ਸ਼੍ਰੀ ਦਸਮ ਗ੍ਰੰਥ

ਅੰਗ - 220


ਬਾਜ ਸਾਜ ਸਣੈ ਚੜੀ ਸਭ ਸੁਭ੍ਰ ਧਉਲ ਉਤਾਲ ॥੧੯੮॥

(ਖ਼ੁਸ਼ੀਆਂ ਦੇ ਸਾਰੇ) ਸਾਮਾਨ ਸਮੇਤ ਵਾਜਿਆਂ ਨੂੰ ਵਜਦਿਆਂ ਵੇਖ ਕੇ (ਮੰਥਰਾ) ਛੇਤੀ ਨਾਲ ਸੁੰਦਰ ਮਹੱਲ ਉੱਪਰ ਚੜ੍ਹ ਗਈ ॥੧੯੮॥

ਬੇਣ ਬੀਣ ਮ੍ਰਦੰਗ ਬਾਦ ਸੁਣੇ ਰਹੀ ਚਕ ਬਾਲ ॥

ਬੰਸਰੀ ਬੀਣਾ ਤੇ ਮ੍ਰਿਦੰਗ ਆਦਿਕ ਵਾਜੇ ਵੱਜਦੇ ਸੁਣ ਕੇ (ਉਹ) ਇਸਤਰੀ ਹੈਰਾਨ ਰਹਿ ਗਈ।

ਰਾਮਰਾਜ ਉਠੀ ਜਯਤ ਧੁਨਿ ਭੂਮਿ ਭੂਰ ਬਿਸਾਲ ॥

(ਇੰਨੇ ਨੂੰ) ਧਰਤੀ ਉੱਤੇ ਬਹੁਤ ਜ਼ੋਰ ਨਾਲ ਰਾਮ ਰਾਜ ਦੀ ਜੈ ਦੀ ਧੁਨ ਉੱਠੀ

ਜਾਤ ਹੀ ਸੰਗਿ ਕੇਕਈ ਇਹ ਭਾਤਿ ਬੋਲੀ ਬਾਤਿ ॥

(ਜਿਸ ਨੂੰ ਸੁਣ ਕੇ ਉਹ ਹੇਠਾਂ ਉਤਰੀ ਅਤੇ ਅੰਦਰ) ਜਾਂਦਿਆਂ ਹੀ ਕੈਕਈ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਲੱਗੀ।

ਹਾਥ ਬਾਤ ਛੁਟੀ ਚਲੀ ਬਰ ਮਾਗ ਹੈਂ ਕਿਹ ਰਾਤਿ ॥੧੯੯॥

(ਹੁਣ) ਗੱਲ ਹੱਥੋਂ ਨਿਕਲ ਚੱਲੀ ਹੈ, (ਤੂੰ ਸੁਆਮੀ ਪਾਸੋਂ ਉਹ) ਵਰ ਕਿਹੜੀ ਰਾਤ ਨੂੰ ਮੰਗੇਂਗੀ? ॥੧੯੯॥

ਕੇਕਈ ਇਮ ਜਉ ਸੁਨੀ ਭਈ ਦੁਖਤਾ ਸਰਬੰਗ ॥

ਕੈਕਈ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਸਾਰੇ ਅੰਗਾਂ ਸਮੇਤ ਦੁਖੀ ਹੋ ਗਈ।

ਝੂਮ ਭੂਮ ਗਿਰੀ ਮ੍ਰਿਗੀ ਜਿਮ ਲਾਗ ਬਣ ਸੁਰੰਗ ॥

ਗਸ਼ ਖਾ ਕੇ (ਧਰਤੀ 'ਤੇ ਇਸ ਤਰ੍ਹਾਂ ਡਿੱਗ ਪਈ) ਜਿਵੇਂ ਸੁੰਦਰ ਹਿਰਨੀ ਤੀਰ ਲੱਗਣ ਨਾਲ ਡਿੱਗਦੀ ਹੈ।

ਜਾਤ ਹੀ ਅਵਧੇਸ ਕਉ ਇਹ ਭਾਤਿ ਬੋਲੀ ਬੈਨ ॥

(ਜਦੋਂ ਸੁਰਤ ਪਰਤੀ ਤਾਂ) ਜਾਂਦਿਆਂ ਹੀ ਰਾਜੇ ਦਸ਼ਰਥ ਨੂੰ ਇਸ ਤਰ੍ਹਾਂ ਬੋਲਣ ਲੱਗੀ-ਹੇ ਰਾਜਨ!

ਦੀਜੀਏ ਬਰ ਭੂਪ ਮੋ ਕਉ ਜੋ ਕਹੇ ਦੁਇ ਦੈਨ ॥੨੦੦॥

ਮੈਨੂੰ ਵਰ ਦਿਓ (ਜੋ ਤੁਸੀਂ ਮੈਨੂੰ) ਦੇਣ ਲਈ ਦੋ ਵਰ ਕਹੇ ਹੋਏ ਹਨ ॥੨੦੦॥

ਰਾਮ ਕੋ ਬਨ ਦੀਜੀਐ ਮਮ ਪੂਤ ਕਉ ਨਿਜ ਰਾਜ ॥

ਰਾਮ ਨੂੰ ਬਨਵਾਸ ਦਿਓ ਅਤੇ ਮੇਰੇ ਪੁੱਤਰ (ਭਰਤ) ਨੂੰ ਆਪਣਾ ਰਾਜ ਦਿਓ।

ਰਾਜ ਸਾਜ ਸੁ ਸੰਪਦਾ ਦੋਊ ਚਉਰ ਛਤ੍ਰ ਸਮਾਜ ॥

ਰਾਜ ਦਾ ਸਾਮਾਨ, ਸੰਪੱਤੀ ਦੇਵੋ ਚੌਰ ਤੇ ਛਤਰ

ਦੇਸ ਅਉਰਿ ਬਿਦੇਸ ਕੀ ਠਕੁਰਾਇ ਦੈ ਸਭ ਮੋਹਿ ॥

ਅਤੇ ਦੇਸ਼-ਵਿਦੇਸ਼ ਦੀ ਹਕੂਮਤ ਇਹ ਸਭ ਮੇਰੇ ਪੁੱਤਰ ਨੂੰ ਦਿਓ।

ਸਤ ਸੀਲ ਸਤੀ ਜਤ ਬ੍ਰਤ ਤਉ ਪਛਾਨੋ ਤੋਹਿ ॥੨੦੧॥

ਤਦ ਮੈਂ ਤੁਹਾਨੂੰ ਸਤ, ਸ਼ੀਲ, ਜਤ ਤੇ ਬ੍ਰਤ ਨੂੰ ਪਾਲਣ ਵਾਲਾ ਪਛਾਣਾਂਗੀ ॥੨੦੧॥

ਪਾਪਨੀ ਬਨ ਰਾਮ ਕੋ ਪੈ ਹੈਂ ਕਹਾ ਜਸ ਕਾਢ ॥

(ਰਾਜੇ ਨੇ ਕਿਹਾ-) ਹੇ ਪਾਪਣੇ! ਬਨ ਵਿੱਚ ਰਾਮ ਨੂੰ ਕੱਢ ਕੇ ਕੀ ਯਸ਼ ਪ੍ਰਾਪਤ ਕਰੇਂਗੀ?

ਭਸਮ ਆਨਨ ਤੇ ਗਈ ਕਹਿ ਕੈ ਸਕੇ ਅਸਿ ਬਾਢ ॥

ਤੇਰੇ ਮੂੰਹ ਵਿੱਚ ਸੁਆਹ ਪੈ ਗਈ, ਇਹ ਤਲਵਾਰ ਦੀ ਕਾਟ ਵਰਗੀ ਗੱਲ ਕਿਸ ਤਰ੍ਹਾਂ ਕਹਿ ਦਿੱਤੀ?

ਕੋਪ ਭੂਪ ਕੁਅੰਡ ਲੈ ਤੁਹਿ ਕਾਟੀਐ ਇਹ ਕਾਲ ॥

ਫਿਰ ਗੁੱਸੇ ਨਾਲ ਰਾਜਾ ਧਨੁਸ਼ ਲੈ ਕੇ (ਕਹਿਣ ਲੱਗਾ)-ਇਸੇ ਵੇਲੇ ਤੈਨੂੰ ਕੱਟ ਦੇਵਾਂ,

ਨਾਸ ਤੋਰਨ ਕੀਜੀਐ ਤਕ ਛਾਡੀਐ ਤੁਹਿ ਬਾਲ ॥੨੦੨॥

ਪਰ ਤੇਰਾ ਨਾਸ ਨਹੀਂ ਕਰਦਾ, ਤੈਨੂੰ ਇਸਤਰੀ ਵੇਖ ਕੇ ਛੱਡਦਾ ਹਾਂ ॥੨੦੨॥

ਨਗ ਸਰੂਪੀ ਛੰਦ ॥

ਨਗ ਸਰੂਪੀ ਛੰਦ

ਨਰ ਦੇਵ ਦੇਵ ਰਾਮ ਹੈ ॥

ਰਾਮ ਮਨੁੱਖਾਂ ਅਤੇ ਦੇਵਤਿਆਂ ਦਾ ਸੁਆਮੀ ਹੈ

ਅਭੇਵ ਧਰਮ ਧਾਮ ਹੈ ॥

ਅਤੇ ਭੇਦ ਰਹਿਤ ਧਰਮ ਦਾ ਘਰ ਹੈ।

ਅਬੁਧ ਨਾਰਿ ਤੈ ਮਨੈ ॥

ਹੇ ਬੇਵਕੂਫ਼ ਇਸਤਰੀ! ਤੂੰ (ਆਪਣੇ) ਮਨ ਤੋਂ

ਬਿਸੁਧ ਬਾਤ ਕੋ ਭਨੈ ॥੨੦੩॥

ਕਮਲੀ ਗੱਲ ਕਿਉਂ ਕਹਿ ਰਹੀ ਹੈਂ ॥੨੦੩॥

ਅਗਾਧਿ ਦੇਵ ਅਨੰਤ ਹੈ ॥

ਰਾਮ ਅੰਤ-ਰਹਿਤ ਅਗਾਂਹ ਦੇਵ ਹੈ,

ਅਭੂਤ ਸੋਭਵੰਤ ਹੈ ॥

ਤੱਤ੍ਵਾਂ ਤੋਂ ਬਿਨਾਂ ਸ਼ੋਭਾ ਵਾਲਾ ਹੈ,