ਸ਼੍ਰੀ ਦਸਮ ਗ੍ਰੰਥ

ਅੰਗ - 645


ਰਹੇ ਏਕ ਚਿਤੰ ਨ ਚਿਤੰ ਚਲਾਵੈ ॥

ਤਾਂ (ਉਹ) ਇਕਾਗਰ ਚਿਤ ਰਹਿੰਦਾ ਹੈ ਅਤੇ ਚਿਤ ਨੂੰ ਚਲਾਇਮਾਨ ਨਹੀਂ ਹੋਣ ਦਿੰਦਾ ਹੈ।

ਕਰੈ ਜੋਗ ਨ੍ਯਾਸੰ ਨਿਰਾਸੰ ਉਦਾਸੀ ॥

(ਉਹ) ਯੋਗ ਦੀ ਵਿਧੀ ਪਾਲਦਾ ਹੈ ਅਤੇ ਆਸਾ ਰਹਿਤ ਅਤੇ ਉਦਾਸ (ਨਿਰਲਿਪਤ) ਰਹਿੰਦਾ ਹੈ।

ਧਰੇ ਮੇਖਲਾ ਪਰਮ ਤਤੰ ਪ੍ਰਕਾਸੀ ॥੧੨੩॥

(ਉਸ ਨੇ) ਪਰਮ-ਤੱਤ੍ਵ ਦਾ ਪ੍ਰਕਾਸ਼ ਪ੍ਰਾਪਤ ਕੀਤਾ ਹੈ ਅਤੇ ਮੇਖਲਾ ਧਾਰਨ ਕੀਤੀ ਹੋਈ ਹੈ ॥੧੨੩॥

ਮਹਾ ਆਤਮ ਦਰਸੀ ਮਹਾ ਤਤ ਬੇਤਾ ॥

(ਉਹ) ਮਹਾਨ ਆਤਮ ਦਰਸ਼ੀ ਹੈ ਅਤੇ ਮਹਾਨ ਤੱਤ੍ਵ-ਵੇਤਾ ਹੈ।

ਥਿਰੰ ਆਸਣੇਕੰ ਮਹਾ ਊਰਧਰੇਤਾ ॥

(ਉਹ) ਇਕੋ ਆਸਨ ਉਤੇ ਸਥਿਰ ਰਹਿੰਦਾ ਹੈ ਅਤੇ ਮਹਾਨ ਬ੍ਰਹਮਚਾਰੀ ਹੈ।

ਕਰੈ ਸਤਿ ਕਰਮੰ ਕੁਕਰਮੰ ਪ੍ਰਨਾਸੰ ॥

(ਸਦਾ) ਸਤਿ ਕਰਮ ਕਰਦਾ ਹੈ ਅਤੇ ਬੁਰੇ ਕਰਮਾਂ ਨੂੰ ਚੰਗੀ ਤਰ੍ਹਾਂ ਨਸ਼ਟ ਕਰਦਾ ਹੈ।

ਰਹੈ ਏਕ ਚਿਤੰ ਮੁਨੀਸੰ ਉਦਾਸੰ ॥੧੨੪॥

(ਉਸ) ਮਹਾ ਮੁਨੀ ਦਾ ਚਿਤ ਸਥਿਰ ਰਹਿੰਦਾ ਹੈ ਅਤੇ (ਸਦਾ) ਉਦਾਸ (ਨਿਰਲਿਪਤ) ਰਹਿੰਦਾ ਹੈ ॥੧੨੪॥

ਸੁਭੰ ਸਾਸਤ੍ਰਗੰਤਾ ਕੁਕਰਮੰ ਪ੍ਰਣਾਸੀ ॥

ਸ਼ੁਭ ਸ਼ਾਸਤ੍ਰਾਂ ਤਕ (ਉਸ ਦੀ) ਪਹੁੰਚ ਹੈ ਅਤੇ ਕੁਕਰਮਾਂ ਨੂੰ ਨਸ਼ਟ ਕਰਨ ਵਾਲਾ ਹੈ।

