ਸ਼੍ਰੀ ਦਸਮ ਗ੍ਰੰਥ

ਅੰਗ - 357


ਗਾਵਤ ਸਾਰੰਗ ਤਾਲ ਬਜਾਵਤ ਸ੍ਯਾਮ ਕਹੈ ਅਤਿ ਹੀ ਸੁ ਰਚੈ ਸੇ ॥

(ਕਵੀ) ਸ਼ਿਆਮ ਕਹਿੰਦੇ ਹਨ, (ਕ੍ਰਿਸ਼ਨ) ਸਾਰੰਗ (ਰਾਗ) ਵਿਚ ਗਾਉਂਦੇ ਹਨ ਅਤੇ ਰੁਚੀ ਪੂਰਵਕ ਤਾੜੀਆਂ ਵਜਾਉਂਦੇ ਹਨ।

ਸਾਵਨ ਕੀ ਰੁਤਿ ਮੈ ਮਨੋ ਨਾਚਤ ਮੋਰਿਨ ਮੈ ਮੁਰਵਾ ਨਰ ਜੈਸੇ ॥੬੨੯॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਾਵਣ ਦੀ ਰੁਤ ਵਿਚ ਮੋਰਨੀਆਂ ਨਾਲ ਮਿਲ ਕੇ ਨਚਦਾ ਹੋਇਆ ਨਰ ਮੋਰ (ਖ਼ੁਸ਼ ਹੁੰਦਾ ਹੋਵੇ) ॥੬੨੯॥

