ਸ਼੍ਰੀ ਦਸਮ ਗ੍ਰੰਥ

ਅੰਗ - 296


ਅਥ ਬਲਭਦ੍ਰ ਜਨਮ ॥

ਹੁਣ ਬਲਭਦ੍ਰ ਦੇ ਜਨਮ ਦਾ ਕਥਨ:

ਸਵੈਯਾ ॥

ਸਵੈਯਾ:

ਜੋ ਬਲਭਦ੍ਰ ਭਯੋ ਗਰਭਾਤਰ ਤੌ ਦੁਹੰ ਬੈਠਿ ਕੈ ਮੰਤ੍ਰ ਕਰਿਓ ਹੈ ॥

ਜਦੋਂ ਬਲਭਦ੍ਰ ਗਰਭ ਅੰਦਰ ਆਇਆ ਤਾਂ ਦੇਵਕੀ ਤੇ ਬਸੁਦੇਵ ਦੋਹਾਂ ਨੇ ਬੈਠ ਕੇ ਸਲਾਹ ਕੀਤੀ ਹੈ।

ਤਾ ਹੀ ਤੇ ਮੰਤ੍ਰ ਕੇ ਜੋਰ ਸੋ ਕਾਢਿ ਕੈ ਰੋਹਿਨੀ ਕੇ ਉਰ ਬੀਚ ਧਰਿਓ ਹੈ ॥

ਮੰਤ੍ਰਾਂ ਦੇ ਜ਼ੋਰ ਨਾਲ, (ਉਸ ਬਾਲਕ ਨੂੰ ਦੇਵਕੀ ਦੇ ਗਰਭ ਵਿਚੋਂ) ਕਢ ਕੇ ਰੋਹਿਣੀ ਦੇ ਗਰਭ ਵਿਚ ਟਿਕਾ ਦਿੱਤਾ ਹੈ।

ਕੰਸ ਕਦਾਚ ਹਨੇ ਸਿਸੁ ਕੋ ਤਿਹ ਤੇ ਮਨ ਮੈ ਬਸੁਦੇਵ ਡਰਿਓ ਹੈ ॥

ਕਿਧਰੇ ਕੰਸ (ਇਸ) ਬਾਲਕ ਨੂੰ ਵੀ ਨਾ ਮਾਰ ਦੇਵੇ, ਇਸ ਕਰ ਕੇ ਬਸੁਦੇਵ ਮਨ ਵਿਚ ਡਰਿਆ ਹੋਇਆ ਹੈ।

ਸੇਖ ਮਨੋ ਜਗ ਦੇਖਨ ਕੋ ਜਗ ਭੀਤਰ ਰੂਪ ਨਵੀਨ ਕਰਿਓ ਹੈ ॥੫੫॥

(ਸਮਾਂ ਪੂਰਾ ਹੋਣ ਤੇ ਬਾਲਕ ਨੇ ਜਨਮ ਲਿਆ) ਮਾਨੋ ਸ਼ੇਸ਼ਨਾਗ ਨੇ ਜਗਤ ਨੂੰ ਵੇਖਣ ਲਈ ਜਗ ਵਿਚ ਨਵਾਂ ਰੂਪ ਧਾਰਨ ਕੀਤਾ ਹੋਵੇ ॥੫੫॥

ਦੋਹਰਾ ॥

ਦੋਹਰਾ:

ਕ੍ਰਿਸਨ ਕ੍ਰਿਸਨ ਕਰਿ ਸਾਧ ਦੋ ਬਿਸਨੁ ਕਿਸਨ ਪਤਿ ਜਾਸੁ ॥

ਦੋਵੇਂ ਸਾਧੂ ਸੁਭਾ ਵਾਲੇ (ਦੇਵਕੀ ਅਤੇ ਬਸੁਦੇਵ) ਮਾਯਾ-ਪਤਿ ('ਕਿਸਨ ਪਤਿ') ਵਿਸ਼ਣੂ ਦਾ 'ਕ੍ਰਿਸ਼ਨ ਕ੍ਰਿਸ਼ਨ' ਕਹਿ ਕੇ ਜਸ ਕਰਦੇ ਹਨ।

