(ਮੈਂ) ਬਾਲ, ਬਾਲਿਕਾ ਅਤੇ ਸੁੰਦਰ ਨਾਰੀ ਛਡਦਾ ਹਾਂ ਅਤੇ ਦੇਵਤਿਆਂ ਨੂੰ ਵੀ ਛਡਦਾ ਹਾਂ, ਇਹੀ (ਮੇਰੇ ਮਨ ਵਿਚ) ਨਿਸਚਾ ਹੋ ਗਿਆ ਹੈ।
ਹੇ ਸੁੰਦਰੀ! ਮੈਂ ਬਨ ਵਿਚ ਜਾ ਕੇ ਸੁਖ ਪੂਰਵਕ ਵਸਾਂਗਾ। ਅਜ ਮੇਰੇ ਮਨ ਨੂੰ ਇਹੀ ਗੱਲ ਚੰਗੀ ਲਗੀ ਹੈ ॥੬੭॥
ਦੋਹਰਾ:
(ਰਾਣੀ ਨੇ ਕਿਹਾ) ਜੋ ਇਸਤਰੀ ਪਤੀ ਨੂੰ ਛਡ ਕੇ ਘਰ ਵਿਚ ਰਹਿੰਦੀ ਹੈ,
ਉਸ ਨੂੰ ਅਗੇ ਸਵਰਗ ਵਿਚ ਬੈਠਣਾ ਨਸੀਬ ਨਹੀਂ ਹੁੰਦਾ ॥੬੮॥
ਰਾਣੀ ਨੇ ਕਿਹਾ:
ਕਬਿੱਤ:
(ਮੈਂ) ਬਾਲਕਾਂ ਨੂੰ ਡੋਬ ਦਿਆਂਗੀ, ਇੰਦਰ ਦਾ ਰਾਜ ਛੱਡ ਦਿਆਂਗੀ ਅਤੇ ਗਹਿਣਿਆਂ ਨੂੰ ਤੋੜ ਦਿਆਂਗੀ, ਇਸ ਤਰ੍ਹਾਂ ਸਾਰੀਆਂ ਕਠਿਨਾਈਆਂ ਨੂੰ ਝਲ ਲਵਾਂਗੀ।
ਪੱਤਰ ਅਤੇ ਫਲ ਖਾ ਲਵਾਂਗੀ, ਸ਼ੇਰਾਂ ਅਤੇ ਸੱਪਾਂ ਤੋਂ ਨਹੀਂ ਡਰਾਂਗੀ ਅਤੇ ਪ੍ਰਾਣ ਪਿਆਰੇ ਤੋਂ ਬਿਨਾ ਹਿਮਾਲਾ ਪਰਬਤ ਵਿਚ ਗਲ ਜਾਵਾਂਗੀ।
ਜੋ ਹੋਣਾ ਹੈ, ਸੋ ਹੋਵੇ (ਮੈਂ ਤੁਹਾਡਾ) ਮੁਖ ਵੇਖਦੇ ਹੋਇਆਂ ਪਿਛੇ ਪਿਛੇ ਚਲੀ ਜਾਵਾਂਗੀ, ਨਹੀਂ ਤਾਂ (ਤੁਹਾਡੇ) ਵਿਯੋਗ ਦੀ ਅੱਗ ਵਿਚ ਸੜ ਮਰਾਂਗੀ।
ਹੇ ਮਹਾਰਾਜ! (ਤੁਹਾਡੇ) ਬਿਨਾ ਰਾਜ ਸਮਾਜ ਕਿਸ ਕੰਮ ਦਾ। ਹੇ ਨਾਥ! (ਜੇ) ਤੁਸੀਂ ਰਹੋਗੇ, ਤਾਂ ਰਹਾਂਗੀ ਅਤੇ ਚਲੋਗੇ ਤਾਂ ਚਲਾਂਗੀ ॥੬੯॥
ਸਵੈਯਾ:
(ਮੈਂ) ਦੇਸ ਛਡ ਦਿਆਂਗੀ ਅਤੇ ਤਪਸਵੀ ਵਾਲਾ ਭੇਸ ਬਣਾ ਲਵਾਂਗੀ ਅਤੇ ਕੇਸਾਂ ਨੂੰ ਮਰੋੜ ਕੇ ਜਟਾਵਾਂ ਬਣਾ ਲਵਾਂਗੀ।
