ਪਰ ਮਹਾ ਕਾਲ ਨੂੰ ਕੋਈ ਲਗ ਨਹੀਂ ਰਿਹਾ ਸੀ
ਅਤੇ ਸਾਰੇ ਮਹਾ ਕਾਲ ਵਿਚ ਲੀਨ ਹੋ ਗਏ ਸਨ ॥੩੦੯॥
ਸ਼ਸਤ੍ਰਾਂ ਨੂੰ (ਮਹਾ ਕਾਲ ਵਿਚ) ਲੀਨ ਹੁੰਦਾ ਵੇਖ ਕੇ ਦੈਂਤ ਬਹੁਤ ਰੋਹ ਵਿਚ ਆ ਗਏ
ਅਤੇ ਅਸਤ੍ਰਾਂ ਸ਼ਸਤ੍ਰਾਂ ਨੂੰ ਲੈ ਕੇ ਗੁੱਸੇ ਵਿਚ ਚਲ ਪਏ।
ਬਹੁਤ ਗੁੱਸਾ ਕਰ ਕੇ ਹਥਿਆਰ ਚਲਾਉਂਦੇ ਸਨ
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਪੁਕਾਰਦੇ ਸਨ ॥੩੧੦॥
'ਮਾਰੋ ਮਾਰੋ' ਦੀ ਧੁਨੀ ਕੰਨਾਂ ਨਾਲ ਸੁਣ ਕੇ
ਕਾਲ ਬਹੁਤ ਤਰ੍ਹਾਂ ਦੇ ਸ਼ਸਤ੍ਰ ਪਕੜ ਕੇ ਕ੍ਰੋਧਿਤ ਹੋਇਆ।
(ਉਸ ਨੇ) ਲਲਕਾਰੇ ਮਾਰ ਮਾਰ ਕੇ ਹਥਿਆਰ ਚਲਾਏ
ਅਤੇ ਅਨੇਕ ਦੁਸ਼ਟਾਂ ਨੂੰ ਪਲ ਵਿਚ ਖ਼ਤਮ ਕਰ ਦਿੱਤਾ ॥੩੧੧॥
ਉਨ੍ਹਾਂ ਦਾ ਜੋ ਮਾਸ ਅਤੇ ਮਿਝ ਧਰਤੀ ਉਤੇ ਡਿਗੀ,
ਉਸ ਤੋਂ ਬਹੁਤ ਸਾਰੇ ਦੈਂਤਾਂ ਨੇ ਸ਼ਰੀਰ ਧਾਰਨ ਕੀਤੇ।
'ਮਾਰੋ ਮਾਰੋ' ਕਰਦੇ ਅਤੇ ਉਮੰਗ ਨਾਲ ਛਾਲਾਂ ਮਾਰਦੇ
ਟੋਲੇ ਬਣਾ ਕੇ ਸਾਹਮਣੇ ਆ ਢੁਕੇ ॥੩੧੨॥
(ਮਹਾ ਕਾਲ ਨੇ) ਇਕ ਇਕ ਦੇ ਹਜ਼ਾਰਾਂ ਟੁਕੜੇ ਕਰ ਦਿੱਤੇ
ਜਿਨ੍ਹਾਂ ਤੋਂ ਰਣ ਵਿਚ ਭਾਰੀ ਦੈਂਤ ਪੈਦਾ ਹੋ ਗਏ।
ਉਨ੍ਹਾਂ ਦੇ ਲੱਖਾਂ ਟੁਕੜੇ ਕਰ ਕਰ ਕੇ
ਗਿੱਧਾਂ ਅਤੇ ਪਿਸਾਚ ਖਾ ਗਏ ॥੩੧੩॥
ਜੋ ਸੂਰਮੇ ਤਿਲ ਤਿਲ ਕਰ ਕੇ ਸੁਟ ਦਿੱਤੇ ਸਨ,
ਉਹ ਵੀ ਅਮਿਤ ਰੂਪ ਧਾਰ ਕੇ ਚੜ੍ਹ ਪਏ।
ਮਹਾ ਕਾਲ ਨੇ ਉਨ੍ਹਾਂ ਦਾ ਜ਼ਰਾ ਜਿੰਨਾ ਵੀ ਡਰ ਨਾ ਮੰਨ ਕੇ
(ਉਨ੍ਹਾਂ ਦੀ) ਸਾਰੀ ਸੈਨਾ ਨਸ਼ਟ ਕਰ ਦਿੱਤੀ ॥੩੧੪॥
ਕਿਤੇ ਯੋਧੇ 'ਮਾਰੋ ਮਾਰੋ' (ਪੁਕਾਰ ਕੇ) ਗਜ ਰਹੇ ਸਨ
