ਸ਼੍ਰੀ ਦਸਮ ਗ੍ਰੰਥ

ਅੰਗ - 401


ਸਾਜਿਯੋ ਕਵਚ ਨਿਖੰਗ ਧਨੁਖ ਬਾਨੁ ਲੈ ਰਥਿ ਚਢਿਯੋ ॥੧੦੩੪॥

(ਉਸ ਨੇ) ਕਵਚ ਸਜਾ ਲਿਆ; ਭਥਾ, ਧਨੁਸ਼ ਅਤੇ ਬਾਣ ਲੈ ਕੇ ਰਥ ਉਤੇ ਚੜ੍ਹ ਗਿਆ ॥੧੦੩੪॥

ਸਵੈਯਾ ॥

ਸਵੈਯਾ:

ਜੋਰਿ ਚਮੂੰ ਸਬ ਮੰਤ੍ਰ ਲੈ ਤਬ ਯੌ ਰਨ ਸਾਜ ਸਮਾਜ ਬਨਾਯੋ ॥

ਸੈਨਾ ਨੂੰ ਇਕੱਠਾ ਕਰ ਕੇ, ਸਾਰਿਆਂ ਮੰਤਰੀਆਂ ਨੂੰ ਨਾਲ ਲੈ ਕੇ ਤਦ ਇਸ ਤਰ੍ਹਾਂ ਦਾ ਸਾਜ ਸਾਮਾਨ ਬਣਾ ਲਿਆ।

ਤੇਈਸ ਛੂਹਨ ਲੈ ਦਲ ਸੰਗਿ ਬਜਾਇ ਕੈ ਬੰਬ ਤਹਾ ਕਹੁ ਧਾਯੋ ॥

ਤੇਈ ਅਛੋਹਣੀਆਂ ਸੈਨਾ ਨਾਲ ਲੈ ਕੇ ਨਗਾਰਾ ਬਜਾ ਕੇ ਉਧਰ ਨੂੰ ਧਸ ਚਲਿਆ,

ਬੀਰ ਬਡੇ ਸਮ ਰਾਵਨ ਕੇ ਤਿਨ ਕਉ ਸੰਗ ਲੈ ਮਰਿਬੇ ਕਹੁ ਆਯੋ ॥

(ਜਿਵੇਂ) ਰਾਵਣ ਵਰਗੇ ਸੂਰਮਿਆਂ ਨੂੰ ਨਾਲ ਲੈ ਕੇ ਮਰਨ ਲਈ ਆਇਆ ਹੈ।

ਮਾਨਹੁ ਕਾਲ ਪ੍ਰਲੈ ਦਿਨ ਬਾਰਿਧ ਫੈਲ ਪਰਿਯੋ ਜਲੁ ਯੌ ਦਲੁ ਛਾਯੋ ॥੧੦੩੫॥

(ਉਸ ਦੀ) ਸੈਨਾ ਇਸ ਤਰ੍ਹਾਂ ਪਸਰੀ ਹੋਈ ਸੀ, ਮਾਨੋ ਪਰਲੋ ਕਾਲ ਦੇ ਦਿਨ ਸਮੁੰਦਰ ਦਾ ਜਲ ਖਿਲਰ ਗਿਆ ਹੋਵੇ ॥੧੦੩੫॥

ਨਗ ਮਾਨਹੁ ਨਾਗ ਬਡੇ ਤਿਹ ਮੈ ਮਛੁਰੀ ਪੁਨਿ ਪੈਦਲ ਕੀ ਬਲ ਜੇਤੀ ॥

ਵੱਡੇ ਵੱਡੇ ਹਾਥੀ ਮਾਨੋ ਪਰਬਤ ਹੋਣ, ਅਤੇ ਉਸ ਵਿਚ ਪੈਦਲ ਸੈਨਾ ਫਿਰ ਮਛਲੀਆਂ ਹੋਣ।

ਚਕ੍ਰ ਮਨੋ ਰਥ ਚਕ੍ਰ ਬਨੇ ਉਪਜੀ ਕਵਿ ਕੈ ਮਨ ਮੈ ਕਹੀ ਤੇਤੀ ॥

ਰਥਾਂ ਦੇ ਚੱਕੇ (ਪਹੀਏ) ਮਾਨੋ ਘੁੰਮਣਘੇਰੀਆਂ (ਅਰਥਾਂਤਰ ਕਛੂ) ਹੋਣ, ਕਵੀ ਦੇ ਮਨ ਵਿਚ (ਜਿਤਨੀ ਉਪਮਾ) ਪੈਦਾ ਹੋਈ ਸੀ, ਉਤਨੀ ਹੀ ਕਹਿ ਦਿੱਤੀ।

ਹੈ ਭਏ ਬੋਚਨ ਤੁਲਿ ਮਨੋ ਲਹਰੈ ਬਹਰੈ ਬਰਛੀ ਦੁਤਿ ਸੇਤੀ ॥

ਘੋੜੇ ਮਾਨੋ ਮਗਰਮੱਛ ਹੋਣ ਅਤੇ ਬਰਛੀਆਂ ਦੀਆਂ ਲਿਸ਼ਕਾਰੀਆਂ ਲਹਿਰਾਂ ਹੋਣ।

ਸਿੰਧੁ ਕਿਧੌ ਦਲ ਸੰਧਿ ਜਰਾ ਰਹਿਗੀ ਮਥੁਰਾ ਜਾ ਤਿਹ ਮਧ ਬਰੇਤੀ ॥੧੦੩੬॥

ਸਮੁੰਦਰ ਹੈ ਜਾਂ ਜਰਾਸੰਧ ਦਾ ਸੈਨਾ-ਦਲ ਹੈ, ਮਥੁਰਾ ਉਸ ਵਿਚ ਬਰੇਤੀ ਬਣ ਕੇ ਰਹਿ ਗਈ ਹੈ ॥੧੦੩੬॥

ਜੋ ਬਲ ਬੰਡ ਬਡੇ ਦਲ ਮੈ ਤਿਹ ਅਗ੍ਰ ਕਥਾ ਮਹਿ ਨਾਮ ਕਹੈ ਹਉ ॥

(ਇਸ) ਸੈਨਾ ਦਲ ਵਿਚ ਜੋ ਬਲਵਾਨ ਸੂਰਮੇ ਹਨ, ਉਨ੍ਹਾਂ ਦੇ ਨਾਂ ਮੈਂ ਅਗਲੀ ਕਥਾ ਵਿਚ ਕਹਾਂਗਾ।

ਜੋ ਸੰਗਿ ਸ੍ਯਾਮ ਲਰੈ ਰਿਸ ਕੈ ਤਿਨ ਕੇ ਜਸ ਕੋ ਮੁਖ ਤੇ ਉਚਰੈ ਹਉ ॥

ਜੋ ਕ੍ਰੋਧ ਪੂਰਵਕ ਕ੍ਰਿਸ਼ਨ ਨਾਲ ਲੜੇ ਹਨ, ਉਨ੍ਹਾਂ ਦੇ ਯਸ਼ ਨੂੰ ਮੈਂ ਮੂੰਹੋਂ ਉਚਾਰਾਂਗਾ।

ਜੇ ਬਲਿਭਦ੍ਰ ਕੇ ਸੰਗਿ ਭਿਰੇ ਤਿਨ ਕਉ ਕਥ ਕੈ ਪ੍ਰਭ ਲੋਕ ਰਿਝੈ ਹਉ ॥

ਜੋ ਬਲਰਾਮ ਦੇ ਨਾਲ ਲੜੇ ਹਨ, ਉਨ੍ਹਾਂ ਦਾ ਵਰਣਨ ਕਰ ਕੇ ਭਗਤ ਜਨਾਂ ('ਪ੍ਰਭ ਲੋਕ') ਨੂੰ ਪ੍ਰਸੰਨ ਕਰਾਂਗਾ।

ਤ੍ਯਾਗ ਸਭੈ ਗ੍ਰਿਹ ਲਾਲਚ ਕੋ ਹਰਿ ਕੇ ਹਰਿ ਕੇ ਹਰਿ ਕੇ ਗੁਨ ਗੈ ਹਉ ॥੧੦੩੭॥

ਘਰ ਦੇ ਸਾਰੇ ਲਾਲਚ ਨੂੰ ਤਿਆਗ ਕੇ ਹਰਿ ਦੇ, ਹਰਿ ਦੇ, ਹਰਿ ਦੇ ਗੁਣ ਗਾਵਾਂਗਾ ॥੧੦੩੭॥

ਦੋਹਰਾ ॥

ਦੋਹਰਾ:

ਜਦੁਬੀਰਨ ਸਬ ਹੂੰ ਸੁਨੀ ਦੂਤ ਕਹੀ ਜਬ ਆਇ ॥

ਜਦੋਂ ਦੂਤ ਨੇ ਆ ਕੇ (ਗੱਲ) ਕਹੀ ਅਤੇ ਸਾਰੇ ਯਦੁਬੰਸੀ ਸੂਰਮਿਆਂ ਨੇ ਸੁਣੀ,

ਮਿਲਿ ਸਬ ਹੂੰ ਨ੍ਰਿਪ ਕੇ ਸਦਨ ਮੰਤ੍ਰ ਬਿਚਾਰਿਯੋ ਜਾਇ ॥੧੦੩੮॥

(ਤਦੋਂ) ਸਭ ਨੇ ਮਿਲ ਕੇ ਰਾਜੇ ਦੇ ਮਹੱਲ ਵਿਚ ਸਲਾਹ ਕੀਤੀ ॥੧੦੩੮॥

ਸਵੈਯਾ ॥

ਸਵੈਯਾ:

ਤੇਈਸ ਛੂਹਨ ਲੈ ਦਲ ਸੰਗਿ ਚਢਿਯੋ ਹਮ ਪੈ ਅਤਿ ਹੀ ਭਰਿ ਰੋਹੈ ॥

ਤੇਈ ਅਛੋਹਣੀ ਸੈਨਾ ਲੈ ਕੇ ਅਤੇ ਕ੍ਰੋਧ ਨਾਲ ਭਰ ਕੇ (ਉਹ) ਸਾਡੇ ਉਤੇ ਚੜ੍ਹ ਆਇਆ।

ਜਾਇ ਲਰੈ ਅਰਿ ਕੇ ਸਮੁਹੇ ਇਹ ਲਾਇਕ ਯਾ ਪੁਰ ਮੈ ਅਬ ਕੋ ਹੈ ॥

(ਉਸ) ਵੈਰੀ ਦੇ ਸਾਹਮਣੇ ਹੋ ਕੇ ਲੜੇ, ਹੁਣ ਇਸ ਨਗਰ ਵਿਚ (ਅਜਿਹਾ) ਯੋਗ (ਪੁਰਸ਼) ਕੌਣ ਹੈ?

ਜੋ ਭਜਿ ਹੈ ਡਰੁ ਮਾਨਿ ਘਨੋ ਰਿਸ ਕੈ ਸਬ ਕੋ ਤਬ ਮਾਰਤ ਸੋ ਹੈ ॥

ਜੇ ਉਸ ਦਾ ਬਹੁਤ ਡਰ ਮੰਨ ਕੇ ਭਜ ਜਾਈਏ ਤਾਂ ਉਹ ਕ੍ਰੋਧਿਤ ਹੋ ਕੇ ਸਭ ਨੂੰ ਮਾਰ ਦੇਵੇਗਾ।

ਤਾ ਤੇ ਨਿਸੰਕ ਭਿਰੋ ਇਨ ਸੋ ਜਿਤ ਹੈ ਤੁ ਭਲੋ ਮ੍ਰਿਤ ਏ ਜਸੁ ਹੋ ਹੈ ॥੧੦੩੯॥

ਇਸ ਲਈ ਇਨ੍ਹਾਂ ਨਾਲ ਨਿਸੰਗ ਹੋ ਕੇ ਲੜਨਾ ਚਾਹੀਦਾ ਹੈ, ਜੇ ਜਿਤ ਜਾਵਾਂਗੇ ਤਾਂ ਚੰਗਾ, ਮਰ ਜਾਵਾਂਗੇ ਤਾਂ ਯਸ਼ ਹੋਵੇਗਾ ॥੧੦੩੯॥

ਤਉ ਜਦੁਬੀਰ ਕਹਿਯੋ ਉਠਿ ਕੈ ਰਿਸਿ ਬੀਚ ਸਭਾ ਅਪੁਨੇ ਬਲ ਸੋ ॥

ਤਦ ਸ੍ਰੀ ਕ੍ਰਿਸ਼ਨ ਨੇ ਉਠ ਕੇ ਸਭਾ ਵਿਚ ਕ੍ਰੋਧ ਨਾਲ ਬਲ ਪੂਰਵਕ ਕਿਹਾ,

ਅਬ ਕੋ ਬਲਵੰਡ ਬਡੋ ਹਮ ਮੈ ਚਲਿ ਆਗੇ ਹੀ ਜਾਇ ਲਰੈ ਦਲ ਸੋ ॥

ਸਾਡੇ ਵਿਚ ਕੌਣ ਵੱਡਾ ਬਲਵਾਨ ਹੈ ਜੋ ਅਗੇ ਜਾ ਕੇ ਸੈਨਾ ਨਾਲ ਲੜੇ।

ਅਪਨੋ ਬਲ ਧਾਰਿ ਸੰਘਾਰ ਕੈ ਦਾਨਵ ਦੂਰ ਕਰੈ ਸਭ ਭੂ ਤਲ ਸੋ ॥

ਆਪਣੇ ਬਲ ਨੂੰ ਸੰਭਾਲ ਕੇ ਦੈਂਤਾਂ ਦਾ ਸੰਘਾਰ ਕਰੇ ਅਤੇ ਧਰਤੀ ਤੋਂ (ਉਨ੍ਹਾਂ ਦੀ ਹੋਂਦ) ਖ਼ਤਮ ਕਰੇ।

ਬਹੁ ਭੂਤ ਪਿਸਾਚਨ ਕਾਕਨਿ ਡਾਕਨਿ ਤੋਖ ਕਰੈ ਪਲ ਮੈ ਪਲ ਸੋ ॥੧੦੪੦॥

(ਅਤੇ) ਬਹੁਤੇ ਭੂਤਾਂ, ਪ੍ਰੇਤਾਂ, ਪਿਸ਼ਾਚਾਂ, ਕਾਂਵਾਂ, ਡਾਕਣੀਆਂ ਨੂੰ ਪਲ ਭਰ ਵਿਚ (ਸੂਰਮਿਆਂ ਦਾ) ਮਾਸ (ਖਵਾ ਕੇ) ਖੁਸ਼ ਕਰ ਦੇਵੇ ॥੧੦੪੦॥

ਜਬ ਯਾ ਬਿਧਿ ਸੋ ਜਦੁਬੀਰ ਕਹਿਯੋ ਕਿਨਹੂੰ ਮਨ ਮੈ ਨਹੀ ਧੀਰ ਧਰਿਯੋ ॥

ਜਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, ਕਿਸੇ ਨੇ ਵੀ ਮਨ ਵਿਚ ਧੀਰਜ ਧਾਰਨ ਨਾ ਕੀਤਾ।

ਹਰਿ ਦੇਖਿ ਤਬੈ ਮੁਖਿ ਬਾਇ ਰਹੇ ਸਭ ਹੂੰ ਭਜਬੇ ਕਹੁ ਚਿਤ ਕਰਿਯੋ ॥

ਤਦ ਕ੍ਰਿਸ਼ਨ ਨੂੰ ਵੇਖ ਕੇ ਸਭ ਮੂੰਹ ਅਡ ਕੇ ਰਹਿ ਗਏ ਅਤੇ ਸਾਰਿਆਂ ਦਾ ਮਨ ਭਜਣ ਨੂੰ ਕਰ ਆਇਆ।

ਜੋਊ ਮਾਨ ਹੁਤੋ ਮਨਿ ਛਤ੍ਰਿਨ ਕੇ ਸੋਊ ਓਰਨਿ ਕੀ ਸਮ ਤੁਲ ਗਰਿਯੋ ॥

ਜੋ ਛਤ੍ਰੀਆਂ ਦੇ ਮਨ ਵਿਚ ਅਭਿਮਾਨ ਸੀ, ਉਹ ਗੜਿਆਂ ਵਾਂਗ ਗਲ ਗਿਆ।

ਕੋਊ ਜਾਇ ਨ ਸਾਮੁਹੈ ਸਤ੍ਰਨ ਕੇ ਨ੍ਰਿਪ ਨੇ ਮੁਖ ਤੇ ਬਿਧਿ ਯਾ ਉਚਰਿਯੋ ॥੧੦੪੧॥

(ਅਜਿਹੀ ਸਥਿਤੀ ਵਿਚ) ਰਾਜਾ (ਉਗ੍ਰਸੈਨ) ਨੇ ਇਸ ਤਰ੍ਹਾਂ ਮੁਖ ਵਿਚੋਂ ਕਿਹਾ, (ਕੀਹ) "ਕੋਈ ਵੈਰੀ ਦੇ ਸਾਹਮਣੇ ਨਹੀਂ ਜਾਏਗਾ" ॥੧੦੪੧॥

ਕਿਨਹੂੰ ਨਹਿ ਧੀਰਜੁ ਬਾਧਿ ਸਕਿਯੋ ਲਰਬੇ ਤੇ ਡਰੇ ਸਭ ਕੋ ਮਨੁ ਭਾਜਿਯੋ ॥

(ਜਦੋਂ) ਕੋਈ ਵੀ ਧੀਰਜ ਨਾ ਬੰਨ੍ਹ ਸਕਿਆ ਅਤੇ ਸਾਰਿਆਂ ਦਾ ਮਨ ਲੜਨ ਤੋਂ ਡਰਦਾ ਹੋਇਆ ਭਜਣ ਨੂੰ ਕੀਤਾ।

ਭਾਜਨ ਕੀ ਸਬ ਹੂੰ ਬਿਧ ਕੀ ਕਿਨਹੂੰ ਨਹੀ ਕੋਪਿ ਸਰਾਸਨੁ ਸਾਜਿਯੋ ॥

ਸਭ ਨੇ ਭਜਣ ਦੀ ਵਿਉਂਤ ਬਣਾ ਲਈ, (ਪਰ) ਕਿਸੇ ਨੇ ਵੀ ਕ੍ਰੋਧ ਕਰ ਕੇ ਧਨੁਸ਼ ਬਾਣ ਨਾ ਸਜਾਇਆ।

ਯੌ ਹਰਿ ਜੂ ਪੁਨਿ ਬੋਲਿ ਉਠਿਓ ਗਜ ਕੋ ਬਧਿ ਕੈ ਜਿਮ ਕੇਹਰਿ ਗਾਜਿਯੋ ॥

ਫਿਰ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਬੋਲ ਕੇ ਉਠ ਖੜੋਤੇ, ਜਿਵੇਂ ਹਾਥੀ ਨੂੰ ਮਾਰਨ ਲਈ ਸ਼ੇਰ ਗਜਿਆ ਹੈ।

ਅਉਰ ਭਲੀ ਉਪਮਾ ਉਪਜੀ ਧੁਨਿ ਕੋ ਸੁਨ ਕੈ ਘਨ ਸਾਵਨ ਲਾਜਿਯੋ ॥੧੦੪੨॥

(ਇਕ) ਹੋਰ ਉਪਮਾ (ਕਵੀ ਦੇ ਮਨ ਵਿਚ) ਪੈਦਾ ਹੋਈ ਹੈ ਕਿ (ਉਸ ਦੀ) ਧੁਨ ਨੂੰ ਸੁਣ ਕੇ ਸਾਵਣ ਦਾ ਬਦਲ ਵੀ ਸ਼ਰਮਿੰਦਾ ਹੋ ਗਿਆ ਹੈ ॥੧੦੪੨॥

ਕਾਨ੍ਰਹ ਜੂ ਬਾਚ ॥

ਕਾਨ੍ਹ ਜੀ ਨੇ ਕਿਹਾ:

ਸਵੈਯਾ ॥

ਸਵੈਯਾ:

ਰਾਜ ਨ ਚਿੰਤ ਕਰੋ ਮਨ ਮੈ ਹਮਹੂੰ ਦੋਊ ਭ੍ਰਾਤ ਸੁ ਜਾਇ ਲਰੈਗੇ ॥

ਹੇ ਰਾਜਨ! ਮਨ ਵਿਚ (ਕਿਸੇ ਤਰ੍ਹਾਂ ਦੀ) ਚਿੰਤਾ ਨਾ ਕਰੋ, ਅਸੀਂ ਦੋਵੇਂ ਹੀ ਭਰਾ ਜਾ ਕੇ ਯੁੱਧ ਕਰਾਂਗੇ।

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਰਨ ਭੀਤਰ ਜੁਧ ਕਰੈਗੇ ॥

ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਸ਼ਸਤ੍ਰ) ਪਕੜ ਕੇ ਰਣਭੂਮੀ ਵਿਚ ਯੁੱਧ ਕਰਾਂਗੇ।

ਜੋ ਹਮ ਊਪਰਿ ਕੋਪ ਕੈ ਆਇ ਹੈ ਤਾਹਿ ਕੇ ਅਸਤ੍ਰ ਸਿਉ ਪ੍ਰਾਨ ਹਰੈਗੇ ॥

ਜੋ ਸਾਡੇ ਉਤੇ ਕ੍ਰੋਧ ਕਰ ਕੇ ਚੜ੍ਹ ਆਏਗਾ, ਅਸੀਂ ਅਸਤ੍ਰਾਂ (ਅਰਥਾਤ ਬਾਣਾਂ) ਨਾਲ ਉਸ ਦੇ ਪ੍ਰਾਣ ਹਰ ਲਵਾਂਗੇ।

ਪੈ ਉਨ ਕੋ ਮਰਿ ਹੈ ਡਰ ਹੈ ਨਹੀ ਆਹਵ ਤੇ ਪਗ ਦੁਇ ਨ ਟਰੈਗੇ ॥੧੦੪੩॥

ਉਨ੍ਹਾਂ ਨੂੰ ਅਵੱਸ਼ ਮਾਰਾਂਗੇ, ਡਰਾਂਗੇ ਨਹੀਂ ਅਤੇ ਯੁੱਧ-ਭੂਮੀ ਤੋਂ ਦੋ ਕਦਮ ਵੀ ਪਿਛੇ ਨਹੀਂ ਹਟਾਂਗੇ ॥੧੦੪੩॥

ਇਉ ਕਹਿ ਕੈ ਯੌ ਦੋਊ ਠਾਢ ਭਏ ਚਲ ਕੈ ਨਿਜੁ ਮਾਤ ਪਿਤਾ ਪਹਿ ਆਏ ॥

ਇਸ ਤਰ੍ਹਾਂ ਕਹਿ ਕੇ ਦੋਵੇਂ ਭਰਾ ਉਠ ਕੇ ਖੜੋ ਗਏ ਅਤੇ ਮਾਤਾ ਪਿਤਾ ਕੋਲ ਆ ਗਏ।

ਆਵਤ ਹੀ ਦੁਹੂੰ ਹਾਥਨ ਜੋਰਿ ਕੈ ਪਾਇਨ ਊਪਰ ਮਾਥ ਲੁਡਾਏ ॥

ਆਉਂਦਿਆਂ ਹੀ ਦੋਵੇਂ ਹੱਥ ਜੋੜ ਕੇ (ਉਨ੍ਹਾਂ ਨੇ ਮਾਤਾ ਪਿਤਾ ਦੇ) ਪੈਰਾਂ ਉਤੇ ਮੱਥੇ ਟੇਕੇ।

ਮੋਹੁ ਬਢਿਯੋ ਬਸੁਦੇਵ ਅਉ ਦੇਵਕੀ ਲੈ ਅਪੁਨੇ ਸੁਤ ਕੰਠਿ ਲਗਾਏ ॥

ਬਸੁਦੇਵ ਅਤੇ ਦੇਵਕੀ ਦਾ ਮੋਹ ਵਧ ਗਿਆ ਅਤੇ ਆਪਣੇ ਪੁੱਤਰਾਂ ਨੂੰ ਲੈ ਕੇ ਗਲੇ ਨਾਲ ਲਗਾਇਆ

ਜੀਤਹੁਗੇ ਤੁਮ ਦੈਤਨ ਸਿਉ ਭਜਿ ਹੈ ਅਰਿ ਜ੍ਯੋ ਘਨ ਬਾਤ ਉਡਾਏ ॥੧੦੪੪॥

(ਅਤੇ ਅਸੀਸ ਦਿੱਤੀ ਕਿ) ਤੁਸੀਂ ਦੈਂਤਾਂ ਨੂੰ ਜਿਤੋਗੇ ਅਤੇ ਵੈਰੀ ਇਸ ਤਰ੍ਹਾਂ ਭਜ ਜਾਏਗਾ ਜਿਵੇਂ ਹਵਾ ਬਦਲਾਂ ਨੂੰ ਉਡਾ ਲੈ ਜਾਂਦੀ ਹੈ ॥੧੦੪੪॥

ਮਾਤ ਪਿਤਾ ਕਉ ਪ੍ਰਨਾਮ ਦੋਊ ਕਰਿ ਕੈ ਤਜਿ ਧਾਮ ਸੁ ਬਾਹਰਿ ਆਏ ॥

ਦੋਵੇਂ, ਮਾਤਾ ਪਿਤਾ ਨੂੰ ਪ੍ਰਨਾਮ ਕਰ ਕੇ ਅਤੇ ਘਰ ਨੂੰ ਤਿਆਗ ਕੇ, ਬਾਹਰ ਆ ਗਏ।

ਆਵਤ ਹੀ ਸਭ ਆਯੁਧ ਲੈ ਪੁਰ ਬੀਰ ਜਿਤੇ ਸਭ ਹੀ ਸੁ ਬੁਲਾਏ ॥

ਆਉਂਦਿਆਂ ਹੀ ਸਾਰੇ ਹਥਿਆਰ ਲੈ ਕੇ, ਨਗਰ ਵਿਚ ਜਿਤਨੇ ਸੂਰਮੇ ਸਨ, ਸਭ ਨੂੰ ਹੀ ਬੁਲਾ ਲਿਆ।

ਦਾਨ ਘਨੇ ਦਿਜ ਕਉ ਦਏ ਸ੍ਯਾਮ ਦੁਹੂੰ ਮਿਲਿ ਆਨੰਦ ਚਿਤ ਬਢਾਏ ॥

ਸ੍ਰੀ ਕ੍ਰਿਸ਼ਨ ਨੇ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤੇ ਅਤੇ ਦੋਹਾਂ (ਭਰਾਵਾਂ ਨੇ) ਮਿਲ ਕੇ ਮਨ ਵਿਚ ਆਨੰਦ ਵਧਾਇਆ।

ਆਸਿਖ ਦੇਤ ਭਏ ਦਿਜ ਇਉ ਗ੍ਰਿਹ ਆਇ ਹੋ ਜੀਤਿ ਘਨੇ ਅਰਿ ਘਾਏ ॥੧੦੪੫॥

ਬ੍ਰਾਹਮਣਾਂ ਨੇ ਇਸ ਤਰ੍ਹਾਂ ਦੀ ਅਸੀਸ ਦਿੱਤੀ ਕਿ (ਤੁਸੀਂ) ਬਹੁਤ ਸਾਰੇ ਵੈਰੀਆਂ ਨੂੰ ਮਾਰ ਕੇ ਅਤੇ (ਯੁੱਧ ਵਿਚ) ਜੇਤੂ ਹੋ ਕੇ ਘਰ ਨੂੰ ਪਰਤੋਗੇ ॥੧੦੪੫॥


Flag Counter