ਹੁਣ ਕੰਸ ਦੇ ਬਧ ਦਾ ਕਥਨ:
ਸਵੈਯਾ:
ਜਦੋਂ (ਦੋਹਾਂ ਨੇ) ਦੋ ਵੈਰੀ ਸੂਰਮੇ ਮਾਰ ਦਿੱਤੇ, ਤਾਂ ਰਾਜੇ ਦੇ ਮਨ ਵਿਚ ਕ੍ਰੋਧ ਬਹੁਤ ਵਧ ਗਿਆ।
ਇਨ੍ਹਾਂ ਨੂੰ ਹੇ ਸੂਰਮਿਓਂ! ਹੁਣੇ ਰਣ-ਭੂਮੀ ਵਿਚ ਮਾਰ ਦਿਓ, ਇਸ ਤਰ੍ਹਾਂ ਕਿਹਾ ਅਤੇ ਸ਼ੋਰ ਮਚਾਇਆ।
ਉਸ ਵੇਲੇ ਕ੍ਰਿਸ਼ਨ ਨੇ ਭੜਥੂ ਪਾ ਦਿੱਤਾ ਅਤੇ ਆਪਣੇ ਮਨ ਵਿਚ ਬਿਲਕੁਲ ਨਾ ਡਰਿਆ।
ਜੋ ਵੀ ਕ੍ਰੋਧ ਕਰ ਕੇ ਕ੍ਰਿਸ਼ਨ ਉਤੇ ਆ ਪਿਆ, ਉਸ ਨੂੰ ਕ੍ਰਿਸ਼ਨ ਨੇ ਥਪੜ ਨਾਲ ਮਾਰ ਸੁਟਿਆ (ਜਾਂ ਥਾਂ ਉਤੇ ਹੀ ਉਸ ਨੂੰ ਮਾਰ ਦਿੱਤਾ) ॥੮੫੦॥
ਤਦੋਂ ਕ੍ਰਿਸ਼ਨ ਨੇ ਰੰਗ-ਭੂਮੀ ਵਿਚੋਂ ਕੁੱਦ ਕੇ ਜਿਥੇ ਰਾਜਾ ਬੈਠਾ ਸੀ, ਉਥੇ ਹੀ ਜਾ ਕੇ ਪੈਰ ਟਿਕਾ ਦਿੱਤੇ।
ਕੰਸ ਨੇ ਹੱਥ ਵਿਚ ਢਾਲ ਸੰਭਾਲ ਲਈ ਅਤੇ ਕ੍ਰੋਧ ਨਾਲ ਭਰ ਕੇ ਤਲਵਾਰ ਖਿਚ ਲਈ।
ਭਜ ਕੇ ਉਸ (ਕ੍ਰਿਸ਼ਨ) ਦੇ ਸ਼ਰੀਰ ਉਤੇ ਚਲਾ ਦਿੱਤੀ, (ਅਗੋਂ) ਸ੍ਰੀ ਕ੍ਰਿਸ਼ਨ ਇਕ ਪਾਸੇ ਵਲ ਹਟ ਗਏ ਅਤੇ ਦਾਓ ਤੋਂ ਬਚਾ ਲਿਆ।
(ਫਿਰ) ਵੈਰੀ ਨੂੰ ਕੇਸਾਂ ਤੋਂ ਪਕੜ ਕੇ ਜ਼ੋਰ ਨਾਲ ਧਰਤੀ ਉਤੇ ਪਟਕਾ ਮਾਰਿਆ ॥੮੫੧॥
(ਪਹਿਲਾਂ) ਕੇਸਾਂ ਤੋਂ ਪਕੜ ਕੇ ਧਰਤੀ ਉਤੇ ਪਟਕ ਦਿੱਤਾ ਅਤੇ (ਫਿਰ) ਉਸ ਵੇਲੇ ਗੋਡਿਆਂ (ਅਰਥਾਤ ਟੰਗਾਂ) ਤੋਂ ਫੜ ਕੇ ਘਸੀਟ ਦਿੱਤਾ।
ਰਾਜੇ ਨੂੰ ਮਾਰ ਕੇ (ਦੋਹਾਂ ਦੇ) ਮਨ ਵਿਚ ਬਹੁਤ ਆਨੰਦ ਵਧਿਆ ਅਤੇ ਨਗਰ ਵਿਚ ਰੌਲਾ ਪੈ ਗਿਆ।
ਕਵੀ ਸ਼ਿਆਮ (ਕਹਿੰਦੇ ਹਨ) ਸ੍ਰੀ ਕ੍ਰਿਸ਼ਨ ਦਾ ਪ੍ਰਤਾਪ ਵੇਖੋ, ਜਿਸ ਨੇ ਸਾਧਾਂ ਦੀ ਰਖਿਆ ਕਰ ਕੇ ਵੈਰੀਆਂ ਨੂੰ ਨਸ਼ਟ ਕਰ ਦਿੱਤਾ ਹੈ।
(ਆਪਣੇ) ਪਿਤਾ (ਬਸੁਦੇਵ) ਦੇ ਮਨ (ਅਤੇ ਤਨ) ਦੇ ਬੰਧਨ ਕਟ ਦਿੱਤੇ। ਇਸ ਤਰ੍ਹਾਂ ਉਨ੍ਹਾਂ ਨੇ ਸਾਰੇ ਜਗਤ ਵਿਚ ਯਸ਼ ਖਟਿਆ ॥੮੫੨॥
ਵੈਰੀ ਨੂੰ ਮਾਰ ਕੇ ਤਦ ਹੀ ਕ੍ਰਿਸ਼ਨ ਜੀ 'ਬਸਰਾਤ' ਨਾਂ ਦੀ ਘਾਟ ਉਪਰ ਆਏ।
ਕੰਸ ਦੇ ਜੋ ਬਲਵਾਨ ਯੋਧੇ (ਉਥੇ) ਹੁੰਦੇ ਸਨ, ਉਨ੍ਹਾਂ ਨੇ ਕ੍ਰਿਸ਼ਨ ਨੂੰ ਵੇਖ ਕੇ ਬਹੁਤ ਕ੍ਰੋਧ ਵਧਾਇਆ।
ਉਹ (ਕ੍ਰੋਧ) ਉਨ੍ਹਾਂ ਤੋਂ ਦਬਾਇਆ ਨਾ ਜਾ ਸਕਿਆ ਅਤੇ (ਉਨ੍ਹਾਂ ਨੇ) ਆ ਕੇ ਕ੍ਰਿਸ਼ਨ ਨਾਲ ਯੁੱਧ ਮਚਾ ਦਿੱਤਾ।
ਸ੍ਰੀ ਕ੍ਰਿਸ਼ਨ ਨੇ ਆਪਣੇ ਬਲ ਨੂੰ ਸੰਭਾਲ ਕੇ ਉਨ੍ਹਾਂ ਨੂੰ ਮਾਰ ਕੇ ਧਰਤੀ ਉਤੇ ਸੁਟ ਦਿੱਤਾ ॥੮੫੩॥
ਹਾਥੀ ਨਾਲ ਬਹੁਤ ਕ੍ਰੋਧਿਤ ਹੋ ਕੇ ਯੁੱਧ ਕੀਤਾ ਅਤੇ ਉਸ ਤੋਂ ਡਰ ਕੇ ਇਕ ਕਦਮ ਵੀ ਪਿਛੇ ਨਹੀਂ ਹਟੇ।
ਦੋਵੇਂ ਪਹਿਲਵਾਨ ਰੰਗ-ਭੂਮੀ ਵਿਚ ਮਾਰ ਦਿੱਤੇ, ਕਵੀ ਸ਼ਿਆਮ (ਕਹਿੰਦੇ ਹਨ) ਉਥੇ ਇਕ ਪਹਿਰ ਤਕ ਲੜਦੇ ਰਹੇ।
ਰਾਜੇ (ਕੰਸ) ਨੂੰ ਮਾਰ ਕੇ ਜਮਨਾ ਦੇ ਕੰਢੇ ਉਤੇ ਚਲੇ ਗਏ ਅਤੇ (ਕੰਸ ਦੇ ਜਿਤਨੇ ਵੀ) ਜੋਧੇ ਆ ਕੇ ਲੜੇ, (ਉਹ ਸਾਰੇ) ਮਾਰੇ ਗਏ।
ਸਾਧਾਂ ਦੀ ਰਖਿਆ ਲਈ ਵੈਰੀਆਂ ਨੂੰ ਮਾਰ ਦਿੱਤਾ, (ਇਸ ਲਈ) ਆਕਾਸ਼ ਤੋਂ ਉਨ੍ਹਾਂ ਉਤੇ ਫੁਲਾਂ ਦੀ ਬਰਖਾ ਹੋਈ ॥੮੫੪॥
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਜਾ ਕੰਸ ਦੇ ਬੱਧ ਦਾ ਅਧਿਆਇ ਸਮਾਪਤ।
ਹੁਣ ਕੰਸ ਦੀ ਪਤਨੀ ਦੇ ਕ੍ਰਿਸ਼ਨ ਪਾਸ ਆਉਣ ਦਾ ਕਥਨ:
ਸਵੈਯਾ:
ਰਾਜ ਕੁਮਾਰੀ (ਰਾਜਾ ਜਰਾਸੰਧ ਦੀ ਪੁੱਤਰੀ) ਮਨ ਵਿਚ ਦੁਖ ਮੰਨ ਕੇ ਰਾਜ ਮਹੱਲ ਨੂੰ ਛਡ ਕੇ ਸ੍ਰੀ ਕ੍ਰਿਸ਼ਨ ਕੋਲ ਆ ਗਈ।
ਆ ਕੇ ਕ੍ਰਿਸ਼ਨ ਪਾਸ ਹਾਲ-ਦੁਹਾਈ ਮਚਾਉਣ ਲਗੀ ਅਤੇ ਆਪਣੇ ਦੁਖ ਦੀ ਸਾਰੀ ਗੱਲ ਦਸ ਦਿੱਤੀ।
(ਉਸ ਨੇ) ਆਪਣੇ ਸਿਰ ਉਪਰਲਾ ਕਪੜਾ ਲਾਹ ਸੁਟਿਆ ਅਤੇ ਉਸ ਵਿਚ ਸੁਆਹ ਮਿਲਾ ਦਿੱਤੀ।
(ਆਪਣੇ) ਪਤੀ (ਦੀ ਲਾਸ਼ ਨੂੰ) ਗਲ ਨਾਲ ਲਗਾਉਂਦੀ ਰਹੀ, ਉਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਗਰਦਨ ਨਿਵਾ ਲਈ ॥੮੫੫॥
ਵੈਰੀ ਦਾ (ਦਾਹ) ਕਰਮ ਕਰ ਕੇ ਸ੍ਰੀ ਕ੍ਰਿਸ਼ਨ ਉਥੋਂ ਚਲ ਕੇ ਮਾਤਾ ਪਿਤਾ ਪਾਸ ਆ ਗਏ।
ਮਾਤਾ ਪਿਤਾ ਮੋਹ ਦੇ ਵਸ ਵਿਚ ਨਾ ਹੋਏ ਅਤੇ ਦੋਹਾਂ (ਪੁੱਤਰਾਂ) ਨੂੰ ਸਿਰ ਨਿਵਾਇਆ।
(ਮਾਤਾ ਪਿਤਾ) ਨੇ ਉਨ੍ਹਾਂ ਨੂੰ ਬ੍ਰਹਮ ਕਰ ਕੇ ਜਾਣਿਆ ਅਤੇ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਦੇ ਮਨ ਵਿਚ ਮੋਹ ਵਧਾ ਦਿੱਤਾ।
ਅਨੇਕ ਤਰ੍ਹਾਂ ਦੇ ਭਾਵਾਂ ਨਾਲ (ਸ੍ਰੀ ਕ੍ਰਿਸ਼ਨ ਨੇ) ਬੇਨਤੀ ਕੀਤੀ ਅਤੇ (ਉਨ੍ਹਾਂ ਦੇ) ਪੈਰਾਂ ਤੋਂ ਬੰਧਨ ਖੁਲਵਾ ਦਿੱਤੇ ॥੮੫੬॥
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕੰਸ ਦਾ ਕਰਮ ਕਰ ਕੇ ਮਾਤਾ ਪਿਤਾ ਨੂੰ ਛੁੜਵਾਉਣ ਦਾ ਪ੍ਰਸੰਗ ਸਮਾਪਤ ॥
ਕਾਨ੍ਹ ਜੀ ਨੇ ਨੰਦ ਨੂੰ ਕਿਹਾ:
ਸਵੈਯਾ:
ਉਥੋ ਚਲ ਕੇ ਫਿਰ ਨੰਦ ਦੇ ਘਰ ਆ ਗਏ ਅਤੇ ਉਸ ਨੂੰ ਬਹੁਤ ਤਰ੍ਹਾਂ ਦੀ ਬੇਨਤੀ ਕੀਤੀ।
(ਕੀ) 'ਮੈਂ ਬਸੁਦੇਵ ਦਾ ਪੁੱਤਰ ਹਾਂ', ਇਸ ਤਰ੍ਹਾਂ ਕਿਹਾ ਅਤੇ ਉਨ੍ਹਾਂ ਨੇ ਮੰਨ ਲਿਆ।
(ਸ੍ਰੀ ਕ੍ਰਿਸ਼ਨ ਨੇ) ਕਿਹਾ ਕਿ ਤੁਸੀਂ ਆਪਣੇ ਘਰਾਂ ਨੂੰ ਜਾਓ, (ਇਹ) ਗੱਲ ਸੁਣ ਕੇ ਬ੍ਰਜ ਦੀ ਪ੍ਰਜਾ ਮੋਹ ਨਾਲ ਪਸੀਜ ਗਈ।
ਜੋ ਨੰਦ ਨੂੰ ਕਿਹਾ, ਉਹੀ ਬ੍ਰਜ ਦੀ (ਜਨਤਾ ਨੂੰ) ਕਹਿ ਦਿੱਤਾ। (ਫਲਸਰੂਪ) ਬ੍ਰਜ-ਪੁਰੀ ਸਾਰੀ ਦੀ ਸਾਰੀ ਕ੍ਰਿਸ਼ਨ ਤੋਂ ਸਖਣੀ ਹੋ ਗਈ ॥੮੫੭॥
(ਨੰਦ ਸਹਿਤ) ਸਿਰ ਝੁਕਾ ਕੇ (ਸਾਰੇ) ਬ੍ਰਜ ਨੂੰ ਚਲੇ ਗਏ। ਉਨ੍ਹਾਂ ਦੇ ਮਨ ਵਿਚ ਬਹੁਤ ਸੋਗ ਪੈਦਾ ਹੋ ਗਿਆ ਹੈ।
ਜਿਵੇਂ ਕੋਈ ਡਾਢੇ (ਪਿਆਰੇ) ਦੇ ਮਰਨ ਤੇ ਪਛਤਾਉਂਦਾ ਹੈ, ਇਨ੍ਹਾਂ ਦਾ ਮਾਨੋ ਕੋਈ ਪਿਆਰਾ ਭਰਾ ਮਰ ਗਿਆ ਹੋਵੇ।
ਜਾਂ ਕੋਈ ਰਾਜਾ ਕਿਸੇ ਵੱਡੇ ਵੈਰੀ ਰਾਜੇ ਤੋਂ ਰਣ-ਭੂਮੀ ਵਿਚ ਪਤਿ ਨਸ਼ਟ ਕਰ ਗਿਆ ਹੁੰਦਾ ਹੈ।
ਇਸ ਤਰ੍ਹਾਂ ਦੀ ਉਪਮਾ (ਕਵੀ ਦੇ ਮਨ ਵਿਚ) ਪੈਦਾ ਹੋਈ, ਮਾਨੋ ਬਸੁਦੇਵ ਠਗ ਨੇ (ਨੰਦ ਕੋਲੋਂ) ਸ਼ਿਆਮ ਲੁਟ ਲਿਆ ਹੋਵੇ ॥੮੫੮॥
ਨੰਦ ਨੇ ਪੁਰਵਾਸੀਆਂ ਪ੍ਰਤਿ ਕਿਹਾ
ਦੋਹਰਾ:
ਨੰਦ ਨੇ ਬ੍ਰਜ ਪੁਰੀ ਵਿਚ ਆ ਕੇ ਕ੍ਰਿਸ਼ਨ ਦੀ ਗੱਲ ਕਹੀ।
(ਇਸ ਨੂੰ) ਸੁਣਦਿਆਂ ਹੀ (ਬ੍ਰਜਵਾਸੀਆਂ ਨੇ) ਸੋਗ ਕੀਤਾ ਅਤੇ ਮਾਤਾ (ਜਸੋਧਾ) ਵਿਰਲਾਪ ਕਰਨ ਲਗ ਪਈ ॥੮੫੯॥