ਸ਼੍ਰੀ ਦਸਮ ਗ੍ਰੰਥ

ਅੰਗ - 404


ਸੁ ਨਿਸੰਕ ਤਬੈ ਰਨ ਬੀਚ ਪਰਿਯੋ ਅਰਿ ਕੋ ਬਰ ਕੈ ਹਨਿ ਸੈਨ ਦਯੋ ॥

ਨਿਸੰਗ ਹੋ ਕੇ ਉਸੇ ਵੇਲੇ ਰਣ ਵਿਚ ਕੁਦ ਪਿਆ ਅਤੇ ਵੈਰੀ ਸੈਨਾ ਨੂੰ ਮਾਰ ਦਿੱਤਾ।

ਧਨੁ ਸੋ ਜਿਮ ਤੂਲਿ ਧੁਨੈ ਧੁਨੀਯਾ ਦਲ ਤ੍ਰਯੋ ਸਿਤ ਬਾਨਨ ਸੋ ਧੁਨਿਯੋ ॥

ਜਿਵੇਂ ਪੇਂਜਾ ਧੁਨਖੀ ('ਧਨੁ') ਨਾਲ ਰੂੰ ਪਿੰਜਦਾ ਹੈ, ਤਿਵੇਂ (ਸ੍ਰੀ ਕ੍ਰਿਸ਼ਨ ਨੇ) ਤਿਖੇ ਤੀਰਾਂ ਨਾਲ (ਵੈਰੀ ਦੀ ਸੈਨਾ ਨੂੰ) ਪਿੰਜ ਦਿੱਤਾ ਹੈ।

ਬਹੁ ਸ੍ਰਉਨ ਪ੍ਰਵਾਹ ਬਹਿਯੋ ਰਨ ਮੈ ਤਿਹ ਠਾ ਮਨੋ ਆਠਵੋ ਸਿੰਧੁ ਭਯੋ ॥੧੦੬੩॥

ਰਣ-ਭੂਮੀ ਵਿਚ ਲਹੂ ਦਾ ਪ੍ਰਵਾਹ ਚਲ ਪਿਆ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਸਥਾਨ ਤੇ ਅੱਠਵਾਂ ਸਮੁੰਦਰ ਪੈਦਾ ਹੋ ਗਿਆ ਹੋਵੇ ॥੧੦੬੩॥

ਇਤ ਤੇ ਹਰਿ ਕੀ ਉਮਡੀ ਪ੍ਰਤਨਾ ਉਤ ਤੇ ਉਮਡਿਯੋ ਨ੍ਰਿਪ ਲੈ ਬਲ ਸੰਗਾ ॥

ਇਸ ਪਾਸੇ ਤੋਂ ਸ੍ਰੀ ਕ੍ਰਿਸ਼ਨ ਦੀ ਸੈਨਾ ਚੜ੍ਹੀ ਹੈ ਅਤੇ ਉਸ ਪਾਸੇ ਤੋਂ ਰਾਜਾ (ਜਰਾਸੰਧ) ਦਲ-ਬਲ ਲੈ ਕੇ ਚੜ੍ਹ ਆਇਆ ਹੈ।

ਬਾਨ ਕਮਾਨ ਕ੍ਰਿਪਾਨ ਲੈ ਪਾਨਿ ਭਿਰੇ ਕਟਿ ਗੇ ਭਟਿ ਅੰਗ ਪ੍ਰਤੰਗਾ ॥

ਬਾਣ, ਕਮਾਨ, ਤਲਵਾਰ (ਆਦਿਕ ਹਥਿਆਰ) ਹੱਥ ਵਿਚ ਲੈ ਕੇ ਸੂਰਮਿਆਂ ਨੇ ਯੁੱਧ ਕੀਤਾ ਹੈ ਅਤੇ ਉਨ੍ਹਾਂ ਦੇ ਅੰਗ-ਪ੍ਰਤਿ-ਅੰਗ ਕਟ ਗਏ ਹਨ।

ਪਤਿ ਗਿਰੇ ਗਜਿ ਬਾਜ ਕਹੂੰ ਕਹੂੰ ਬੀਰ ਗਿਰੇ ਤਿਨ ਕੇ ਕਹੂੰ ਅੰਗਾ ॥

ਕਿਧਰੇ ਹਾਥੀਆਂ ਘੋੜਿਆਂ ਦੇ ਸੁਆਮੀ ਡਿਗੇ ਹਨ ਅਤੇ ਕਿਧਰ ਸੂਰਮੇ (ਅਤੇ ਕਿਧਰੇ ਉਨ੍ਹਾਂ ਦੇ) ਅੰਗ ਡਿਗੇ ਹਨ।

ਐਸੇ ਗਏ ਮਿਲਿ ਆਪਸਿ ਮੈ ਦਲ ਜੈਸੇ ਮਿਲੇ ਜਮੁਨਾ ਅਰੁ ਗੰਗਾ ॥੧੦੬੪॥

ਦੋਵੇਂ ਸੈਨਾਵਾਂ ਆਪਸ ਵਿਚ ਇੰਜ ਮਿਲ ਗਈਆਂ ਹਨ ਜਿਵੇਂ ਗੰਗਾ ਅਤੇ ਜਮਨਾ ਮਿਲ ਜਾਂਦੀਆਂ ਹਨ ॥੧੦੬੪॥

ਸ੍ਵਾਮਿ ਕੇ ਕਾਜ ਕਉ ਲਾਜ ਭਰੇ ਦੁਹੂੰ ਓਰਨ ਤੇ ਭਟ ਯੌ ਉਮਗੇ ਹੈ ॥

ਸੁਆਮੀ ਦੇ ਕੰਮ ਨੂੰ ਕਰਨ ਦੀ ਲਾਜ ਨਾਲ ਭਰੇ ਹੋਏ ਦੋਹਾਂ ਪਾਸਿਆਂ ਤੋਂ ਸੂਰਮੇ ਉਤਸਾਹ ਨਾਲ ਚੜ੍ਹ ਆਏ ਹਨ।

ਜੁਧੁ ਕਰਿਯੋ ਰਨ ਕੋਪਿ ਦੁਹੂੰ ਰਸ ਰੁਦ੍ਰ ਹੀ ਕੇ ਪੁਨਿ ਸੰਗ ਪਗੇ ਹੈ ॥

ਦੋਹਾਂ ਪਾਸਿਆਂ ਤੋਂ ਕ੍ਰੋਧ ਨਾਲ ਭਰ ਕੇ ਯੁੱਧ ਕੀਤਾ ਗਿਆ ਹੈ ਅਤੇ ਸਾਰੇ ਰੌਦਰ ਰਸ ਨਾਲ ਸਰਾਬੋਰ ਹਨ।

ਜੂਝਿ ਪਰੇ ਸਮੁਹੇ ਲਰਿ ਕੈ ਰਨ ਕੀ ਛਿਤ ਤੇ ਨਹੀ ਪੈਗ ਭਗੇ ਹੈ ॥

ਆਹਮੋ ਸਾਹਮਣੇ ਲੜ ਕੇ ਮਰ ਗਏ ਹਨ, ਪਰ ਰਣ-ਭੂਮੀ ਤੋਂ ਇਕ ਕਦਮ ਵੀ ਪਿਛੇ ਨਹੀਂ ਹਟੇ ਹਨ।

ਉਜਲ ਗਾਤ ਮੈ ਸਾਗ ਲਗੀ ਮਨੋ ਚੰਦਨ ਰੂਖ ਮੈ ਨਾਗ ਲਗੇ ਹੈ ॥੧੦੬੫॥

ਉਜਲੇ ਸ਼ਰੀਰ ਵਿਚ ਬਰਛੀ ਲਗੀ ਹੋਈ ਹੈ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚੰਦਨ ਦੇ ਬ੍ਰਿਛ ਵਿਚ ਨਾਗ ਚੰਬੜਿਆ ਹੋਇਆ ਹੋਵੇ ॥੧੦੬੫॥

ਜੁਧੁ ਕਰਿਯੋ ਰਿਸ ਆਪਸਿ ਮੈ ਦੁਹੂੰ ਓਰਨ ਤੇ ਨਹੀ ਕੋਊ ਟਰੇ ॥

ਦੋਹਾਂ ਧਿਰਾਂ ਨੇ ਕ੍ਰੋਧ ਕਰ ਕੇ ਆਪਸ ਵਿਚ ਯੁੱਧ ਕੀਤਾ ਹੈ ਅਤੇ ਦੋਹਾਂ ਪਾਸਿਆਂ ਤੋਂ ਕੋਈ ਪਿਛੇ ਨਹੀਂ ਹਟਿਆ ਹੈ।

ਬਰਛੀ ਗਹਿ ਬਾਨ ਕਮਾਨ ਗਦਾ ਅਸਿ ਲੈ ਕਰ ਮੈ ਇਹ ਭਾਤਿ ਟਰੇ ॥

ਬਰਛੀ ਪਕੜ ਕੇ, ਬਾਨ, ਕਮਾਨ, ਗਦਾ ਅਤੇ ਤਲਵਾਰ ਹੱਥ ਵਿਚ ਲੈ ਕੇ ਇਸ ਤਰ੍ਹਾਂ ਲੜੇ ਹਨ;

ਕੋਊ ਜੂਝਿ ਗਿਰੇ ਕੋਊ ਰੀਝਿ ਭਿਰੇ ਛਿਤਿ ਦੇਖਿ ਡਰੇ ਕੋਊ ਧਾਇ ਪਰੇ ॥

ਕੋਈ ਲੜ ਕੇ ਡਿਗ ਪਿਆ ਹੈ, ਕੋਈ ਪ੍ਰਸੰਨ ਹੋ ਕੇ ਲੜ ਰਿਹਾ ਹੈ, ਕੋਈ ਧਰਤੀ (ਦੇ ਭਿਆਨਕ ਦ੍ਰਿਸ਼ ਨੂੰ) ਵੇਖ ਕੇ ਡਰ ਗਿਆ ਹੈ ਅਤੇ ਕੋਈ ਧਾ ਕੇ ਪੈ ਗਿਆ ਹੈ।

ਮਨਿ ਯੌ ਉਪਜੀ ਉਪਮਾ ਰਨ ਦੀਪ ਕੇ ਊਪਰ ਆਇ ਪਤੰਗ ਜਰੇ ॥੧੦੬੬॥

ਰਣ ਦੇ (ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ, ਰਣ ਰੂਪ ਦੀਪਕ ਉਪਰ (ਸੂਰਮਿਆਂ ਰੂਪ) ਪਤੰਗ ਆ ਕੇ ਸੜ ਰਹੇ ਹਨ ॥੧੦੬੬॥

ਪ੍ਰਿਥਮੇ ਸੰਗਿ ਬਾਨ ਕਮਾਨ ਭਿਰਿਯੋ ਬਰਛੀ ਬਰ ਲੈ ਪੁਨਿ ਭ੍ਰਾਤ ਮੁਰਾਰੀ ॥

ਪਹਿਲਾਂ ਸ੍ਰੀ ਕ੍ਰਿਸ਼ਨ ਦੇ ਭਰਾ (ਬਲਰਾਮ) ਨੇ ਧਨੁਸ਼ ਬਾਣ ਨਾਲ ਯੁੱਧ ਕੀਤਾ ਅਤੇ ਫਿਰ ਬਰਛੀ ਲੈ ਕੇ ਬਲ (ਨੂੰ ਪ੍ਰਦਰਸ਼ਿਤ ਕੀਤਾ)।

ਫੇਰਿ ਲਰਿਯੋ ਅਸਿ ਲੈ ਕਰ ਮੈ ਧਸ ਕੈ ਰਿਪੁ ਕੀ ਬਹੁ ਸੈਨ ਸੰਘਾਰੀ ॥

ਫਿਰ ਹੱਥ ਵਿਚ ਤਲਵਾਰ ਲੈ ਕੇ ਲੜਿਆ ਅਤੇ ਵੈਰੀ ਦੀ ਸੈਨਾ ਵਿਚ ਵੜ ਕੇ ਬਹੁਤ ਸਾਰੀ ਮਾਰ ਦਿੱਤੀ।

ਫੇਰਿ ਗਦਾ ਗਹਿ ਕੈ ਸੁ ਹਤੇ ਬਹੁਰੋ ਜੁ ਹੁਤੇ ਗਹਿ ਪਾਨਿ ਕਟਾਰੀ ॥

ਫਿਰ ਗਦਾ ਪਕੜ ਕੇ (ਬਹੁਤ ਸਾਰੇ ਵੈਰੀ ਯੋਧੇ) ਮਾਰ ਦਿੱਤੇ ਅਤੇ ਫਿਰ ਹੱਥ ਵਿਚ ਕਟਾਰ ਪਕੜ ਕੇ ਮਾਰ ਦਿੱਤੇ।

ਐਚਤ ਯੌ ਹਲ ਸੋ ਦਲ ਕੋ ਜਿਮ ਖੈਚਤ ਦੁਇ ਕਰਿ ਝੀਵਰ ਜਾਰੀ ॥੧੦੬੭॥

(ਵੈਰੀ ਦੇ) ਦਲ ਵਿਚੋਂ ਹਲ ਨਾਲ (ਯੋਧਿਆਂ ਨੂੰ) ਇਸ ਤਰ੍ਹਾਂ ਖਿਚ ਲੈਂਦਾ ਹੈ ਜਿਵੇਂ ਦੋਹਾਂ ਹੱਥਾਂ ਨਾਲ ਝੀਵਰ (ਨਦੀ ਵਿਚੋਂ) ਜਾਲ ਖਿਚਦਾ ਹੈ ॥੧੦੬੭॥

ਜੋ ਭਟ ਸਾਮੁਹੇ ਆਇ ਅਰਿਯੋ ਬਰ ਕੈ ਹਰਿ ਜੂ ਸੋਊ ਮਾਰਿ ਗਿਰਾਯੋ ॥

ਜੋ ਵੈਰੀ ਸਾਹਮਣੇ ਆ ਕੇ ਅੜਦਾ ਹੈ, ਉਸ ਨੂੰ ਬਲ ਨਾਲ ਸ੍ਰੀ ਕ੍ਰਿਸ਼ਨ ਮਾਰ ਕੇ ਡਿਗਾ ਦਿੰਦੇ ਹਨ।

ਲਾਜ ਭਰੇ ਜੋਊ ਜੋਰਿ ਭਿਰੇ ਤਿਨ ਤੇ ਕੋਊ ਜੀਵਤ ਜਾਨ ਨ ਪਾਯੋ ॥

ਜੋ ਲਾਜ ਦੇ ਭਰੇ ਹੋਏ ਹਨ, ਉਹ ਜ਼ੋਰ ਦੇ ਕੇ ਯੁੱਧ ਕਰਦੇ ਹਨ, ਉਨ੍ਹਾਂ ਵਿਚੋਂ ਕੋਈ ਵੀ ਜੀਉਂਦਾ ਬਚ ਕੇ ਨਹੀਂ ਜਾਂਦਾ।

ਪੈਠਿ ਤਬੈ ਪ੍ਰਤਨਾ ਅਰਿ ਕੀ ਮਧਿ ਸ੍ਯਾਮ ਘਨੋ ਪੁਨਿ ਜੁਧੁ ਮਚਾਯੋ ॥

ਫਿਰ ਉਸ ਵੇਲੇ ਵੈਰੀ ਦੀ ਸੈਨਾ ਵਿਚ ਵੜ ਕੇ ਕ੍ਰਿਸ਼ਨ ਨੇ ਬਹੁਤ ਤਕੜਾ ਯੁੱਧ ਮਚਾਇਆ।

ਸ੍ਰੀ ਬਲਬੀਰ ਸੁ ਧੀਰ ਗਹਿਯੋ ਰਿਪੁ ਕੋ ਸਬ ਹੀ ਦਲੁ ਮਾਰਿ ਭਗਾਯੋ ॥੧੦੬੮॥

ਸ੍ਰੀ ਕ੍ਰਿਸ਼ਨ ਨੇ ਬਹੁਤ ਹੀ ਧੀਰਜ ਨਾਲ ਵੈਰੀ ਦੀ ਸਾਰੀ ਸੈਨਾ ਨੂੰ ਮਾਰ ਕੇ ਭਜਾ ਦਿੱਤਾ ॥੧੦੬੮॥

ਦੋਹਰਾ ॥

ਦੋਹਰਾ:

ਭਗੀ ਚਮੂੰ ਚਤੁਰੰਗਨੀ ਨ੍ਰਿਪਤਿ ਨਿਹਾਰੀ ਨੈਨ ॥

ਚਤੁਰੰਗਨੀ ਫੌਜ ਭਜੀ ਜਾਂਦੀ ਹੈ ਅਤੇ ਰਾਜਾ (ਜਰਾਸੰਧ ਨੇ) ਅੱਖਾਂ ਨਾਲ ਵੇਖ ਲਿਆ ਹੈ।

ਨਿਕਟਿ ਬਿਕਟਿ ਭਟ ਜੋ ਹੁਤੇ ਤਿਨ ਪ੍ਰਤਿ ਬੋਲਿਯੋ ਬੈਨ ॥੧੦੬੯॥

(ਤਦ ਆਪਣੇ) ਨੇੜੇ ਜੋ ਕਰੜੇ ਸੂਰਮੇ ਸਨ, ਉਨ੍ਹਾਂ ਪ੍ਰਤਿ ਕਹਿਣ ਲਗਾ ॥੧੦੬੯॥

ਨ੍ਰਿਪ ਜਰਾਸੰਧਿ ਬਾਚ ਸੈਨਾ ਪ੍ਰਤਿ ॥

ਰਾਜਾ ਜਰਾਸੰਧ ਨੇ ਸੈਨਾ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਜੁਧ ਕਰੈ ਘਨਿ ਸ੍ਯਾਮ ਜਹਾ ਤੁਮ ਹੂੰ ਦਲੁ ਲੈ ਉਨ ਓਰਿ ਸਿਧਾਰੋ ॥

ਜਿਥੇ ਕ੍ਰਿਸ਼ਨ ਯੁੱਧ ਕਰ ਰਿਹਾ ਹੈ, ਤੁਸੀਂ ਸੈਨਾ ਲੈ ਕੇ ਉਸ ਪਾਸੇ ਵਲ ਜਾਓ।

ਬਾਨ ਕਮਾਨ ਕ੍ਰਿਪਾਨ ਗਦਾ ਕਰਿ ਲੈ ਜਦੁਬੀਰ ਕੋ ਦੇਹ ਪ੍ਰਹਾਰੋ ॥

ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਹੱਥ ਵਿਚ ਲੈ ਕੇ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਉਤੇ ਪ੍ਰਹਾਰ ਕਰੋ।

ਜਾਇ ਨ ਜੀਵਤ ਜਾਦਵ ਕੋ ਤਿਨ ਕੋ ਰਨ ਭੂਮਿ ਮੈ ਜਾਇ ਸੰਘਾਰੋ ॥

ਕੋਈ ਵੀ ਯਾਦਵ ਜੀਉਂਦਾ ਬਚ ਕੇ ਨਾ ਜਾਵੇ, ਉਨ੍ਹਾਂ ਨੂੰ ਰਣ-ਭੂਮੀ ਵਿਚ ਜਾ ਕੇ ਮਾਰ ਦਿਓ।

ਯੌ ਜਬ ਬੈਨ ਕਹੈ ਨ੍ਰਿਪ ਸੈਨ ਚਲੀ ਚਤੁਰੰਗ ਜਹਾ ਰਨ ਭਾਰੋ ॥੧੦੭੦॥

ਜਦੋਂ ਇਸ ਤਰ੍ਹਾਂ ਨਾਲ ਰਾਜੇ ਨੇ ਬੋਲ ਕਹੇ, (ਤਾਂ) ਸੈਨਾ (ਉਧਰ ਨੂੰ) ਚਲ ਪਈ ਜਿਥੇ ਬਹੁਤ ਭਾਰਾ ਯੁੱਧ ਹੋ ਰਿਹਾ ਸੀ ॥੧੦੭੦॥

ਆਇਸ ਪਾਵਤ ਹੀ ਨ੍ਰਿਪ ਕੋ ਘਨ ਜਿਉ ਉਮਡੇ ਭਟ ਓਘ ਘਟਾ ਘਟ ॥

ਰਾਜੇ ਦੀ ਆਗਿਆ ਮਿਲਦਿਆਂ ਹੀ, ਬਦਲ ਦੀਆਂ ਘਟਾਵਾਂ ਵਾਂਗ ਸੂਰਮੇ ਉਮਡ ਕੇ ਚੜ੍ਹ ਚਲੇ।

ਬਾਨਨ ਬੂੰਦਨ ਜਿਉ ਬਰਖੇ ਚਪਲਾ ਅਸਿ ਕੀ ਧੁਨਿ ਹੋਤ ਸਟਾ ਸਟ ॥

ਬਾਣਾਂ ਦੀ ਬੂੰਦਾਂ ਵਾਂਗ ਵਰਖਾ ਹੋ ਰਹੀ ਹੈ, ਤਲਵਾਰ ਦੀ ਚਮਕ ਬਿਜਲੀ ਵਰਗੀ ਹੈ। (ਤੀਰ ਚਲਣ ਦੀ) 'ਸਟਾਸਟ' (ਬਦਲ ਦੀ ਗਰਜ ਦੀ) ਧੁਨ ਵਾਂਗ ਹੈ।

ਭੂਮਿ ਪਰੇ ਇਕ ਸਾਸ ਭਰੇ ਇਕ ਜੂਝਿ ਮਰੇ ਰਨਿ ਅੰਗ ਕਟਾ ਕਟ ॥

ਇਕ ਧਰਤੀ ਉਤੇ ਪਏ ਹਨ ਅਤੇ ਦਮ ਤੋੜ ਰਹੇ ਹਨ; ਇਕ ਰਣ-ਭੂਮੀ ਵਿਚ ਅੰਗ ਕਟਾ ਕੇ ਲੜ ਮਰੇ ਹਨ।

ਘਾਇਲ ਏਕ ਪਰੇ ਰਨ ਮੈ ਮੁਖ ਮਾਰ ਹੀ ਮਾਰ ਪੁਕਾਰਿ ਰਟਾ ਰਟ ॥੧੦੭੧॥

ਇਕ ਘਾਇਲ ਹੋ ਕੇ ਯੁੱਧ-ਖੇਤਰ ਵਿਚ ਪਏ ਹਨ ਅਤੇ ਮੂੰਹ ਤੋਂ 'ਮਾਰੋ ਮਾਰੋ' ਦੀ ਪੁਕਾਰ ਦੀ ਰਟ ਲਗਾਈ ਹੋਈ ਹੈ ॥੧੦੭੧॥

ਜਦੁਬੀਰ ਸਰਾਸਨ ਲੈ ਕਰਿ ਮੈ ਰਿਪੁ ਬੀਰ ਜਿਤੇ ਰਨ ਮਾਝਿ ਸੰਘਾਰੇ ॥

ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਲੈ ਕੇ, ਵੈਰੀ ਦੇ ਜਿਤਨੇ ਸੂਰਮੇ ਸਨ, (ਉਨ੍ਹਾਂ ਨੂੰ) ਰਣ-ਭੂਮੀ ਵਿਚ ਮਾਰ ਸੁਟਿਆ ਹੈ।

ਮਤਿ ਕਰੀ ਬਰ ਬਾਜ ਹਨੇ ਰਥ ਕਾਟਿ ਰਥੀ ਬਿਰਥੀ ਕਰਿ ਡਾਰੇ ॥

ਮਸਤ ਹਾਥੀਆਂ ਅਤੇ ਚੰਗੇ ਘੋੜਿਆਂ ਨੂੰ ਮਾਰ ਦਿੱਤਾ ਹੈ ਅਤੇ ਰਥਾਂ ਨੂੰ ਕਟ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਦਿੱਤਾ ਹੈ।

ਘਾਇਲ ਦੇਖ ਕੈ ਕਾਇਰ ਜੇ ਡਰੁ ਮਾਨਿ ਰਨੇ ਛਿਤਿ ਤ੍ਯਾਗਿ ਸਿਧਾਰੇ ॥

ਘਾਇਲਾਂ ਨੂੰ ਵੇਖ ਕੇ ਜੋ ਕਾਇਰ ਸਨ, (ਉਹ) ਡਰ ਮੰਨ ਕੇ ਯੁੱਧ-ਭੂਮੀ ਨੂੰ ਤਿਆਗ ਕੇ ਚਲੇ ਗਏ ਹਨ।

ਸ੍ਰੀ ਹਰਿ ਪੁੰਨ ਕੇ ਅਗ੍ਰਜ ਮਾਨਹੁ ਪਾਪਨ ਕੇ ਬਹੁ ਪੁੰਜ ਪਧਾਰੇ ॥੧੦੭੨॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਕ੍ਰਿਸ਼ਨ ਰੂਪ ਪੁੰਨ ਦੇ ਸਾਹਮਣੇ ਪਾਪਾਂ ਦੇ ਸਮੂਹ ਭਜ ਗਏ ਹੋਣ ॥੧੦੭੨॥

ਸੀਸ ਕਟੇ ਕਿਤਨੇ ਰਨ ਮੈ ਮੁਖ ਤੇ ਤੇਊ ਮਾਰ ਹੀ ਮਾਰ ਪੁਕਾਰੈ ॥

ਰਣ-ਭੂਮੀ ਵਿਚ ਕਿਤਨੇ ਹੀ ਸਿਰ ਕਟੇ ਪਏ ਹਨ, (ਪਰ) ਉਹ ਮੂੰਹ ਵਿਚੋਂ 'ਮਾਰੋ ਮਾਰੋ' ਹੀ ਪੁਕਾਰ ਰਹੇ ਹਨ।

ਦਉਰਤ ਬੀਚ ਕਬੰਧ ਫਿਰੈ ਜਹ ਸ੍ਯਾਮ ਲਰੈ ਤਿਹ ਓਰਿ ਪਧਾਰੈ ॥

(ਕਿਤਨੇ ਹੀ) ਧੜ (ਯੁੱਧ-ਭੂਮੀ ਵਿਚ) ਦੌੜੇ ਫਿਰਦੇ ਹਨ ਅਤੇ ਜਿਥੇ ਕ੍ਰਿਸ਼ਨ ਲੜ ਰਿਹਾ ਹੈ, ਉਸ ਵਲ ਭਜੇ ਜਾਂਦੇ ਹਨ।

