(ਸ੍ਰੀ ਕ੍ਰਿਸ਼ਨ ਪਾਸ ਚਿੱਠੀ ਪਹੁੰਚ ਗਈ) ਚਿੱਠੀ ਪੜ੍ਹ ਕੇ ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹ ਪਏ,
ਮਾਨੋ ਉਨ੍ਹਾਂ ਨੂੰ ਕਾਮ ਦੇਵ ਨੇ ਲੁਟ ਲਿਆ ਹੋਵੇ।
ਉਧਰੋਂ ਸ਼ਿਸ਼ੁਪਾਲ ਵੀ ਸੈਨਾ ਦਲ ਜੋੜ ਕੇ
ਕੁੰਦਨ ਪੁਰੀ ਨਗਰ ਦੇ ਨੇੜੇ ਆ ਗਿਆ ॥੧੩॥
ਰੁਕਮਣੀ ਨੇ ਬ੍ਰਾਹਮਣ ਨੂੰ ਭੇਦ ਦੀ ਗੱਲ ਦਸ ਦਿੱਤੀ
ਕਿ ਪ੍ਰਾਣਨਾਥ ਸ੍ਰੀ ਕ੍ਰਿਸ਼ਨ ਪ੍ਰਤਿ ਇਸ ਤਰ੍ਹਾਂ ਕਹਿਣਾ
ਕਿ ਜਦ ਮੈਂ ਗੌਰੀ ਦੀ ਪੂਜਾ ਲਈ (ਮੰਦਿਰ ਵਿਚ) ਆਵਾਂ
ਤਦ ਮੈਂ ਤੁਹਾਡੇ ਚੰਦ੍ਰਮਾ (ਵਰਗੇ ਮੁਖੜੇ) ਦੇ ਦਰਸ਼ਨ ਪ੍ਰਾਪਤ ਕਰਾਂ ॥੧੪॥
ਦੋਹਰਾ:
ਤਦ ਤੁਸੀਂ ਮੈਨੂੰ ਬਾਹੋਂ ਪਕੜ ਕੇ ਰਥ ਉਤੇ ਚੜ੍ਹਾ ਲੈਣਾ।
ਸਾਰਿਆਂ ਵੈਰੀਆਂ ਨੂੰ ਮਾਰ ਕੇ (ਮੈਨੂੰ) ਆਪਣੀ ਪਤਨੀ ਬਣਾ ਲੈਣਾ ॥੧੫॥
ਚੌਪਈ:
ਰੁਕਮ (ਰਾਜ ਕੁਮਾਰ) ਨੇ ਵਿਆਹ ਦੀ (ਪੂਰੀ ਤਰ੍ਹਾਂ) ਸਾਮਗ੍ਰੀ ਤਿਆਰ ਕੀਤੀ
ਅਤੇ ਭਾਂਤ ਭਾਂਤ ਦੇ ਪਕਵਾਨ ਅਤੇ ਮਿਠਿਆਈਆਂ (ਬਣਵਾਈਆਂ)।
ਉਹ ਇਸਤਰੀਆਂ ਦੇ ਇਕੱਠ ਵਿਚ ਫੁਲਿਆ ਫਿਰਦਾ ਸੀ।
ਉਸ ਦੇ ਮਨ ਵਿਚ ਛਲੇ ਜਾਣ ਦੀ ਬਿਲਕੁਲ ਖ਼ਬਰ ਤਕ ਨਹੀਂ ਸੀ ॥੧੬॥
(ਉਸ ਨੇ) ਗੌਰੀ ਦੀ ਪੂਜਾ ਲਈ ਭੈਣ (ਰੁਕਮਣੀ) ਨੂੰ ਭੇਜਿਆ।
ਉਥੋਂ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਹਰ ਲਿਆ।
ਦੁਸ਼ਟ ਲੋਕ ਮੂੰਹ ਅੱਡੀ ਰਹਿ ਗਏ
ਅਤੇ 'ਹਾਇ ਹਾਇ' ਇਸ ਤਰ੍ਹਾਂ ਕਹਿੰਦੇ ਰਹੇ ॥੧੭॥
ਭੁਜੰਗ ਛੰਦ:
ਸ੍ਰੀ ਕ੍ਰਿਸ਼ਨ ਉਸ ਨੂੰ ਰਥ ਉਤੇ ਚੜ੍ਹਾ ਕੇ ਲੈ ਚਲਿਆ।
ਤਦੋਂ ਸਾਰੇ ਸੂਰਮੇ ਕ੍ਰੋਧਿਤ ਹੋ ਕੇ ਧਾ ਕੇ ਪੈ ਗਏ।
ਜਰਾਸੰਧ ਤੋਂ ਲੈ ਕੇ ਜਿਤਨੇ ਸੂਰਮੇ ਸਨ,