ਨਾਚਤ ਹੈ ਸੋਊ ਗ੍ਵਾਰਿਨ ਮੈ ਜਿਹ ਕੋ ਸਸਿ ਸੋ ਅਤਿ ਸੁੰਦਰ ਆਨਨ ॥

ਉਹ (ਕਾਨ੍ਹ) ਗੋਪੀਆਂ ਵਿਚ ਨਚਦਾ ਹੈ ਜਿਸ ਦਾ ਮੁਖੜਾ ਚੰਦ੍ਰਮਾ ਨਾਲੋਂ ਵੀ ਅਧਿਕ ਸੁੰਦਰ ਹੈ।

ਖੇਲਤ ਹੈ ਰਜਨੀ ਸਿਤ ਮੈ ਜਹ ਰਾਜਤ ਥੋ ਜਮੁਨਾ ਜੁਤ ਕਾਨਨ ॥

ਜਿਥੇ ਜਮਨਾ ਦੇ ਕੰਢੇ ਉਤੇ ਬਨ ਸ਼ੋਭਾ ਪਾ ਰਿਹਾ ਹੈ, ਉਥੇ ਚਾਂਦਨੀ ਰਾਤ ਵਿਚ ਖੇਡਦਾ ਹੈ।

ਭਾਨੁ ਸੁਤਾ ਬ੍ਰਿਖ ਕੀ ਜਹ ਥੀ ਸੁ ਹੁਤੀ ਜਹ ਚੰਦ੍ਰਭਗਾ ਅਭਿਮਾਨਨ ॥

ਜਿਥੇ ਰਾਧਾ ਸੀ ਅਤੇ ਅਭਿਮਾਨਣ ਚੰਦ੍ਰਭਗਾ ਸੀ, ਉਨ੍ਹਾਂ ਵਿਚ ਕ੍ਰਿਸ਼ਨ ਇਸ ਤਰ੍ਹਾਂ ਸੁਸ਼ੋਭਿਤ ਸਨ

ਛਾਜਤ ਤਾ ਮਹਿ ਯੌ ਹਰਿ ਜੂ ਜਿਉ ਬਿਰਾਜਤ ਬੀਚ ਪੰਨਾ ਨਗ ਖਾਨਨ ॥੬੩੦॥

ਜਿਉਂ (ਮੁੰਦਰੀ ਦੇ) ਨਗ ਦੇ ਖ਼ਾਨਿਆਂ ਵਿਚ ਪੰਨਾ ਫਬਦਾ ਹੈ ॥੬੩੦॥

ਸੁ ਸੰਗੀਤ ਨਚੈ ਹਰਿ ਜੂ ਤਿਹ ਠਉਰ ਸੋ ਸ੍ਯਾਮ ਕਹੈ ਰਸ ਕੇ ਸੰਗਿ ਭੀਨੋ ॥

(ਕਵੀ) ਸ਼ਿਆਮ ਕਹਿੰਦੇ ਹਨ, ਉਸ ਥਾਂ ਤੇ (ਪ੍ਰੇਮ) ਰਸ ਨਾਲ ਭਿਜੇ ਹੋਏ ਸ੍ਰੀ ਕ੍ਰਿਸ਼ਨ ਸੰਗੀਤ (ਦੀ ਲੈ ਵਿਚ) ਨਚਦੇ ਹਨ।

ਖੋਰ ਦਏ ਫੁਨਿ ਕੇਸਰ ਕੀ ਧੁਤੀਯਾ ਕਸਿ ਕੈ ਪਟ ਓਢਿ ਨਵੀਨੋ ॥

ਜਿਸ ਨੇ ਕੇਸਰ ਦਾ ਟਿੱਕਾ ਲਗਾਇਆ ਹੋਇਆ ਹੈ, ਧੋਤੀ ਕਸੀ ਹੋਈ ਹੈ (ਅਤੇ ਉਪਰ) ਨਵਾਂ ਦੁਪੱਟਾ ਲਿਆ ਹੋਇਆ ਹੈ।

ਰਾਧਿਕਾ ਚੰਦ੍ਰਭਗਾ ਮੁਖਿ ਚੰਦ ਲਏ ਜਹ ਗ੍ਵਾਰਿਨ ਥੀ ਸੰਗ ਤੀਨੋ ॥

ਰਾਧਾ, ਚੰਦ੍ਰਭਗਾ ਅਤੇ ਚੰਦ੍ਰਮੁਖੀ (ਨਾਂ ਦੀਆਂ) ਤਿੰਨਾਂ ਗੋਪੀਆਂ ਨੂੰ ਜਿਸ ਨੇ ਆਪਣੇ ਨਾਲ ਲਿਆ ਹੋਇਆ ਹੈ।

ਕਾਨ੍ਰਹ ਨਚਾਇ ਕੈ ਨੈਨਨ ਕੋ ਸਭ ਗੋਪਿਨ ਕੋ ਮਨੁਆ ਹਰਿ ਲੀਨੋ ॥੬੩੧॥

ਸ੍ਰੀ ਕ੍ਰਿਸ਼ਨ ਨੇ ਅੱਖਾਂ ਮਟਕਾ ਮਟਕਾ ਕੇ ਸਾਰੀਆਂ ਗੋਪੀਆਂ ਦੇ ਮਨ ਨੂੰ ਚੁਰਾ ਲਿਆ ਹੈ ॥੬੩੧॥

ਬ੍ਰਿਖਭਾਨੁ ਸੁਤਾ ਕੀ ਬਰਾਬਰ ਮੂਰਤਿ ਸ੍ਯਾਮ ਕਹੈ ਸੁ ਨਹੀ ਘ੍ਰਿਤਚੀ ਹੈ ॥

(ਕਵੀ) ਸ਼ਿਆਮ ਕਹਿੰਦੇ ਹਨ, ਰਾਧਾ ਦੀ ਸ਼ਕਲ ਦੇ ਬਰਾਬਰ ਘ੍ਰਿਤਚੀ (ਨਾਂ ਦੀ ਅਪੱਛਰਾ ਵੀ) ਨਹੀਂ ਹੈ।

ਜਾ ਸਮ ਹੈ ਨਹੀ ਕਾਮ ਕੀ ਤ੍ਰੀਯਾ ਨਹੀ ਜਿਸ ਕੀ ਸਮ ਤੁਲਿ ਸਚੀ ਹੈ ॥

ਜਿਸ ਦੇ ਸਮਾਨ ਨਾ ਕਾਮਦੇਵ ਦੀ ਇਸਤਰੀ (ਰਤਿ) ਹੈ ਅਤੇ ਨਾ ਹੀ ਜਿਸ ਦੇ ਤੁਲ (ਇੰਦਰ ਦੀ ਪਤਨੀ) ਸਚੀ ਹੈ।