ਜੋ ਭਟ ਆਇ ਭਿਰੈ ਇਨ ਸੋ ਤਿਨ ਕਉ ਹਰਿ ਜਾਨ ਕੈ ਘਾਇ ਪ੍ਰਹਾਰੈ ॥

ਜੋ ਵੀ ਸੂਰਮਾ ਇਨ੍ਹਾਂ ਨਾਲ ਆ ਕੇ ਲੜਦਾ ਹੈ, ਉਸ ਨੂੰ ਸ੍ਰੀ ਕ੍ਰਿਸ਼ਨ ਸਮਝ ਕੇ ਵਾਰ ਕਰਦੇ ਹਨ।

ਜੋ ਗਿਰਿ ਭੂਮਿ ਪਰੈ ਮਰ ਕੈ ਕਰ ਤੇ ਕਰਵਾਰ ਨ ਭੂ ਪਰ ਡਾਰੈ ॥੧੦੭੩॥

ਜੇ ਕੋਈ ਮਰ ਕੇ ਧਰਤੀ ਉਤੇ ਡਿਗਦਾ ਹੈ, (ਉਹ) ਹੱਥ ਵਿਚੋਂ ਤਲਵਾਰ ਧਰਤੀ ਉਤੇ ਨਹੀਂ ਸੁਟਦਾ ਹੈ ॥੧੦੭੩॥

ਕਬਿਤੁ ॥

ਕਬਿੱਤ:

ਕੋਪ ਅਤਿ ਭਰੇ ਰਨ ਭੂਮਿ ਤੇ ਨ ਟਰੇ ਦੋਊ ਰੀਝਿ ਰੀਝਿ ਲਰੇ ਦਲ ਦੁੰਦਭੀ ਬਜਾਇ ਕੈ ॥

ਦੋਵੇਂ ਦਲ ਬਹੁਤ ਕ੍ਰੋਧ ਨਾਲ ਭਰੇ ਹੋਏ ਰਣ-ਭੂਮੀ ਤੋਂ ਹਟਦੇ ਨਹੀਂ ਹਨ ਅਤੇ ਖੁਸ਼ ਹੋ ਹੋ ਕੇ ਅਤੇ ਨਗਾਰੇ ਵਜਾ ਵਜਾ ਕੇ ਲੜਦੇ ਹਨ।

ਦੇਵ ਦੇਖੈ ਖਰੇ ਗਨ ਜਛ ਜਸੁ ਰਰੇ ਨਭ ਤੇ ਪੁਹਪ ਢਰੇ ਮੇਘ ਬੂੰਦਨ ਜਿਉ ਆਇ ਕੈ ॥

ਦੇਵਤੇ (ਆਕਾਸ਼ ਵਿਚ) ਖੜੋ ਕੇ ਵੇਖ ਰਹੇ ਹਨ, ਯਕਸ਼ (ਜੱਛ) ਗਣ ਯਸ਼ ਉਚਾਰ ਰਹੇ ਹਨ, ਆਕਾਸ਼ ਤੋਂ ਫੁਲਾਂ ਦੀ ਬਰਖਾ ਹੋ ਰਹੀ ਹੈ ਜਿਵੇਂ ਬਦਲਾਂ ਵਿਚ ਬੂੰਦਾਂ ਡਿਗਦੀਆਂ ਹਨ।

ਕੇਤੇ ਜੂਝਿ ਮਰੇ ਕੇਤੇ ਅਪਛਰਨ ਬਰੇ ਕੇਤੇ ਗੀਧਨਨ ਚਰੇ ਕੇਤੇ ਗਿਰੇ ਘਾਇ ਖਾਇ ਕੈ ॥

ਕਿਤਨੇ ਹੀ ਲੜ ਕੇ ਮਰ ਰਹੇ ਹਨ ਅਤੇ ਕਿਤਨਿਆਂ ਨੂੰ ਅਪੱਛਰਾਵਾਂ ਵਰ ਰਹੀਆਂ ਹਨ, ਕਿਤਨਿਆਂ ਨੂੰ ਗਿਰਝਾਂ ਖਾ ਰਹੀਆਂ ਹਨ ਅਤੇ ਕਿਤਨੇ ਹੀ ਜ਼ਖ਼ਮ ਖਾ ਕੇ ਡਿਗੇ ਪਏ ਹਨ।


Flag Counter