ਸ਼੍ਰੀ ਦਸਮ ਗ੍ਰੰਥ

ਅੰਗ - 60


ਜੇ ਜੇ ਬਾਦਿ ਕਰਤ ਹੰਕਾਰਾ ॥

ਜੋ ਜੋ ਹੰਕਾਰ-ਵਸ ਹੋ ਕੇ ਵਾਦ-ਵਿਵਾਦ ਕਰਦੇ ਹਨ,

ਤਿਨ ਤੇ ਭਿੰਨ ਰਹਤ ਕਰਤਾਰਾ ॥

ਉਨ੍ਹਾਂ ਤੋਂ ਪਰਮਾਤਮਾ (ਹਮੇਸ਼ਾਂ) ਵਖ ਰਹਿੰਦਾ ਹੈ।

ਬੇਦ ਕਤੇਬ ਬਿਖੈ ਹਰਿ ਨਾਹੀ ॥

ਵੇਦਾਂ ਕਤੇਬਾਂ ਵਿਚ ਪਰਮਾਤਮਾ ਨਹੀਂ ਹੈ।

ਜਾਨ ਲੇਹੁ ਹਰਿ ਜਨ ਮਨ ਮਾਹੀ ॥੬੧॥

(ਇਸ ਤੱਥ ਨੂੰ) ਹਰਿ-ਜਨ ਆਪਣੇ ਮਨ ਵਿਚ ਚੰਗੀ ਤਰ੍ਹਾਂ ਜਾਣ ਲੈਣ ॥੬੧॥

ਆਂਖ ਮੂੰਦਿ ਕੋਊ ਡਿੰਭ ਦਿਖਾਵੈ ॥

ਜੇ ਕੋਈ ਅੱਖਾਂ ਬੰਦ ਕਰ ਕੇ ਪਾਖੰਡ ਕਰਦਾ ਹੈ,

ਆਂਧਰ ਕੀ ਪਦਵੀ ਕਹ ਪਾਵੈ ॥

ਤਾਂ ਉਹ ਅੰਨ੍ਹਿਆਂ ਦਾ ਪਦ ਪ੍ਰਾਪਤ ਕਰਦਾ ਹੈ।

ਆਂਖਿ ਮੀਚ ਮਗੁ ਸੂਝਿ ਨ ਜਾਈ ॥

ਅੱਖਾਂ ਮੀਟਣ ਨਾਲ (ਜਦ) ਰਸਤਾ ਹੀ ਨਹੀਂ ਦਿਸਦਾ

ਤਾਹਿ ਅਨੰਤ ਮਿਲੈ ਕਿਮ ਭਾਈ ॥੬੨॥

ਤਾਂ ਹੇ ਭਾਈ! ਉਸ ਨੂੰ ਪਰਮਾਤਮਾ ਕਿਵੇਂ ਮਿਲੇਗਾ ॥੬੨॥

ਬਹੁ ਬਿਸਥਾਰ ਕਹ ਲਉ ਕੋਈ ਕਹੈ ॥

ਬਹੁਤ ਵਿਸਤਾਰ ਨਾਲ ਕੋਈ ਕਿਥੋਂ ਤਕ ਕਹੇ

ਸਮਝਤ ਬਾਤਿ ਥਕਤਿ ਹੁਐ ਰਹੈ ॥

(ਕਿਉਂਕਿ) (ਅਧਿਆਤਮਿਕ ਭੇਦ ਦੀ) ਗੱਲ ਸਮਝਣ ਤਕ (ਸਾਧਕ) ਥਕ ਜਾਂਦਾ ਹੈ।

ਰਸਨਾ ਧਰੈ ਕਈ ਜੋ ਕੋਟਾ ॥

ਜੇ ਕੋਈ ਕਰੋੜਾਂ ਜੀਭਾਂ ਧਾਰਨ ਕਰ ਲਏ,

ਤਦਪਿ ਗਨਤ ਤਿਹ ਪਰਤ ਸੁ ਤੋਟਾ ॥੬੩॥

ਤਾਂ ਵੀ (ਉਸ ਦੇ ਨਾਮਾਂ ਅਥਵਾ ਗੁਣਾਂ ਦੀ) ਗਿਣਤੀ ਕਰਦਿਆਂ, ਘਾਟ ਹੀ ਮਹਿਸੂਸ ਹੋਵੇਗੀ ॥੬੩॥

ਦੋਹਰਾ ॥

ਦੋਹਰਾ:

ਜਬ ਆਇਸੁ ਪ੍ਰਭ ਕੋ ਭਯੋ ਜਨਮੁ ਧਰਾ ਜਗ ਆਇ ॥

ਜਦੋਂ ਪ੍ਰਭੂ ਦੀ ਆਗਿਆ ਹੋਈ ਤਾਂ (ਮੈਂ) ਇਸ ਸੰਸਾਰ ਵਿਚ ਜਨਮ ਲਿਆ।

ਅਬ ਮੈ ਕਥਾ ਸੰਛੇਪ ਤੇ ਸਬਹੂੰ ਕਹਤ ਸੁਨਾਇ ॥੬੪॥

ਹੁਣ ਮੈਂ ਕਥਾ ਨੂੰ ਸੰਖੇਪ ਨਾਲ ਸਾਰਿਆਂ ਨੂੰ ਕਹਿ ਕੇ ਸੁਣਾਉਂਦਾ ਹਾਂ ॥੬੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਮ ਆਗਿਆ ਕਾਲ ਜਗ ਪ੍ਰਵੇਸ ਕਰਨੰ ਨਾਮ ਖਸਟਮੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੬॥੨੭੯॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਮਮ ਆਗਿਆ ਕਾਲ ਜਗ ਪ੍ਰਵੇਸ਼ ਕਰਨਾ' ਨਾਂ ਦਾ ਛੇਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੬॥੨੭੯॥

ਅਥ ਕਬਿ ਜਨਮ ਕਥਨੰ ॥

ਹੁਣ ਕਵੀ ਦੇ ਜਨਮ ਦਾ ਕਥਨ:

ਚੌਪਈ ॥

ਚੌਪਈ:

ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥

ਮੇਰੇ ਪਿਤਾ (ਭਾਵ ਗੁਰੂ ਤੇਗ ਬਹਾਦੁਰ) ਨੇ ਪੂਰਬ ਵਲ ਜਾਣਾ ਕੀਤਾ

ਭਾਤਿ ਭਾਤਿ ਕੇ ਤੀਰਥਿ ਨ੍ਰਹਾਨਾ ॥

ਅਤੇ ਭਿੰਨ ਭਿੰਨ ਤੀਰਥਾਂ ਉਤੇ ਇਸ਼ਨਾਨ ਕੀਤਾ।

ਜਬ ਹੀ ਜਾਤਿ ਤ੍ਰਿਬੇਣੀ ਭਏ ॥

ਜਦ ਉਹ ਤ੍ਰਿਵੇਣੀ (ਪ੍ਰਯਾਗ) ਪਹੁੰਚੇ,

ਪੁੰਨ ਦਾਨ ਦਿਨ ਕਰਤ ਬਿਤਏ ॥੧॥

(ਤਾਂ ਉਥੇ) ਪੁੰਨ-ਦਾਨ ਕਰਦਿਆਂ ਕਈ ਦਿਨ ਬਿਤਾ ਦਿੱਤੇ ॥੧॥

ਤਹੀ ਪ੍ਰਕਾਸ ਹਮਾਰਾ ਭਯੋ ॥

ਉਥੇ ਹੀ ਸਾਡਾ ਪ੍ਰਕਾਸ਼ ਹੋਇਆ (ਅਰਥਾਤ ਗਰਭ-ਸਥਿਤ ਹੋਏ)

