(ਜਿਸ ਰਾਜੇ ਨੂੰ ਵੇਖ ਕੇ) ਚੰਦ੍ਰਮਾ ਚਕਾ-ਚੌਂਧ ਮੰਨਦਾ ਸੀ,
ਇੰਦਰ (ਦਾ ਹਿਰਦਾ) ਧੜਕਦਾ ਸੀ,
ਸ਼ੇਸ਼ਨਾਗ ਫਣਾਂ ਨੂੰ (ਧਰਤੀ ਉਤੇ) ਪਟਕਦਾ ਸੀ
ਅਤੇ ਪਰਬਤ (ਭੂਧਰ) ਨਸ ਰਹੇ ਸਨ ॥੧੦੧॥
ਸੰਜੁਤਾ ਛੰਦ:
ਸਾਰਿਆਂ ਨੇ ਥਾਂ ਥਾਂ (ਰਾਜੇ ਦਾ) ਯਸ਼ ਸੁਣ ਲਿਆ।
ਸਭ ਵੈਰੀਆਂ ਦੇ ਸਮੂਹਾਂ ਨੇ ਸਿਰ ਧੁਣ ਲਿਆ।
(ਉਸ ਨੇ) ਜਗਤ ਵਿਚ ਚੰਗੇ ਯੱਗਾਂ ਦੀ ਵਿਵਸਥਾ ਕੀਤੀ
ਅਤੇ ਦੀਨਾਂ (ਆਜਿਜ਼ਾਂ) ਦੇ ਦੁਖ ਹਰ ਲਏ ॥੧੦੨॥
ਇਥੇ ਜੁਜਾਤਿ ਰਾਜਾ ਮ੍ਰਿਤੂ ਦੇ ਵਸ ਹੋ ਗਏ।
ਸੰਜੁਤਾ ਛੰਦ:
ਹੁਣ ਬੇਨ ਦੇ ਰਾਜ ਦਾ ਕਥਨ:
ਫਿਰ ਬੇਨੁ ਧਰਤੀ ਦਾ ਰਾਜਾ ਬਣਿਆ
ਜਿਸ ਨੇ ਆਪ ਕਿਸੇ ਤੋਂ ਦੰਡ ਨਹੀਂ ਲਿਆ ਸੀ।
ਭਾਂਤ ਭਾਂਤ ਦੇ ਜੀਵ ਅਤੇ ਮਨੁੱਖ ਸੁਖੀ ਸਨ
ਅਤੇ ਸਾਰਿਆਂ ਨੇ ਮਨ ਤੋਂ ਹੰਕਾਰ ਨੂੰ ਕੱਢ ਦਿੱਤਾ ਸੀ ॥੧੦੩॥
ਸਭ ਜੀਵ ਜੰਤ ਸੁਖੀ ਦਿਸਦੇ ਸਨ।
ਕੋਈ ਵੀ ਦੁਖੀ ਨਜ਼ਰ ਨਹੀਂ ਸੀ ਆਉਂਦਾ।
ਸਾਰੀ ਧਰਤੀ ਥਾਂ ਥਾਂ ਤੇ ਚੰਗੀ ਤਰ੍ਹਾਂ ਵਸ ਰਹੀ ਸੀ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੂਮੀ ਉਤੇ ਰਾਜ ਲਕਸ਼ਮੀ ਪ੍ਰਕਾਸ਼ਿਤ ਹੋ ਰਹੀ ਹੋਵੇ ॥੧੦੪॥
ਇਸ ਤਰ੍ਹਾਂ ਰਾਜ ਕਮਾ ਕੇ
ਅਤੇ ਸਾਰੇ ਦੇਸ਼ ਨੂੰ ਸੁਖ ਪੂਰਵਕ ਵਸਾ ਕੇ
ਦੀਨ (ਅਜਿਜ਼) ਲੋਕਾਂ ਦੇ ਬਹੁਤ ਦੁਖ ਨਸ਼ਟ ਕਰ ਦਿੱਤੇ।
(ਜਿਸ ਨੂੰ) ਸੁਣ ਕੇ ਸਾਰੇ ਦੇਵਤੇ ਥਕ ਗਏ ॥੧੦੫॥
ਬਹੁਤ ਸਮੇਂ ਤਕ ਰਾਜ ਸਮਾਜ ਕਮਾ ਕੇ