ਬਸੈ ਕਾਨਨੇਸੰ ਸੁਪਾਤ੍ਰੰ ਉਦਾਸੀ ॥

(ਉਹ ਸਦਾ) ਸੰਘਣੇ ਬਨ ਵਿਚ ਰਹਿੰਦਾ ਹੈ ਅਤੇ ਉਦਾਸੀ ਸੁਭਾ ਦਾ ਸੁਪਾਤਰ ਹੈ (ਅਧਿਕਾਰੀ ਹੈ)।

ਤਜ੍ਯੋ ਕਾਮ ਕਰੋਧੰ ਸਬੈ ਲੋਭ ਮੋਹੰ ॥

(ਉਸ ਨੇ) ਕਾਮ, ਕ੍ਰੋਧ, ਲੋਭ, ਮੋਹ (ਆਦਿ ਸਾਰੇ ਵਿਕਾਰਾਂ ਨੂੰ) ਛਡ ਦਿੱਤਾ ਹੈ।

ਮਹਾ ਜੋਗ ਜ੍ਵਾਲਾ ਮਹਾ ਮੋਨਿ ਸੋਹੰ ॥੧੨੫॥

(ਉਹ) ਮਹਾ ਮੁਨੀ ਮਹਾਨ ਯੋਗ ਦੀ ਲਾਟ ਵਾਂਗ ਸ਼ੋਭਦਾ ਹੈ ॥੧੨੫॥

ਕਰੈ ਨ੍ਯਾਸ ਏਕੰ ਅਨੇਕੰ ਪ੍ਰਕਾਰੀ ॥

ਇਕ (ਯੋਗ) ਦਾ ਉਹ ਅਨੇਕ ਢੰਗਾਂ ਨਾਲ ਅਭਿਆਸ ਕਰਦਾ ਹੈ।

ਮਹਾ ਬ੍ਰਹਮਚਰਜੰ ਸੁ ਧਰਮਾਧਿਕਾਰੀ ॥

ਉਹ ਮਹਾਨ ਬ੍ਰਹਮਚਾਰੀ ਧਰਮ ਦਾ ਅਧਿਕਾਰੀ ਹੈ।

ਮਹਾ ਤਤ ਬੇਤਾ ਸੁ ਸੰਨ੍ਯਾਸ ਜੋਗੰ ॥

ਉਹ ਮਹਾਨ ਤੱਤ੍ਵ-ਵੇਤਾ ਅਤੇ ਸੰਨਿਆਸ ਯੋਗ (ਵਿਚ ਪ੍ਰਬੀਨ ਹੈ)।

ਅਨਾਸੰ ਉਦਾਸੀ ਸੁ ਬਾਸੰ ਅਰੋਗੰ ॥੧੨੬॥

(ਉਹ) ਆਸ ਤੋਂ ਰਹਿਤ, ਸਦਾ ਉਦਾਸ ਅਤੇ ਰੋਗ ਰਹਿਤ ਅਵਸਥਾ ਵਿਚ ਵਸਦਾ ਹੈ ॥੧੨੬॥

ਅਨਾਸ ਮਹਾ ਊਰਧਰੇਤਾ ਸੰਨ੍ਯਾਸੀ ॥

(ਉਹ) ਆਸਾਂ ਤੋਂ ਰਹਿਤ, ਮਹਾਨ ਬ੍ਰਹਮਚਾਰੀ ਅਤੇ ਸੰਨਿਆਸੀ ਹੈ।

ਮਹਾ ਤਤ ਬੇਤਾ ਅਨਾਸੰ ਉਦਾਸੀ ॥