ਕ੍ਰਿਸਨ ਬਿਸ੍ਵ ਤਰਬੇ ਨਿਮਿਤ ਤਨ ਮੈ ਕਰਿਯੋ ਪ੍ਰਕਾਸ ॥੫੬॥

(ਵਿਸ਼ਣੂ) ਪਾਪਾਂ ਨਾਲ ਕਾਲੀ ਹੋਈ ਦੁਨੀਆ ਨੂੰ ਤਾਰਨ ਲਈ (ਦੇਵਕੀ ਦੇ) ਸ਼ਰੀਰ ਵਿਚ ਪ੍ਰਕਾਸ਼ ਕਰਦਾ ਹੈ ॥੫੬॥

ਅਥ ਕ੍ਰਿਸਨ ਜਨਮ ॥

ਹੁਣ ਕ੍ਰਿਸ਼ਨ ਦੇ ਜਨਮ ਦਾ ਕਥਨ

ਸਵੈਯਾ ॥

ਸਵੈਯਾ:

ਸੰਖ ਗਦਾ ਕਰਿ ਅਉਰ ਤ੍ਰਿਸੂਲ ਧਰੇ ਤਨਿ ਕਉਚ ਬਡੇ ਬਡਭਾਗੀ ॥

ਹੱਥ ਵਿਚ ਸੰਖ, ਗਦਾ ਅਤੇ ਤ੍ਰਿਸ਼ੂਲ ਧਾਰਿਆ ਹੋਇਆ ਹੈ, ਸ਼ਰੀਰ ਉਤੇ ਕਵਚ (ਧਾਰਨ ਕੀਤਾ ਹੋਇਆ ਹੈ) ਅਤੇ ਵਡੇ ਪ੍ਰਤਾਪ ਵਾਲਾ ਹੈ।

ਨੰਦ ਗਹੈ ਕਰਿ ਸਾਰੰਗ ਸਾਰੰਗ ਪੀਤ ਧਰੈ ਪਟ ਪੈ ਅਨੁਰਾਗੀ ॥

(ਚੌਥੇ) ਹੱਥ ਵਿਚ ਖੜਗ, ਪੰਜਵੇਂ ਵਿਚ ਕਮਲ (ਛੇਵੇਂ ਵਿਚ) ਧਨੁਸ਼ ਧਾਰਨ ਕਰਨ ਵਾਲੇ ਪ੍ਰੇਮ-ਸਰੂਪ ਨੇ ਪੀਲੇ ਬਸਤ੍ਰ ਪਾਏ ਹੋਏ ਹਨ।

ਸੋਈ ਹੁਤੀ ਜਨਮਿਉ ਇਹ ਕੇ ਗ੍ਰਿਹ ਕੈ ਡਰਪੈ ਮਨ ਮੈ ਉਠਿ ਜਾਗੀ ॥

ਸੁਤੀ ਪਈ ਦੇਵਕੀ ਦੇ ਗ੍ਰਿਹ ਵਿਚ (ਇਸ ਤਰ੍ਹਾਂ ਦੇ ਪ੍ਰਤਾਪੀ ਪੁਰਖ ਦੇ) ਜਨਮ ਨਾਲ ਉਹ ਮਨ ਵਿਚ ਡਰਦੀ ਹੋਈ ਜਾਗ ਕੇ ਉਠ ਬੈਠੀ ਹੈ।

ਦੇਵਕੀ ਪੁਤ੍ਰ ਨ ਜਾਨਿਯੋ ਲਖਿਓ ਹਰਿ ਕੈ ਕੈ ਪ੍ਰਨਾਮ ਸੁ ਪਾਇਨ ਲਾਗੀ ॥੫੭॥

ਦੇਵਕੀ ਨੇ (ਉਸ ਨੂੰ) ਪੁੱਤਰ ਕਰ ਕੇ ਨਹੀਂ ਜਾਣਿਆਂ ਅਤੇ ਪਰਮਾਤਮਾ ਸਮਝਿਆ, ਉਸ ਨੂੰ ਪ੍ਰਨਾਮ ਕਰ ਕੇ ਚਰਨਾਂ ਉਤੇ ਡਿਗ ਪਈ ॥੫੭॥

