ਘੋੜਾ ਪਾਣੀ ਵਿਚ ਘੁੰਮਦਾ-ਤਰਦਾ ਬਾਹਰ ਆ ਗਿਆ।
ਸੰਸਾਰ ਦਾ ਬਾਦਸ਼ਾਹ ਇਹ ਵੇਖ ਕੇ ਹੈਰਾਨ ਹੋ ਗਿਆ ॥੩੧॥
ਸ਼ੇਰ ਸ਼ਾਹ ਨੇ ਦੰਦਾਂ ਨਾਲ ਹੱਥ ਵਢੇ।
ਬਾਦਸ਼ਾਹ ਘੋੜੇ ਦੇ ਚਲੇ ਜਾਣ ਤੇ ਬਹੁਤ ਹੈਰਾਨ ਹੋ ਗਿਆ ॥੩੨॥
(ਕਹਿਣ ਲਗਾ) ਉਹ ਕਿਹੜਾ ਆਦਮੀ ਹੈ ਜੋ ਮੇਰੇ ਵੱਡੇ ਘੋੜੇ ਨੂੰ ਲੈ ਗਿਆ ਹੈ।
ਖ਼ੁਦਾ ਦੀ ਕਸਮ (ਜੇ ਉਹ ਮੇਰੇ ਸਾਹਮਣੇ ਆ ਜਾਏ) ਤਾਂ ਉਸ ਨੂੰ ਮਾਫ਼ ਕਰ ਦਿਆਂ ॥੩੩॥
ਅਫ਼ਸੋਸ ਜੇ ਮੈਂ ਉਸ ਦੀ ਸ਼ਕਲ ਵੇਖ ਲਵਾਂ
ਤਾਂ ਮੈਂ ਖ਼ਜ਼ਾਨੇ ਵਿਚੋਂ ਨਕੋ ਨਕ ਭਰੀਆਂ ਹੋਈਆਂ ਸੌ ਥੈਲੀਆਂ ਦਿਆਂਗਾ ॥੩੪॥
ਅਫ਼ਸੋਸ, ਜੇ ਮੈਂ ਉਸ ਨੂੰ ਵੇਖ ਲੈਂਦਾ,
ਤਾਂ ਮੈਂ ਉਸ ਤੋਂ ਆਪਣੇ ਦਿਲ ਨੂੰ ਨਾ ਫੇਰਦਾ ॥੩੫॥
ਜੇ ਉਹ ਮੈਨੂੰ ਆਪਣਾ ਦੀਦਾਰ ਦੇਵੇ
ਤਾਂ ਮੈਂ ਖ਼ਜ਼ਾਨੇ ਵਿਚੋਂ ਭਰੀਆਂ ਹੋਈਆਂ ਸੌ ਥੈਲੀਆਂ ਉਸ ਨੂੰ ਦੇ ਦਿਆਂ ॥੩੬॥
(ਬਾਦਸ਼ਾਹ ਨੇ) ਸ਼ਹਿਰ ਵਿਚ ਮਨਾਦੀ ਕਰਵਾ ਦਿੱਤੀ
ਕਿ ਮੈਂ ਉਸ ਖ਼ੂਨਖ਼ਾਰ ਦਾ ਖ਼ੂਨ ਬਖ਼ਸ਼ ਦਿਆਂਗਾ ॥੩੭॥
(ਤਦ ਉਸ ਲੜਕੀ ਨੇ) ਪਗੜੀ ਬੰਨ੍ਹ ਲਈ ਅਤੇ ਸੁਨਹਿਰੀ ਰੰਗ ਦਾ ਬਸਤ੍ਰ ਪਾ ਲਿਆ।
ਸੁਨਹਿਰੀ ਢਾਲ ਬੰਨ੍ਹ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ ਗਈ ॥੩੮॥
ਉਸ ਨੇ ਕਿਹਾ, ਐ ਸ਼ੇਰ ਨੂੰ ਮਾਰ ਦੇਣ ਵਾਲੇ ਸ਼ੇਰ ਸ਼ਾਹ!
