ਸ਼੍ਰੀ ਦਸਮ ਗ੍ਰੰਥ

ਅੰਗ - 317


ਅਥ ਚੀਰ ਚਰਨ ਕਥਨੰ ॥

ਹੁਣ ਚੀਰ ਹਰਨ ਪ੍ਰਸੰਗ ਦਾ ਕਥਨ:

ਸਵੈਯਾ ॥

ਸਵੈਯਾ:

ਨ੍ਰਹਾਵਨਿ ਲਾਗਿ ਜਬੈ ਗੁਪੀਆ ਤਬ ਲੈ ਪਟ ਕਾਨ ਚਰਿਯੋ ਤਰੁ ਊਪੈ ॥

ਜਦੋਂ ਗੋਪੀਆਂ ਨਹਾਉਣ ਲਗੀਆਂ ਤਦੋਂ ਕ੍ਰਿਸ਼ਨ (ਉਨ੍ਹਾਂ ਦੇ) ਕਪੜੇ ਲੈ ਕੇ ਬ੍ਰਿਛ ਉਤੇ ਚੜ੍ਹ ਗਿਆ।

ਤਉ ਮੁਸਕਯਾਨ ਲਗੀ ਮਧਿ ਆਪਨ ਕੋਇ ਪੁਕਾਰ ਕਰੇ ਹਰਿ ਜੂ ਪੈ ॥

ਤਦ ਉਹ ਆਪੋ ਵਿਚ ਮੁਸਕ੍ਰਾਉਣ ਲਗ ਪਈਆਂ, (ਪਰ) ਕੋਈ ਕ੍ਰਿਸ਼ਨ ਪਾਸ ਪੁਕਾਰ ਕਰਨ ਲਗ ਪਈ।

ਚੀਰ ਹਰੇ ਹਮਰੇ ਛਲ ਸੋ ਤੁਮ ਸੋ ਠਗ ਨਾਹਿ ਕਿਧੋ ਕੋਊ ਭੂ ਪੈ ॥

(ਕਹਿਣ ਲਗੀ) (ਹੇ ਕ੍ਰਿਸ਼ਨ! ਤੂੰ) ਛਲ ਨਾਲ ਸਾਡੇ ਕਪੜੇ ਚੁਰਾ ਲਏ ਹਨ, ਧਰਤੀ ਉਤੇ ਤੇਰੇ ਵਰਗਾ ਕੋਈ ਠਗ ਨਹੀਂ ਹੈ।

ਹਾਥਨ ਸਾਥ ਸੁ ਸਾਰੀ ਹਰੀ ਦ੍ਰਿਗ ਸਾਥ ਹਰੋ ਹਮਰੋ ਤੁਮ ਰੂਪੈ ॥੨੫੧॥

ਹੱਥਾਂ ਨਾਲ ਤੂੰ ਸਾਡੀਆਂ ਸਾੜੀਆਂ ਚੁਰਾ ਲਈਆਂ ਹਨ ਅਤੇ ਅੱਖਾਂ ਨਾਲ ਸਾਡੇ ਰੂਪ ਨੂੰ ਚੁਰਾ ਰਿਹਾ ਹੈਂ ॥੨੫੧॥

ਗੋਪੀ ਬਾਚ ਕਾਨ ਜੂ ਸੋ ॥

ਗੋਪੀ ਨੇ ਕ੍ਰਿਸ਼ਨ ਨੂੰ ਕਿਹਾ:

ਸਵੈਯਾ ॥

ਸਵੈਯਾ:

ਸ੍ਯਾਮ ਕਹਿਯੋ ਮੁਖ ਤੇ ਗੁਪੀਆ ਇਹ ਕਾਨ੍ਰਹ ਸਿਖੇ ਤੁਮ ਬਾਤ ਭਲੀ ਹੈ ॥

ਸ਼ਿਆਮ (ਕਵੀ ਕਹਿੰਦੇ ਹਨ) ਗੋਪੀ ਨੇ ਮੂੰਹ ਤੋਂ ਇਸ ਤਰ੍ਹਾਂ ਕਿਹਾ - ਹੇ ਕਾਨ੍ਹ! ਤੂੰ ਇਹ ਬੜੀ ਚੰਗੀ ਗੱਲ ਸਿਖੀ ਹੈ?