ਮਾਨਹੁ ਲੈ ਸਸਿ ਕੋ ਸਭ ਸਾਰ ਪ੍ਰਭਾ ਕਰਤਾਰ ਇਹੀ ਮੈ ਗਚੀ ਹੈ ॥

(ਇੰਜ ਪ੍ਰਤੀਤ ਹੁੰਦਾਹੈ) ਮਾਨੋ ਕਰਤਾ ਨੇ ਚੰਦ੍ਰਮਾ ਦੀ ਸੁੰਦਰਤਾ (ਦਾ ਸਾਰ ਤੱਤ੍ਵ) ਲੈ ਕੇ ਇਸ ਵਿਚ ਰਚਾ ਦਿੱਤਾ ਹੋਵੇ।

ਨੰਦ ਕੇ ਲਾਲ ਬਿਲਾਸਨ ਕੋ ਇਹ ਮੂਰਤਿ ਚਿਤ੍ਰ ਬਚਿਤ੍ਰ ਰਚੀ ਹੈ ॥੬੩੨॥

ਨੰਦ ਦੇ ਪੁੱਤਰ (ਕ੍ਰਿਸ਼ਨ) ਦੇ ਵਿਲਾਸ ਲਈ ਇਹ ਵਿਚਿਤ੍ਰ ਸ਼ਕਲ ਵਾਲੀ ਮੂਰਤ ਰਚ ਦਿੱਤੀ ਹੋਵੇ ॥੬੩੨॥

ਰਾਧਿਕਾ ਚੰਦ੍ਰਭਗਾ ਮੁਖਿ ਚੰਦ੍ਰ ਸੁ ਖੇਲਤ ਹੈ ਮਿਲ ਖੇਲ ਸਬੈ ॥

ਰਾਧਾ, ਚੰਦ੍ਰਭਗਾ ਅਤੇ ਚੰਦ੍ਰਮੁਖੀ (ਉਸ ਨਾਲ) ਮਿਲ ਕੇ ਸਾਰੀਆਂ ਖੇਡ ਖੇਡਦੀਆਂ ਹਨ।

ਮਿਲਿ ਸੁੰਦਰ ਗਾਵਤ ਗੀਤ ਸਬੈ ਸੁ ਬਜਾਵਤ ਹੈ ਕਰ ਤਾਲ ਤਬੈ ॥

ਸਾਰੀਆਂ ਸੁੰਦਰੀਆਂ ਮਿਲ ਕੇ ਗੀਤ ਗਾਉਂਦੀਆਂ ਹਨ ਅਤੇ ਹੱਥਾਂ ਨਾਲ ਤਾੜੀਆਂ ਵਜਾਉਂਦੀਆਂ ਹਨ।

ਪਿਖਵੈ ਇਹ ਕੋ ਸੋਊ ਮੋਹ ਰਹੈ ਸਭ ਦੇਖਤ ਹੈ ਸੁਰ ਯਾਹਿ ਛਬੈ ॥

ਇਨ੍ਹਾਂ ਨੂੰ ਜੋ ਵੇਖਦਾ ਹੈ, ਮੋਹਿਤ ਹੋ ਜਾਂਦਾ ਹੈ ਅਤੇ ਸਾਰੇ ਦੇਵਤੇ ਵੀ ਇਸ ਦੀ ਛਬੀ ਨੂੰ ਵੇਖਦੇ ਹਨ।