ਦੋਹਰਾ ॥

ਦੋਹਰਾ:

ਲਖਿਓ ਦੇਵਕੀ ਹਰਿ ਮਨੈ ਲਖਿਓ ਨ ਕਰਿ ਕਰਿ ਤਾਤ ॥

ਦੇਵਕੀ ਨੇ ਹਰਿ ਕਰ ਕੇ ਮੰਨਿਆ ਹੈ, ਪੁੱਤਰ ਕਰ ਕੇ ਨਹੀਂ ਜਾਣਿਆ।

ਲਖਿਓ ਜਾਨ ਕਰਿ ਮੋਹਿ ਕੀ ਤਾਨੀ ਤਾਨਿ ਕਨਾਤ ॥੫੮॥

(ਉਸ ਵੇਲੇ ਕ੍ਰਿਸ਼ਨ ਨੇ) ਜਾਣ ਲਿਆ (ਕਿ ਇਸ ਨੇ ਮੇਰਾ ਅਸਲ ਰੂਪ) ਪਛਾਣ ਲਿਆ ਹੈ। (ਇਸ ਲਈ) ਮੋਹ ਦੀ ਕਨਾਤ ਖਿਚ ਕੇ ਤਾਣ ਦਿੱਤੀ ਹੈ ॥੫੮॥

ਕ੍ਰਿਸਨ ਜਨਮ ਜਬ ਹੀ ਭਇਓ ਦੇਵਨ ਭਇਓ ਹੁਲਾਸ ॥

ਜਦੋਂ ਕ੍ਰਿਸ਼ਨ ਦਾ ਜਨਮ ਹੋਇਆ, ਤਦੋਂ ਦੇਵਤਿਆਂ ਦੇ ਚਿਤ ਆਨੰਦਿਤ ਹੋ ਗਏ।

ਸਤ੍ਰ ਸਬੈ ਅਬ ਨਾਸ ਹੋਹਿੰ ਹਮ ਕੋ ਹੋਇ ਬਿਲਾਸ ॥੫੯॥

(ਸਾਰੇ ਦੇਵਤੇ ਕਹਿਣ ਲਗੇ) ਹੁਣ ਸਾਡੇ ਸਾਰੇ ਵੈਰੀ ਨਸ਼ਟ ਹੋ ਜਾਣਗੇ ਅਤੇ ਸਾਨੂੰ ਸੁਖ ਪ੍ਰਾਪਤ ਹੋਵੇਗਾ ॥੫੯॥

ਆਨੰਦ ਸੋ ਸਬ ਦੇਵਤਨ ਸੁਮਨ ਦੀਨ ਬਰਖਾਇ ॥

ਪ੍ਰਸੰਨਤਾ ਪੂਰਵਕ ਸਾਰਿਆਂ ਦੇਵਤਿਆਂ ਨੇ ਫੁਲਾਂ ਦੀ ਬਰਖਾ ਕਰ ਦਿੱਤੀ,

ਸੋਕ ਹਰਨ ਦੁਸਟਨ ਦਲਨ ਪ੍ਰਗਟੇ ਜਗ ਮੋ ਆਇ ॥੬੦॥

(ਕਿਉਂਕਿ ਉਨ੍ਹਾਂ ਦੇ) ਸੋਗ ਦੂਰ ਕਰਨ ਅਤੇ ਦੁਸ਼ਟਾਂ ਨੂੰ ਦਲ ਸੁਟਣ ਵਾਲੇ (ਭਗਵਾਨ) ਜਗਤ ਵਿਚ ਪ੍ਰਗਟ ਹੋ ਗਏ ਹਨ ॥੬੦॥