ਮੈਂ ਇਸ ਢੰਗ ਨਾਲ 'ਰਾਹੋ' ਘੋੜੇ ਨੂੰ ਲੈ ਗਿਆ ਸਾਂ ॥੩੯॥
ਉਸ ਦਾ ਜਵਾਬ ਸੁਣ ਕੇ ਬੁੱਧੀਮਾਨ ਰਾਜਾ ਹੈਰਾਨ ਹੋ ਗਿਆ।
ਉਸ ਨੇ ਜਲਦੀ ਨਾਲ ਦੂਜੀ ਵਾਰ ਕਿਹਾ ॥੪੦॥
ਹੇ ਸ਼ੇਰ ਦੇ ਸਮਾਨ ਸੂਰਮੇ! ਮੈਨੂੰ ਨਿਕਲ ਕੇ ਵਿਖਾ
ਕਿ ਤੂੰ ਕਿਵੇਂ ਪਹਿਲੇ ਘੋੜੇ ਨੂੰ ਕਢ ਕੇ ਲੈ ਗਿਆ ਸੈਂ ॥੪੧॥
ਉਹ ਉਸੇ ਤਰ੍ਹਾਂ ਨਦੀ ਦੇ ਕੰਢੇ ਉਤੇ ਬੈਠ ਗਈ
ਅਤੇ ਸ਼ਰਾਬ ਪੀਤੀ ਤੇ ਮਾਸ ਖਾਇਆ ॥੪੨॥
ਉਸ ਨੇ ਪਹਿਲਾਂ ਬਹੁਤ ਸਾਰੀਆਂ ਘਾਹ ਦੀਆਂ ਪੰਡਾਂ ਪਾਣੀ ਵਿਚ ਰੋੜ੍ਹੀਆਂ
ਅਤੇ ਬਾਦਸ਼ਾਹ ਦੇ ਪਹਿਰੇਦਾਰਾਂ ਨੂੰ ਧੋਖਾ ਦਿੱਤਾ ॥੪੩॥
ਫਿਰ ਉਸ ਨੇ ਥੋੜੀ ਕੋਸ਼ਿਸ਼ ਕਰ ਕੇ
ਉਸ ਕਠਿਨ ਦਰਿਆ ਨੂੰ ਪਾਰ ਕਰ ਲਿਆ ॥੪੪॥
ਉਸ ਨੇ ਪਹਿਲਾਂ ਵਾਂਗ ਪਹਿਰੇਦਾਰਾਂ ਨੂੰ ਮਾਰਿਆ ਅਤੇ ਦੌੜ ਗਈ।
ਇਹ ਵੇਖ ਕੇ ਬਾਦਸ਼ਾਹ ਮੁਰਦੇ ਦੇ ਸਮਾਨ ਹੋ ਗਿਆ ॥੪੫॥
ਸੂਰਜ ਦੇ ਡੁਬਣ ਵਿਚ ਜਦੋਂ ਇਕ ਘੜੀ ਰਹਿ ਗਈ,
ਉਹ ਉਥੇ ਆਈ ਅਤੇ ਘੋੜੇ ਦੀਆਂ ਰਸੀਆਂ ਖੋਲ੍ਹ ਦਿੱਤੀਆਂ ॥੪੬॥
(ਉਸ ਨੇ ਘੋੜੇ ਨੂੰ) ਲਗ਼ਾਮ ਪਾਈ ਅਤੇ ਸਵਾਰ ਹੋ ਗਈ।
ਦੇਓ ਵਰਗੇ ਮਸਤ ਘੋੜੇ ਨੂੰ ਉਸ ਨੇ ਚਾਬਕ ਮਾਰਿਆ ॥੪੭॥
ਉਹ ਘੋੜਾ ਬਾਦਸ਼ਾਹ ਦੀ ਉਚਿਆਈ ਜਿੰਨਾ ਉਛਲਿਆ
ਅਤੇ ਦਰਿਆ ਵਿਚ ਆ ਪਿਆ ॥੪੮॥
ਉਹ ਉਸ ਵੱਡੇ ਦਰਿਆ ਵਿਚ ਤਰ ਕੇ ਬਾਹਰ ਆ ਗਈ।
ਰੱਬ ਦੇ ਹੁਕਮ ਨਾਲ ਉਹ (ਲੜਕੀ ਅਤੇ ਘੋੜਾ) ਦਰਿਆ ਤੋਂ ਪਾਰ ਹੋ ਗਏ ॥੪੯॥
ਬਾਹਰ ਆ ਕੇ ਉਹ ਘੋੜੇ ਤੋਂ ਉਤਰੀ ਅਤੇ ਬਾਦਸ਼ਾਹ ਨੂੰ ਸਲਾਮ ਕੀਤਾ
ਅਤੇ ਅਰਬੀ ਜ਼ਬਾਨ ਵਿਚ ਬਾਦਸ਼ਾਹ ਨੂੰ ਕਿਹਾ ॥੫੦॥
ਐ ਸ਼ੇਰ ਸ਼ਾਹ! ਤੇਰੀ ਅਕਲ ਕਿਥੇ ਗਈ ਹੈ
ਕਿ ਮੈਂ ਰਾਹੋ ਘੋੜਾ ਲੈ ਗਈ ਸਾਂ ਅਤੇ ਤੂੰ 'ਸੁਰਾਹੋ' ਮੈਨੂੰ ਖ਼ੁਦ ਦੇ ਦਿੱਤਾ ਹੈ ॥੫੧॥
ਉਸ ਨੇ ਇਸ ਤਰ੍ਹਾਂ ਦੀ ਗੱਲ ਕਹੀ ਅਤੇ ਘੋੜੇ ਨੂੰ ਤੋਰ ਦਿੱਤਾ
ਅਤੇ ਬਖ਼ਸ਼ਿਸ਼ ਕਰਨ ਵਾਲਾ ਰੱਬ ਉਸ ਨੂੰ ਯਾਦ ਆ ਗਿਆ ॥੫੨॥
(ਉਸ ਨੂੰ ਪਕੜਨ ਲਈ) ਬੇਸ਼ੁਮਾਰ ਘੋੜ ਸਵਾਰ ਉਸ ਪਿਛੇ ਦੌੜਾਏ ਗਏ।
ਪਰ ਉਸ ਦੇ ਬਰਾਬਰ ਕੋਈ ਸਵਾਰ ਨਾ ਪਹੁੰਚ ਸਕਿਆ ॥੫੩॥
ਬਾਦਸ਼ਾਹ ਦੇ ਸਾਹਮਣੇ ਯੋਧਿਆਂ ਨੇ ਆਪਣੀਆਂ ਪੱਗਾਂ ਸੁਟ ਦਿੱਤੀਆਂ (ਅਤੇ ਕਿਹਾ)
ਹੇ ਬਾਦਸ਼ਾਹਾਂ ਦੇ ਬਾਦਸ਼ਾਹ, ਹੇ ਸੰਸਾਰ ਦੇ ਆਸਰੇ! (ਤੁਸੀਂ) ਇਹ ਕੀ ਕੀਤਾ ਹੈ ॥੫੪॥