ਉਸ ਵਿਆਹ ਨੂੰ ਵੇਖਣ ਲਈ ਹੋਰ ਵੀ ਰਾਜੇ ਅਤੇ ਬਲਵਾਨ ਸੂਰਮੇ ਆ ਪਹੁੰਚੇ।
(ਕਵੀ) ਸ਼ਿਆਮ ਕਹਿੰਦੇ ਹਨ, ਉਥੋਂ ਦੀ ਧੀ ਜਾਂ ਭੈਣ (ਦੇ ਵਿਆਹ) ਲਈ ਉਨ੍ਹਾਂ ਨੇ ਖੁਸ਼ੀ ਦੇ ਕਰੋੜਾਂ ਨਗਾਰੇ ਵਜਾਏ।
ਇਤਨੇ ਚਿਰ ਨੂੰ ਸ੍ਰੀ ਕ੍ਰਿਸ਼ਨ ਉਸ ਨੂੰ ਵਿਆਹ ਕੇ ਅਰਜਨ ਨਾਲ ਅਯੋਧਿਆ ਨੂੰ ਚਲੇ ਗਏ ॥੨੦੯੯॥
ਚੌਪਈ:
ਜਦ ਸ੍ਰੀ ਕ੍ਰਿਸ਼ਨ ਅਯੋਧਿਆ ਆਏ,
(ਤਾਂ ਉਥੋਂ ਦਾ) ਰਾਜਾ ਸੁਣ ਕੇ ਅਗੋਂ ਲੈਣ ਨੂੰ ਆਇਆ।
(ਉਨ੍ਹਾਂ ਨੂੰ) ਆਪਣੇ ਸਿੰਘਾਸਨ ਉਤੇ ਬਿਠਾਇਆ
ਅਤੇ (ਆਪਣੇ) ਚਿਤ ਦਾ ਦੁਖ ਦੂਰ ਕਰ ਦਿੱਤਾ ॥੨੧੦੦॥
(ਉਸ ਨੇ) ਸ੍ਰੀ ਕ੍ਰਿਸ਼ਨ ਦੇ ਚਰਨ ਪਕੜ ਲਏ
(ਅਤੇ ਕਹਿਣ ਲਗਾ) ਤੁਹਾਡੇ ਦਰਸ਼ਨ ਪ੍ਰਾਪਤ ਕਰਨ ਨਾਲ (ਮੇਰਾ) ਦੁਖ ਚਲਾ ਗਿਆ ਹੈ।
ਰਾਜੇ ਨੇ (ਆਪਣੇ) ਚਿਤ ਵਿਚ ਪ੍ਰੇਮ ਨੂੰ ਵਧਾਇਆ
ਅਤੇ ਆਪਣੇ ਮਨ ਨੂੰ ਸ੍ਰੀ ਕ੍ਰਿਸ਼ਨ ਨਾਲ ਜੋੜ ਦਿੱਤਾ ॥੨੧੦੧॥
ਸ੍ਰੀ ਕ੍ਰਿਸ਼ਨ ਨੇ ਰਾਜੇ ਨੂੰ ਕਿਹਾ:
ਸਵੈਯਾ:
ਸ੍ਰੇਸ਼ਠ ਰਾਜੇ ਦੀ ਪ੍ਰੀਤ ਨੂੰ ਵੇਖ ਕੇ, ਸ੍ਰੀ ਕ੍ਰਿਸ਼ਨ ਨੇ ਹਸ ਕੇ ਉਸ ਨੂੰ ਇਸ ਤਰ੍ਹਾਂ ਕਿਹਾ,
(ਹੇ ਰਾਜਨ!) ਤੁਸੀਂ ਰਾਮਚੰਦਰ ਦੀ ਕੁਲ ਵਿਚੋਂ ਹੋ ਜਿਨ੍ਹਾਂ ਨੇ ਕ੍ਰੋਧਿਤ ਹੋ ਕੇ ਰਾਵਣ ਵਰਗੇ ਛਤ੍ਰੀ ਨੂੰ ਪਛਾੜ ਦਿੱਤਾ ਸੀ।
ਛਤ੍ਰੀਆਂ ਵਾਸਤੇ ਮੰਗਣਾ ਨਹੀਂ ਕਿਹਾ ਗਿਆ, (ਪਰ) ਤਾਂ ਵੀ (ਕਿਸੇ ਤਰ੍ਹਾਂ ਦੀ) ਸ਼ੰਕਾ ਵਿਚਾਰੇ ਬਿਨਾ (ਮੈਂ) ਮੰਗਦਾ ਹਾਂ।
(ਤੁਸੀਂ) ਆਪਣੀ ਪੁੱਤਰੀ ਮੈਨੂੰ ਦਿਓ (ਕਿਉਂਕਿ) ਉਸ ਨੂੰ ਮੇਰਾ ਚਿਤ ਬਹੁਤ ਚਾਹੁੰਦਾ ਹੈ ॥੨੧੦੨॥
ਰਾਜੇ ਨੇ ਕ੍ਰਿਸ਼ਨ ਨੂੰ ਕਿਹਾ:
ਚੌਪਈ:
ਤਦ ਰਾਜੇ ਨੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਨਾਲ (ਗੱਲ) ਕਹੀ
ਕਿ ਮੈਂ ਇਕ ਪ੍ਰਤਿਗਿਆ ਕਰ ਰਖੀ ਹੈ।
ਜੋ ਇਨ੍ਹਾਂ ਸੱਤ ਬਲਦਾਂ (ਸਾਨ੍ਹਾਂ) ਨੂੰ (ਇਕੱਠਿਆਂ ਹੀ) ਨੱਥ ਲਵੇ,
ਉਹ ਇਸ (ਕੰਨਿਆ) ਨੂੰ ਸਾਥੀ ਬਣਾ ਕੇ ਲੈ ਜਾਵੇ ॥੨੧੦੩॥
ਸਵੈਯਾ:
ਸ੍ਰੀ ਕ੍ਰਿਸ਼ਨ ਨੇ ਆਪਣੇ ਪੀਲੇ ਦੁਪੱਟੇ ਨੂੰ ਲਕ ਨਾਲ ਕਸ ਕੇ ਫਿਰ ਆਪਣੇ ਸੱਤ ਭੇਖ (ਸਰੂਪ) ਬਣਾ ਲਏ।
ਵੇਖਣ ਵਿਚ ਇਕੋ ਹੀ ਕ੍ਰਿਸ਼ਨ ਲਗਦੇ ਸਨ, (ਪਰ) ਕਿਸੇ ਨੇ ਵੇਖ ਕੇ ਭੇਦ ਨੂੰ ਨਹੀਂ ਸਮਝਿਆ।
ਪੈਰਾਂ ਨੂੰ ਦਬਾ ਕੇ ਅਤੇ ਅੱਖਾਂ ਨੂੰ ਨਚਾ ਕੇ (ਸ੍ਰੀ ਕ੍ਰਿਸ਼ਨ) ਸਾਰਿਆਂ ਸੂਰਮਿਆਂ ਵਿਚ (ਸ੍ਰੇਸ਼ਠ) ਸੂਰਮਾ ਅਖਵਾਇਆ।
ਜਦ ਸੱਤਾਂ ਹੀ ਬਲਦਾ ਨੂੰ ਨੱਥ ਲਿਆ, (ਤਦ) ਸਭ ਨੇ ਧੰਨ ਧੰਨ ਕਿਹਾ ॥੨੧੦੪॥
ਜਦ ਸ੍ਰੀ ਕ੍ਰਿਸ਼ਨ ਨੇ ਸੱਤਾਂ ਬਲਦਾਂ ਨੂੰ ਨੱਥ ਲਿਆ ਤਦ ਸਾਰੇ ਯੋਧੇ ਇਨ੍ਹਾਂ ਨੂੰ ਆਖਣ ਲਗੇ
ਕਿ ਜੋ ਵੀ ਬਲਵਾਨ ਇਸ ਨਗਰ ਵਿਚ ਆਇਆ ਹੈ, ਉਸ ਨੂੰ ਇਨ੍ਹਾਂ (ਬਲਦਾਂ) ਨੇ ਸਿੰਗਾਂ ਨਾਲ ਪਰੋ ਛਡਿਆ ਹੈ।
ਕਿਹੜਾ ਬਲਵਾਨ ਸੂਰਮਾ ਇਸ ਜਗਤ ਵਿਚ ਪ੍ਰਗਟ ਹੋਇਆ ਹੈ ਜੋ ਇਨ੍ਹਾਂ ਸੱਤਾਂ ਨੂੰ ਨਕ ਵਿਚ ਨੱਥ ਪਾ ਸਕੇ।
ਯੁੱਧਵੀਰ ਹਸ ਕੇ ਕਹਿਣ ਲਗੇ ਕਿ ਰਣ ਵਿਚ ਧੀਰਜ ਧਾਰਨ ਕਰਨ ਵਾਲੇ ਅਤੇ ਵੈਰੀਆਂ ਨੂੰ ਚੀਰ ਸੁਟਣ ਵਾਲੇ ਸ੍ਰੀ ਕ੍ਰਿਸ਼ਨ ਤੋਂ ਬਿਨਾ (ਹੋਰ ਕੌਣ ਹੋ ਸਕਦਾ ਹੈ?) ॥੨੧੦੫॥
ਕਈ ਸਾਧ ਲੋਕ ਹਸ ਕੇ ਇਸ ਤਰ੍ਹਾਂ ਕਹਿੰਦੇ ਹਨ ਕਿ ਜਗਤ ਵਿਚ ਕ੍ਰਿਸ਼ਨ ਵਰਗਾ ਹੋਰ ਕਿਹੜਾ ਸੂਰਮਾ ਹੈ
ਜਿਸ ਨੇ ਇੰਦਰ ਨੂੰ ਜਿਤਣ ਵਾਲੇ (ਮੇਘਨਾਦ) ਨੂੰ ਜਿਤ ਲਿਆ ਹੈ ਅਤੇ ਰਾਵਣ ਦਾ ਸਿਰ ਲਾਹ ਕੇ ਕਬੰਧ (ਧੜ) ਕਰ ਦਿੱਤਾ ਹੈ।
ਜਦੋਂ ਗਜਰਾਜ ਉਤੇ ਭੀੜ ਬਣੀ ਸੀ ਤਾਂ (ਉਸ ਨੂੰ) ਤੇਂਦੂਏ ਪਾਸੋਂ ਪ੍ਰਭੂ ਨੇ ਬਚਾ ਲਿਆ ਸੀ।
(ਆਪਣੇ) ਦਾਸਾਂ ਉਤੇ (ਜਦ) ਭੀੜ ਪੈਂਦੀ ਹੈ (ਤਾਂ) ਰਣਧੀਰ ਹੋ ਜਾਂਦਾ ਹੈ ਅਤੇ (ਉਨ੍ਹਾਂ ਦੀ) ਪੀੜ ਨੂੰ ਵੇਖ ਕੇ ਅਧੀਰ ਹੋ ਜਾਂਦਾ ਹੈ ॥੨੧੦੬॥
ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਉਸੇ ਵਿਧੀ ਨਾਲ ਸ੍ਰੀ ਕ੍ਰਿਸ਼ਨ ਦਾ ਵਿਆਹ ਕਰ ਦਿੱਤਾ।
ਚਿਤ ਵਿਚ ਬਹੁਤ ਆਨੰਦ ਪ੍ਰਾਪਤ ਕਰ ਕੇ ਸਾਰਿਆਂ ਬ੍ਰਾਹਮਣਾਂ ਨੂੰ ਨਵੀਆਂ ਚੀਜ਼ਾਂ ਅਥਵਾ ਸਾਮਾਨ ਦਿੱਤਾ।
ਅਤੇ ਵੱਡੇ ਵੱਡੇ ਹਥੀ ਅਤੇ ਘੋੜੇ ਅਤੇ ਬਹੁਤ ਸਾਰਾ ਧਨ ਲੈ ਕੇ ਸ੍ਰੀ ਕ੍ਰਿਸ਼ਨ ਨੂੰ ਦਿੱਤਾ।
(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਰਾਜੇ ਨੇ (ਪੁੱਤਰੀ ਦਾ ਵਿਆਹ ਕਰ ਕੇ) ਸੰਸਾਰ ਵਿਚ ਬਹੁਤ ਯਸ਼ ਖਟ ਲਿਆ ॥੨੧੦੭॥
ਰਾਜੇ ਨੇ ਸਭਾ ਨੂੰ ਕਿਹਾ:
ਸਵੈਯਾ:
ਰਾਜੇ ਨੇ ਸਿੰਘਾਸਨ ਉਤੇ ਬੈਠ ਕੇ, ਸਭਾ ਵਿਚ ਇਸ ਤਰ੍ਹਾਂ ਕਿਹਾ,
ਸ੍ਰੀ ਕ੍ਰਿਸ਼ਨ ਨੇ ਉਸੇ ਤਰ੍ਹਾਂ ਦਾ ਕੰਮ ਕੀਤਾ ਹੈ ਜਿਵੇਂ ਸ੍ਰੀ ਰਾਮ ਚੰਦਰ ਨੇ (ਸ਼ਿਵ) ਧਨੁਸ਼ ਦਾ ਚਿਲਾ ਚੜ੍ਹਾ ਕੇ ਕੀਤਾ ਸੀ।
ਉਜੈਨ ਦੇ ਰਾਜੇ ਦੀ ਭੈਣ ਨੂੰ ਜਿਤ ਕੇ ਇਸ ਅਯੋਧਿਆ ਨਗਰੀ ਵਿਚ ਜਦ ਪੈਰ ਪਾਏ,
(ਤਾਂ) ਵੇਖਦਿਆਂ ਸਾਰ ਸਾਰਿਆਂ ਨੇ ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਸਹੀ ਸੂਰਮੇ ਵਜੋਂ ਪਛਾਣ ਲਿਆ ॥੨੧੦੮॥
ਜਦੋਂ ਰਾਜੇ ਨੇ ਆਪਣੇ ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਸਹੀ ਸੂਰਮੇ ਵਜੋਂ ਜਾਣ ਲਿਆ,