(ਮੈਂ) ਧਨ ਦਾ ਜ਼ਰਾ ਜਿੰਨਾ ਵੀ ਮੋਹ ਨਹੀਂ ਕਰਾਂਗੀ ਅਤੇ ਪਤੀ ਦੀਆਂ ਜੁਤੀਆਂ ਤੋਂ ਆਪਣਾ ਤਨ ਵਾਰ ਦਿਆਂਗੀ।
(ਮੈਂ) ਕਰੋੜਾਂ ਬਾਲਕਾਂ ਨੂੰ ਇਕ ਪਾਸੇ ਕਰ ਕੇ ਅਤੇ ਬਸਤ੍ਰਾਂ ਨੂੰ ਛਡ ਕੇ ਪਰਮਾਤਮਾ ਦਾ ਸਿਮਰਨ ਕਰਾਂਗੀ।
ਇੰਦਰ ਦਾ ਰਾਜ ਵੀ ਮੇਰੇ ਕਿਸੇ ਕੰਮ ਨਹੀਂ ਹੈ। (ਮੈਂ) ਰਾਜੇ ਤੋਂ ਬਿਨਾ ਸਾਰਾ ਘਰ ਫੂਕ ਦਿਆਂਗੀ ॥੭੦॥
(ਮੈਂ) ਸ਼ਰੀਰ ਉਤੇ ਭਗਵੇ ਬਸਤ੍ਰ ਧਾਰ ਕੇ ਹੱਥ ਵਿਚ ਖੱਪਰ ਫੜ ਲਵਾਂਗੀ।
ਆਪਣੇ ਕੰਨਾਂ ਵਿਚ ਮੁੰਦਰਾਂ ਪਾ ਕੇ ਤੁਹਾਡੇ ਸਰੂਪ ਦੇ ਨਾਂ ਤੇ ਭਿਖਿਆ ਮੰਗ ਕੇ ਤ੍ਰਿਪਤ ਹੋ ਜਾਵਾਂਗੀ।
ਹੇ ਨਾਥ! ਤੁਸੀਂ ਜਿਸ ਸਥਾਨ ਉਤੇ ਜਾਓਗੇ, ਮੈਂ ਵੀ ਉਸੇ ਸਥਾਨ ਤੇ ਚਲ ਕੇ ਜਾਵਾਂਗੀ।
(ਮੈਂ) ਘਰ ਨਹੀਂ ਰਹਾਂਗੀ। (ਇਕ) ਗੱਲ ਕਹਿੰਦੀ ਹਾਂ, (ਮੈਂ) ਸਾਰੇ ਬਸਤ੍ਰ ਫਾੜ ਕੇ ਜੋਗਣ ਹੋ ਜਾਵਾਂਗੀ ॥੭੧॥
ਰਾਜੇ ਨੇ ਕਿਹਾ:
ਰਾਣੀ ਦੇ ਰੂਪ ਨੂੰ ਵੇਖ ਕੇ ਰਾਜਾ ਮਨ ਵਿਚ ਸੋਚ ਵਿਚਾਰ ਕਰਨ ਲਗਾ।
ਹੇ ਸੁੰਦਰੀ! ਸੁਣ, ਤੂੰ ਸੁਖ ਪੂਰਵਕ ਰਾਜ ਕਰ। ਤੇਰੇ (ਘਰ) ਛਡਣ ਨਾਲ ਲੜਕਾ ਮਰ ਜਾਵੇਗਾ।
ਪਰ (ਭਾਵੀ) ਮਿਟਦੀ ਨਹੀਂ ਹੈ; (ਰਾਣੀ) ਬਨ ਵਿਚ ਜਾਣੋ ਹਟਦੀ ਨਹੀਂ। ਰਾਜੇ ਨੇ (ਉਸ ਨੂੰ) ਚੰਗੀ ਤਰ੍ਹਾਂ ਝਾੜ ਕੇ ਪਿਛੇ ਨੂੰ ਸੁਟਿਆ।
ਧਰਤੀ ਉਤੇ ਮਾਤਾ ਵਿਲਕਦੀ ਪਈ ਹੈ, ਪਰ ਹਠੀ ਨਾਰ ਹਠ ਨੂੰ ਛਡਦੀ ਨਹੀਂ ਹੈ ॥੭੨॥
ਅੜਿਲ:
ਜਦ ਰਾਜੇ ਨੇ ਰਾਣੀ ਨੂੰ ਸਚਮੁਚ ਜੋਗਣ ਹੋਇਆ ਵੇਖਿਆ,
ਤਾਂ ਘਰ ਵਿਚ ਛਡਣ ਦੀ ਥਾਂ ਆਪਣੇ ਨਾਲ ਲੈ ਲਿਆ।
(ਉਹ) ਜੋਗੀ ਦਾ ਭੇਸ ਧਾਰ ਕੇ ਮਾਤਾ ਕੋਲ ਆਇਆ।
ਰਾਜੇ ਦਾ ਜੋਗੀ ਵਾਲਾ ਭੇਸ ਵੇਖ ਕੇ ਸਭ ਨੇ ਦੁਖ ਪਾਇਆ ॥੭੩॥
ਦੋਹਰਾ:
(ਹੇ ਮਾਤਾ!) ਦਾਸ ਨੂੰ ਵਿਦਾ ਕਰੋ (ਤਾਂ ਜੋ) ਬਨ ਨੂੰ ਜਾ ਸਕਾਂ
ਅਤੇ ਵੇਦਾਂ ਵਿਚ ਦਸੀ ਵਿਧੀ ਨਾਲ ਸ੍ਰਿਸ਼ਟੀ ਦੇ ਸੁਆਮੀ ਦੀ ਅਰਾਧਨਾ ਕਰ ਸਕਾਂ ॥੭੪॥
ਮਾਤਾ ਨੇ ਕਿਹਾ:
ਸਵੈਯਾ:
ਹੇ ਪੁੱਤਰ! (ਮੈਂ) ਕੁਰਬਾਨ ਜਾਵਾਂ, ਕੁਝ ਦਿਨ ਹੋਰ ਰਹਿ ਜਾ ਅਤੇ ਇਨ੍ਹਾਂ ਦੇਸਾਂ ਦੀ ਪਾਲਣਾ ਕਰ।
(ਮੈਂ) ਤੈਨੂੰ ਜਾਣ ਲਈ ਮੁਖ ਤੋਂ ਕਿਵੇਂ ਕਹਾਂ (ਕਿਉਂਕਿ ਮੇਰੇ) ਮਨ ਨੂੰ ਬਹੁਤ ਦੁਖ ਹੁੰਦਾ ਹੈ।
ਇਨ੍ਹਾਂ ਸਾਰਿਆਂ ਸੁਖਾਂ ਨੂੰ ਛਡ ਕੇ ਅਤੇ ਤੁਹਾਨੂੰ ਘਰੋਂ ਕਢ ਕੇ (ਮੈਂ) ਇਨ੍ਹਾਂ ਲੋਕਾਂ ਨੂੰ ਕੀ ਕਹਾਂਗੀ।
ਹੇ ਪੁੱਤਰ! (ਤੈਨੂੰ) ਮੁਖ ਤੋਂ ਸਚ ਕਹਿੰਦੀ ਹਾਂ ਕਿ ਤੈਨੂੰ ਬਨ ਜਾਣ ਲਈ ਕਿਵੇਂ ਵਿਦਾਇਗੀ ਦਿਆਂ ॥੭੫॥
ਚੌਪਈ:
ਹੇ ਪੁੱਤਰ! ਰਾਜ ਕਰ ਅਤੇ ਬਨ ਨੂੰ ਨਾ ਜਾ।
ਮੇਰੀ ਗੱਲ ਨੂੰ ਵਿਚਾਰ ਪੂਰਵਕ ਮੰਨ ਲੈ।
ਲੋਕਾਂ ਦੇ ਕਹੇ ਅਨੁਸਾਰ ਚਲ
ਅਤੇ ਘਰ ਵਿਚ ਹੀ ਰਾਜ-ਜੋਗ ਮਾਣ ॥੭੬॥
ਰਾਜੇ ਨੇ ਕਿਹਾ:
ਦੋਹਰਾ:
ਮਾਤਾ ਨੂੰ ਸਿਰ ਝੁਕਾ ਕੇ ਰਾਜਾ ਫਿਰ (ਇਸ ਤਰ੍ਹਾਂ) ਬੋਲਿਆ
ਕਿ ਉੱਚੇ ਨੀਵੇਂ, ਰਾਜਾ ਪ੍ਰਜਾ (ਸਾਰੇ) ਯਮ-ਲੋਕ ਨੂੰ ਜਾਣਗੇ ॥੭੭॥