ਨੰਦ ਕੀ ਓਰ ਪਿਖੋ ਤੁਮ ਹੂੰ ਦਿਖੋ ਭ੍ਰਾਤ ਕੀ ਓਰ ਕਿ ਨਾਮ ਹਲੀ ਹੈ ॥

ਤੂੰ (ਆਪਣੇ ਪਿਤਾ) ਨੰਦ ਵਲ ਵੇਖ! (ਜਿਸ ਦਾ) ਨਾਮ 'ਹਲੀ' ਹੈ, ਉਸ ਭਰਾ ਵਲ ਵੇਖ! (ਉਹ ਕਿਸ ਤਰ੍ਹਾਂ ਦੇ ਭਲੇ ਪੁਰਸ਼ ਹਨ ਤੇ ਤੂੰ ਕਿਸ ਤਰ੍ਹਾਂ ਦੀ ਸ਼ਰਾਰਤ ਕਰਨ ਲਗ ਪਿਆ ਹੈਂ?)

ਚੀਰ ਹਰੇ ਹਮਰੇ ਛਲ ਸੋ ਸੁਨਿ ਮਾਰਿ ਡਰੈ ਤੁਹਿ ਕੰਸ ਬਲੀ ਹੈ ॥

(ਤੂੰ ਸਾਡੇ) ਕਪੜੇ ਛਲ ਨਾਲ ਹਰ ਲਏ ਹਨ, ਬਲਵਾਨ ਕੰਸ ਇਹ ਗੱਲ ਸੁਣ ਕੇ ਤੈਨੂੰ ਮਾਰ ਦੇਵੇਗਾ।

ਕੋ ਮਰ ਹੈ ਹਮ ਕੋ ਤੁਮਰੋ ਨ੍ਰਿਪ ਤੋਰ ਡਰੈ ਜਿਮ ਕਉਲ ਕਲੀ ਹੈ ॥੨੫੨॥

(ਅਗੋਂ ਕ੍ਰਿਸ਼ਨ ਨੇ ਕਿਹਾ) ਮੈਨੂੰ ਕੌਣ ਮਾਰੇਗਾ? ਤੁਹਾਡੇ ਰਾਜੇ ਕੰਸ ਨੂੰ ਕਮਲ ਦੀ ਕਲੀ ਵਾਂਗ ਤੋੜ ਸੁਟਾਂਗਾ ॥੨੫੨॥

ਕਾਨ੍ਰਹ ਬਾਚ ਗੋਪੀ ਸੋ ॥

ਕ੍ਰਿਸ਼ਨ ਨੇ ਗੋਪੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਕਾਨ੍ਰਹ ਕਹੀ ਤਿਨ ਕੋ ਇਹ ਬਾਤ ਨ ਦਿਓ ਪਟ ਹਉ ਨਿਕਰਿਯੋ ਬਿਨੁ ਤੋ ਕੋ ॥

ਕ੍ਰਿਸ਼ਨ ਨੇ ਉਸ ਨੂੰ ਇਹ ਗੱਲ ਕਹੀ, (ਕਿ ਪਾਣੀ ਤੋਂ) ਨਿਕਲੇ ਬਿਨਾ ਮੈਂ ਤੈਨੂੰ ਕਪੜੇ ਨਹੀਂ ਦੇਵਾਂਗਾ।

ਕਿਉ ਜਲ ਬੀਚ ਰਹੀ ਛਪ ਕੈ ਤਨ ਕਾਹਿ ਕਟਾਵਤ ਹੋ ਪਹਿ ਜੋਕੋ ॥

(ਤੂੰ) ਪਾਣੀ ਵਿਚ ਲੁਕ ਕੇ ਕਿਉਂ (ਖੜੋਤੀ ਹੈਂ ਅਤੇ) ਸ਼ਰੀਰ ਨੂੰ ਜੋਕਾਂ ਕੋਲੋਂ ਕਿਉਂ ਕਟਵਾ ਰਹੀ ਹੈਂ?