ਕਬਿ ਸ੍ਯਾਮ ਕਹੈ ਮੁਰਲੀਧਰ ਮੈਨ ਕੀ ਮੂਰਤਿ ਗੋਪਿਨ ਮਧਿ ਫਬੈ ॥੬੩੩॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਕਾਮਦੇਵ ਦੀ ਮੂਰਤ ਹੈ, (ਜੋ) ਗੋਪੀਆਂ ਵਿਚ ਫਬ ਰਿਹਾ ਹੈ ॥੬੩੩॥

ਜਿਹ ਕੀ ਸਮ ਤੁਲਿ ਨ ਹੈ ਕਮਲਾ ਦੁਤਿ ਜਾ ਪਿਖਿ ਕੈ ਕਟਿ ਕੇਹਰ ਲਾਜੈ ॥

ਜਿਸ ਵਰਗੀ ਲੱਛਮੀ ਦੀ ਸੁੰਦਰਤਾ ਨਹੀਂ ਹੈ ਅਤੇ ਜਿਸ ਦੀ ਕਮਰ ਨੂੰ ਵੇਖ ਕੇ ਸ਼ੇਰ ਵੀ ਸ਼ਰਮਾਉਂਦਾ ਹੈ।

ਕੰਚਨ ਦੇਖਿ ਲਜੈ ਤਨ ਕੋ ਤਿਹ ਦੇਖਤ ਹੀ ਮਨ ਕੋ ਦੁਖੁ ਭਾਜੈ ॥

ਜਿਸ ਦੇ ਤਨ ਨੂੰ ਵੇਖ ਕੇ ਸੋਨਾ ਸ਼ਰਮਸਾਰ ਹੁੰਦਾ ਹੈ ਅਤੇ ਜਿਸ ਨੂੰ ਵੇਖ ਕੇ ਮਨ ਦੇ ਦੁਖ ਭਜ ਜਾਂਦੇ ਹਨ।

ਜਾ ਸਮ ਰੂਪ ਨ ਕੋਊ ਤ੍ਰੀਯਾ ਕਬਿ ਸ੍ਯਾਮ ਕਹੈ ਰਤਿ ਕੀ ਸਮ ਰਾਜੈ ॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਦੇ ਸਮਾਨ ਕੋਈ ਇਸਤਰੀ ਨਹੀਂ ਹੈ ਅਤੇ ਉਹ 'ਰਤਿ' ਵਾਂਗ ਸ਼ੋਭਾ ਪਾ ਰਹੀ ਹੈ।

ਜਿਉ ਘਨ ਬੀਚ ਲਸੈ ਚਪਲਾ ਇਹ ਤਿਉ ਘਨ ਗ੍ਵਾਰਿਨ ਬੀਚ ਬਿਰਾਜੈ ॥੬੩੪॥

ਜਿਵੇਂ ਬਦਲਾਂ ਵਿਚ ਬਿਜਲੀ ਨਿਸ਼ਕਦੀ ਹੈ, ਇਸ ਤਰ੍ਹਾਂ ਗੋਪੀਆਂ ਰੂਪ ਬਦਲ ਵਿਚ ਇਹ (ਰਾਧਾ) ਬਿਰਾਜ ਰਹੀ ਹੈ ॥੬੩੪॥

ਖੇਲਤ ਹੈ ਸੰਗ ਤ੍ਰੀਯਨ ਕੇ ਸਜਿ ਸਾਜ ਸਭੈ ਅਰੁ ਮੋਤਿਨ ਮਾਲਾ ॥

ਸਭ ਤਰ੍ਹਾਂ ਦੇ ਸ਼ਿੰਗਾਰ ਕਰ ਕੇ ਅਤੇ ਮੋਤੀਆਂ ਦੀ ਮਾਲਾ (ਪਾ ਕੇ) ਇਸਤਰੀਆਂ (ਗੋਪੀਆਂ) ਨਾਲ ਖੇਡਦੀਆਂ ਹਨ।