ਮਹਾਨ ਤੱਤ੍ਵ ਨੂੰ ਜਾਣਨ ਵਾਲਾ, ਆਸ਼ਾ ਤੋਂ ਰਹਿਤ ਅਤੇ ਉਦਾਸੀ ਸੁਭਾ ਵਾਲਾ ਹੈ।

ਸਬੈ ਜੋਗ ਸਾਧੈ ਰਹੈ ਏਕ ਚਿਤੰ ॥

(ਉਸ ਨੇ) ਇਕ ਚਿੱਤ ਰਹਿ ਕੇ ਸਾਰੇ ਯੋਗਾਂ ਨੂੰ ਸਾਧਿਆ ਹੋਇਆ ਹੈ।

ਤਜੈ ਅਉਰ ਸਰਬੰ ਗਹ੍ਰਯੋ ਏਕ ਹਿਤੰ ॥੧੨੭॥

ਉਸ ਨੇ ਸਭ ਨੂੰ ਛਡ ਕੇ 'ਇਕ' ਨਾਲ ਹੀ ਹਿਤ ਪਾਲਿਆ ਹੈ ॥੧੨੭॥

ਤਰੇ ਤਾਪ ਧੂਮੰ ਕਰੈ ਪਾਨ ਉਚੰ ॥

ਧੂੰਏਂ ਦੇ ਸੇਕ ਵਿਚ ਉਚੇ ਪੈਰ ਕਰ ਕੇ ਖੜੋਤਾ ਹੈ।

ਝੁਲੈ ਮਧਿ ਅਗਨੰ ਤਉ ਧਿਆਨ ਮੁਚੰ ॥

ਅਗਨੀ ਵਿਚ ਝੁਲਦਾ ਹੈ, ਪਰ ਤਾਂ ਵੀ ਧਿਆਨ ਛੁਟਦਾ ਨਹੀਂ।

ਮਹਾ ਬ੍ਰਹਮਚਰਜੰ ਮਹਾ ਧਰਮ ਧਾਰੀ ॥

ਮਹਾਨ ਬ੍ਰਹਮਚਾਰੀ ਅਤੇ ਮਹਾਨ ਧਰਮੀ ਹੈ।

ਭਏ ਦਤ ਕੇ ਰੁਦ੍ਰ ਪੂਰਣ ਵਤਾਰੀ ॥੧੨੮॥

ਦੱਤ ਰੁਦ੍ਰ ਦਾ ਪੂਰਨ ਅਵਤਾਰ ਹੋਇਆ ਹੈ ॥੧੨੮॥

ਹਠੀ ਤਾਪਸੀ ਮੋਨ ਮੰਤ੍ਰ ਮਹਾਨੰ ॥

ਮਹਾਨ ਹਠੀ, ਤਪਸਵੀ, ਮੋਨਧਾਰੀ ਅਤੇ ਮੰਤ੍ਰਧਾਰੀ ਹੈ।

ਪਰੰ ਪੂਰਣੰ ਦਤ ਪ੍ਰਗ੍ਰਯਾ ਨਿਧਾਨੰ ॥

ਦੱਤ ਪੂਰਨ ਬ੍ਰਹਮ ਵਿਦਿਆ ਦਾ ਖ਼ਜ਼ਾਨਾ ਹੈ।

ਕਰੈ ਜੋਗ ਨ੍ਯਾਸੰ ਤਜੇ ਰਾਜ ਭੋਗੰ ॥

ਯੋਗ ਦਾ ਵਿਧਾਨ ਕਰਦਾ ਹੈ ਅਤੇ ਰਾਜ ਭੋਗ ਨੂੰ ਤਿਆਗਦਾ ਹੈ।

ਚਕੇ ਸਰਬ ਦੇਵੰ ਜਕੇ ਸਰਬ ਲੋਗੰ ॥੧੨੯॥

ਸਾਰੇ ਦੇਵਤੇ ਅਸਚਰਜ ਵਿਚ ਪੈ ਗਏ ਹਨ ਅਤੇ ਸਾਰੇ ਲੋਗ ਹੈਰਾਨ ਹਨ ॥੧੨੯॥

