ਅਸਮ ਸਿੰਘ, ਜਸ ਸਿੰਘ, ਇੰਦਰ ਸਿੰਘ,
ਅਭੈ ਸਿੰਘ ਅਤੇ ਇਛ ਸਿੰਘ (ਪੰਜ) ਬਲਵਾਨ ਅਤੇ ਬੁੱਧੀਮਾਨ ਸੂਰਮੇ ਸਨ ॥੧੩੩੮॥
ਭਜੀ ਜਾਂਦੀ ਸੈਨਾ ਰਾਜਿਆਂ ਨੇ ਵੇਖੀ ਅਤੇ ਯੁੱਧ ਲਈ ਚਲ ਪਏ।
ਪੰਜਾਂ ਨੇ ਹੰਕਾਰ ਕੀਤਾ ਕਿ ਅਜ ਸ੍ਰੀ ਕ੍ਰਿਸ਼ਨ ਨੂੰ ਮਾਰ ਦਿਆਂਗੇ ॥੧੩੩੯॥
ਉਧਰੋਂ ਸਾਰੇ (ਰਾਜੇ) ਸ਼ਸਤ੍ਰ ਲੈ ਕੇ ਅਤੇ ਕ੍ਰੋਧ ਵਧਾ ਕੇ ਆ ਗਏ।
ਇਧਰੋਂ ਸ੍ਰੀ ਕ੍ਰਿਸ਼ਨ ਜਲਦੀ ਨਾਲ ਰਥ ਨੂੰ ਭਜਾ ਕੇ ਸਾਹਮਣੇ ਹੋ ਗਏ ॥੧੩੪੦॥
ਸਵੈਯਾ:
ਤਦ ਮਹਾਂ ਬਲਵਾਨ ਸੁਭਟ ਸਿੰਘ ਯੋਧਾ ਕ੍ਰਿਸ਼ਨ ਜੀ ਵਲੋਂ ਅਗੇ ਨੂੰ ਵਧਿਆ।
ਉਸ ਨੇ ਪੰਜ ਤੀਰ ਹੱਥ ਵਿਚ ਲੈ ਲਏ ਹੋਏ ਹਨ ਅਤੇ ਕ੍ਰੋਧ ਨਾਲ ਬਹੁਤ ਵੱਡਾ ਧਨੁਸ਼ ਕਸ ਲਿਆ ਹੈ।
ਇਕ ਇਕ ਤੀਰ ਪੰਜਾਂ ਰਾਜਿਆਂ ਨੂੰ ਮਾਰ ਕੇ ਡਿਗਾ ਦਿੱਤਾ।
ਪੰਜੇ ਰਾਜੇ ਰੂੰ ਵਾਂਗ ਸਾੜ ਦਿੱਤੇ, ਮਾਨੋ (ਰਾਜਿਆਂ ਨੂੰ ਸਾੜਨ ਲਈ) ਅੱਗ ਦਾ ਰੂਪ ਬਣਾਇਆ ਹੋਵੇ ॥੧੩੪੧॥
ਦੋਹਰਾ:
ਸੁਭਟ ਸਿੰਘ ਨੇ ਰਣ-ਭੂਮੀ ਵਿਚ (ਪੈਰ) ਗਡ ਕੇ ਆਪਣੇ ਪ੍ਰਚੰਡ ਬਲ ਦਾ ਪ੍ਰਦਰਸ਼ਨ ਕੀਤਾ।
(ਜਿਹੜੇ) ਪੰਜ ਰਾਜੇ ਆਏ ਸਨ, ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ॥੧੩੪੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਯੁੱਧ ਪ੍ਰਬੰਧ ਦੇ ਪੰਜ ਰਾਜਿਆਂ ਦਾ ਬਧ ਅਧਿਆਇ ਸਮਾਪਤ।
ਹੁਣ ਦਸ ਰਾਜਿਆਂ ਦੇ ਯੁੱਧ ਦਾ ਕਥਨ:
ਦੋਹਰਾ:
ਹੋਰ ਦਸ ਰਾਜੇ ਕ੍ਰੋਧਵਾਨ ਹੋ ਕੇ (ਆਪਣੇ ਨਾਲ) ਸੂਰਮੇ ਲੈ ਕੇ ਹਮਲਾਵਰ ਹੋਏ ਹਨ