ਜੈ ਜੈ ਕਾਰ ਭਯੋ ਜਬੈ ਸੁਨੀ ਦੇਵਕੀ ਕਾਨਿ ॥

ਜਦੋਂ (ਦੇਵਤਿਆਂ ਵਲੋਂ) ਜੈ ਜੈ ਕਾਰ ਹੁੰਦੀ ਦੇਵਕੀ ਨੇ ਕੰਨੀ ਸੁਣੀ

ਤ੍ਰਾਸਤਿ ਹੁਇ ਮਨ ਮੈ ਕਹਿਯੋ ਸੋਰ ਕਰੈ ਕੋ ਆਨਿ ॥੬੧॥

(ਤਾਂ) ਸਹਿਮੀ ਹੋਈ ਨੇ ਮਨ ਵਿਚ ਕਿਹਾ, (ਸਾਡੇ ਘਰ ਵਿਚ) ਆ ਕੇ ਕੌਣ ਸ਼ੋਰ ਕਰ ਰਿਹਾ ਹੈ ॥੬੧॥

ਬਾਸੁਦੇਵ ਅਰੁ ਦੇਵਕੀ ਮੰਤ੍ਰ ਕਰੈ ਮਨ ਮਾਹਿ ॥

ਬਸੁਦੇਵ ਅਤੇ ਦੇਵਕੀ ਮਨ ਵਿਚ ਵਿਚਾਰ ਕਰਦੇ ਹਨ

ਕੰਸ ਕਸਾਈ ਜਾਨ ਕੈ ਹੀਐ ਅਧਿਕ ਡਰਪਾਹਿ ॥੬੨॥

ਅਤੇ ਕੰਸ ਨੂੰ ਕਸਾਈ ਜਾਣ ਕਰ ਕੇ ਮਨ ਵਿਚ ਬਹੁਤ ਡਰ ਰਹੇ ਹਨ ॥੬੨॥

ਇਤਿ ਕ੍ਰਿਸਨ ਜਨਮ ਬਰਨਨੰ ਸਮਾਪਤੰ ॥

ਇਥੇ ਕ੍ਰਿਸ਼ਨ ਦੇ ਜਨਮ ਦੇ ਵਰਣਨ ਦੀ ਸਮਾਪਤੀ।

ਸਵੈਯਾ ॥

ਸਵੈਯਾ:

ਮੰਤ੍ਰ ਬਿਚਾਰ ਕਰਿਓ ਦੁਹਹੂੰ ਮਿਲਿ ਮਾਰਿ ਡਰੈ ਇਹ ਕੋ ਮਤਿ ਰਾਜਾ ॥

ਦੋਹਾਂ (ਬਸੁਦੇਵ ਤੇ ਦੇਵਕੀ) ਨੇ ਮਿਲ ਕੇ ਅਤੇ ਵਿਚਾਰ ਕਰ ਕੇ ਸਲਾਹ ਕੀਤੀ (ਕਿ) ਕਿਧਰੇ ਕੰਸ ਇਸ ਨੂੰ ਮਰਵਾ ਨਾ ਦੇਵੇ,