ਅਤੇ (ਕਿਤੇ) ਗਿਦੜ ਅਤੇ ਗਿੱਧਾਂ ਮਾਸ ਲੈ ਕੇ ਭਜ ਰਹੀਆਂ ਸਨ।
ਕਿਤੇ ਪ੍ਰੇਤ ਅਤੇ ਪਿਸ਼ਾਚ ਚੀਖ਼ਾਂ ਮਾਰਦੇ ਸਨ।
(ਕਿਤੇ) ਡਾਕਣੀਆਂ ਅਤੇ ਵੱਡੀਆਂ ਇਲਾਂ ('ਝਾਕਿ' ਗਿਰਝਾਂ) ਕਿਲਕਾਰੀਆਂ ਮਾਰਦੀਆਂ ਸਨ ॥੩੧੫॥
ਜਿਥੇ ਕੋਇਲਾਂ ਅਤੇ ਕਾਂ ਕਿਲਕਾਰਦੇ ਸਨ,
(ਉਥੇ) ਲਹੂ ਦਾ ਕੇਸਰ ਘਿਸਾ ਕੇ ਪਾਇਆ ਜਾ ਰਿਹਾ ਸੀ।
ਵੱਡੇ ਢੋਲ ਮਾਨੋ ਡਫਲੀਆਂ ਵਾਗ ਸ਼ੋਭ ਰਹੇ ਹੋਣ
ਅਤੇ ਦੇਵਤਿਆਂ ਤੇ ਦੈਂਤਾਂ ਦਾ ਮਨ ਮੋਹ ਰਹੇ ਹੋਣ ॥੩੧੬॥
ਬਾਣ ਮਾਨੋ ਕੇਸਰ ਭਰੇ ਲਾਖ ਦੇ ਗੋਲੇ ਹੋਣ
ਅਤੇ ਭਾਰੇ ਬਰਛੇ ਮਾਨੋ ਗੁਲਾਲ ਦੀ ਮੁੱਠੀ ਹੋਣ।
ਢਾਲਾਂ ਮਾਨੋ ਡਫਲੀਆਂ ਬਣੀਆਂ ਹੋਣ
ਅਤੇ ਬੰਦੂਕਾਂ ਮਾਨੋ ਬਹੁਤ ਸਾਰੀਆਂ ਪਿਚਕਾਰੀਆਂ ਬਣੀਆਂ ਹੋਣ ॥੩੧੭॥
ਇਸ ਤਰ੍ਹਾਂ ਦਾ ਘੋਰ ਯੁੱਧ ਹੋਇਆ।
ਇੰਦਰ ਤੇ ਚੰਦ੍ਰ ਦੇ ਲੋਕ ਕੰਬ ਗਏ।
ਪਸ਼ੂ ਅਤੇ ਪੰਛੀ ਵੀ ਬਹੁਤ ਵਿਆਕੁਲ ਹੋ ਗਏ।
ਘਰਾਂ ਨੂੰ ਛਡ ਕੇ ਜੰਗਲ ਵਲ ਭਜ ਗਏ ॥੩੧੮॥
ਕਿਤੇ ਘਾਇਲ ਘੋੜੇ ਭਭਕ ਰਹੇ ਸਨ,
(ਕਿਤੇ) ਸੂਰਮੇ ਉਠ ਉਠ ਕੇ ਸਾਹਮਣੇ ਹੋ ਕੇ ਧਾਵਾ ਕਰ ਰਹੇ ਸਨ।
ਕਿਤੇ ਕਾਲ ਦਾ ਡਰਾਉਣਾ ਹਾਸਾ ਸੁਣਾਈ ਦੇ ਰਿਹਾ ਸੀ।
(ਉਸ ਦਾ) ਭਿਆਨਕ ਨਾਂ ਸੁਣ ਕੇ ਹੀ ਡਰ ਲਗਦਾ ਸੀ ॥੩੧੯॥
ਸੂਰਮਿਆਂ ਦੇ ਰੋਮ ਖੜੇ ਹੋ ਗਏ।
ਡਰਪੋਕ ਵੇਖ ਕੇ ਘਰਾਂ ਵਿਚ ਜਾ ਵੜੇ।
ਸੋਫ਼ੀ ਅਤੇ ਸੂਮ ਬਹੁਤ ਵਿਆਕੁਲ ਹੋ ਗਏ।
ਡਰਾਕੁਲ ਦਸਾਂ ਦਿਸ਼ਾਵਾਂ ਵਲ ਭਜ ਚਲੇ ॥੩੨੦॥
ਕਿਤਨਿਆਂ ਸੂਰਮਿਆਂ ਨੇ ਪੈਰ ਗਡ ਦਿੱਤੇ
ਅਤੇ ਹੱਥਾਂ ਵਿਚ ਨੰਗੀਆਂ ਖੜਗਾਂ ਅਤੇ ਸਿਧੀਆਂ ਤਲਵਾਰਾਂ ਲੈ ਕੇ (ਘੁੰਮਾਣ ਲਗੇ)।