ਪਟਨਾ ਸਹਰ ਬਿਖੈ ਭਵ ਲਯੋ ॥

ਅਤੇ ਪਟਨਾ ਸ਼ਹਿਰ ਵਿਚ ਜਨਮ ਹੋਇਆ।

ਮਦ੍ਰ ਦੇਸ ਹਮ ਕੋ ਲੇ ਆਏ ॥

(ਪੂਰਬ ਤੋਂ) ਸਾਨੂੰ ਮਦ੍ਰ ਦੇਸ਼ (ਪੰਜਾਬ) ਵਿਚ ਲੈ ਆਏ

ਭਾਤਿ ਭਾਤਿ ਦਾਈਅਨ ਦੁਲਰਾਏ ॥੨॥

ਅਤੇ ਤਰ੍ਹਾਂ ਤਰ੍ਹਾਂ ਦਾਈਆਂ ਨੇ ਲਾਡ ਕਰਕੇ (ਵੱਡਾ ਕੀਤਾ) ॥੨॥

ਕੀਨੀ ਅਨਿਕ ਭਾਤਿ ਤਨ ਰਛਾ ॥

ਅਨੇਕ ਤਰ੍ਹਾਂ ਨਾਲ (ਮੇਰੇ) ਸ਼ਰੀਰ ਦੀ ਰਖਿਆ ਕੀਤੀ ਗਈ

ਦੀਨੀ ਭਾਤਿ ਭਾਤਿ ਕੀ ਸਿਛਾ ॥

ਅਤੇ ਕਈ ਤਰ੍ਹਾਂ ਦੀ ਸਿਖਿਆ ਦਿੱਤੀ ਗਈ।

ਜਬ ਹਮ ਧਰਮ ਕਰਮ ਮੋ ਆਇ ॥

ਜਦ ਅਸੀਂ ਧਰਮ ਕਰਮ (ਨੂੰ ਸਮਝਣ ਦੇ) ਯੋਗ ਹੋਏ

ਦੇਵ ਲੋਕਿ ਤਬ ਪਿਤਾ ਸਿਧਾਏ ॥੩॥

ਤਾਂ ਪਿਤਾ ਜੀ ਦੇਵ-ਲੋਕ ਨੂੰ ਚਲੇ ਗਏ (ਭਾਵ ਸ਼ਹੀਦ ਹੋ ਗਏ) ॥੩॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਬਰਨਨੰ ਨਾਮ ਸਪਤਮੋ ਧਿਆਇ ਸਮਾਤਪਮ ਸਤੁ ਸੁਭਮ ਸਤੁ ॥੭॥੨੮੨॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ 'ਕਬਿ ਜਨਮ ਕਥਨ' ਨਾਂ ਦਾ ਸੱਤਵਾਂ ਅਧਿਆਇ ਸਮਾਪਤ ਹੋਇਆ, ਸਭ ਸ਼ੁਭ ਹੈ ॥੭॥੨੮੨॥

ਅਥ ਰਾਜ ਸਾਜ ਕਥਨੰ ॥

ਹੁਣ ਰਾਜ-ਸਾਜ ਦਾ ਕਥਨ

ਚੌਪਈ ॥

ਚੌਪਈ:

ਰਾਜ ਸਾਜ ਹਮ ਪਰ ਜਬ ਆਯੋ ॥

ਜਦੋਂ ਗੁਰਗੱਦੀ (ਰਾਜ) ਦੀ ਜ਼ਿਮੇਵਾਰੀ ਸਾਡੇ ਉਤੇ ਪਈ

ਜਥਾ ਸਕਤਿ ਤਬ ਧਰਮੁ ਚਲਾਯੋ ॥

ਤਾਂ (ਅਸਾਂ) ਆਪਣੀ ਵਿਤ ਅਨੁਸਾਰ ਧਰਮ ਦਾ ਪ੍ਰਚਲਨ ਕੀਤਾ।

ਭਾਤਿ ਭਾਤਿ ਬਨਿ ਖੇਲਿ ਸਿਕਾਰਾ ॥

ਬਨ ਵਿਚ ਤਰ੍ਹਾਂ ਤਰ੍ਹਾਂ ਦੇ ਸ਼ਿਕਾਰ ਕੀਤੇ

ਮਾਰੇ ਰੀਛ ਰੋਝ ਝੰਖਾਰਾ ॥੧॥

ਅਤੇ ਰਿਛ, ਰੋਝ (ਨੀਲਗਾਏ) ਅਤੇ ਬਾਰਹ ਸਿੰਘੇ ਮਾਰੇ ॥੧॥

ਦੇਸ ਚਾਲ ਹਮ ਤੇ ਪੁਨਿ ਭਈ ॥

ਫਿਰ ਸਾਨੂੰ ਦੇਸ (ਆਨੰਦਪੁਰ) ਤੋਂ ਜਾਣਾ ਪਿਆ

ਸਹਰ ਪਾਵਟਾ ਕੀ ਸੁਧਿ ਲਈ ॥

ਅਤੇ ਪਾਂਵਟਾ ਨਗਰ ਵਲ ਚਲੇ ਗਏ।

ਕਾਲਿੰਦ੍ਰੀ ਤਟਿ ਕਰੇ ਬਿਲਾਸਾ ॥

(ਉਥੇ) ਜਮਨਾ ਨਦੀ ਦੇ ਕੰਢੇ (ਅਨੇਕ) ਕੌਤਕ ਕੀਤੇ

ਅਨਿਕ ਭਾਤਿ ਕੇ ਪੇਖਿ ਤਮਾਸਾ ॥੨॥

ਅਤੇ ਕਈ ਤਰ੍ਹਾਂ ਦੇ ਤਮਾਸ਼ੇ ਵੇਖੇ ॥੨॥

ਤਹ ਕੇ ਸਿੰਘ ਘਨੇ ਚੁਨਿ ਮਾਰੇ ॥

ਉਥੋਂ (ਦੇ ਜੰਗਲ ਵਿਚੋਂ) ਅਨੇਕ ਸ਼ੇਰ ਚੁਣ ਚੁਣ ਕੇ ਮਾਰੇ

ਰੋਝ ਰੀਛ ਬਹੁ ਭਾਤਿ ਬਿਦਾਰੇ ॥

ਅਤੇ ਕਈ ਤਰ੍ਹਾਂ ਦੇ ਰਿਛਾਂ ਅਤੇ ਨੀਲਗਾਵਾਂ (ਰੋਝ) ਨੂੰ ਮਾਰਿਆ।

ਫਤੇ ਸਾਹ ਕੋਪਾ ਤਬਿ ਰਾਜਾ ॥

ਤਦ ਫਤੇ ਸ਼ਾਹ ਰਾਜਾ (ਸਾਡੇ ਨਾਲ) ਖ਼ਫ਼ਾ ਹੋ ਗਿਆ,

ਲੋਹ ਪਰਾ ਹਮ ਸੋ ਬਿਨੁ ਕਾਜਾ ॥੩॥

(ਫਲਸਰੂਪ) ਬਿਨਾ ਕਿਸੇ ਕਾਰਨ ਸਾਡੇ ਨਾਲ ਜੰਗ ਹੋ ਗਈ ॥੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤਹਾ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ ॥

ਉਥੇ ਯੁੱਧ ਵਿਚ ਸ੍ਰੀ ਸੰਗੋ ਸ਼ਾਹ ਕ੍ਰੋਧ ਵਿਚ ਆ ਗਏ

ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ ॥

ਅਤੇ ਪੰਜਾਂ ਭਰਾਵਾਂ (ਬੀਬੀ ਵੀਰੋ ਦੇ ਪੁੱਤਰਾਂ) ਨੇ ਧਰਤੀ ਉਤੇ ਪੈਰ ਜਮਾ ਦਿੱਤੇ (ਅਰਥਾਤ ਯੁੱਧ ਲਈ ਡਟ ਗਏ)।

ਹਠੀ ਜੀਤਮਲੰ ਸੁ ਗਾਜੀ ਗੁਲਾਬੰ ॥

ਜੀਤ ਮਲ ਹਠੀ ਯੋਧਾ ਸੀ ਅਤੇ ਗੁਲਾਬ (ਰਾਇ) ਪਰਮ ਸੂਰਮਾ ਸੀ।

ਰਣੰ ਦੇਖੀਐ ਰੰਗ ਰੂਪੰ ਸਹਾਬੰ ॥੪॥

ਯੁੱਧ ਦਾ ਰੰਗ ਵੇਖ ਕੇ (ਉਨ੍ਹਾਂ ਨੂੰ) ਲਾਲੀਆਂ ਚੜ੍ਹ ਗਈਆਂ ॥੪॥

ਹਠਿਯੋ ਮਾਹਰੀਚੰਦਯੰ ਗੰਗਰਾਮੰ ॥

ਮਾਹਰੀ ਚੰਦ ਅਤੇ ਗੰਗਾ ਰਾਮ ਡਟ ਕੇ ਲੜੇ,

ਜਿਨੇ ਕਿਤੀਯੰ ਜਿਤੀਯੰ ਫੌਜ ਤਾਮੰ ॥

ਜਿਨ੍ਹਾਂ ਨੇ ਕਿਤਨੀਆਂ ਹੀ ਫ਼ੌਜਾਂ ਨੂੰ ਜਿਤ ਕੇ (ਸ਼ਿਕਾਰੀ ਜਾਨਵਰਾਂ ਲਈ ਉਨ੍ਹਾਂ ਦਾ) ਖਾਜਾ (ਤਾਮ) ਬਣਾ ਦਿੱਤਾ।