ਅਤੇ ਸਿਰ ਉਤੇ ਛਤ੍ਰ ਫਿਰਾ ਕੇ
ਉਸ ਦੀ ਜੋਤਿ (ਪਰਮਸੱਤਾ ਦੀ) ਜੋਤਿ ਵਿਚ ਮਿਲ ਗਈ।
ਇਸ ਤਰ੍ਹਾਂ ਵੈਰੀਆਂ ਦਾ ਨਾਸ਼ ਕਰਨ ਵਾਲਾ ਮਹਾਨ ਬਲੀ ਰਾਜਾ ਬੇਨ (ਹੋਇਆ) ॥੧੦੬॥
ਵਿਕਾਰਾਂ ਤੋਂ ਰਹਿਤ ਜਿਤਨੇ ਵੀ ਰਾਜੇ ਹੋਏ ਹਨ,
(ਉਹ) ਰਾਜ ਕਰ ਕੇ ਅੰਤ ਨੂੰ (ਪਰਮਾਤਮਾ ਵਿਚ) ਸਮਾ ਗਏ ਹਨ।
ਉਨ੍ਹਾਂ ਦੇ ਨਾਂ ਕਿਹੜਾ ਕਵੀ ਗਿਣ ਸਕਦਾ ਹੈ,
ਸੰਕੇਤ ਮਾਤਰ ਇਥੇ ਕਹਿ ਦਿੱਤੇ ਹਨ ॥੧੦੭॥
ਇਥੇ ਬੇਨੁ ਰਾਜਾ ਮ੍ਰਿਤੂ ਦੇ ਵਸ ਹੋ ਗਏ।
ਹੁਣ ਮਾਨਧਾਤਾ ਦੇ ਰਾਜ ਦਾ ਕਥਨ:
ਦੋਧਕ ਛੰਦ:
ਧਰਤੀ ਉਤੇ ਜਿਤਨੇ ਕੁ ਰਾਜੇ ਹੋਏ ਹਨ,
ਉਨ੍ਹਾਂ ਦੇ ਨਾਂ ਕਿਹੜਾ ਕਵੀ ਗਿਣ ਸਕਦਾ ਹੈ।
ਆਪਣੀ ਬੁੱਧੀ ਦੇ ਬਲ ਤੇ (ਉਨ੍ਹਾਂ ਦੇ) ਨਾਂ ਸੁਣਾਉਂਦਾ ਹਾਂ,
(ਪਰ ਫਿਰ ਵੀ) ਆਪਣੇ ਮਨ ਵਿਚ ਡਰ ਮੰਨਦਾ ਹਾਂ ॥੧੦੮॥
(ਜਦ) ਬੇਨ ਜਗਤ ਉਤੇ ਰਾਜ ਕਰ ਕੇ ਚਲਿਆ ਗਿਆ,
(ਤਦ) ਧਰਤੀ ਨੂੰ ਧਾਰਨ ਕਰਨ ਲਈ ਮਾਨਧਾਤਾ (ਰਾਜਾ) ਹੋਇਆ।
ਜਦ ਉਹ ਇੰਦਰ ('ਬਾਸਵ') ਲੋਕ ਵਿਚ ਵਿਚਰਿਆ,
(ਤਦ) ਉਸ ਨੂੰ ਇੰਦਰ ਨੇ ਉਠ ਕੇ ਅੱਧਾ ਆਸਣ ਦਿੱਤਾ ॥੧੦੯॥
ਤਦ ਮਾਨਧਾਤਾ ਰਾਜੇ ਦੇ (ਮਨ ਵਿਚ) ਕ੍ਰੋਧ ਭਰ ਗਿਆ
ਅਤੇ ਲਲਕਾਰਾ ਮਾਰ ਕੇ ਹੱਥ ਵਿਚ ਖੰਡਾ ਧਾਰਨ ਕਰ ਲਿਆ।
ਜਦ ਕ੍ਰੋਧ ਨਾਲ ਇੰਦਰ ਨੂੰ ਮਾਰਨ ਲਗਾ,
ਤਦ ਬ੍ਰਹਸਪਤੀ ('ਦਿਜਿੰਦ੍ਰ') ਨੇ ਉਸ ਦੀ ਬਾਂਹ ਪਕੜ ਲਈ ॥੧੧੦॥
(ਅਤੇ ਕਿਹਾ) ਹੇ ਰਾਜਨ! ਇੰਦਰ ਨੂੰ ਨਸ਼ਟ ਨਾ ਕਰੋ।