ਨੰਦਹਿ ਕੇ ਘਰਿ ਆਇ ਹਉ ਡਾਰਿ ਕੈ ਠਾਟ ਇਹੀ ਮਨ ਮੈ ਤਿਨ ਸਾਜਾ ॥

(ਇਸ ਲਈ ਇਸ ਨੂੰ ਨੰਦ ਦੇ ਘਰ ਸੁਟ ਆਈਏ; ਉਨ੍ਹਾਂ ਇਹੋ ਸਲਾਹ ਮਨ ਵਿਚ ਪਕੀ ਕੀਤੀ।

ਕਾਨ੍ਰਹ ਕਹਿਓ ਮਨ ਮੈ ਨ ਡਰੋ ਤੁਮ ਜਾਹੁ ਨਿਸੰਕ ਬਜਾਵਤ ਬਾਜਾ ॥

ਕਾਨ੍ਹ ਨੇ ਕਿਹਾ, ਤੁਸੀਂ ਡਰੋ ਨਾ, ਨਿਸੰਗ ਹੋ ਕੇ ਧੌਂਸੇ ਵਜਾਉਂਦੇ ਜਾਓ (ਕੋਈ ਵੇਖ ਨਹੀਂ ਸਕੇਗਾ)।

ਮਾਯਾ ਕੀ ਖੈਂਚਿ ਕਨਾਤ ਲਈ ਧਰ ਬਾਲਕ ਸਊਰਭ ਆਪਿ ਬਿਰਾਜਾ ॥੬੩॥

ਮਾਯਾ ਦੀ ਕਨਾਤ ਖਿਚ ਕੇ ਤਣ ਦਿੱਤੀ ਹੈ ਅਤੇ ਬਾਲਕ ਸਰੂਪ ਹੋ ਕੇ ਆਪ ਬਿਰਾਜ ਰਿਹਾ ਹੈ ॥੬੩॥

ਦੋਹਰਾ ॥

ਦੋਹਰਾ:

ਕ੍ਰਿਸਨ ਜਬੈ ਤਿਨ ਗ੍ਰਿਹਿ ਭਯੋ ਬਾਸੁਦੇਵ ਇਹ ਕੀਨ ॥

ਜਦੋਂ ਉਨ੍ਹਾਂ ਦੇ ਘਰ ਵਿਚ ਕ੍ਰਿਸ਼ਨ (ਪ੍ਰਗਟੁ) ਹੋਏ, (ਤਦੋਂ) ਬਸੁਦੇਵ ਨੇ ਇਹ (ਕੰਮ) ਕੀਤਾ।

ਦਸ ਹਜਾਰ ਗਾਈ ਭਲੀ ਮਨੈ ਮਨਸਿ ਕਰਿ ਦੀਨ ॥੬੪॥

ਦਸ ਹਜ਼ਾਰ ਚੰਗੀਆਂ ਗਊਆਂ ਦੇ ਦਾਨ (ਦੇਣ ਦਾ) ਮਨ ਵਿਚ ਸੰਕਲਪ ਕਰ ਲਿਆ ॥੬੪॥

ਸਵੈਯਾ ॥

ਸਵੈਯਾ:

ਛੂਟਿ ਕਿਵਾਰ ਗਏ ਘਰਿ ਕੇ ਦਰਿ ਕੇ ਨ੍ਰਿਪ ਕੇ ਬਰ ਕੇ ਚਲਤੇ ॥

ਬਸੁਦੇਵ ਦੇ ਚਲਦਿਆਂ ਹੀ ਰਾਜੇ ਦੇ ਘਰ ਦੇ ਦਰਵਾਜ਼ੇ ਖੁਲ੍ਹ ਗਏ।

ਹਰਖੇ ਸਰਖੇ ਬਸੁਦੇਵਹਿ ਕੇ ਪਗ ਜਾਇ ਛੁਹਿਓ ਜਮਨਾ ਜਲ ਤੇ ॥

ਹਰਖ ਨਾਲ ਭਰੇ ਹੋਏ ਬਸੁਦੇਵ ਦੇ ਚਰਨ ਅਗੇ ਵਧੇ ਅਤੇ ਜਮਨਾ ਦੇ ਜਲ ਨੂੰ ਜਾ ਛੋਹਿਆ।

ਹਰਿ ਦੇਖਨ ਕੌ ਹਰਿ ਅਉ ਬਢ ਕੇ ਹਰਿ ਦਉਰ ਗਏ ਤਨ ਕੇ ਬਲ ਤੇ ॥

ਕ੍ਰਿਸ਼ਨ ਨੂੰ ਦੇਖਣ ਲਈ ਜਮਨਾ ਦਾ ਜਲ ਹੋਰ ਵਧਿਆ (ਅਤੇ ਬਸੁਦੇਵ) ਦੇ ਤਨ ਦੇ ਬਲ ਨਾਲ ਕ੍ਰਿਸ਼ਨ ਦੌੜ ਕੇ ਪਰੇ ਹੋ ਗਏ।