ਕੁਪੇ ਲਾਲ ਚੰਦੰ ਕੀਏ ਲਾਲ ਰੂਪੰ ॥

ਲਾਲ ਚੰਦ ਕ੍ਰੋਧਵਾਨ ਹੋ ਕੇ ਸੂਹੇ-ਲਾਲ ਹੋ ਗਏ

ਜਿਨੈ ਗੰਜੀਯੰ ਗਰਬ ਸਿੰਘ ਅਨੂਪੰ ॥੫॥

ਜਿਨ੍ਹਾਂ ਨੇ ਅਨੂਪਮ ਸ਼ੇਰਾਂ ਦਾ ਹੰਕਾਰ ਤੋੜ ਦਿੱਤਾ ਸੀ ॥੫॥

ਕੁਪਿਯੋ ਮਾਹਰੂ ਕਾਹਰੂ ਰੂਪ ਧਾਰੇ ॥

ਮਾਹਰੀ ਚੰਦ ਨੇ ਕ੍ਰੋਧਵਾਨ ਹੋ ਕੇ ਭਿਆਨਕ ਰੂਪ ਧਾਰਨ ਕਰ ਲਿਆ

ਜਿਨੈ ਖਾਨ ਖਾਵੀਨੀਯੰ ਖੇਤ ਮਾਰੇ ॥

ਜਿਨ੍ਹਾਂ ਨੇ ਵਡੇ ਵਡੇ ਖਬੀ ਖ਼ਾਨਾਂ ਨੂੰ ਮਾਰਿਆ ਸੀ।

ਕੁਪਿਓ ਦੇਵਤੇਸੰ ਦਯਾਰਾਮ ਜੁਧੰ ॥

ਯੁੱਧ ਵਿਚ ਦਯਾ ਰਾਮ ਬ੍ਰਾਹਮਣ ਨੇ ਵੀ ਬਹੁਤ ਕ੍ਰੋਧ ਕੀਤਾ

ਕੀਯੰ ਦ੍ਰੋਣ ਕੀ ਜਿਉ ਮਹਾ ਜੁਧ ਸੁਧੰ ॥੬॥

ਅਤੇ ਦ੍ਰੋਣਾਚਾਰਯ ਵਰਗਾ (ਭਿਆਨਕ) ਯੁੱਧ ਮਚਾਇਆ ॥੬॥

ਕ੍ਰਿਪਾਲ ਕੋਪੀਯੰ ਕੁਤਕੋ ਸੰਭਾਰੀ ॥

(ਮਹੰਤ) ਕ੍ਰਿਪਾਲ ਦਾਸ ਨੇ ਕ੍ਰੋਧਵਾਨ ਹੋ ਕੇ ਸੋਟਾ ਸੰਭਾਲਿਆ

ਹਠੀ ਖਾਨ ਹਯਾਤ ਕੇ ਸੀਸ ਝਾਰੀ ॥

ਅਤੇ ਹਠਵਾਨ ਨੇ ਹਯਾਤ ਖ਼ਾਨ ਦੇ ਸਿਰ ਉਤੇ ਝਾੜ ਦਿੱਤਾ

ਉਠੀ ਛਿਛਿ ਇਛੰ ਕਢਾ ਮੇਝ ਜੋਰੰ ॥

ਜਿਸ ਦੇ ਜ਼ੋਰ ਨਾਲ (ਹਯਾਤ ਖ਼ਾਨ ਦੀ) ਮਿਝ ਕਢ ਦਿੱਤੀ ਅਤੇ ਉਸ ਦੀਆਂ ਛਿਟਾਂ ਇੰਜ ਉਠੀਆਂ

ਮਨੋ ਮਾਖਨੰ ਮਟਕੀ ਕਾਨ੍ਰਹ ਫੋਰੰ ॥੭॥

ਮਾਨੋ ਕਾਨ੍ਹ ਨੇ ਮੱਖਣ ਦੀ ਮਟਕੀ ਭੰਨ ਦਿੱਤੀ ਹੋਵੇ ॥੭॥