ਨਾਮ ਬਤਾਵਤ ਹੋ ਨ੍ਰਿਪ ਕੋ ਤਿਹ ਕੋ ਫੁਨਿ ਨਾਹਿ ਕਛੂ ਡਰੁ ਮੋ ਕੋ ॥

(ਡਰਾਉਣ ਲਈ, ਜਿਸ) ਰਾਜੇ ਕੰਸ ਦਾ ਨਾਮ ਦਸ ਰਹੀ ਹੈਂ ਉਸ ਦਾ ਮੈਨੂੰ ਰਤੀ ਜਿੰਨਾ ਵੀ ਡਰ ਨਹੀਂ ਹੈ।

ਕੇਸਨ ਤੇ ਗਹਿ ਕੈ ਤਪ ਕੀ ਅਗਨੀ ਮਧਿ ਈਧਨ ਜਿਉ ਉਹਿ ਝੋਕੋ ॥੨੫੩॥

ਬਲਦੀ ਹੋਈ ਅੱਗ ਵਿਚ ਲਕੜ ਸੁਟਣ ਵਾਂਗ (ਉਸ) ਕੰਸ ਨੂੰ ਕੇਸਾਂ ਤੋਂ ਫੜ ਕੇ ਅੱਗ ਵਿਚ ਸੁਟ ਦੇਵਾਂਗਾ ॥੨੫੩॥

ਰੂਖਿ ਚਰੇ ਹਰਿ ਜੀ ਰਿਝ ਕੈ ਮੁਖ ਤੇ ਜਬ ਬਾਤ ਕਹੀ ਇਹ ਤਾ ਸੋ ॥

ਜਦ ਕ੍ਰਿਸ਼ਨ ਨੇ ਉਸ ਨੂੰ ਇਹ ਗੱਲ ਕਹੀ (ਤਾਂ ਮੌਜ ਵਿਚ ਆ ਕੇ) ਬ੍ਰਿਛ ਉਤੇ ਹੋਰ ਵੀ ਉਪਰ ਨੂੰ ਚੜ੍ਹ ਗਿਆ।

ਤਉ ਰਿਸਿ ਬਾਤ ਕਹੀ ਉਨ ਹੂੰ ਇਹ ਜਾਇ ਕਹੈ ਤੁਹਿ ਮਾਤ ਪਿਤਾ ਸੋ ॥

ਤਦ ਗੁੱਸੇ ਹੋ ਕੇ ਉਨ੍ਹਾਂ ਗੋਪੀਆਂ ਨੇ ਇਹ ਗੱਲ ਕਹੀ ਕਿ ਅਸੀਂ ਤੇਰੇ ਮਾਤਾ ਪਿਤਾ ਨੂੰ ਜਾ ਕੇ ਦਸਾਂਗੀਆਂ।

ਜਾਇ ਕਹੋ ਇਹ ਕਾਨ੍ਰਹ ਕਹੀ ਮਨ ਹੈ ਤੁਮਰੋ ਕਹਬੇ ਕਹੁ ਜਾ ਸੋ ॥

ਅਗੋਂ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਤੁਹਾਡੇ ਮਨ ਵਿਚ ਜਿਸ ਨੂੰ ਵੀ ਕਹਿਣਾ ਹੈ, ਬੇਸ਼ਕ ਜਾ ਕੇ ਕਹਿ ਦਿਓ।

ਜੋ ਸੁਨਿ ਕੋਊ ਕਹੈ ਹਮ ਕੋ ਇਹ ਤੋ ਹਮ ਹੂੰ ਸਮਝੈ ਫੁਨਿ ਵਾ ਸੋ ॥੨੫੪॥

(ਤੁਹਾਡੀ ਗੱਲ) ਸੁਣ ਕੇ ਜੇ ਮੈਨੂੰ ਕੋਈ ਕੁਝ ਕਹੇਗਾ, ਤਾਂ ਫਿਰ ਮੈਂ ਆਪੇ ਹੀ ਉਸ ਨਾਲ ਨਿਬੜ ਲਵਾਂਗਾ ॥੨੫੪॥