ਜਕੇ ਜਛ ਗੰਧ੍ਰਬ ਬਿਦਿਆ ਨਿਧਾਨੰ ॥

ਵਿਦਿਆ ਦੇ ਖ਼ਜ਼ਾਨੇ ਯਕਸ਼ ਅਤੇ ਗੰਧਰਬ ਹੈਰਾਨ ਹੋ ਰਹੇ ਹਨ।

ਚਕੇ ਦੇਵਤਾ ਚੰਦ ਸੂਰੰ ਸੁਰਾਨੰ ॥

ਦੇਵਤੇ, ਚੰਦ੍ਰਮਾ, ਸੂਰਜ ਅਤੇ ਦੈਂਤ, ਜੀਵ,

ਛਕੇ ਜੀਵ ਜੰਤ੍ਰੰ ਲਖੇ ਪਰਮ ਰੂਪੰ ॥

ਪਰਮ ਰੂਪ ਵਾਲੇ ਨੂੰ ਜੰਤ੍ਰ ਵਾਂਗ ਵੇਖ ਕੇ ਹੈਰਾਨ ਹੋ ਰਹੇ ਹਨ।

ਤਜ੍ਯੋ ਗਰਬ ਸਰਬੰ ਲਗੇ ਪਾਨ ਭੂਪੰ ॥੧੩੦॥

ਰਾਜਿਆਂ ਨੇ ਹੰਕਾਰ ਨੂੰ ਛਡ ਦਿੱਤਾ ਹੈ ਅਤੇ ਆ ਕੇ ਚਰਨੀਂ ਲਗ ਗਏ ਹਨ ॥੧੩੦॥

ਜਟੀ ਦੰਡ ਮੁੰਡੀ ਤਪੀ ਬ੍ਰਹਮਚਾਰੀ ॥

ਜਟਾਵਾਂ ਵਾਲੇ, ਦੰਡਧਾਰੀ, ਬੈਰਾਗੀ ('ਮੁੰਡੀ') ਤਪਸਵੀ, ਬ੍ਰਹਮਚਾਰੀ,

ਜਤੀ ਜੰਗਮੀ ਜਾਮਨੀ ਜੰਤ੍ਰ ਧਾਰੀ ॥

ਜਤੀ, ਜੰਗਮੀ, ਜਾਮਨੀ, ਜੰਤ੍ਰਧਾਰੀ,

ਪਰੀ ਪਾਰਬਤੀ ਪਰਮ ਦੇਸੀ ਪਛੇਲੇ ॥

ਪਰਬਤਾਂ ਤੋਂ ਪਰਲੇ ਪਾਸੇ ਦੇ, ਪਰਮ ਦੇਸੀ, ਪਹਾੜੀਏ,

ਬਲੀ ਬਾਲਖੀ ਬੰਗ ਰੂਮੀ ਰੁਹੇਲੇ ॥੧੩੧॥

ਬਲੀ, ਬਲਖ ਦੇ ਨਿਵਾਸੀ, ਬੰਗ ਦੇਸ ਦੇ, ਰੂਮੀ ਅਤੇ ਰੁਹੇਲੇ ॥੧੩੧॥

ਜਟੀ ਜਾਮਨੀ ਜੰਤ੍ਰ ਧਾਰੀ ਛਲਾਰੇ ॥

ਜਟੀ, ਜਾਮਨੀ, ਜੰਤ੍ਰਧਾਰੀ, ਛਲ ਕਰਨ ਵਾਲੇ,

ਅਜੀ ਆਮਰੀ ਨਿਵਲਕਾ ਕਰਮ ਵਾਰੇ ॥

ਅਜੀ, ਆਮਰੀ ਅਤੇ ਨਿਉਲੀ ਕਰਮ ਕਰਨ ਵਾਲੇ,

