਖ਼ਲਾਸ ਹੋ ਜਾਂਦੀ ਹੈ।
ਆਪਣੀ ਮਾਇਆ ਨੂੰ ਵਧਾ ਕਰ ਕੇ ਅਤੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਉਡ ਜਾਂਦੀ ਹੈ, ਜਿਸ ਤਰ੍ਹਾਂ ਪਾਰਾ ਉਡ ਜਾਂਦਾ ਹੈ ॥੭੨॥
ਸਵੈਯਾ:
(ਕੰਨਿਆਂ ਨੇ) ਆਪਣੀਆਂ ਅੱਠ ਬਾਹਾਂ ਕਰ ਕੇ ਸਾਰਿਆਂ ਹੱਥਾਂ ਵਿਚ ਚੰਗੇ ਸ਼ਸਤ੍ਰ ਧਾਰਨ ਕਰ ਲਏ।
ਮੂੰਹ ਵਿਚੋਂ ਅੱਗ ਕਢ ਕੇ ਕਹਿਣ ਲਗੀ, ਹੇ ਮਤ-ਹੀਣੇ ਕੰਸ! ਤੇਰਾ ਵੈਰੀ ਹੋਰ ਥਾਂ ਤੇ ਪ੍ਰਗਟ ਹੋ ਗਿਆ ਹੈ।