ਪ੍ਰੀਤਿ ਕੈ ਖੇਲਤ ਹੈ ਤਿਹ ਸੋ ਹਰਿ ਜੂ ਜੋਊ ਹੈ ਅਤਿ ਹੀ ਹਿਤ ਵਾਲਾ ॥

ਪ੍ਰੇਮ ਪੂਰਵਕ ਉਸ ਨਾਲ ਖੇਡਦੀਆਂ ਹਨ, ਜੋ ਕ੍ਰਿਸ਼ਨ ਜੀ ਬਹੁਤ ਪ੍ਰੀਤ ਕਰਨ ਵਾਲਾ ਹੈ।

ਚੰਦ੍ਰਮੁਖੀ ਜਹ ਠਾਢੀ ਹੁਤੀ ਜਹ ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ ॥

ਜਿਥੇ ਚੰਦ੍ਰਮੁਖੀ ਖੜੋਤੀ ਹੋਈ ਸੀ ਅਤੇ ਜਿਥੇ ਰਾਧਾ ਖੜੀ ਸੀ।

ਚੰਦ੍ਰਭਗਾ ਕੋ ਮਹਾ ਮੁਖ ਸੁੰਦਰ ਗ੍ਵਾਰਿਨ ਬੀਚ ਕਰਿਯੋ ਉਜਿਯਾਲਾ ॥੬੩੫॥

ਚੰਦ੍ਰਭਗਾ ਦਾ ਮੁਖ ਬਹੁਤ ਸੁੰਦਰ ਸੀ, (ਜਿਸ ਨੇ) ਗੋਪੀਆਂ ਵਿਚ ਪ੍ਰਕਾਸ਼ ਪਸਾਰਿਆ ਹੋਇਆ ਸੀ ॥੬੩੫॥

ਕਾਨ੍ਰਹ ਕੋ ਰੂਪ ਨਿਹਾਰ ਕੈ ਸੁੰਦਰਿ ਮੋਹਿ ਰਹੀ ਤ੍ਰੀਯਾ ਚੰਦ੍ਰ ਮੁਖੀ ॥

ਕਾਨ੍ਹ ਦੇ ਸੁੰਦਰ ਰੂਪ ਨੂੰ ਵੇਖ ਕੇ ਚੰਦ੍ਰਮੁਖੀ (ਨਾਂ ਦੀ) ਗੋਪੀ ਮੋਹਿਤ ਹੋ ਰਹੀ ਹੈ।

ਤਬ ਗਾਇ ਉਠੀ ਕਰ ਤਾਲ ਬਜਾਇ ਹੁਤੀ ਜਿ ਕਿਧੋ ਅਤਿ ਹੀ ਸੁ ਸੁਖੀ ॥

ਉਹ ਉਦੋਂ ਗਾਉਣ ਲਗ ਗਈ ਅਤੇ ਹੱਥ ਨਾਲ ਤਾੜੀ ਵਜਾਉਣ ਲਗ ਪਈ, (ਇੰਜ ਮਹਿਸੂਸ ਹੁੰਦਾ ਹੈ ਕਿ ਉਹ) ਬਹੁਤ ਹੀ ਸੁਖੀ ਹੈ।

ਕਰ ਕੈ ਅਤਿ ਹੀ ਹਿਤ ਨਾਚਤ ਭੀ ਕਰਿ ਆਨੰਦ ਨ ਮਨ ਬੀਚ ਝੁਖੀ ॥

ਬਹੁਤ ਹੀ ਹਿਤ ਕਰ ਕੇ ਨਚਣ ਲਗ ਗਈ ਹੈ, (ਉਹ ਮਨ ਵਿਚ) ਆਨੰਦਿਤ (ਹੋ ਰਹੀ ਹੈ ਅਤੇ) ਮਨ ਵਿਚ ਕਿਸੇ ਪ੍ਰਕਾਰ ਦਾ ਝੋਰਾ ਨਹੀਂ ਹੈ।