ਹੱਥਾਂ ਵਿਚ (ਸ਼ਸਤ੍ਰ ਅਤੇ ਮੂੰਹ ਉਤੇ) ਪਟੈਲ (ਮੂੰਹ ਢਕਣ ਵਾਲੀਆਂ ਜਾਲੀਆਂ) ਪਾ ਕੇ ਚਲ ਪਏ ॥੧੮॥
ਕਿਤਨੇ ਘੋੜਿਆਂ ਉਤੇ ਕਾਠੀਆਂ ਪਾ ਕੇ
ਅਤੇ ਕਿਤਨੇ ਹੀ ਘੋੜਿਆਂ ਉਤੇ ਚਾਰ ਜਾਮੇ ਪਾ ਕੇ ਚੜ ਚਲੇ।
ਮਘੇਲੇ, ਧਧੇਲੇ, ਬੁੰਦੇਲੇ, ਚੰਦੇਲੇ,
ਕਛਵਾਹੇ, ਰਠੌਰੇ, ਬਘੇਲੇ, ਖੰਡੇਲੇ (ਆਦਿ ਚਲ ਪਏ) ॥੧੯॥
ਤਦੋਂ ਰੁਕਮ ਅਤੇ ਰੁਕਮੀ ਸਾਰਿਆਂ ਭਰਾਵਾਂ ਨੂੰ ਲੈ ਕੇ
ਅਤੇ ਚੰਗੀ ਤਕੜੀ ਸੈਨਾ ਲੈ ਕੇ ਚਲ ਪਏ।
ਉਥੇ ਚੌਹਾਂ ਪਾਸਿਆਂ ਤੋਂ ਬਾਣ ਚਲਣ ਲਗੇ।
ਮਾਰੂ ਰਾਗ ਦੇ ਵਜਣ ਦੇ ਨਾਲ ਯੋਧਿਆ ਨੇ ਯੁੱਧ ਮਚਾ ਦਿੱਤਾ ॥੨੦॥
ਕਿਤੇ ਵੱਡੀਆਂ ਭੇਰੀਆਂ ਅਤੇ ਭਾਰੇ ਸੰਖ ਵਜਣ ਲਗੇ,
ਕਿਤੇ ਨਗਾਰੇ ਅਤੇ ਨਫ਼ੀਰੀਆਂ ਵਜਣ ਲਗੀਆਂ।
ਬਾਣਾਂ ਦੀ ਅਜਿਹੀ ਮਾਰ ਪਈ,
ਮਾਨੋ ਪਰਲੋ ਦੇ ਸਮੇਂ ਦੀਆਂ ਅਗਨੀ ਦੀਆਂ ਲਾਟਾਂ ਨਿਕਲਦੀਆਂ ਹੋਣ ॥੨੧॥
ਤੇਜ਼ੀ ਨਾਲ ਚਲਦੇ ਹੋਏ ਬਾਣ ਬਾਣਾਂ ਨਾਲ ਖਹਿ ਰਹੇ ਸਨ।
(ਉਨ੍ਹਾਂ ਦੇ ਖਹਿਣ ਨਾਲ) ਜੋ ਚਿਣਗਾਂ ਨਿਕਲਦੀਆਂ ਸਨ ਉਹ ਜੁਗਨੂੰਆਂ ਵਰਗੀਆਂ ਲਗਦੀਆਂ ਸਨ।
ਕਿਤੇ ਢਾਲਾਂ ਅਤੇ ਕਵਚ ਵਿੰਨ੍ਹੇ ਪਏ ਸਨ।
ਕਿਤੇ ਗਿਰਝਾਂ ਮਾਸ ਦੇ ਲੋਥੜੇ ਲੈ ਜਾ ਰਹੀਆਂ ਸਨ ॥੨੨॥
ਕਿਤੇ ਦਸਤਾਨੇ ਕਟੇ ਹੋਏ ਪਏ ਸਨ।
ਕਿਤੇ ਕਟੀਆਂ ਹੋਈਆਂ ਉਂਗਲਾਂ (ਵਿਚ ਪਾਈਆਂ ਹੋਈਆਂ ਮੁੰਦਰੀਆਂ) ਵਿਚੋਂ ਰਤਨ ਝੜੇ ਪਏ ਸਨ।
ਕਈਆਂ ਦੇ ਹੱਥ ਵਿਚ ਕਟਾਰਾਂ ਅਤੇ ਕ੍ਰਿਪਾਨਾਂ ਰਹਿ ਗਈਆਂ ਸਨ
ਅਤੇ ਆਪ ਯੁੱਧ ਕਰ ਕੇ ਧਰਤੀ ਉਤੇ ਮੋਏ ਪਏ ਸਨ ॥੨੩॥
ਤਦੋਂ ਕ੍ਰੋਧ ਕਰ ਕੇ ਚੰਦੇਲੇ (ਸੂਰਮੇ) ਚਲ ਪਏ।
ਉਹ ਉਛਲਦੇ ਕੁਦਦੇ ਹੋਏ ਟੋਲੇ ਬੰਨ੍ਹ ਕੇ ਜੰਗ-ਭੂਮੀ ਵਿਚ ਆ ਗਏ।
(ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ,