ਇਸਤਰੀਆਂ ਦੇ ਕੰਮਾਂ ਨੂੰ ਕੋਈ ਵੀ ਪਛਾਣ ਨਹੀਂ ਸਕਿਆ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੫॥੬੯੦੧॥ ਚਲਦਾ॥
ਚੌਪਈ:
ਬੀਰ ਕੇਤੁ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਉਸ ਦੇ ਨਗਰ ਦਾ ਨਾਂ ਬੀਰਪੁਰੀ ਸੀ।
ਦਿਨ ਦੀਪਕ ਦੇ (ਦੇਈ) ਉਸ ਦੀ ਰਾਣੀ ਸੀ।
(ਉਹ) ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
ਗੁਮਾਨੀ ਰਾਇ ਨਾਂ ਦਾ ਉਥੇ ਇਕ ਛਤ੍ਰੀ ਸੀ,
ਜੋ ਸ਼ੂਰਬੀਰ, ਬਲਵਾਨ ਅਤੇ ਅਸ੍ਰਧਾਰੀ ਸੀ।
ਉਹ ਇਕ ਸੁੰਦਰ ਅਤੇ ਦੂਜਾ ਚਤੁਰ ਸੀ,
ਜਿਸ ਵਰਗਾ ਕੋਈ ਕਿਤੇ ਨਹੀਂ ਪੈਦਾ ਹੋਇਆ ਸੀ ॥੨॥
ਰਾਣੀ ਨੇ ਜਦ ਉਸ ਨੂੰ ਵੇਖਿਆ (ਤਾਂ ਉਸ)
ਇਸਤਰੀ ਨੇ ਮਨ ਵਿਚ ਵਿਚਾਰ ਕੀਤਾ।
ਦਸੋ, ਕਿਹੜਾ ਚਰਿਤ੍ਰ ਕੀਤਾ ਜਾਵੇ,
ਜਿਸ ਢੰਗ ਨਾਲ ਪ੍ਰਿਯ ਦਾ ਸੰਯੋਗ ਸੁਖ ਪ੍ਰਾਪਤ ਕੀਤਾ ਜਾ ਸਕੇ ॥੩॥
(ਉਸ ਦੀ) ਬੀਰ ਮਤੀ ਨਾਂ ਦੀ ਇਕ ਸਿਆਣੀ ਸਖੀ ਸੀ।
ਉਸ ਨੂੰ ਰਾਣੀ ਨੇ ਕੰਨ ਦੇ ਨੇੜੇ ਕਰ ਕੇ ਕਿਹਾ
ਕਿ ਗੁਮਾਨੀ ਰਾਇ ਨੂੰ ਲੈ ਕੇ ਆ
ਅਤੇ ਜਿਵੇਂ ਕਿਵੇਂ ਕਰ ਕੇ (ਉਹ) ਮੈਨੂੰ ਮਿਲਾ ਦੇ ॥੪॥
(ਉਸ) ਸਖੀ ਨੇ (ਜਾ ਕੇ ਗੁਮਾਨੀ ਰਾਇ ਨੂੰ) ਸਾਰੀ ਬਿਰਥਾ ਕਹਿ ਕੇ ਸੁਣਾ ਦਿੱਤੀ।
ਜਿਵੇਂ ਰਾਣੀ (ਨੇ ਕਹੀ ਸੀ, ਉਵੇਂ) ਉਸ ਨੂੰ ਕਹਿ ਕੇ ਸੁਣਾ ਦਿੱਤੀ।
ਜਿਵੇਂ ਕਿਵੇਂ ਕਰ ਕੇ ਉਸ ਨੂੰ ਉਲਝਾ ਲਿਆ
ਅਤੇ ਲਿਆ ਕੇ ਰਾਣੀ ਨੂੰ ਮਿਲਾ ਦਿੱਤਾ ॥੫॥
(ਰਾਣੀ ਨੇ) ਭਾਂਤ ਭਾਂਤ ਦਾ ਉਸ ਨਾਲ ਰਮਣ ਕੀਤਾ।
ਸੰਯੋਗ ਕਰਦਿਆਂ ਸਾਰੀ ਰਾਤ ਬੀਤ ਗਈ।
ਤਦ ਤਕ ਉਥੇ ਰਾਜਾ ਆ ਗਿਆ।
ਤਾਂ (ਉਸ) ਇਸਤਰੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ ॥੬॥
(ਉਸ ਨੇ) ਹੱਥ ਵਿਚ ਤਿਖੀ ਤਲਵਾਰ ਲੈ ਲਈ
ਅਤੇ ਲੈ ਕੇ ਮਿਤਰ ਦੇ ਸਿਰ ਵਿਚ ਮਾਰੀ।
ਉਸ ਦੇ ਅੰਗਾਂ ਨੂੰ ਟੋਟੇ ਟੋਟੇ ਕਰ ਦਿੱਤਾ
ਅਤੇ ਰਾਜੇ ਨੂੰ (ਇਸ ਤਰ੍ਹਾਂ) ਕਿਹਾ ॥੭॥
ਹੇ ਰਾਜਨ! ਚਲੋ, ਤੁਹਾਨੂੰ ਇਕ ਚਰਿਤ੍ਰ ਵਿਖਾਵਾਂ
ਅਤੇ ਗੌਂਸ ਦਾ ਦਰਜਾ ਪ੍ਰਾਪਤ ਕਰਨ ਵਾਲਾ (ਪੀਰ) ਦਿਖਾਵਾਂ। (ਵਿਸ਼ੇਸ਼: ਅਜਿਹੇ ਪੀਰ ਜੋ ਧਿਆਨ-ਮਗਨ ਅਵਸਥਾ ਵਿਚ ਆਪਣੇ ਸ਼ਰੀਰ ਦੇ ਅੰਗ ਵੱਖ ਵੱਖ ਕਰ ਦਿੰਦੇ ਦਸੇ ਜਾਂਦੇ ਹਨ)।
ਰਾਜੇ ਨੇ ਚਰਿਤ੍ਰ ਬਾਰੇ ਕੁਝ ਨਾ ਵਿਚਾਰਿਆ
ਅਤੇ (ਉਥੇ) ਉਸ ਦੇ ਮਰੇ ਪਏ ਮਿਤਰ ਨੂੰ ਵੇਖਿਆ ॥੮॥
ਉਸ ਨੂੰ (ਰਾਜੇ ਨੇ) ਗੌਂਸ ਕੁਤੁਬ ਪੀਰ ਕਰ ਕੇ ਮੰਨ ਲਿਆ।
(ਉਸ) ਮੂਰਖ ਨੇ ਭੇਦ ਅਭੇਦ ਨੂੰ ਨਹੀਂ ਸਮਝਿਆ।
ਡਰਦੇ ਹੋਇਆਂ ਉਸ ਨੂੰ ਹੱਥ ਨਾ ਲਗਾਇਆ
ਅਤੇ ਯਾਰ ਨੂੰ ਪੀਰ ਸਮਝ ਕੇ ਪਰਤ ਆਇਆ ॥੯॥
ਦੋਹਰਾ:
ਪਹਿਲਾਂ ਉਸ ਨਾਲ ਸੰਯੋਗ ਕੀਤਾ ਅਤੇ ਫਿਰ ਮਾਰ ਦਿੱਤਾ।
ਮੂਰਖ ਰਾਜਾ ਇਸ ਛਲ ਨਾਲ ਛਲਿਆ ਗਿਆ ਅਤੇ ਭੇਦ ਨੂੰ ਵਿਚਾਰ ਨਾ ਸਕਿਆ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੬॥੬੯੧੧॥ ਚਲਦਾ॥
ਚੌਪਈ:
ਮਾਰਵਾੜ ਵਿਚ ਇਕ ਰਾਜਾ ਦਸਿਆ ਜਾਂਦਾ ਸੀ।
ਉਸ ਦਾ ਨਾਂ ਚੰਦ੍ਰ ਸੈਨ ਕਿਹਾ ਜਾਂਦਾ ਸੀ।
ਜਗਮੋਹਨ ਦੇ (ਦੇਈ) ਉਸ ਦੀ ਰਾਣੀ ਸੀ।
(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਆਪ ਉਹ ਇਸਤਰੀ ਘੜੀ ਹੋਵੇ ॥੧॥