ਸਭ ਲਾਲਚ ਤਿਆਗ ਦਏ ਗ੍ਰਿਹ ਕੇ ਇਕ ਸ੍ਯਾਮ ਕੇ ਪ੍ਯਾਰ ਕੀ ਹੈ ਸੁ ਭੁਖੀ ॥੬੩੬॥

ਘਰ ਦੇ ਸਾਰੇ ਲਾਲਚ (ਉਸ ਨੇ) ਛਡ ਦਿੱਤੇ ਹਨ, ਬਸ (ਕੇਵਲ) ਇਕ ਸ਼ਿਆਮ ਦੇ ਪਿਆਰ ਦੀ ਭੁਖੀ ਹੈ ॥੬੩੬॥

ਦੋਹਰਾ ॥

ਦੋਹਰਾ:

ਕ੍ਰਿਸਨ ਮਨੈ ਅਤਿ ਰੀਝ ਕੈ ਮੁਰਲੀ ਉਠਿਯੋ ਬਜਾਇ ॥

ਸ੍ਰੀ ਕ੍ਰਿਸ਼ਨ ਮਨ ਵਿਚ ਪ੍ਰਸੰਨ ਹੋ ਕੇ ਉਠ ਕੇ ਮੁਰਲੀ ਵਜਾਉਣ ਲਗ ਪਏ।

ਰੀਝ ਰਹੀ ਸਭ ਗੋਪੀਯਾ ਮਹਾ ਪ੍ਰਮੁਦ ਮਨਿ ਪਾਇ ॥੬੩੭॥

(ਉਸ ਧੁਨ ਨੂੰ ਸੁਣ ਕੇ) ਸਾਰੀਆਂ ਗੋਪੀਆਂ ਪ੍ਰਸੰਨ ਹੋ ਗਈਆਂ ਅਤੇ ਮਨ ਵਿਚ ਬਹੁਤ ਖ਼ੁਸ਼ੀ ਪ੍ਰਾਪਤ ਕੀਤੀ ॥੬੩੭॥

ਸਵੈਯਾ ॥

ਸਵੈਯਾ:

ਰੀਝ ਰਹੀ ਬ੍ਰਿਜ ਕੀ ਸਭ ਭਾਮਿਨ ਜਉ ਮੁਰਲੀ ਨੰਦ ਲਾਲ ਬਜਾਈ ॥

ਜਿਉਂ ਹੀ ਕ੍ਰਿਸ਼ਨ ਨੇ ਮੁਰਲੀ ਵਜਾਈ (ਤਿਉਂ ਹੀ) ਬ੍ਰਜ ਦੀਆਂ ਸਾਰੀਆਂ ਗੋਪੀਆਂ ਮੋਹਿਤ ਹੋ ਰਹੀਆਂ ਹਨ।

ਰੀਝ ਰਹੇ ਬਨ ਕੇ ਖਗ ਅਉ ਮ੍ਰਿਗ ਰੀਝ ਰਹੇ ਧੁਨਿ ਜਾ ਸੁਨਿ ਪਾਈ ॥

ਬਨ ਦੇ ਹਿਰਨ ਅਤੇ ਪੰਛੀ ਰੀਝ ਰਹੇ ਹਨ ਅਤੇ (ਉਹ ਵੀ) ਪ੍ਰਸੰਨ ਹੋ ਗਏ ਹਨ ਜਿਨ੍ਹਾਂ ਨੇ (ਮੁਰਲੀ) ਦੀ ਧੁਨ ਸੁਣ ਲਈ ਹੈ।

ਚਿਤ੍ਰ ਕੀ ਹੋਇ ਗਈ ਪ੍ਰਿਤਮਾ ਸਭ ਸ੍ਯਾਮ ਕੀ ਓਰਿ ਰਹੀ ਲਿਵ ਲਾਈ ॥

ਸਾਰੀਆਂ (ਗੋਪੀਆਂ) ਚਿਤਰ ਵਰਗੀਆਂ ਹੋ ਗਈਆਂ ਅਤੇ ਕ੍ਰਿਸ਼ਨ ਵਲ ਸਭ ਦੀ ਲਿਵ ਲਗ ਗਈ।

ਨੀਰ ਬਹੈ ਨਹੀ ਕਾਨ੍ਰਹ ਤ੍ਰੀਯਾ ਸੁਨ ਕੇ ਤਿਹ ਪਉਨ ਰਹਿਯੋ ਉਰਝਾਈ ॥੬੩੮॥

(ਕ੍ਰਿਸ਼ਨ ਦੀ ਬੰਸਰੀ ਦੀ ਸੁਰ ਨੂੰ) ਸੁਣ ਕੇ ਜਮਨਾ ('ਕਾਨ੍ਹ ਤ੍ਰੀਯਾ') ਦਾ ਜਲ ਵਗ ਨਹੀਂ ਰਿਹਾ ਅਤੇ ਹਵਾ ਵੀ ਮੋਹਿਤ ਹੋ ਕੇ (ਚਲਣੋ) ਰਹਿ ਗਈ ਹੈ ॥੬੩੮॥

ਪਉਨ ਰਹਿਯੋ ਉਰਝਾਇ ਘਰੀ ਇਕ ਨੀਰ ਨਦੀ ਕੋ ਚਲੈ ਸੁ ਕਛੂ ਨਾ ॥

ਹਵਾ ਇਕ ਘੜੀ ਲਈ ਮੋਹਿਤ ਹੋ ਕੇ ਰੁਕ ਗਈ ਹੈ ਅਤੇ ਨਦੀ ਦਾ ਜਲ ਵੀ ਠਹਿਰ ਗਿਆ ਹੈ।

ਜੇ ਬ੍ਰਿਜ ਭਾਮਨਿ ਆਈ ਹੁਤੀ ਧਰਿ ਖਾਸਨ ਅੰਗ ਬਿਖੈ ਅਰੁ ਝੂਨਾ ॥

ਜੋ ਬ੍ਰਜ ਦੀ ਇਸਤਰੀ (ਅਰਥਾਤ ਗੋਪੀ) ਉਥੇ (ਬਸਤ੍ਰ) ਧਾਰਨ ਕਰ ਕੇ ਅਤੇ ਦੁਪੱਟਾ ਲੈ ਕੇ ਆਈ ਹੋਈ ਹੈ।

ਸੋ ਸੁਨ ਕੈ ਧੁਨਿ ਬਾਸੁਰੀ ਕੀ ਤਨ ਬੀਚ ਰਹੀ ਤਿਨ ਕੇ ਸੁਧਿ ਹੂੰ ਨਾ ॥

ਬੰਸਰੀ ਦੀ ਧੁਨ ਸੁਣ ਕੇ ਉਸ ਦੇ ਤਨ ਵਿਚ ਸੁਧ-ਬੁਧ ਨਹੀਂ ਰਹੀ ਹੈ। (ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ)

ਤਾ ਸੁਧਿ ਗੀ ਸੁਰ ਕੇ ਸੁਨਿ ਹੀ ਰਹਿ ਗੀ ਇਹ ਮਾਨਹੁ ਚਿਤ੍ਰ ਨਮੂਨਾ ॥੬੩੯॥

ਮਾਨੋ ਸੁਰ ਦੇ ਸੁਣਦਿਆਂ ਹੀ (ਉਸ ਦੀ) ਸੁਧ (ਚਲੀ) ਗਈ ਹੋਵੇ ਅਤੇ ਉਹ ਇਕ ਚਿਤਰ ਦਾ ਨਮੂਨਾ (ਬਣ ਕੇ) ਰਹਿ ਗਈ ਹੋਵੇ ॥੬੩੯॥

