ਸ਼੍ਰੀ ਦਸਮ ਗ੍ਰੰਥ

ਅੰਗ - 565


ਕਾਲ ਪੁਰਖ ਕੋ ਧਿਆਨ ਧਰਿ ਰੋਵਤ ਭਈ ਬਨਾਇ ॥

ਕਾਲ ਪੁਰਖ ਦਾ ਧਿਆਨ ਧਰ ਕੇ ਰੋਣ ਲਗ ਗਈ ਹੈ।

ਰੋਵਤ ਭਈ ਬਨਾਇ ਪਾਪ ਭਾਰਨ ਭਰਿ ਧਰਣੀ ॥

ਪਾਪਾਂ ਦੇ ਭਾਰ ਨਾਲ ਭਰ ਕੇ ਧਰਤੀ ਰੋਣ ਲਗ ਗਈ ਹੈ।

ਮਹਾ ਪੁਰਖ ਕੇ ਤੀਰ ਬਹੁਤੁ ਬਿਧਿ ਜਾਤ ਨ ਬਰਣੀ ॥੧੩੭॥

ਮਹਾ ਪੁਰਖ ਦੇ ਪਾਸ ਜਾ ਕੇ ਬਹੁਤ ਤਰ੍ਹਾਂ ਨਾਲ (ਪੁਕਾਰ ਕੀਤੀ ਹੈ ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੩੭॥

ਸੋਰਠਾ ॥

ਸੋਰਠਾ:

ਕਰ ਕੈ ਪ੍ਰਿਥਮ ਸਮੋਧ ਬਹੁਰ ਬਿਦਾ ਪ੍ਰਿਥਵੀ ਕਰੀ ॥

ਪਹਿਲਾਂ ਧਰਤੀ ਨੂੰ ਸਮਝਾ ਬੁਝਾ ਕੇ, ਫਿਰ ਉਸ ਨੂੰ ਵਿਦਾ ਕਰ ਦਿੱਤਾ ਹੈ।

ਮਹਾ ਪੁਰਖ ਬਿਨੁ ਰੋਗ ਭਾਰ ਹਰਣ ਬਸੁਧਾ ਨਿਮਿਤ ॥੧੩੮॥

ਮਹਾ ਪੁਰਖ ਧਰਤੀ ਦਾ ਭਾਰ ਹਰਨ ਅਤੇ ਉਸ ਨੂੰ ਬਿਨਾ ਕਸ਼ਟ (ਰੋਗ) ਕਰਨ ਲਈ (ਅਵਤਾਰ ਧਾਰਨ ਕਰਦੇ ਹਨ) ॥੧੩੮॥

ਕੁੰਡਰੀਆ ਛੰਦ ॥

ਕੁੰਡਰੀਆ ਛੰਦ:

ਦੀਨਨ ਕੀ ਰਛਾ ਨਿਮਿਤ ਕਰ ਹੈ ਆਪ ਉਪਾਇ ॥

ਦੁਖੀਆਂ ਮਜ਼ਲੂਮਾਂ ਦੀ ਰਖਿਆ ਕਰਨ ਲਈ (ਪ੍ਰਭੂ) ਆਪ ਉਪਾ ਕਰਦੇ ਹਨ।

ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਇ ॥

ਪਰਮ ਪਵਿਤ੍ਰ ਕਾਲ ਪੁਰਖ ਸਦਾ ਆਪ ਪ੍ਰਗਟ ਆਣ ਹੁੰਦੇ ਹਨ।

ਆਪ ਪ੍ਰਗਟ ਹੈ ਆਇ ਦੀਨ ਰਛਾ ਕੇ ਕਾਰਣ ॥

ਆਪ ਆ ਕੇ ਦੀਨ-ਦੁਖੀਆਂ ਦੀ ਰਖਿਆ ਲਈ ਪ੍ਰਗਟ ਹੁੰਦੇ ਹਨ।

ਅਵਤਾਰੀ ਅਵਤਾਰ ਧਰਾ ਕੇ ਪਾਪ ਉਤਾਰਣ ॥੧੩੯॥

ਧਰਤੀ ਦਾ ਭਾਰ ਉਤਾਰਨ ਲਈ (ਕਾਲ ਪੁਰਖ) ਅਵਤਾਰ ਵਜੋਂ ਅਵਤਰਿਤ ਹੁੰਦੇ ਹਨ ॥੧੩੯॥

ਕਲਿਜੁਗ ਕੇ ਅੰਤਹ ਸਮੈ ਸਤਿਜੁਗ ਲਾਗਤ ਆਦਿ ॥

ਕਲਿਯੁਗ ਦੇ ਅੰਤ ਵੇਲੇ (ਜਦ) ਸਤਿਯੁਗ ਦਾ ਆਰੰਭ ਹੋਣ ਲਗੇਗਾ,

ਦੀਨਨ ਕੀ ਰਛਾ ਲੀਏ ਧਰਿ ਹੈ ਰੂਪ ਅਨਾਦਿ ॥

(ਤਦ) ਅਨਾਦਿ (ਪੁਰਸ਼) ਦੀਨਾਂ-ਦੁਖੀਆਂ ਦੀ ਰਖਿਆ ਲਈ (ਅਵਤਾਰੀ) ਰੂਪ ਧਾਰਨ ਕਰਨਗੇ।

ਧਰ ਹੈ ਰੂਪ ਅਨਾਦਿ ਕਲਹਿ ਕਵਤੁਕ ਕਰਿ ਭਾਰੀ ॥

ਦੀਨਾਂ ਦੀ ਰਖਿਆ ਲਈ ਕਲਿਯੁਗ ('ਕਲਹਿ') ਵਿਚ ਵੱਡੇ ਕੌਤਕ ਕਰਨਗੇ

ਸਤ੍ਰਨ ਕੇ ਨਾਸਾਰਥ ਨਮਿਤ ਅਵਤਾਰ ਅਵਤਾਰੀ ॥੧੪੦॥

ਅਤੇ ਵੈਰੀਆਂ ਦੇ ਵਿਨਾਸ਼ ਲਈ (ਕਾਲ ਪੁਰਖ) ਅਵਤਾਰ ਧਾਰਨ ਕਰਨਗੇ ॥੧੪੦॥

ਸਵੈਯਾ ਛੰਦ ॥

ਸਵੈਯਾ ਛੰਦ:

ਪਾਪ ਸੰਬੂਹ ਬਿਨਾਸਨ ਕਉ ਕਲਿਕੀ ਅਵਤਾਰ ਕਹਾਵਹਿਗੇ ॥

ਸਾਰਿਆਂ ਪਾਪਾਂ ਨੂੰ ਨਸ਼ਟ ਕਰਨ ਲਈ (ਕਾਲ ਪੁਰਖ) ਕਲਕੀ ਅਵਤਾਰ ਅਖਵਾਉਣਗੇ।

ਤੁਰਕਛਿ ਤੁਰੰਗ ਸਪਛ ਬਡੋ ਕਰਿ ਕਾਢਿ ਕ੍ਰਿਪਾਨ ਕੰਪਾਵਹਿਗੇ ॥

ਤੁਰਕਿਸਤਾਨ ਦੇ ਖੰਭਾਂ ਵਾਲੇ ਵੱਡੇ ਘੋੜੇ (ਉਤੇ ਸਵਾਰ ਹੋ ਕੇ) ਹੱਥ ਵਿਚ ਕ੍ਰਿਪਾਨ ਨੂੰ ਕਢ ਕੇ ਘੁੰਮਾਣਗੇ।

ਨਿਕਸੇ ਜਿਮ ਕੇਹਰਿ ਪਰਬਤ ਤੇ ਤਸ ਸੋਭ ਦਿਵਾਲਯ ਪਾਵਹਿਗੇ ॥

ਜਿਵੇਂ ਪਰਬਤ ਵਿਚੋਂ ਸ਼ੇਰ ਨਿਕਲਦਾ ਹੈ, ਉਸ ਤਰ੍ਹਾਂ ਉਹ ਮੰਦਿਰ ਵਿਚੋਂ (ਨਿਕਲਦਿਆਂ) ਸ਼ੋਭਾ ਪਾਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੧॥

ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ('ਹਰਿ ਮੰਦਰਿ') ਵਿਚ ਆਣਗੇ ॥੧੪੧॥

ਰੂਪ ਅਨੂਪ ਸਰੂਪ ਮਹਾ ਲਖਿ ਦੇਵ ਅਦੇਵ ਲਜਾਵਹਿਗੇ ॥

(ਜਿਨ੍ਹਾਂ ਦਾ) ਅਨੂਪਮ ਰੂਪ ਹੋਵੇਗਾ, (ਉਨ੍ਹਾਂ ਦੇ) ਮਹਾਨ ਸਰੂਪ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਲਜਾ ਦਾ ਅਨੁਭਵ ਕਰਨਗੇ।

ਅਰਿ ਮਾਰਿ ਸੁਧਾਰ ਕੇ ਟਾਰਿ ਘਣੇ ਬਹੁਰੋ ਕਲਿ ਧਰਮ ਚਲਾਵਹਿਗੇ ॥

ਵੈਰੀਆਂ ਨੂੰ ਮਾਰ ਕੇ (ਧਰਤੀ ਉਤੇ) ਸੁਧਾਰ ਕਰਨਗੇ ਅਤੇ ਬਹੁਤੇ (ਪਾਪਾਂ ਨੂੰ) ਦੂਰ ਕਰ ਕੇ ਫਿਰ ਕਲਿਯੁਗ ਵਿਚ (ਆਪਣਾ) ਧਰਮ ਚਲਾਉਣਗੇ।

ਸਭ ਸਾਧ ਉਬਾਰ ਲਹੈ ਕਰ ਦੈ ਦੁਖ ਆਂਚ ਨ ਲਾਗਨ ਪਾਵਹਿਗੇ ॥

(ਆਪਣਾ) ਹੱਥ ਦੇ ਕੇ ਸਾਰੇ ਸਾਧੂ ਰੁਚੀ ਵਾਲਿਆਂ ਨੂੰ ਉਬਾਰ ਲੈਣਗੇ ਅਤੇ (ਉਨ੍ਹਾਂ ਨੂੰ) ਦੁਖਾਂ ਦਾ ਸੇਕ ਤਕ ਨਹੀਂ ਲਗਣ ਦੇਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੨॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੨॥

ਦਾਨਵ ਮਾਰਿ ਅਪਾਰ ਬਡੇ ਰਣਿ ਜੀਤਿ ਨਿਸਾਨ ਬਜਾਵਹਿਗੇ ॥

ਅਣਗਿਣਤ ਵੱਡੇ ਦੈਂਤਾਂ (ਪਾਪੀਆਂ) ਨੂੰ ਮਾਰ ਕੇ ਰਣ ਦੀ ਜਿਤ ਦਾ ਨਗਾਰਾ ਵਜਾਉਣਗੇ।

ਖਲ ਟਾਰਿ ਹਜਾਰ ਕਰੋਰ ਕਿਤੇ ਕਲਕੀ ਕਲਿ ਕ੍ਰਿਤਿ ਬਢਾਵਹਿਗੇ ॥

ਹਜ਼ਾਰਾਂ, ਕਰੋੜਾਂ ਕਿਤਨਿਆਂ ਹੀ ਨੂੰ ਨਸ਼ਟ ਕਰ ਕੇ ਕਲਕੀ (ਅਵਤਾਰ ਆਪਣਾ) ਸੁੰਦਰ ਯਸ਼ ਵਧਾਉਣਗੇ।

ਪ੍ਰਗਟਿ ਹੈ ਜਿਤਹੀ ਤਿਤ ਧਰਮ ਦਿਸਾ ਲਖਿ ਪਾਪਨ ਪੁੰਜ ਪਰਾਵਹਿਗੇ ॥

ਜਿਥੇ ਕਿਥੇ ਧਰਮ ਦੀ ਸਥਿਤੀ ਪਸਰ ਜਾਏਗੀ, ਜਿਸ ਨੂੰ ਵੇਖ ਕੇ ਪਾਪਾਂ ਦੇ ਸਮੂਹ ਭਜ ਜਾਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੩॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੩॥