ਕਾਨ੍ਰਹ ਬਾਚ ॥

ਕ੍ਰਿਸ਼ਨ ਨੇ ਕਿਹਾ:

ਸਵੈਯਾ ॥

ਸਵੈਯਾ:

ਦੇਉ ਬਿਨਾ ਨਿਕਰੈ ਨਹਿ ਚੀਰ ਕਹਿਯੋ ਹਸਿ ਕਾਨ੍ਰਹ ਸੁਨੋ ਤੁਮ ਪਿਆਰੀ ॥

ਕ੍ਰਿਸ਼ਨ ਨੇ ਹਸ ਕੇ ਕਿਹਾ, ਹੇ ਪਿਆਰੀ! ਤੁਸੀਂ ਸੁਣ ਲਵੋ (ਕਿ ਪਾਣੀ ਵਿਚੋਂ) ਨਿਕਲੇ ਬਿਨਾ (ਮੈਂ ਕਦੇ ਵੀ) ਕਪੜੇ ਨਹੀਂ ਦਿਆਂਗਾ।

ਸੀਤ ਸਹੋ ਜਲ ਮੈ ਤੁਮ ਨਾਹਕ ਬਾਹਰਿ ਆਵਹੋ ਗੋਰੀ ਅਉ ਕਾਰੀ ॥

ਹੇ ਗੋਰੀ! ਅਤੇ ਕਾਲੀ! ਤੁਸੀਂ ਵਿਅਰਥ ਹੀ ਪਾਣੀ ਵਿਚ ਖੜੋਤੀਆਂ ਠੰਡ ਸਹਿ ਰਹੀਆਂ ਹੋ, ਤੁਰਤ ਬਾਹਰ ਆ ਜਾਓ।

ਦੇ ਅਪੁਨੇ ਅਗੂਆ ਪਿਛੂਆ ਕਰ ਬਾਰਿ ਤਜੋ ਪਤਲੀ ਅਰੁ ਭਾਰੀ ॥

ਹੇ ਮੋਟੀਓ! ਅਤੇ ਪਤਲੀਓ! ਤੁਸੀਂ ਆਪਣੇ ਅਗੇ ਤੇ ਪਿੱਛੇ ਹੱਥ ਰਖ ਕੇ ਪਾਣੀ ਤੋਂ ਬਾਹਰ ਆ ਜਾਓ।

ਯੌ ਨਹਿ ਦੇਉ ਕਹਿਓ ਹਰਿ ਜੀ ਤਸਲੀਮ ਕਰੋ ਕਰ ਜੋਰਿ ਹਮਾਰੀ ॥੨੫੫॥

ਬਾਹਰ ਆਉਣ ਤੇ ਕ੍ਰਿਸ਼ਨ ਨੇ ਕਿਹਾ, ਇਸ ਤਰ੍ਹਾਂ ਕਪੜੇ ਨਹੀਂ ਦੇਵਾਂਗਾ, ਪਹਿਲਾਂ ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ॥੨੫੫॥

ਫੇਰਿ ਕਹੀ ਹਰਿ ਜੀ ਤਿਨ ਸੋ ਰਿਝ ਕੈ ਇਹ ਬਾਤ ਸੁਨੋ ਤੁਮ ਮੇਰੀ ॥

ਕ੍ਰਿਸ਼ਨ ਨੇ ਫਿਰ ਰੀਝ ਕੇ ਕਿਹਾ (ਹੇ ਗੋਪੀਓ!) ਤੁਸੀਂ ਮੇਰੀ ਇਹ ਗੱਲ ਸੁਣੋ!

ਜੋਰਿ ਪ੍ਰਨਾਮ ਕਰੋ ਹਮਰੋ ਕਰ ਲਾਜ ਕੀ ਕਾਟਿ ਸਭੈ ਤੁਮ ਬੇਰੀ ॥

ਤੁਸੀਂ ਲਾਜ ਦੀ ਬੇੜੀ ਕਟ ਕੇ (ਸੁਟ ਦਿਓ ਅਤੇ) ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ।

ਬਾਰ ਹੀ ਬਾਰ ਕਹਿਯੋ ਤੁਮ ਸੋ ਮੁਹਿ ਮਾਨਹੁ ਸੀਘ੍ਰ ਕਿਧੋ ਇਹ ਹੇ ਰੀ ॥

ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਹਾਂ, ਅੜੀਓ! ਛੇਤੀ ਨਾਲ ਮੇਰਾ ਕਿਹਾ ਮੰਨ ਜਾਓ।

ਨਾਤੁਰ ਜਾਇ ਕਹੋ ਸਭ ਹੀ ਪਹਿ ਸਉਹ ਲਗੈ ਫੁਨਿ ਠਾਕੁਰ ਕੇਰੀ ॥੨੫੬॥

ਨਹੀਂ ਤਾਂ (ਮੈਂ) ਸਭ ਕੋਲ ਜਾ ਕੇ ਤੁਹਾਡੀਆਂ ਗੱਲਾਂ ਕਹਾਂਗਾ, ਮੈਨੂੰ ਠਾਕੁਰ ਦੀ ਸੌਂਹ ਹੈ ॥੨੫੬॥

ਗੋਪੀ ਬਾਚ ਕਾਨ੍ਰਹ ਸੋ ॥

ਗੋਪੀਆਂ ਨੇ ਕ੍ਰਿਸ਼ਨ ਨੂੰ ਕਿਹਾ:

ਸਵੈਯਾ ॥

ਸਵੈਯਾ:

ਜੋ ਤੁਮ ਜਾਇ ਕਹੋ ਤਿਨ ਹੀ ਪਹਿ ਤੋ ਹਮ ਬਾਤ ਬਨਾਵਹਿ ਐਸੇ ॥

ਜੇ ਤੂੰ ਜਾ ਕੇ ਉਨ੍ਹਾਂ ਲੋਕਾਂ ਨੂੰ (ਸਾਡੇ ਬਾਰੇ) ਕਹੇਂਗਾ, ਤਦ ਅਸੀਂ ਇਸ ਤਰ੍ਹਾਂ ਦੀ ਗੱਲ ਬਣਾ ਕੇ ਸੁਣਾਵਾਂਗੀਆਂ

ਚੀਰ ਹਰੇ ਹਮਰੇ ਹਰਿ ਜੀ ਦਈ ਬਾਰਿ ਤੇ ਨਿਆਰੀ ਕਢੈ ਹਮ ਕੈਸੇ ॥

ਕਿ (ਕ੍ਰਿਸ਼ਨ) ਨੇ ਸਾਡੇ ਕਪੜੇ ਚੁਰਾ ਲਏ ਸਨ ਅਤੇ (ਕਹਿੰਦਾ ਹੈ) ਪਾਣੀ ਤੋਂ ਬਾਹਰ (ਨਿਕਲ ਆਓ!) ਹਾਇ ਰੱਬਾ (ਅਸੀਂ) ਬਾਹਰ ਕਿਸ ਤਰ੍ਹਾਂ ਨਿਕਲੀਏ?

ਭੇਦ ਕਹੈ ਸਭ ਹੀ ਜਸੁਧਾ ਪਹਿ ਤੋਹਿ ਕਰੈ ਸਰਮਿੰਦਤ ਵੈਸੇ ॥

(ਤੇਰੀ ਮਾਤਾ) ਜਸੋਧਾ ਕੋਲ ਸਾਰਾ ਭੇਦ ਕਹਿ ਦੇਵਾਂਗੀਆਂ ਅਤੇ ਉਸ ਤਰ੍ਹਾਂ ਸ਼ਰਮਿੰਦਾ ਕਰਾਵਾਂਗੀਆਂ

ਜਿਉ ਨਰ ਕੋ ਗਹਿ ਕੈ ਤਿਰੀਯਾ ਹੂੰ ਸੁ ਮਾਰਤ ਲਾਤਨ ਮੂਕਨ ਜੈਸੇ ॥੨੫੭॥

ਜਿਸ ਤਰ੍ਹਾਂ (ਛੇੜਖਾਨੀ ਕਰਨ ਵਾਲੇ) ਪੁਰਸ਼ ਨੂੰ ਇਸਤਰੀ ਫੜ ਕੇ ਲੱਤਾਂ ਮੁੱਕੀਆਂ ਮਾਰ ਕੇ ਕਰਦੀ ਹੈ ॥੨੫੭॥

ਕਾਨ੍ਰਹ ਬਾਚ ॥

ਕਾਨ ਨੇ ਕਿਹਾ:

ਦੋਹਰਾ ॥

ਦੋਹਰਾ:

ਬਾਤ ਕਹੀ ਤਬ ਇਹ ਹਰੀ ਕਾਹਿ ਬੰਧਾਵਤ ਮੋਹਿ ॥

ਤਦ ਕ੍ਰਿਸ਼ਨ ਨੇ ਇਹ ਗੱਲ ਕਹੀ (ਕਿ ਤੁਸੀਂ) ਮੈਨੂੰ ਕਿਉਂ ਬਨ੍ਹਵਾਉਂਦੀਆਂ ਹੋ?

ਨਮਸਕਾਰ ਜੋ ਨ ਕਰੋ ਮੋਹਿ ਦੁਹਾਈ ਤੋਹਿ ॥੨੫੮॥

ਮੈਨੂੰ ਨਮਸਕਾਰ ਨਹੀਂ ਕਰੋਗੀਆਂ ਤਾਂ ਮੈਨੂੰ ਤੁਹਾਡੀ ਹੀ ਸੌਂਹ ਲਗੇ (ਕਪੜੇ ਨਹੀਂ ਦੇਵਾਂਗਾ) ॥੨੫੮॥

ਗੋਪੀ ਬਾਚ ॥

ਗੋਪੀ ਨੇ ਕਿਹਾ:

ਸਵੈਯਾ ॥

ਸਵੈਯਾ:

ਕਾਹਿ ਖਿਝਾਵਤ ਹੋ ਹਮ ਕੋ ਅਰੁ ਦੇਤ ਕਹਾ ਜਦੁਰਾਇ ਦੁਹਾਈ ॥

ਹੇ ਯਾਦਵਾਂ ਦੇ ਸੁਆਮੀ! ਤੂੰ ਸਾਨੂੰ ਕਿਉਂ ਖਿਝਾਉਂਦਾ ਹੈਂ, ਅਤੇ ਕਿਉਂ ਸੌਹਾਂ ਖਾਂਦਾ ਹੈਂ?

ਜਾ ਬਿਧਿ ਕਾਰਨ ਬਾਤ ਬਨਾਵਤ ਸੋ ਬਿਧਿ ਹਮ ਹੂੰ ਲਖਿ ਪਾਈ ॥

ਜਿਸ ਕਾਰਨ ਤੂੰ ਇਹ ਗੱਲਾਂ ਬਣਾਉਂਦਾ ਹੈਂ, ਉਹ ਕਾਰਨ ਅਸੀਂ ਵੀ ਜਾਣ ਲਿਆ ਹੈ;

ਭੇਦ ਕਰੋ ਹਮ ਸੋ ਤੁਮ ਨਾਹਕ ਬਾਤ ਇਹੈ ਮਨ ਮੈ ਤੁਹਿ ਆਈ ॥

ਤੂੰ ਵਿਅਰਥ ਵਿਚ ਜੋ ਸਾਡੇ ਤੋਂ ਲੁਕਾ ਕਰਦਾ ਹੈਂ। ਜੋ ਤੇਰੇ ਮਨ ਵਿਚ ਇਹ ਗੱਲ ਹੈ (ਨੰਗੇ ਕਰਨ ਦੀ)

ਸਉਹ ਲਗੈ ਹਮ ਠਾਕੁਰ ਕੀ ਜੁ ਰਹੈ ਤੁਮਰੀ ਬਿਨੁ ਮਾਤ ਸੁਨਾਈ ॥੨੫੯॥

ਤਾਂ ਸਾਨੂੰ ਵੀ ਠਾਕੁਰ ਦੀ ਸੌਂਹ ਜੇ ਅਸੀਂ ਤੇਰੀ ਮਾਤਾ ਨੂੰ ਸਾਰੀ ਗੱਲ ਦਸੇ ਬਿਨਾ ਰਹੀਏ ॥੨੫੯॥


Flag Counter