ਸ਼੍ਰੀ ਦਸਮ ਗ੍ਰੰਥ

ਅੰਗ - 840


ਸਰ ਅਨੰਗ ਕੇ ਤਨ ਗਡੇ ਕਢੇ ਦਸਊਅਲਿ ਫੂਟਿ ॥

ਉਸ ਦੇ ਤਨ ਵਿਚ ਕਾਮ ਦੇਵ ਦੇ ਤੀਰ ਵਜੇ ਸਨ, (ਉਹ) ਵਿੰਨ੍ਹ ਕੇ ਦੂਜੇ ਪਾਸੇ ਜਾ ਨਿਕਲੇ।

ਲੋਕ ਲਾਜ ਕੁਲ ਕਾਨਿ ਸਭ ਗਈ ਤਰਕ ਦੈ ਤੂਟਿ ॥੧੨॥

(ਫਲਸਰੂਪ) ਲੋਕ-ਲਾਜ ਅਤੇ ਕੁਲ ਦੀ ਮਰਯਾਦਾ ਸਾਰੀ ਤਿੜਕ ਕੇ ਟੁਟ ਗਈ ॥੧੨॥

ਏਕ ਪੁਰਖ ਸੁੰਦਰ ਹੁਤੋ ਤਾ ਕੌ ਲਯੋ ਬੁਲਾਇ ॥

ਇਕ ਸੁੰਦਰ ਪੁਰਸ਼ ਹੁੰਦਾ ਸੀ। ਉਸ ਨੂੰ ਬੁਲਾ ਲਿਆ

ਮੈਨ ਭੋਗ ਤਾ ਸੌ ਕਿਯੋ ਹ੍ਰਿਦੈ ਹਰਖ ਉਪਜਾਇ ॥੧੩॥

ਅਤੇ ਮਨ ਵਿਚ ਖ਼ੁਸ਼ ਹੋ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੧੩॥

ਚੌਪਈ ॥

ਚੌਪਈ:

ਤਾ ਸੌ ਭੋਗ ਕਰਤ ਤ੍ਰਿਯ ਰਸੀ ॥

(ਉਹ) ਇਸਤਰੀ ਉਸ ਨਾਲ ਰਮਣ ਕਰਨ ਵਿਚ ਮਗਨ ਹੋ ਗਈ

ਜਨ ਹ੍ਵੈ ਨਾਰਿ ਭਵਨ ਤਿਹ ਬਸੀ ॥

ਮਾਨੋ (ਉਸ ਦੀ) ਨਾਰੀ ਹੋ ਕੇ ਉਸ ਦੇ ਘਰ ਵਿਚ ਹੀ ਵਸਦੀ ਹੋਵੇ।

ਨਿਤ ਨਿਸਾ ਕਹ ਤਾਹਿ ਬੁਲਾਵੈ ॥

ਹਰ ਰਾਤ ਨੂੰ ਉਸ ਨੂੰ ਬੁਲਾ ਲੈਂਦੀ

ਮਨ ਭਾਵਤ ਕੇ ਭੋਗ ਕਮਾਵੈ ॥੧੪॥

ਅਤੇ (ਉਸ ਨਾਲ) ਮਨ ਭਾਉਂਦੇ ਭੋਗ ਵਿਲਾਸ ਕਰਦੀ ॥੧੪॥

ਆਵਤ ਤਾਹਿ ਲੋਗ ਸਭ ਰੋਕੈ ॥

ਉਸ ਨੂੰ ਆਉਂਦਿਆਂ ਸਾਰੇ ਲੋਕੀਂ ਰੋਕਦੇ

ਚੋਰ ਪਛਾਨਿ ਪਾਹਰੂ ਟੋਕੈ ॥

ਅਤੇ ਪਹਿਰੇਦਾਰ ਚੋਰ ਸਮਝ ਕੇ ਟੋਕਦੇ।

ਜਬ ਚੇਰੀ ਤਿਨ ਬਚਨ ਸੁਨਾਵੈ ॥

ਪਰ ਜਦੋਂ ਦਾਸੀ ਆ ਕੇ ਉਨ੍ਹਾਂ ਨੂੰ ਦਸਦੀ

ਤਬ ਗ੍ਰਿਹ ਜਾਰ ਸੁ ਪੈਠੈ ਪਾਵੈ ॥੧੫॥

ਤਾਂ (ਉਸ ਦੇ) ਘਰ ਵਿਚ ਯਾਰ ਪ੍ਰਵੇਸ਼ ਪ੍ਰਾਪਤ ਕਰਦਾ ॥੧੫॥

ਭੋਗ ਜਾਰ ਸੋ ਤ੍ਰਿਯ ਅਤਿ ਕਰੈ ॥

ਉਹ ਇਸਤਰੀ ਯਾਰ ਨਾਲ ਖ਼ੂਬ ਰਤੀ-ਕ੍ਰੀੜਾ ਕਰਦੀ

ਭਾਤਿ ਭਾਤਿ ਕੇ ਭੋਗਨ ਭਰੈ ॥

ਅਤੇ ਭਾਂਤ ਭਾਂਤ ਦੇ ਕਾਮਕਲੋਲ ਕਰਦੀ।

ਅਧਿਕ ਕਾਮ ਕੋ ਤ੍ਰਿਯ ਉਪਜਾਵੈ ॥

(ਉਹ) ਇਸਤਰੀ ਬਹੁਤ ਕਾਮੁਕ ਹੋ ਜਾਂਦੀ

ਲਪਟਿ ਲਪਟਿ ਕਰਿ ਭੋਗ ਕਮਾਵੈ ॥੧੬॥

ਅਤੇ (ਉਸ ਨਾਲ) ਲਿਪਟ ਲਿਪਟ ਕੇ ਸੰਯੋਗ ਕਰਦੀ ॥੧੬॥

ਦੋਹਰਾ ॥

ਦੋਹਰਾ:

ਜਬ ਚੇਰੀ ਪਹਰੂਨ ਕੋ ਉਤਰ ਦੇਤ ਬਨਾਇ ॥

ਜਦ ਦਾਸੀ ਪਹਿਰੇਦਾਰ ਨੂੰ ਸਾਰੀ ਗੱਲ ਸਮਝਾਉਂਦੀ,

ਤਬ ਵਹੁ ਪਾਵਤ ਪੈਠਬੋ ਮੀਤ ਮਿਲਤ ਤਿਹ ਆਇ ॥੧੭॥

ਤਦ ਉਹ ਅੰਦਰ ਪ੍ਰਵੇਸ਼ ਪ੍ਰਾਪਤ ਕਰਦਾ ਅਤੇ ਉਹ (ਇਸਤਰੀ) ਮਿਤਰ ਨੂੰ ਮਿਲਣ ਲਈ ਆਉਂਦੀ ॥੧੭॥

ਚੌਪਈ ॥

ਚੌਪਈ:

ਰੈਨਿ ਭਈ ਤ੍ਰਿਯ ਮਿਤ੍ਰ ਬੁਲਾਯੋ ॥

(ਇਕ ਵਾਰ) ਰਾਤ ਪੈਣ ਤੇ (ਉਸ) ਇਸਤਰੀ ਨੇ ਮਿਤਰ ਨੂੰ ਬੁਲਾ ਲਿਆ।

ਤ੍ਰਿਯ ਕੋ ਭੇਸ ਧਾਰਿ ਸੋ ਆਯੋ ॥

ਉਹ ਇਸਤਰੀ ਦਾ ਭੇਸ ਧਾਰ ਕੇ ਆ ਗਿਆ।

ਇਹ ਬਿਧਿ ਤਾ ਸੋ ਬਚਨ ਉਚਰੇ ॥

(ਉਸ ਇਸਤਰੀ ਨੇ) ਇਸ ਤਰ੍ਹਾਂ ਦੇ ਬੋਲ ਉਸ ਨਾਲ ਸਾਂਝੇ ਕੀਤੇ

ਹਮ ਸੋ ਭੋਗ ਅਧਿਕ ਤੁਮ ਕਰੇ ॥੧੮॥

ਕਿ ਤੁਸੀਂ ਮੇਰੇ ਨਾਲ ਬਹੁਤ ਭੋਗ-ਵਿਲਾਸ ਕਰ ਲਿਆ ਹੈ ॥੧੮॥

ਨਾਰਿ ਕਹਿਯੋ ਸੁਨਿ ਮਿਤ੍ਰ ਹਮਾਰੇ ॥

ਇਸਤਰੀ ਨੇ ਕਿਹਾ, ਹੇ ਮਿਤਰ! ਸੁਣੋ।

ਕਹੋ ਬਾਤ ਸੋ ਕਰਹੁ ਪ੍ਯਾਰੇ ॥

ਜੋ ਗੱਲ ਮੈਂ ਕਹਿੰਦੀ ਹਾਂ, ਹੇ ਪਿਆਰੇ! ਉਹ ਕਰੋ।

ਮੰਤ੍ਰ ਮੋਰ ਕਾਨਨ ਧਰਿ ਲੀਜਹੁ ॥

ਮੇਰੀ ਗੱਲ ਨੂੰ ਕੰਨਾਂ ਵਿਚ ਪਾ ਲਵੋ

ਅਵਰ ਕਿਸੂ ਤਨ ਭੇਦ ਨ ਦੀਜਹੁ ॥੧੯॥

ਅਤੇ ਕਿਸੇ ਹੋਰ ਨੂੰ ਇਹ ਭੇਦ ਨਾ ਦਿਓ ॥੧੯॥

ਏਕ ਦਿਵਸ ਤੁਮ ਬਨ ਮੈ ਜੈਯਹੁ ॥

ਇਕ ਦਿਨ ਤੁਸੀਂ ਜੰਗਲ ਵਿਚ ਜਾਓ

ਏਕ ਬਾਵਰੀ ਭੀਤਰਿ ਨੈਯਹੁ ॥

ਅਤੇ ਇਕ ਬਾਉਲੀ ਵਿਚ ਇਸ਼ਨਾਨ ਕਰੋ।

ਮੋਹਿ ਮਿਲੇ ਜਦੁਪਤਿ ਯੌ ਕਹਿਯਹੁ ॥

(ਅਤੇ) ਇਸ ਤਰ੍ਹਾਂ ਕਹਿਣਾ ਕਿ ਮੈਨੂੰ ਸ੍ਰੀ ਕ੍ਰਿਸ਼ਨ ਮਿਲੇ ਹਨ।

ਏ ਬਚ ਭਾਖਿ ਮੌਨ ਹ੍ਵੈ ਰਹਿਯਹੁ ॥੨੦॥

ਇਹ ਗੱਲ ਕਹਿ ਕੇ ਚੁਪ ਹੋ ਜਾਣਾ ॥੨੦॥

ਤੁਮ ਜੋ ਲੋਗ ਦੇਖ ਹੈ ਆਈ ॥

ਤੈਨੂੰ ਜੋ ਲੋਕ ਵੇਖਣ ਲਈ ਆਉਣ,

ਯੌ ਕਹਿ ਯਹੁ ਤਿਨ ਬਚਨ ਸੁਨਾਈ ॥

ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਹਿ ਕੇ ਸੁਣਾਉਣਾ।