ਅਤੇਵਾਗਨਹੋਤ੍ਰੀ ਜੂਆ ਜਗ੍ਯ ਧਾਰੀ ॥

ਅਤੇਵ ਅਗਨੀਹੋਤ੍ਰੀ, ਜੂਆ ਖੇਡਣ ਵਾਲੇ, ਯੱਗ ਕਰਨ ਵਾਲੇ,

ਅਧੰ ਉਰਧਰੇਤੇ ਬਰੰ ਬ੍ਰਹਮਚਾਰੀ ॥੧੩੨॥

ਅਧਮ, ਵੀਰਜ ਰੋਕਣ ਵਾਲੇ ਅਤੇ ਸ੍ਰੇਸ਼ਠ ਬ੍ਰਹਮਚਾਰੀ ॥੧੩੨॥

ਜਿਤੇ ਦੇਸ ਦੇਸੰ ਹੁਤੇ ਛਤ੍ਰਧਾਰੀ ॥

ਜਿਨ੍ਹਾਂ ਵੀ ਦੇਸ਼ਾਂ ਵਿਚ ਛਤ੍ਰਧਾਰੀ (ਰਾਜੇ-ਮਹਾਰਾਜੇ) ਹੁੰਦੇ ਸਨ,

ਸਬੈ ਪਾਨ ਲਗੇ ਤਜ੍ਯੋ ਗਰਬ ਭਾਰੀ ॥

(ਉਹ) ਸਾਰੇ ਵੱਡਾ ਹੰਕਾਰ ਛਡ ਕੇ ਚਰਨੀਂ ਆ ਲਗੇ ਹਨ।

ਕਰੈ ਲਾਗ ਸਰਬੰ ਸੁ ਸੰਨ੍ਯਾਸ ਜੋਗੰ ॥

(ਉਹ) ਸਾਰੇ ਹੀ ਸੰਨਿਆਸ ਯੋਗ ਕਰਨ ਲਗ ਗਏ ਹਨ।

ਇਹੀ ਪੰਥ ਲਾਗੇ ਸੁਭੰ ਸਰਬ ਲੋਗੰ ॥੧੩੩॥

ਸਾਰੇ ਲੋਗ ਇਸੇ ਹੀ ਸ਼ੁਭ ਪੰਥ ਨਾਲ ਜੁੜ ਗਏ ਹਨ ॥੧੩੩॥

ਸਬੇ ਦੇਸ ਦੇਸਾਨ ਤੇ ਲੋਗ ਆਏ ॥

ਸਾਰਿਆਂ ਦੇਸਾਂ ਦੇਸਾਂਤਰਾਂ ਤੋਂ ਲੋਗ ਆਏ ਹਨ

ਕਰੰ ਦਤ ਕੇ ਆਨਿ ਮੂੰਡੰ ਮੁੰਡਾਏ ॥

ਅਤੇ ਦੱਤ ਦੇ ਹੱਥੀਂ ਸਿਰ ਮੁਨਵਾਏ ਹਨ।

ਧਰੇ ਸੀਸ ਪੈ ਪਰਮ ਜੂਟੇ ਜਟਾਨੰ ॥

ਸਿਰ ਉਤੇ ਜਟਾਵਾਂ ਦੇ ਭਾਰੇ ਜੂੜੇ ਧਾਰਨ ਕਰ ਲਏ ਹਨ।

ਕਰੈ ਲਾਗਿ ਸੰਨ੍ਯਾਸ ਜੋਗ ਅਪ੍ਰਮਾਨੰ ॥੧੩੪॥

ਬੇਅੰਤ ਲੋਗ ਸੰਨਿਆਸ ਯੋਗ ਕਰਨ ਲਗ ਗਏ ਹਨ ॥੧੩੪॥

ਰੂਆਲ ਛੰਦ ॥

ਰੂਆਲ ਛੰਦ: