ਸ਼੍ਰੀ ਦਸਮ ਗ੍ਰੰਥ

ਅੰਗ - 237


ਹਨਵੰਤ ਮਾਰਗ ਮੋ ਮਿਲੇ ਤਬ ਮਿਤ੍ਰਤਾ ਤਾ ਸੋਂ ਕਰੀ ॥੩੬੪॥

(ਜਟਾਯੂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਰਾਮ ਨੂੰ) ਮਾਰਗ ਵਿੱਚ ਹਨੂਮਾਨ ਮਿਲ ਪਿਆ, ਤਦ ਰਾਮ ਨੇ ਉਸ ਨਾਲ ਮਿੱਤਰਤਾ ਕਰ ਲਈ ॥੩੬੪॥

ਤਿਨ ਆਨ ਸ੍ਰੀ ਰਘੁਰਾਜ ਕੇ ਕਪਿਰਾਜ ਪਾਇਨ ਡਾਰਯੋ ॥

ਉਸ ਹਨੂਮਾਨ ਨੇ ਸੁਗ੍ਰੀਵ (ਕਪਿਰਾਜ) ਨੂੰ ਲਿਆ ਕੇ ਸ੍ਰੀ ਰਾਮ ਦੇ ਪੈਰਾਂ ਵਿੱਚ ਪਾ ਦਿੱਤਾ।

ਤਿਨ ਬੈਠ ਗੈਠ ਇਕੈਠ ਹ੍ਵੈ ਇਹ ਭਾਤਿ ਮੰਤ੍ਰ ਬਿਚਾਰਯੋ ॥

(ਫਿਰ) ਉਨ੍ਹਾਂ ਨੇ ਇਕੱਠੇ ਹੋ ਕੇ ਬੈਠ ਕੇ ਇਸ ਤਰ੍ਹਾਂ ਯੋਜਨਾ ਨੂੰ ਵਿਚਾਰਿਆ (ਕਿ ਸ੍ਰੀ ਰਾਮ ਸੁਗ੍ਰੀਵ ਦਾ ਕਾਰਜ ਕਰਨ ਅਤੇ ਸੁਗ੍ਰੀਵ ਰਾਮ ਦਾ)।

ਕਪਿ ਬੀਰ ਧੀਰ ਸਧੀਰ ਕੇ ਭਟ ਮੰਤ੍ਰ ਬੀਰ ਬਿਚਾਰ ਕੈ ॥

ਇਸ ਲਈ ਧੀਰਜਵਾਨ ਸੁਗ੍ਰੀਵ ਨੇ ਬਹੁਤ ਧੀਰਜ ਨਾਲ (ਆਪਣੇ) ਯੋਧਿਆਂ, ਮੰਤਰੀਆਂ ਅਤੇ ਬਹਾਦਰਾਂ ਨਾਲ ਵਿਚਾਰ ਕਰਕੇ (ਸ੍ਰੀ ਰਾਮ ਦੇ ਸਹਾਇਕ ਹੋਣ ਦਾ ਪ੍ਰਣ ਕੀਤਾ)।

ਅਪਨਾਇ ਸੁਗ੍ਰਿਵ ਕਉ ਚਲੁ ਕਪਿਰਾਜ ਬਾਲ ਸੰਘਾਰ ਕੈ ॥੩੬੫॥

(ਫਿਰ ਰਾਮ ਨੇ) ਕਪਿਰਾਜ ਬਾਲੀ ਨੂੰ ਮਾਰ ਦਿੱਤਾ ਅਤੇ ਸੁਗ੍ਰੀਵ ਨੂੰ ਆਪਣਾ ਸਹਾਇਕ ਬਣਾ ਕੇ (ਲੰਕਾ ਵਲ ਤੁਰ ਪਏ) ॥੩੬੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਲ ਬਧਹ ਧਿਆਇ ਸਮਾਪਤਮ ॥੮॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਬਾਲੀ-ਬਧਹ' ਅਧਿਆਇ ਦੀ ਸਮਾਪਤੀ ॥੮॥

ਅਥ ਹਨੂਮਾਨ ਸੋਧ ਕੋ ਪਠੈਬੋ ॥

ਹੁਣ ਹਨੂਮਾਨ ਨੂੰ ਖੋਜ ਲਈ ਭੇਜਣ ਦਾ ਪ੍ਰਸੰਗ-

ਗੀਤਾ ਮਾਲਤੀ ਛੰਦ ॥

ਗੀਤਾ ਮਾਲਤੀ ਛੰਦ

ਦਲ ਬਾਟ ਚਾਰ ਦਿਸਾ ਪਠਯੋ ਹਨਵੰਤ ਲੰਕ ਪਠੈ ਦਏ ॥

(ਸੁਗ੍ਰੀਵ ਨੇ ਆਪਣੀ ਸੈਨਾ ਦੇ) ਦਲ ਵੰਡ ਕੇ ਦੋਹਾਂ ਦਿਸ਼ਾਵਾਂ ਵਿੱਚ ਭੇਜ ਦਿੱਤੇ ਅਤੇ ਹਨੂਮਾਨ ਨੂੰ ਲੰਕਾ ਭੇਜ ਦਿੱਤਾ