ਤਹਾ ਨੰਦ ਚੰਦੰ ਕੀਯੋ ਕੋਪ ਭਾਰੋ ॥

ਉਥੇ (ਉਸੇ ਵੇਲੇ ਦੀਵਾਨ) ਨੰਦ ਚੰਦ ਨੇ ਬਹੁਤ ਕ੍ਰੋਧ ਕੀਤਾ

ਲਗਾਈ ਬਰਛੀ ਕ੍ਰਿਪਾਣੰ ਸੰਭਾਰੋ ॥

ਅਤੇ ਬਰਛੀ ਨਾਲ ਵਾਰ ਕੀਤਾ ਅਤੇ ਕ੍ਰਿਪਾਨ ਨੂੰ ਸੰਭਾਲਿਆ।

ਤੁਟੀ ਤੇਗ ਤ੍ਰਿਖੀ ਕਢੇ ਜਮਦਢੰ ॥

(ਲੜਦਿਆਂ ਲੜਦਿਆਂ) ਤਿਖੀ ਤਲਵਾਰ ਟੁੱਟ ਗਈ ਅਤੇ ਉਸ ਨੇ ਕਟਾਰ ਕਢ ਲਈ।

ਹਠੀ ਰਾਖੀਯੰ ਲਜ ਬੰਸੰ ਸਨਢੰ ॥੮॥

(ਇਸ ਤਰ੍ਹਾਂ ਉਸ) ਦ੍ਰਿੜ੍ਹ ਸੂਰਮੇ ਨੇ ਸੋਢੀ ਬੰਸ ਦੀ ਲਾਜ ਰਖ ਲਈ ॥੮॥

ਤਹਾ ਮਾਤਲੇਯੰ ਕ੍ਰਿਪਾਲੰ ਕ੍ਰੁਧੰ ॥

ਤਦੋਂ ਮਾਮਾ ਕ੍ਰਿਪਾਲ ਨੇ ਕ੍ਰੋਧ ਕੀਤਾ

ਛਕਿਯੋ ਛੋਭ ਛਤ੍ਰੀ ਕਰਿਯੋ ਜੁਧ ਸੁਧੰ ॥

ਅਤੇ ਛਾਤ੍ਰ-ਤੇਜ ਵਿਚ ਰੰਗੀਜ ਕੇ ਉਨ੍ਹਾਂ ਨੇ ਭਿਆਨਕ ਯੁੱਧ ਕੀਤਾ।

ਸਹੇ ਦੇਹ ਆਪੰ ਮਹਾਬੀਰ ਬਾਣੰ ॥

ਉਸ ਮਹਾ ਬੀਰ ਨੇ ਆਪਣੇ ਸ਼ਰੀਰ ਉਤੇ ਬਾਣ ਸਹਾਰੇ

ਕਰਿਯੋ ਖਾਨ ਬਾਨੀਨ ਖਾਲੀ ਪਲਾਣੰ ॥੯॥

ਪਰ ਬਾਂਕੇ ਖ਼ਾਨਾਂ ਦੇ (ਘੋੜਿਆਂ ਦੀਆਂ) ਕਾਠੀਆਂ (ਸਵਾਰਾਂ ਤੋਂ) ਸਖਣੀਆਂ ਕਰ ਦਿੱਤੀਆਂ ॥੯॥

ਹਠਿਯੋ ਸਾਹਿਬੰ ਚੰਦ ਖੇਤੰ ਖਤ੍ਰਿਆਣੰ ॥

ਹਠੀ ਸਾਹਿਬ ਚੰਦ ਪੂਰੇ ਛਾਤ੍ਰ-ਪੁਣੇ ਨਾਲ ਯੁੱਧ-ਭੂਮੀ (ਵਿਚ ਲੜਿਆ ਅਤੇ)

ਹਨੇ ਖਾਨ ਖੂਨੀ ਖੁਰਾਸਾਨ ਭਾਨੰ ॥

ਖੁਰਾਸਾਨ ਦੇ ਤੇਜਸਵੀ ਅਤੇ ਖ਼ੂਨਖਾਰ ਖ਼ਾਨਾਂ ਨੂੰ ਮਾਰਿਆ।