(ਜਿਹੜੇ) ਯੁੱਧ ਵਿਚ ਬਹੁਤ ਅਭਿਮਾਨੀ, ਮਹਾਰਥੀ ਅਤੇ ਰਣਧੀਰ ਹਨ ॥੧੩੪੩॥
ਸਵੈਯਾ:
ਆਉਂਦਿਆਂ ਹੀ ਦਸਾਂ ਰਾਜਿਆਂ ਨੇ ਸੁਭਟ ਸਿੰਘ ਉਤੇ ਬਾਣ ਚਲਾ ਦਿੱਤੇ।
ਸ੍ਰੀ ਕ੍ਰਿਸ਼ਨ ਦੇ ਯੋਧੇ (ਸੁਭਟ ਸਿੰਘ) ਨੇ (ਆਉਂਦੇ ਹੋਏ ਬਾਣਾਂ ਨੂੰ) ਵੇਖ ਕੇ ਧਨੁਸ਼-ਬਾਣ ਨਾਲ ਡਿਗਾ ਦਿੱਤਾ।
ਉਤਰ ਸਿੰਘ ਦਾ ਸਿਰ ਕਟਿਆ ਗਿਆ ਅਤੇ ਉਜਲ ਸਿੰਘ ਦੇ ਸ਼ਰੀਰ ਉਤੇ ਘਾਓ ਲਗਾ ਦਿੱਤੇ।
ਫਿਰ ਊਧਮ ਸਿੰਘ ਨੂੰ ਮਾਰ ਦਿੱਤਾ ਅਤੇ ਫਿਰ ਤਲਵਾਰ ਲੈ ਕੇ ਸੰਕਰ ਸਿੰਘ ਉਤੇ ਧਾਵਾ ਕਰ ਦਿੱਤਾ ॥੧੩੪੪॥
ਦੋਹਰਾ:
ਓਜ ਸਿੰਘ ਨੂੰ ਮਾਰ ਦਿੱਤਾ ਅਤੇ ਓਟ ਸਿੰਘ ਨੂੰ ਖਤਮ ਕਰ ਦਿੱਤਾ।
ਉਧ ਸਿੰਘ, ਉਸਨੇਸ ਸਿੰਘ ਅਤੇ ਉਤਰ ਸਿੰਘ ਨੂੰ ਸੰਘਾਰ ਦਿੱਤਾ ॥੧੩੪੫॥
ਜਦ ਇਸ (ਸੁਭਟ ਸਿੰਘ) ਨੇ ਨੌਂ ਰਾਜੇ ਮਾਰ ਦਿੱਤੇ ਅਤੇ ਯੁੱਧ-ਭੂਮੀ ਵਿਚ (ਕੇਵਲ) ਇਕ ਬਚ ਰਿਹਾ।
ਉਹ ਸੂਰਮਾ ਨਹੀਂ ਭਜਿਆ, ਉਸ ਦਾ ਨਾਂ ਉਗ੍ਰ ਸਿੰਘ ਹੈ ॥੧੩੪੬॥
ਸਵੈਯਾ:
ਉਗ੍ਰ ਸਿੰਘ ਸੂਰਮੇ ਨੇ ਬਾਣ ਉਤੇ ਮਹਾ ਮੰਤਰ ਪੜ੍ਹ ਕੇ, ਸੁਭਟ ਸਿੰਘ ਵਲ ਚਲਾ ਦਿੱਤਾ।
(ਬਾਣ) ਉਸ ਦੀ ਛਾਤੀ ਵਿਚ ਲਗ ਗਿਆ ਅਤੇ ਬਲ ਨਾਲ ਸ਼ਰੀਰ ਨੂੰ ਵਿੰਨ੍ਹ ਕੇ ਪਾਰ ਨਿਕਲ ਗਿਆ।
ਬਾਣ ਲਗਣ ਨਾਲ (ਸੁਭਟ ਸਿੰਘ) ਮਰ ਕੇ ਧਰਤੀ ਉਤੇ ਡਿਗ ਪਿਆ, ਉਸ ਦੇ ਯਸ਼ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਸੁਣਾਇਆ।
(ਉਸ ਨੇ) ਰਾਜਿਆਂ ਨੂੰ ਮਾਰਨ ਦਾ ਵੱਡਾ ਪਾਪ ਕੀਤਾ ਹੈ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਯਮ ਨੇ ਉਡਣੇ ਸੱਪ ਤੋਂ ਡੰਗ ਮਰਵਾਇਆ ਹੋਵੇ ॥੧੩੪੭॥
ਦੋਹਰਾ:
ਤਦੋਂ ਮਨੋਜ ਸਿੰਘ (ਨਾਂ ਦਾ) ਇਕ ਯੋਧਾ ਬਾਹਰ ਨਿਕਲਿਆ ਹੈ
ਅਤੇ ਬਹੁਤ ਕ੍ਰੋਧ ਕਰ ਕੇ ਮਹਾਨ ਰਣਧੀਰ ਉਗ੍ਰ ਸਿੰਘ ਵਲ ਚਲਿਆ ਹੈ ॥੧੩੪੮॥
ਸਵੈਯਾ:
ਬਲਵਾਨ ਯਾਦਵ ਨੂੰ ਆਉਂਦਿਆਂ ਵੇਖ ਕੇ ਮਹਾਨ ਬਲਵਾਨ ਅਤੇ ਰਣਧੀਰ ਵੈਰੀ ਸੂਰਮੇ ਨੇ (ਆਪਣੇ ਆਪ ਨੂੰ) ਸੰਭਾਲਿਆ।
ਲੋਹਮਈ ਬੜੇ ਭਾਰੇ ਬਰਛੇ ਨੂੰ ਪਕੜ ਕੇ ਅਤੇ ਕ੍ਰੋਧ ਕਰ ਕੇ ਚਲਾ ਦਿੱਤਾ।
ਬਰਛੇ ਦੇ ਲਗਦਿਆਂ ਹੀ ਮਨੋਜ ਸਿੰਘ ਮਾਰਿਆ ਗਿਆ ਅਤੇ ਉਸ ਦੇ ਪ੍ਰਾਣਾਂ ਨੂੰ ਲੈ ਕੇ ਯਮ ਆਪਣੇ ਲੋਕ ਨੂੰ ਚਲਾ ਗਿਆ।
ਉਸ ਨੂੰ ਮਾਰ ਕੇ, ਸੂਰਮੇ ਨੇ ਧਨੁਸ਼-ਬਾਣ ਲੈ ਕੇ ਬਲ ਪੂਰਵਕ ਬਲਰਾਮ ਨੂੰ ਲਲਕਾਰਿਆ ॥੧੩੪੯॥
ਆਉਂਦੇ ਹੋਏ ਵੈਰੀ ਨੂੰ ਵੇਖ ਕੇ ਬਲਰਾਮ ਨੇ ਕ੍ਰੋਧ ਕੀਤਾ ਅਤੇ ਮੂਸਲ ਪਕੜ ਕੇ (ਉਸ ਵਲ) ਵਧਿਆ।
(ਕਵੀ) ਸ਼ਿਆਮ ਕਹਿੰਦੇ ਹਨ, ਆਪਸ ਵਿਚ ਦੋਵੇਂ ਬਲਵਾਨ ਡਟ ਗਏ ਹਨ ਅਤੇ ਬਹੁਤ ਭਿਆਨਕ ਯੁੱਧ ਮਚਾਇਆ ਹੈ।
ਉਗ੍ਰ ਸਿੰਘ ਦੇ ਸਿਰ ਉਤੇ (ਬਲਰਾਮ ਦਾ) ਮੂਸਲ ਜਾ ਵਜਿਆ, (ਕਿਉਂਕਿ ਉਸ ਨੂੰ) ਬਚਾਉਣ ਦਾ ਦਾਓ ਨਹੀਂ ਆਇਆ।
ਜਿਸ ਵੇਲੇ (ਉਗ੍ਰ ਸਿੰਘ) ਮਰ ਕੇ ਧਰਤੀ ਉਤੇ ਡਿਗ ਪਿਆ, ਤਾਂ ਬਲਰਾਮ ਨੇ ਆਪਣਾ ਸੰਖ ਵਜਾ ਦਿੱਤਾ ॥੧੩੫੦॥
ਇਥੇ ਦਸ ਰਾਜਿਆਂ ਦੇ ਸੈਨਾ ਸਹਿਤ ਮਾਰੇ ਜਾਣ ਦਾ ਅਧਿਆਇ ਸਮਾਪਤ ॥
ਦਸ ਰਾਜਿਆਂ ਨਾਲ ਅਨੂਪ ਸਿੰਘ ਦੇ ਯੁੱਧ ਦਾ ਕਥਨ