ਛੀਨ ਮਹਾ ਦਿਜ ਦੀਨ ਦਸਾ ਲਖਿ ਦੀਨ ਦਿਆਲ ਰਿਸਾਵਹਿਗੇ ॥

ਬ੍ਰਾਹਮਣਾਂ ਦੀ ਬਹੁਤ ਮਾੜੀ ਹਾਲਤ ਵੇਖ ਕੇ ਦੀਨ ਦਿਆਲ (ਕਲਕੀ ਅਵਤਾਰ) ਬਹੁਤ ਕ੍ਰੋਧਵਾਨ ਹੋਣਗੇ।

ਖਗ ਕਾਢਿ ਅਭੰਗ ਨਿਸੰਗ ਹਠੀ ਰਣ ਰੰਗਿ ਤੁਰੰਗ ਨਚਾਵਹਿਗੇ ॥

ਨਾ ਟੁੱਟਣ ਵਾਲੀ ਖੜਗ ਨੂੰ ਕਢ ਕੇ ਹਠੀ (ਕਲਕੀ) ਰਣ-ਭੂਮੀ ਵਿਚ ਘੋੜੇ ਨੂੰ ਨਚਾਉਣਗੇ।

ਰਿਪੁ ਜੀਤਿ ਅਜੀਤ ਅਭੀਤ ਬਡੇ ਅਵਨੀ ਪੈ ਸਬੈ ਜਸੁ ਗਾਵਹਿਗੇ ॥

(ਉਹ) ਨਾ ਜਿਤੇ ਜਾ ਸਕਣ ਵਾਲੇ ਬਹੁਤ ਨਿਡਰ ਵੈਰੀਆਂ ਨੂੰ ਜਿਤਣਗੇ ਅਤੇ ਧਰਤੀ ਉਤੇ ਸਭ ਲੋਗ (ਉਨ੍ਹਾਂ ਦਾ) ਜਸ ਗਾਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੪॥

ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੪॥

ਸੇਸ ਸੁਰੇਸ ਮਹੇਸ ਗਨੇਸ ਨਿਸੇਸ ਭਲੇ ਜਸੁ ਗਾਵਹਿਗੇ ॥

ਸ਼ੇਸ਼ਨਾਗ, ਇੰਦਰ, ਸ਼ਿਵ, ਗਣੇਸ਼ ਅਤੇ ਚੰਦ੍ਰਮਾ (ਉਸ ਦੇ) ਚੰਗੀ ਤਰ੍ਹਾਂ ਜਸ ਨੂੰ ਗਾਉਣਗੇ।

ਗਣ ਭੂਤ ਪਰੇਤ ਪਿਸਾਚ ਪਰੀ ਜਯ ਸਦ ਨਿਨਦ ਸੁਨਾਵਹਿਗੇ ॥

ਗਣ, ਭੂਤ, ਪ੍ਰੇਤ, ਪਿਸ਼ਾਚ ਅਤੇ ਪਰੀਆਂ ਉੱਚੀ ਧੁਨ ਵਿਚ ਜੈ ਜੈਕਾਰ ਦੇ ਸ਼ਬਦ ਸੁਣਾਉਣਗੇ।

ਨਰ ਨਾਰਦ ਤੁੰਬਰ ਕਿੰਨਰ ਜਛ ਸੁ ਬੀਨ ਪ੍ਰਬੀਨ ਬਜਾਵਹਿਗੇ ॥

ਨਰ, ਨਾਰਦ, ਤੁੰਬਰ (ਬੀਨ ਵਾਦਕ) ਕਿੰਨਰ ਅਤੇ ਯਕਸ਼ ਬੜੀ ਪ੍ਰਬੀਨਤਾ ਨਾਲ ਬੀਨ ਵਜਾਉਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੫॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੫॥