ਆਨਿ ਗਾਵ ਤੇ ਬਚਨ ਕਹੈਂਗੇ ॥

(ਉਹ ਲੋਕ) ਆ ਕੇ ਪਿੰਡ ਵਿਚ ਗੱਲਾਂ ਕਰਨਗੇ,

ਸੁਨ ਬਤਿਯਾ ਹਮ ਚਕ੍ਰਿਤ ਰਹੈਂਗੇ ॥੨੧॥

ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮੈਂ ਹੈਰਾਨ ਹੋ ਜਾਵਾਂਗੀ ॥੨੧॥

ਚੜਿ ਝੰਪਾਨ ਸੁ ਤਹਾ ਹਮ ਐ ਹੈ ॥

ਮੈਂ ਪਾਲਕੀ ('ਝੰਪਾਨ') ਵਿਚ ਚੜ੍ਹ ਕੇ ਉਥੇ ਆਵਾਂਗੀ।

ਗੁਰੂ ਭਾਖਿ ਤਵ ਸੀਸ ਝੁਕੈ ਹੈ ॥

ਤੈਨੂੰ ਗੁਰੂ ਕਹਿ ਕੇ ਸਿਰ ਝੁਕਾਵਾਂਗੀ।

ਲੈ ਤੋ ਕੋ ਅਪਨੇ ਘਰ ਜੈਹੋ ॥

ਤੈਨੂੰ ਲੈ ਕੇ ਆਪਣੇ ਘਰ ਜਾਵਾਂਗੀ

ਭਾਤਿ ਭਾਤਿ ਕੇ ਭੋਗ ਕਮੈਹੋ ॥੨੨॥

ਅਤੇ (ਤੇਰੇ ਨਾਲ) ਭਾਂਤ ਭਾਂਤ ਦੀ ਕਾਮਕ੍ਰੀੜਾ ਕਰਾਂਗੀ ॥੨੨॥

ਤਵਨੈ ਜਾਰ ਤੈਸ ਹੀ ਕਿਯੋ ॥

ਉਸ ਦੇ ਯਾਰ ਨੇ ਉਸੇ ਤਰ੍ਹਾਂ ਕੀਤਾ,

ਜਵਨ ਭਾਤਿ ਅਬਲਾ ਕਹਿ ਦਿਯੋ ॥

ਜਿਸ ਤਰ੍ਹਾਂ (ਉਸ) ਇਸਤਰੀ ਨੇ ਕਿਹਾ ਸੀ।

ਭਯੋ ਪ੍ਰਾਤ ਬਨ ਮਾਹਿ ਸਿਧਾਰਿਯੋ ॥

ਸਵੇਰ ਹੋਣ ਤੇ (ਉਹ) ਬਨ ਵਿਚ ਚਲਾ ਗਿਆ

ਏਕ ਬਾਵਰੀ ਮਾਹਿ ਬਿਹਾਰਿਯੋ ॥੨੩॥

ਅਤੇ ਇਕ ਬਾਉਲੀ ਵਿਚ ਜਾ ਕੇ ਵਿਹਾਰ ਕੀਤਾ (ਭਾਵ ਇਸ਼ਨਾਨ ਕੀਤਾ) ॥੨੩॥

ਦੋਹਰਾ ॥

ਦੋਹਰਾ:

ਮਜਨ ਕਰਿ ਬਾਪੀ ਬਿਖੈ ਬੈਠਿਯੋ ਧ੍ਯਾਨ ਲਗਾਇ ॥

ਬਾਉਲੀ ਵਿਚ ਇਸ਼ਨਾਨ ਕਰ ਕੇ ਧਿਆਨ ਲਗਾ ਕੇ ਬੈਠ ਗਿਆ

ਕਹਿਯੋ ਆਨਿ ਮੁਹਿ ਦੈ ਗਏ ਦਰਸਨ ਸ੍ਰੀ ਜਦੁਰਾਇ ॥੨੪॥

ਅਤੇ ਕਹਿਣ ਲਗਾ ਕਿ ਸ੍ਰੀ ਕ੍ਰਿਸ਼ਨ ਆ ਕੇ ਮੈਨੂੰ ਦਰਸ਼ਨ ਦੇ ਗਏ ਹਨ ॥੨੪॥