ਰੀਝਿ ਬਜਾਵਤ ਹੈ ਮੁਰਲੀ ਹਰਿ ਪੈ ਮਨ ਮੈ ਕਰਿ ਸੰਕ ਕਛੂ ਨਾ ॥

ਕ੍ਰਿਸ਼ਨ ਰੀਝ ਕੇ ਬੰਸਰੀ ਵਜਾਉਂਦਾ ਹੈ ਅਤੇ ਮਨ ਵਿਚ ਕਿਸੇ ਪ੍ਰਕਾਰ ਦਾ ਕੁਝ ਵੀ ਸ਼ੰਸਾ ਨਹੀਂ ਕਰਦਾ।

ਜਾ ਕੀ ਸੁਨੇ ਧੁਨਿ ਸ੍ਰਉਨਨ ਮੈ ਕਰ ਕੈ ਖਗ ਆਵਤ ਹੈ ਬਨ ਸੂਨਾ ॥

ਜਿਸ ਦੀ ਧੁਨ ਨੂੰ ਕੰਨਾਂ ਨਾਲ ਸੁਣ ਕੇ ਬਨ ਨੂੰ ਸੁੰਨਾ ਕਰ ਕੇ ਪੰਛੀ (ਉਸ ਕੋਲ) ਆ ਜਾਂਦੇ ਹਨ।

ਸੋ ਸੁਨਿ ਗ੍ਵਾਰਿਨ ਰੀਝ ਰਹੀ ਮਨ ਭੀਤਰ ਸੰਕ ਕਰੀ ਕਛਹੂੰ ਨਾ ॥

(ਉਸ (ਧੁਨ) ਨੂੰ ਸੁਣ ਕੇ ਗੋਪੀਆਂ ਖੁਸ਼ ਹੋ ਰਹੀਆਂ ਹਨ ਅਤੇ (ਉਨ੍ਹਾਂ ਦੇ) ਮਨ ਵਿਚ ਕੋਈ ਸੰਗ ਸੰਕੋਚ ਨਹੀਂ ਹੈ।

ਨੈਨ ਪਸਾਰ ਰਹੀ ਪਿਖ ਕੈ ਜਿਮ ਘੰਟਕ ਹੇਰ ਬਜੇ ਮ੍ਰਿਗਿ ਮੂਨਾ ॥੬੪੦॥

ਨੈਣਾ ਨੂੰ ਪਸਾਰ ਕੇ (ਕ੍ਰਿਸ਼ਨ ਵਲ) ਵੇਖ ਰਹੀਆਂ ਹਨ, ਜਿਵੇਂ ਘੰਡਾਹੇੜੇ ਦੇ ਵਜਣ ਨਾਲ ਚੁਪ ਚੁਪੀਤੇ (ਹਿਰਨ) ਇਕੱਠੇ ਹੋ ਜਾਂਦੇ ਹਨ ॥੬੪੦॥

ਸੁਰ ਬਾਸੁਰੀ ਕੀ ਕਬਿ ਸ੍ਯਾਮ ਕਹੈ ਮੁਖ ਕਾਨਰ ਕੇ ਅਤਿ ਹੀ ਸੁ ਰਸੀ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਬੰਸਰੀ ਦੀ ਸੁਰ ਕ੍ਰਿਸ਼ਨ ਦੇ ਮੂੰਹ ਤੋਂ ਬਹੁਤ ਰਸੀਲੀ ਹੋ ਰਹੀ ਹੈ।

ਸੋਰਠਿ ਦੇਵ ਗੰਧਾਰਿ ਬਿਭਾਸ ਬਿਲਾਵਲ ਹੂੰ ਕੀ ਸੁ ਤਾਨ ਬਸੀ ਹੈ ॥

ਸੋਰਠ, ਦੇਵ ਗੰਧਾਰੀ, ਵਿਭਾਸ, ਬਿਲਾਵਲ (ਆਦਿਕ ਰਾਗਾਂ ਦੀ) ਤਾਨ ਉਸ ਵਿਚ ਵਸੀ ਹੋਈ ਹੈ।


Flag Counter