ਲੈ ਮੁਦ੍ਰਕਾ ਲਖ ਬਾਰਿਧੈ ਜਹ ਸੀ ਹੁਤੀ ਤਹ ਜਾਤ ਭੇ ॥

(ਹਨੂਮਾਨ ਨਿਸ਼ਾਨੀ ਵਜੋਂ ਰਾਮ ਦੀ-ਮੁੰਦਰੀ ਲੈ ਕੇ ਅਤੇ ਸਮੁੰਦਰ ਲੰਘ ਕੇ ਜਿੱਥੇ ਸੀਤਾ ਰਹਿੰਦੀ ਸੀ, ਉਥੇ ਚਲਾ ਗਿਆ।

ਪੁਰ ਜਾਰਿ ਅਛ ਕੁਮਾਰ ਛੈ ਬਨ ਟਾਰਿ ਕੈ ਫਿਰ ਆਇਯੋ ॥

ਲੰਕਾ ਸ਼ਹਿਰ ਨੂੰ ਸਾੜ ਕੇ (ਰਾਵਣ ਦੇ ਪੁੱਤਰ) 'ਅਛੈ ਕੁਮਾਰ' ਨੂੰ ਮਾਰ ਕੇ, (ਅਸ਼ੋਕ) ਬਾਗ਼ ਨੂੰ ਉਜਾੜ ਕੇ ਫਿਰ (ਸ੍ਰੀ ਰਾਮ ਕੋਲ ਪਰਤ) ਆਇਆ।

ਕ੍ਰਿਤ ਚਾਰ ਜੋ ਅਮਰਾਰਿ ਕੋ ਸਭ ਰਾਮ ਤੀਰ ਜਤਾਇਯੋ ॥੩੬੬॥

ਰਾਵਣ ('ਅਮਰਾਰਿ') ਨੇ ਜੋ ਆਚਾਰ ਕੀਤੇ ਸਨ, ਉਹ ਸਾਰੇ ਰਾਮ ਕੋਲ ਆ ਕੇ ਦਸ ਦਿੱਤੇ ॥੩੬੬॥

ਦਲ ਜੋਰ ਕੋਰ ਕਰੋਰ ਲੈ ਬਡ ਘੋਰ ਤੋਰ ਸਭੈ ਚਲੇ ॥

(ਰਾਮ ਚੰਦਰ ਨੇ) ਕਰੋੜਾਂ ਦਲ ਇਕੱਠੇ ਕਰ ਲਏ ਅਤੇ ਸਾਰੇ ਤੀਬਰ ਗਤੀ ਨਾਲ ਚਲ ਪਏ।

ਰਾਮਚੰਦ੍ਰ ਸੁਗ੍ਰੀਵ ਲਛਮਨ ਅਉਰ ਸੂਰ ਭਲੇ ਭਲੇ ॥

ਰਾਮ ਚੰਦਰ, ਸੁਗ੍ਰੀਵ, ਲੱਛਮਣ ਅਤੇ ਹੋਰ ਚੰਗੇ ਸੂਰਮੇ ਸਨ।

ਜਾਮਵੰਤ ਸੁਖੈਨ ਨੀਲ ਹਣਵੰਤ ਅੰਗਦ ਕੇਸਰੀ ॥

ਜਾਮਵੰਤ, ਸੁਖੈਨ, ਨੀਲ, ਹਨੂਮਾਨ, ਅੰਗਦ ਤੇ ਕੇਸਰੀ ਆਦਿ

ਕਪਿ ਪੂਤ ਜੂਥ ਪਜੂਥ ਲੈ ਉਮਡੇ ਚਹੂੰ ਦਿਸ ਕੈ ਝਰੀ ॥੩੬੭॥

ਸੈਨਾਪਤੀ ('ਜੂਥਪ') ਬੰਦਰਾਂ ਦੇ ਝੁੰਡ ਲੈ ਕੇ ਚੌਹਾਂ ਪਾਸਿਆਂ ਤੋਂ (ਬੱਦਲਾਂ ਦੀ) ਝੜੀ ਵਾਂਗ ਚੜ੍ਹੇ ਆਉਂਦੇ ਸਨ ॥੩੬੭॥

ਪਾਟਿ ਬਾਰਿਧ ਰਾਜ ਕਉ ਕਰਿ ਬਾਟਿ ਲਾਘ ਗਏ ਜਬੈ ॥

ਜਦੋਂ ਸਮੁੰਦਰ ਪਾਰ ਕਰਕੇ ਅਤੇ ਰਸਤਿਆਂ ਨੂੰ ਲੰਘ ਕੇ (ਲੰਕਾ ਟਾਪੂ ਵਿੱਚ) ਪਹੁੰਚ ਗਏ

ਦੂਤ ਦਈਤਨ ਕੇ ਹੁਤੇ ਤਬ ਦਉਰ ਰਾਵਨ ਪੈ ਗਏ ॥

ਤਾਂ ਜਿਹੜੇ ਦੈਂਤਾਂ ਦੇ ਦੂਤ ਸਨ, ਉਹ ਭੱਜ ਕੇ ਰਾਵਣ ਕੋਲ ਗਏ।

ਰਨ ਸਾਜ ਬਾਜ ਸਭੈ ਕਰੋ ਇਕ ਬੇਨਤੀ ਮਨ ਮਾਨੀਐ ॥

(ਉਹ ਰਾਵਣ ਨੂੰ ਕਹਿਣ ਲੱਗੇ ਕਿ) ਯੁੱਧ ਦੀ ਤਿਆਰੀ ਦੇ ਸਾਰੇ ਸਾਜ ਕਰੋ, ਪਰ ਮੇਰੀ ਇਕ ਬੇਨਤੀ ਮੰਨ ਲਵੋ

ਗੜ ਲੰਕ ਬੰਕ ਸੰਭਾਰੀਐ ਰਘੁਬੀਰ ਆਗਮ ਜਾਨੀਐ ॥੩੬੮॥

ਕਿ ਲੰਕਾ ਦੇ ਸੋਹਣੇ ਕਿਲੇ ਨੂੰ ਸੰਭਾਲ ਲਵੋ ਕਿਉਂਕਿ ਰਾਮ ਚੰਦਰ ਦਾ ਆਗਮਨ ਹੋ ਗਿਆ ਹੈ ॥੩੬੮॥

ਧੂਮ੍ਰ ਅਛ ਸੁ ਜਾਬਮਾਲ ਬੁਲਾਇ ਵੀਰ ਪਠੈ ਦਏ ॥

(ਰਾਵਣ ਨੇ ਦੂਤ ਦੀ ਗੱਲ ਸੁਣ ਕੇ) 'ਧੂਮਰ-ਅੱਛ' ਅਤੇ 'ਜਾਂਬਮਾਲ' ਨੂੰ ਬੁਲਾ ਕੇ (ਦੋਹਾਂ) ਸੂਰਮਿਆਂ ਨੂੰ ਭੇਜ ਦਿੱਤਾ।

ਸੋਰ ਕੋਰ ਕ੍ਰੋਰ ਕੈ ਜਹਾ ਰਾਮ ਥੇ ਤਹਾ ਜਾਤ ਭੇ ॥

(ਇਹ ਦੋਵੇਂ) ਵੱਡੇ 'ਹੱਲੇ-ਗੁੱਲੇ' ਨਾਲ ਕਈ ਕਰੋੜਾਂ (ਸੈਨਿਕ ਨਾਲ ਲੈ ਕੇ) ਜਿੱਥੇ ਸ੍ਰੀ ਰਾਮ (ਉਤਰੇ ਹੋਏ) ਸਨ, ਉਥੇ ਪਹੁੰਚ ਗਏ।

ਰੋਸ ਕੈ ਹਨਵੰਤ ਥਾ ਪਗ ਰੋਪ ਪਾਵ ਪ੍ਰਹਾਰੀਯੰ ॥

ਗੁੱਸਾ ਖਾ ਕੇ ਹਨੂਮਾਨ ਨੇ ਉਸ ਥਾਂ ਉੱਤੇ ਪੈਰ ਗੱਡ ਕੇ ਪ੍ਰਹਾਰ ਕੀਤਾ

ਜੂਝਿ ਭੂਮਿ ਗਿਰਯੋ ਬਲੀ ਸੁਰ ਲੋਕ ਮਾਝਿ ਬਿਹਾਰੀਯੰ ॥੩੬੯॥

ਅਤੇ ਇਕ ਸੂਰਮਾ (ਧੂਮਰ-ਅੱਛ) ਯੁੱਧ ਕਰਦਾ ਧਰਤੀ ਉੱਤੇ ਡਿੱਗ ਪਿਆ ਅਤੇ ਦੇਵ-ਲੋਕ ਵਿੱਚ ਪਹੁੰਚ ਗਿਆ ॥੩੬੯॥


Flag Counter