ਸ਼੍ਰੀ ਦਸਮ ਗ੍ਰੰਥ

ਅੰਗ - 524


ਸੋ ਤੁਮ ਕਥਾ ਸੁਨਾਉ ਜਾ ਤੇ ਹਉ ਕਿਰਲਾ ਭਯੋ ॥੨੨੪੯॥

ਹੁਣ ਉਹ ਕਥਾ ਤੁਹਾਨੂੰ ਸੁਣਾਉਂਦਾ ਹਾਂ ਜਿਸ ਕਰ ਕੇ ਮੈਂ ਕਿਰਲਾ ਬਣਿਆ ਹਾਂ ॥੨੨੪੯॥

ਕਬਿਤੁ ॥

ਕਬਿੱਤ:

ਨਾਥ ਹਉ ਤੋ ਨਿਤਾਪ੍ਰਤਿ ਸੋਨੇ ਕੋ ਬਨਾਇ ਸਾਜ ਗਊ ਸਤ ਦੇਤੋ ਦਿਜ ਸੁਤ ਕਉ ਬੁਲਾਇ ਕੈ ॥

ਹੇ ਨਾਥ! ਮੈਂ ਨਿਤ ਸੋਨੇ ਨਾਲ ਸਜਾ ਕੇ, ਇਕ ਸੌ ਗਊਆਂ ਬ੍ਰਾਹਮਣ ਪੁੱਤਰਾਂ ਨੂੰ ਬੁਲਾ ਕੇ ਦਾਨ ਦਿਆ ਕਰਦਾ ਸਾਂ।

ਏਕ ਗਊ ਮਿਲੀ ਮੇਰੀ ਪੁੰਨ ਕਰੀ ਗਊਅਨ ਸੋ ਜੋ ਹਉ ਪੁੰਨ ਕਰਬੇ ਕਉ ਰਾਖਤ ਮੰਗਾਇ ਕੈ ॥

ਇਕ ਗਊ, ਮੇਰੀਆਂ ਪੁੰਨ ਕੀਤੀਆਂ ਗਊਆਂ ਵਿਚੋਂ, ਫਿਰ ਆ ਕੇ ਉਨ੍ਹਾਂ ਗਊਆਂ ਵਿਚ ਮਿਲ ਗਈ ਜੋ ਮੈਂ ਪੁੰਨ ਕਰਨ ਲਈ ਮੰਗਵਾਈਆਂ ਹੋਈਆਂ ਸਨ।

ਸੋਊ ਪੁੰਨ ਕਰੀ ਡੀਠ ਤਾਹੀ ਦਿਜ ਪਰੀ ਕਹਿਯੋ ਮੇਰੀ ਗਊ ਤਾ ਕੋ ਧਨੁ ਦੈ ਰਹਿਓ ਸੁਨਾਇ ਕੈ ॥

ਉਹ (ਗਊ ਫਿਰ) ਪੁੰਨ ਕਰ ਦਿੱਤੀ, (ਪਰ) ਉਸ ਉਤੇ ਬ੍ਰਾਹਮਣ ਦੀ ਨਜ਼ਰ ਪੈ ਗਈ। ਕਹਿਣ ਲਗਿਆ, ਇਹ ਮੇਰੀ ਗਊ ਹੈ। (ਮੈਂ) ਉਸ ਨੂੰ ਧਨ ਦੇ ਰਿਹਾ ਸਾਂ ਅਤੇ (ਆਪਣੀ ਗ਼ਲਤੀ) ਸੁਣਾ ਕੇ (ਖਿਮਾ ਮੰਗ ਰਿਹਾ ਸਾਂ)।

ਵਾ ਨ ਧਨ ਲਯੋ ਮੋਹਿ ਇਹੈ ਸ੍ਰਾਪ ਦਯੋ ਹੋਹੁ ਕਿਰਲਾ ਕੂਆ ਕੋ ਹਉ ਸੁ ਭਯੋ ਤਾ ਤੇ ਆਇ ਕੈ ॥੨੨੫੦॥

(ਪਰ) ਉਸ ਨੇ ਧਨ ਨਾ ਲਿਆ ਅਤੇ ਮੈਨੂੰ ਇਹ ਸ੍ਰਾਪ ਦਿੱਤਾ ਕਿ (ਤੂੰ) ਖੂਹ ਦਾ ਕਿਰਲਾ ਹੋ ਜਾ। ਇਸ ਕਰ ਕੇ ਮੈਂ ਆ ਕੇ ਕਿਰਲਾ ਹੋ ਗਿਆ ਹਾਂ ॥੨੨੫੦॥

ਦੋਹਰਾ ॥

ਦੋਹਰਾ:

ਤੁਮਰੇ ਕਰ ਤੇ ਛੂਅਤ ਅਬ ਮਿਟਿ ਗਏ ਸਗਰੇ ਪਾਪ ॥

ਤੁਹਾਡੇ ਹੱਥ ਨਾਲ ਛੋਹੰਦਿਆਂ ਹੀ ਹੁਣ ਮੇਰੇ ਸਾਰੇ ਪਾਪ ਮਿਟ ਗਏ ਹਨ।

ਸੋ ਫਲ ਲਹਿਯੋ ਜੁ ਬਹੁਤੁ ਦਿਨ ਮੁਨਿ ਕਰਿ ਪਾਵਤ ਜਾਪ ॥੨੨੫੧॥

(ਮੈਂ ਸਹਿਜ ਹੀ) ਉਹ ਫਲ ਪਾ ਲਿਆ ਹੈ ਜੋ ਮੁਨੀ ਲੋਗ ਬਹੁਤ ਦਿਨਾਂ ਤਕ ਜਪ ਕਰ ਕੇ ਪ੍ਰਾਪਤ ਕਰਦੇ ਹਨ ॥੨੨੫੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਿਰਲਾ ਕੋ ਕੂਪ ਤੇ ਕਾਢ ਕੈ ਉਧਾਰ ਕਰਤ ਭਏ ਧਿਆਇ ਸੰਪੂਰਨੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕਿਰਲੇ ਨੂੰ ਖੂਹ ਤੋਂ ਕਢ ਕੇ ਉੱਧਾਰ ਕੀਤੇ ਜਾਣ ਦਾ ਅਧਿਆਇ ਸਮਾਪਤ।

ਅਥ ਗੋਕੁਲ ਬਿਖੈ ਬਲਿਭਦ੍ਰ ਜੂ ਆਏ ॥

ਹੁਣ ਗੋਕਲ ਵਿਚ ਬਲਭਦ੍ਰ (ਬਲਰਾਮ) ਜੀ ਆਏ

ਚੌਪਈ ॥

ਚੌਪਈ:

ਤਿਹ ਉਧਾਰਿ ਪ੍ਰਭ ਜੂ ਗ੍ਰਿਹਿ ਆਯੋ ॥

ਉਸ (ਡਿਗ ਰਾਜੇ) ਦਾ ਉੱਧਾਰ ਕਰ ਸ੍ਰੀ ਕ੍ਰਿਸ਼ਨ ਜੀ ਘਰ ਆ ਗਏ

ਗੋਕੁਲ ਕਉ ਬਲਿਭਦ੍ਰ ਸਿਧਾਯੋ ॥

ਅਤੇ ਬਲਭਦ੍ਰ ਗੋਕਲ ਵਲ ਚਲਾ ਗਿਆ।

ਆਇ ਨੰਦ ਕੇ ਪਾਇਨ ਲਾਗਿਯੋ ॥

(ਗੋਕਲ) ਆ ਕੇ (ਬਲਭਦ੍ਰ) ਨੰਦ ਦੇ ਪੈਰੀਂ ਪਿਆ।

ਸੁਖੁ ਅਤਿ ਭਯੋ ਸੋਕ ਸਭ ਭਾਗਿਯੋ ॥੨੨੫੨॥

(ਨੰਦ ਨੂੰ) ਬਹੁਤ ਸੁਖ ਪ੍ਰਾਪਤ ਹੋਇਆ ਅਤੇ ਸਾਰੇ ਗ਼ਮ ਦੂਰ ਹੋ ਗਏ ॥੨੨੫੨॥

ਸਵੈਯਾ ॥

ਸਵੈਯਾ:

ਨੰਦ ਕੇ ਪਾਇਨ ਲਾਗਿ ਹਲੀ ਚਲਿ ਕੈ ਜਸੁਧਾ ਹੂੰ ਕੇ ਮੰਦਿਰ ਆਯੋ ॥

ਨੰਦ ਦੇ ਪੈਰੀਂ ਪੈ ਕੇ ਬਲਰਾਮ (ਉਥੋਂ) ਚਲ ਕੇ ਜਸੋਧਾ ਦੇ ਘਰ ਵਿਚ ਆਇਆ।

ਦੇਖਤ ਹੀ ਤਿਹ ਕੋ ਕਬਿ ਸ੍ਯਾਮ ਸੁ ਪਾਇਨ ਊਪਰਿ ਸੀਸ ਝੁਕਾਯੋ ॥

ਕਵੀ ਸ਼ਿਆਮ (ਕਹਿੰਦੇ ਹਨ) ਉਸ ਨੂੰ ਵੇਖਦਿਆਂ ਹੀ (ਬਲਰਾਮ ਨੇ) ਪੈਰਾਂ ਉਤੇ ਸਿਰ ਝੁਕਾ ਦਿੱਤਾ।

ਕੰਠਿ ਲਗਾਇ ਲਯੋ ਕਹਿਯੋ ਸੋਊ ਯੌ ਮਨ ਮੈ ਕਬਿ ਸ੍ਯਾਮ ਬਨਾਯੋ ॥

ਕਵੀ ਸ਼ਿਆਮ (ਕਹਿੰਦੇ ਹਨ) (ਜਸੋਧਾ ਨੇ ਉਸ ਨੂੰ) ਗਲੇ ਨਾਲ ਲਗਾ ਲਿਆ ਅਤੇ ਉਹੀ ਕਿਹਾ ਜੋ ਮਨ ਵਿਚ ਸੋਚਿਆ।

ਸ੍ਯਾਮ ਜੂ ਲੇਤ ਕਬੈ ਹਮਰੀ ਸੁਧਿ ਮਾਇ ਯੌ ਰੋਇ ਕੈ ਤਾਤ ਸੁਨਾਯੋ ॥੨੨੫੩॥

'ਕਦੇ ਕ੍ਰਿਸ਼ਨ ਜੀ ਨੇ ਸਾਡੀ ਵੀ ਖਬਰ-ਸਾਰ ਲਈ ਹੈ', ਇਸ ਤਰ੍ਹਾਂ ਰੋ ਕੇ ਮਾਤਾ ਨੇ ਆਪਣੇ ਪੁੱਤਰ (ਬਲਰਾਮ) ਨੂੰ (ਕਹਿ ਕੇ) ਸੁਣਾਇਆ ॥੨੨੫੩॥

ਕਬਿਤੁ ॥

ਕਬਿੱਤ:

ਗੋਪੀ ਸੁਨਿ ਪਾਯੋ ਇਹ ਠਉਰ ਬਲਿਭਦ੍ਰ ਆਯੋ ਸ੍ਯਾਮ ਆਯੋ ਹ੍ਵੈ ਹੈ ਮਾਗ ਸੇਾਂਧੁਰ ਭਰਤ ਹੈ ॥

ਗੋਪੀਆਂ ਨੇ ਸੁਣ ਲਿਆ ਕਿ ਉਸ ਥਾਂ (ਨੰਦ ਦੇ ਘਰ) ਬਲਰਾਮ ਆਇਆ ਹੈ। (ਫਿਰ ਮਨ ਵਿਚ ਵਿਚਾਰ ਪੈਦਾ ਹੋਇਆ ਕਿ) ਕ੍ਰਿਸ਼ਨ ਵੀ ਆਇਆ ਹੋਵੇਗਾ, (ਇਸ ਕਰ ਕੇ ਉਨ੍ਹਾਂ ਨੇ) ਮਾਂਗਾਂ ਵਿਚ ਸੰਧੂਰ ਭਰ ਲਿਆ।

ਬੇਸਰ ਬਿੰਦੂਆ ਤਨਿ ਭੂਖਨ ਬਨਾਇ ਕਬਿ ਸ੍ਯਾਮ ਚਾਰੁ ਲੋਚਨਨ ਅੰਜਨੁ ਧਰਤ ਹੈ ॥

ਕਵੀ ਸ਼ਿਆਮ (ਕਹਿੰਦੇ ਹਨ) ਨੱਥ, ਬਿੰਦੀ ਅਤੇ ਸ਼ਰੀਰ ਉਤੇ ਗਹਿਣੇ ਤੇ ਬਸਤ੍ਰ ਸਜਾ ਕੇ ਸੁੰਦਰ ਨੈਣਾਂ ਵਿਚ ਕਜਲਾ ਪਾ ਲਿਆ।


Flag Counter