ਕਾਜ ਇਹੀ ਕਹਿ ਦੋਊ ਗਏ ਜੁ ਖਿਝੈ ਬਹੁ ਪਾਪਨ ਕੀ ਮਲ ਤੇ ॥੬੫॥

ਪਾਪਾਂ ਦੀ ਮੈਲ ਤੋਂ ਖਿਝੇ ਹੋਏ ਦੋਵੇਂ ਇਸ ਕੰਮ ਲਈ ਗਏ ਸਨ ॥੬੫॥

ਦੋਹਰਾ ॥

ਦੋਹਰਾ:

ਕ੍ਰਿਸਨ ਜਬੈ ਚੜਤੀ ਕਰੀ ਫੇਰਿਓ ਮਾਯਾ ਜਾਲ ॥

ਕ੍ਰਿਸ਼ਨ (ਨੂੰ ਲੈ ਕੇ ਬਸੁਦੇਵ ਨੇ) ਜਦੋਂ ਚਾਲੇ ਪਾਏ, ਉਸ ਵੇਲੇ (ਕ੍ਰਿਸ਼ਨ ਨੇ) ਮਾਇਆ ਜਾਲ ਦਾ ਪਸਾਰ ਕਰ ਦਿੱਤਾ।

ਅਸੁਰ ਜਿਤੇ ਚਉਕੀ ਹੁਤੇ ਸੋਇ ਗਏ ਤਤਕਾਲ ॥੬੬॥

(ਜਿਸ ਕਰ ਕੇ) ਜਿੰਨੇ ਦੈਂਤ ਪਹਿਰੇ ਉਤੇ ਬੈਠੇ ਹੋਏ ਸਨ, ਉਹ ਤੁਰਤ ਸੌਂ ਗਏ ॥੬੬॥

ਸਵੈਯਾ ॥

ਸਵੈਯਾ:

ਕੰਸਹਿ ਕੇ ਡਰ ਤੇ ਬਸੁਦੇਵ ਸੁ ਪਾਇ ਜਬੈ ਜਮੁਨਾ ਮਧਿ ਠਾਨੋ ॥

ਕੰਸ ਦੇ ਡਰੋਂ ਬਸੁਦੇਵ ਨੇ ਜਦੋਂ ਜਮਨਾ ਵਿਚ ਪੈਰ ਰਖੇ,

ਮਾਨ ਕੈ ਪ੍ਰੀਤਿ ਪੁਰਾਤਨ ਕੋ ਜਲ ਪਾਇਨ ਭੇਟਨ ਕਾਜ ਉਠਾਨੋ ॥

(ਤਾਂ) ਪੁਰਾਣੀ ਪ੍ਰੀਤ ਨੂੰ ਚੇਤੇ ਕਰ ਕੇ (ਕ੍ਰਿਸ਼ਨ ਦੇ) ਪੈਰਾਂ ਨੂੰ ਪਰਸਨ ਲਈ, ਜਮਨਾ ਦਾ ਜਲ ਉੱਚਾ ਹੋਇਆ।

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪਨੇ ਮਨ ਮੈ ਪਹਿਚਾਨੋ ॥

ਉਸ ਦ੍ਰਿਸ਼ ਦੀ ਮਹਾਨ ਮਹਿਮਾ ਨੂੰ ਕਵੀ ਨੇ (ਇਸ ਤਰ੍ਹਾਂ) ਆਪਣੇ ਮਨ ਵਿਚ ਪਛਾਣਿਆਂ ਹੈ,

ਕਾਨ੍ਰਹ ਕੋ ਜਾਨ ਕਿਧੋ ਪਤਿ ਹੈ ਇਹ ਕੈ ਜਮੁਨਾ ਤਿਹ ਭੇਟਤ ਮਾਨੋ ॥੬੭॥

ਮਾਨੋ ਕਾਨ੍ਹ ਨੂੰ ਜਿਵੇਂ ਪਤੀ ਮੰਨ ਕੇ ਜਮਨਾ ਉਸ ਦੇ ਚਰਨ ਪਰਸਣਾ ਚਾਹੁੰਦੀ ਹੋਵੇ? ॥੬੭॥


Flag Counter