ਤਾਲ ਮ੍ਰਿਦੰਗ ਮੁਚੰਗ ਉਪੰਗ ਸੁਰੰਗ ਸੇ ਨਾਦ ਸੁਨਾਵਹਿਗੇ ॥

ਛੈਣੇ, ਮ੍ਰਿਦੰਗ, ਮੁਚੰਗ (ਸਾਰੰਗੀ) ਅਤੇ ਉਪੰਗ ਨਾਲ ਅਨੇਕ ਤਰ੍ਹਾਂ ਦੇ ਨਾਦ ਸੁਣਾਉਣਗੇ।

ਡਫ ਬਾਰ ਤਰੰਗ ਰਬਾਬ ਤੁਰੀ ਰਣਿ ਸੰਖ ਅਸੰਖ ਬਜਾਵਹਿਗੇ ॥

ਡਫ, ਜਲਤਰੰਗ, ਰਬਾਬ, ਤੁਰੀ ਅਤੇ ਰਣਸਿੰਗੇ ਅਣਗਿਣਤ ਵਜਾਉਣਗੇ।

ਗਣ ਦੁੰਦਭਿ ਢੋਲਨ ਘੋਰ ਘਨੀ ਸੁਨਿ ਸਤ੍ਰੁ ਸਬੈ ਮੁਰਛਾਵਹਿਗੇ ॥

ਬਹੁਤ ਸਾਰੇ ਨਗਾਰਿਆਂ, ਢੋਲਾਂ ਆਦਿ ਦੀ ਬਹੁਤ ਭਾਰੀ ਧੁਨ ਸੁਣ ਕੇ ਸਾਰੇ ਵੈਰੀ ਮੂਰਛਿਤ ਹੋ ਜਾਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੬॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੬॥

ਤੀਰ ਤੁਫੰਗ ਕਮਾਨ ਸੁਰੰਗ ਦੁਰੰਗ ਨਿਖੰਗ ਸੁਹਾਵਹਿਗੇ ॥

ਤੀਰ, ਬੰਦੂਕ, ਕਮਾਨ, ਸੋਹਣੇ ਦੋ ਰੰਗੇ ਭੱਥੇ ਨਾਲ ਸੁਸ਼ੋਭਿਤ ਹੋਣਗੇ।

ਬਰਛੀ ਅਰੁ ਬੈਰਖ ਬਾਨ ਧੁਜਾ ਪਟ ਬਾਤ ਲਗੇ ਫਹਰਾਵਹਿਗੇ ॥

ਬਰਛੀਆਂ ਅਤੇ (ਉਨ੍ਹਾਂ ਨਾਲ ਲਗੀਆਂ) ਝੰਡੀਆਂ, ਬਾਨ ਅਤੇ ਧੁਜਾਵਾਂ ਹਵਾ ਦੇ ਲਗਣ ਨਾਲ ਉਡਣਗੀਆਂ।

ਗੁਣ ਜਛ ਭੁਜੰਗ ਸੁ ਕਿੰਨਰ ਸਿਧ ਪ੍ਰਸਿਧ ਸਬੈ ਜਸੁ ਗਾਵਹਿਗੇ ॥

ਗਣ, ਯਕਸ਼, ਸੱਪ ਅਤੇ ਕਿੰਨਰ ਅਤੇ ਪ੍ਰਸਿੱਧ ਸਿੱਧ ਲੋਕ ਸਾਰੇ ਜਸ ਦਾ ਗਾਇਨ ਕਰਨਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੭॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੭॥

ਕਉਚ ਕ੍ਰਿਪਾਨ ਕਟਾਰਿ ਕਮਾਨ ਸੁਰੰਗ ਨਿਖੰਗ ਛਕਾਵਹਿਗੇ ॥

ਕਵਚ, ਕ੍ਰਿਪਾਨ, ਕਟਾਰ, ਕਮਾਨ ਅਤੇ ਸੁੰਦਰ ਰੰਗ ਵਾਲਾ ਭੱਥਾ ਸਜਾਉਣਗੇ।

ਬਰਛੀ ਅਰੁ ਢਾਲ ਗਦਾ ਪਰਸੋ ਕਰਿ ਸੂਲ ਤ੍ਰਿਸੂਲ ਭ੍ਰਮਾਵਹਿਗੇ ॥

ਬਰਛੀ, ਢਾਲ, ਗਦਾ, ਕੁਹਾੜੀ, ਨੇਜ਼ਾ ਅਤੇ ਤ੍ਰਿਸ਼ੂਲ ਹੱਥ ਵਿਚ ਘੁੰਮਾਉਣਗੇ।

ਅਤਿ ਕ੍ਰੁਧਤ ਹ੍ਵੈ ਰਣ ਮੂਰਧਨ ਮੋ ਸਰ ਓਘ ਪ੍ਰਓਘ ਚਲਾਵਹਿਗੇ ॥

ਅਤਿ ਅਧਿਕ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਆਹਮੋ ਸਾਹਮਣੇ ਤੀਰਾਂ ਦੇ ਝੁੰਡ ਚਲਾਉਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੮॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੮॥


Flag Counter