ਸ਼੍ਰੀ ਦਸਮ ਗ੍ਰੰਥ

ਅੰਗ - 977


ਬਿਦਾ ਅਮਿਤ ਧਨ ਦੈ ਕਰੋ ਯਾ ਕੌ ਅਧਿਕ ਰਿਝਾਇ ॥੧੧॥

ਉਸ ਨੂੰ ਖ਼ੁਸ਼ ਕਰਦੇ ਹੋਇਆਂ ਬਹੁਤ ਸਾਰਾ ਧਨ ਦੇ ਕੇ ਵਿਦਾ ਕਰ ਦਿਓ ॥੧੧॥

ਚੌਪਈ ॥

ਚੌਪਈ:

ਜਬ ਇਹ ਬਾਤ ਨ੍ਰਿਪਤਿ ਸੁਨਿ ਪਾਈ ॥

ਜਦ ਇਹ ਗੱਲ ਰਾਜੇ ਨੇ ਸੁਣੀ

ਜਾਨ੍ਯੋ ਮੋਰਿ ਧਰਮਜਾ ਆਈ ॥

ਕਿ ਮੇਰੀ ਧਰਮ-ਪੁੱਤਰੀ ਆਈ ਹੈ

ਛੋਰਿ ਭੰਡਾਰ ਅਮਿਤ ਧਨ ਦਿਯੋ ॥

ਤਾਂ ਖ਼ਜ਼ਾਨਾ ਖੋਲ੍ਹ ਕੇ ਬਹੁਤ ਧਨ ਦਿੱਤਾ

ਦੁਹਿਤਾ ਹੇਤ ਬਿਦਾ ਤਿਹ ਕਿਯੋ ॥੧੨॥

ਅਤੇ ਪੁੱਤਰੀ ਦੇ ਹਿਤ ਨਾਲ ਉਸ ਨੂੰ ਵਿਦਾ ਕੀਤਾ ॥੧੨॥

ਮੰਤ੍ਰ ਕਲਾ ਪਿਤੁ ਤੀਰ ਉਚਾਰੀ ॥

ਮੰਤ੍ਰ ਕਲਾ ਨੇ ਪਿਤਾ ਕੋਲ ਕਿਹਾ

ਧਰਮ ਬਹਿਨ ਮੋ ਕੌ ਅਤਿ ਪ੍ਯਾਰੀ ॥

ਕਿ ਧਰਮ-ਭੈਣ ਮੈਨੂੰ ਬਹੁਤ ਪਿਆਰੀ ਹੈ।

ਮੈ ਯਹ ਅਜੁ ਸੰਗ ਲੈ ਜੈਹੌ ॥

ਮੈਂ ਅਜ ਇਸ ਨੂੰ ਨਾਲ ਲੈ ਜਾਵਾਂਗੀ

ਬਨ ਉਪਬਨ ਕੇ ਚਰਿਤ੍ਰ ਦਿਖੈਹੌ ॥੧੩॥

ਅਤੇ ਬਨਾਂ ਉਪਬਨਾਂ ਦੇ ਕਈ ਪ੍ਰਕਾਰ ਦੇ ਨਜ਼ਾਰੇ ('ਚਰਿਤ੍ਰ') ਵਿਖਾਵਾਂਗੀ ॥੧੩॥

ਯੌ ਕਹਿ ਪਲਟਿ ਧਾਮ ਨਿਜੁ ਆਈ ॥

ਇਹ ਕਹਿ ਕੇ ਉਹ ਮਹੱਲ ਵਿਚ ਪਰਤ ਆਈ

ਪਿਯ ਸੌ ਕਹੀ ਬਾਤ ਮੁਸਕਾਈ ॥

ਅਤੇ ਪ੍ਰੀਤਮ ਨੂੰ ਹੱਸ ਕੇ ਕਿਹਾ,

ਧਰਮ ਭਗਨਿ ਮੁਹਿ ਤੂ ਅਤਿ ਪ੍ਯਾਰੀ ॥

ਹੇ ਧਰਮ-ਭੈਣ! ਤੂੰ ਮੈਨੂੰ ਬਹੁਤ ਪਿਆਰੀ ਹੈਂ।

ਇਸੀ ਪਾਲਕੀ ਚਰ੍ਰਹੋ ਹਮਾਰੀ ॥੧੪॥

(ਇਸ ਲਈ) ਇਸੇ ਮੇਰੇ ਵਾਲੀ ਪਾਲਕੀ ਵਿਚ ਬੈਠ ਜਾ ॥੧੪॥

ਬਾਤ ਕਹਤ ਦੋਊ ਹਮ ਜੈਹੈ ॥

ਅਸੀਂ ਦੋਵੇਂ ਗੱਲਾਂ ਕਰਦੀਆਂ ਜਾਵਾਂਗੀਆਂ

ਚਿਤ ਕੈ ਸੋਕ ਦੂਰਿ ਕਰਿ ਦੈਹੈ ॥

ਅਤੇ ਚਿਤ ਦੇ ਦੁਖ ਦੂਰ ਕਰ ਦਿਆਂਗੀ।

ਤਾਹਿ ਪਾਲਕੀ ਲਯੋ ਚਰ੍ਰਹਾਈ ॥

ਉਸ ਨੂੰ ਪਾਲਕੀ ਵਿਚ ਚੜ੍ਹਾ ਲਿਆ

ਬਨ ਉਪਬਨ ਬਿਹਰਨ ਕੌ ਆਈ ॥੧੫॥

ਅਤੇ ਬਨ ਉਪਬਨ ਵਿਚ ਫਿਰਨ ਲਈ ਆ ਗਈ ॥੧੫॥

ਬੀਚ ਬਜਾਰ ਪਾਲਕੀ ਗਈ ॥

(ਜਦੋਂ) ਪਾਲਕੀ ਬਾਜ਼ਾਰ ਵਿਚੋਂ ਲੰਘੀ

ਪਰਦਨ ਪਾਤਿ ਛੋਰਿ ਕੈ ਦਈ ॥

ਤਾਂ ਪਰਦਿਆਂ ਦੇ ਪੱਲੇ ਖੋਲ੍ਹ ਦਿੱਤੇ।

ਤੇ ਕਾਹੂ ਕੌ ਦ੍ਰਿਸਟਿ ਨ ਆਵੈ ॥

ਇਸ ਕਰ ਕੇ (ਉਹ) ਕਿਸੇ ਨੂੰ ਦਿਸ ਨਹੀਂ ਰਹੀਆਂ ਸਨ

ਕੇਲ ਕਮਾਤ ਚਲੇ ਦੋਊ ਜਾਵੈ ॥੧੬॥

ਅਤੇ ਦੋਵੇਂ ਕੇਲ ਕਰਦੀਆਂ ਹੋਈਆਂ ਜਾ ਰਹੀਆਂ ਸਨ ॥੧੬॥

ਮਨ ਭਾਵਤ ਕੋ ਭੋਗ ਕਮਾਏ ॥

ਉਹ ਮਨ ਭਾਉਂਦੇ ਭੋਗ ਕਰ ਰਹੀਆਂ ਸਨ

ਦਿਨ ਬਜਾਰ ਮਹਿ ਕਿਨੂੰ ਨ ਪਾਏ ॥

ਅਤੇ ਦਿਨ ਵਿਚ ਵੀ ਬਾਜ਼ਾਰ ਵਿਚ ਕੋਈ ਵੇਖ ਨਹੀਂ ਰਿਹਾ ਸੀ।

ਅਸਟ ਕਹਾਰਨ ਕੇ ਕੰਧ ਊਪਰ ॥

ਅੱਠਾਂ ਕਹਾਰਾਂ ਦੁਆਰਾ ਚੁਕੀ ਹੋਈ ਪਾਲਕੀ ਵਿਚ ਮਿਤਰ ਨੇ

ਜਾਘੈ ਲਈ ਮੀਤ ਭੁਜ ਦੂਪਰ ॥੧੭॥

(ਰਾਜ ਕੁਮਾਰੀ ਦੀਆਂ) ਦੋਵੇਂ ਟੰਗਾਂ ਦੋਹਾਂ ਬਾਂਹਵਾਂ ਉਪਰ ਲਈਆਂ ਹੋਈਆਂ ਸਨ ॥੧੭॥

ਜ੍ਯੋਂ ਜ੍ਯੋਂ ਚਲੀ ਪਾਲਕੀ ਜਾਵੈ ॥

ਜਿਉਂ ਜਿਉਂ ਪਾਲਕੀ ਚਲਦੀ ਜਾ ਰਹੀ ਸੀ

ਤ੍ਯੋਂ ਪ੍ਰੀਤਮ ਚਟਕੇ ਚਟਕਾਵੈ ॥

ਤਿਵੇਂ ਪ੍ਰੀਤਮ ਚਟਕਾਰੇ ਮਾਰ ਰਿਹਾ ਸੀ।

ਲਹੈਂ ਕਹਾਰ ਪਾਲਕੀ ਚਰਿ ਕੈ ॥

(ਜਿਉਂ ਜਿਉਂ) ਕਹਾਰ ਪਾਲਕੀ ਵਿਚੋਂ 'ਚੀਕੂੰ ਚੀਕੂੰ' ਦੀ ਆਵਾਜ਼ ਸੁਣਦੇ,

ਤ੍ਯੋਂ ਤ੍ਯੋਂ ਗਹੈ ਕੰਧ ਦ੍ਰਿੜ ਕਰਿ ਕੈ ॥੧੮॥

ਤਿਉਂ ਤਿਉਂ ਉਹ ਮੋਢੇ ਨਾਲ ਘੁਟ ਕੇ ਪਕੜ ਲੈਂਦੇ ਸਨ ॥੧੮॥

ਬਨ ਮੈ ਜਾਇ ਪਾਲਕੀ ਧਰੀ ॥

(ਉਨ੍ਹਾਂ ਨੇ) ਜਾ ਕੇ ਬਨ ਵਿਚ ਪਾਲਕੀ ਧਰ ਦਿੱਤੀ

ਭਾਤਿ ਭਾਤਿ ਸੇਤੀ ਰਤਿ ਕਰੀ ॥

ਅਤੇ (ਉਨ੍ਹਾਂ ਨੇ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।

ਅਮਿਤ ਦਰਬੁ ਚਾਹਿਯੋ ਸੋ ਲਯੋ ॥

(ਉਸ ਨੇ) ਜੋ ਚਾਹਿਆ, ਅਮਿਤ ਧਨ ਲੈ ਲਿਆ

ਤ੍ਰਿਯ ਕਰਿ ਤਾਹਿ ਦੇਸ ਲੈ ਗਯੋ ॥੧੯॥

ਅਤੇ ਉਸ ਨੂੰ (ਆਪਣੀ) ਇਸਤਰੀ ਬਣਾ ਕੇ ਦੇਸ਼ ਲੈ ਗਿਆ ॥੧੯॥

ਲਿਖਿ ਪਤਿਯਾ ਡੋਰੀ ਮਹਿ ਧਰੀ ॥

ਰਾਜ ਕੁਮਾਰੀ ਨੇ ਇਕ ਪੱਤਰ ਲਿਖ ਕੇ ਪਾਲਕੀ ਵਿਚ ਰਖ ਦਿੱਤਾ

ਮਾਤ ਪਿਤਾ ਤਨ ਇਹੈ ਉਚਰੀ ॥

ਅਤੇ ਮਾਤਾ ਪਿਤਾ ਪ੍ਰਤਿ ਇਹ ਕਿਹਾ

ਨਰ ਸੁੰਦਰ ਮੋ ਕਹ ਯਹ ਭਾਯੋ ॥

ਕਿ ਇਹ ਵਿਅਕਤੀ ਮੈਨੂੰ ਬਹੁਤ ਚੰਗਾ ਲਗਿਆ ਸੀ,

ਤਾ ਤੇ ਮੈ ਯਹ ਚਰਿਤ ਬਨਾਯੋ ॥੨੦॥

ਇਸ ਲਈ ਮੈਂ ਇਹ ਚਰਿਤ੍ਰ ਬਣਾਇਆ ਸੀ ॥੨੦॥

ਵਹ ਧ੍ਰਮਜਾ ਨਹਿ ਹੋਇ ਤਿਹਾਰੀ ॥

ਉਹ ਤੁਹਾਡੀ ਧਰਮ-ਪੁੱਤਰੀ ਨਹੀਂ ਸੀ

ਜੋ ਮੈ ਪਕਰਿ ਪਾਲਕੀ ਡਾਰੀ ॥

ਜਿਸ ਨੂੰ ਪਕੜ ਕੇ ਮੈਂ ਪਾਲਕੀ ਵਿਚ ਬਿਠਾਇਆ ਸੀ।

ਕਚ ਅਰਿ ਲਏ ਦੂਰਿ ਕਚ ਕਏ ॥

ਰੋਮਨਾਸਨੀ ('ਕਚਅਰਿ') ਲੈ ਕੇ (ਮੈਂ ਉਸ ਦੇ) ਵਾਲ ਦੂਰ ਕਰ ਦਿੱਤੇ

ਭੂਖਨ ਬਸਤ੍ਰ ਬਾਲ ਕੇ ਦਏ ॥੨੧॥

ਅਤੇ ਇਸਤਰੀ ਦੇ ਬਸਤ੍ਰ ਅਤੇ ਗਹਿਣੇ ਦੇ ਦਿੱਤੇ ॥੨੧॥

ਜੋ ਧਨ ਚਹਿਯੋ ਸੋਊ ਸਭ ਲੀਨੋ ॥

ਜੋ ਧਨ ਚਾਹੀਦਾ ਸੀ, ਉਹ ਲੈ ਲਿਆ ਹੈ

ਤਾਤ ਮਾਤ ਕੋ ਦਰਸਨ ਕੀਨੋ ॥

ਅਤੇ ਮਾਤਾ ਪਿਤਾ ਦੇ ਦਰਸ਼ਨ ਕਰ ਲਏ ਹਨ।

ਤੁਮ ਤੇ ਜਬ ਲੈ ਬਿਦਾ ਸਿਧਾਈ ॥

ਜਿਸ ਵੇਲੇ ਤੋਂ ਤੁਹਾਡੇ ਤੋਂ ਵਿਦਾ ਹੋਈ ਹਾਂ,

ਯਾ ਕੇ ਸੰਗ ਤਬੈ ਉਠਿ ਆਈ ॥੨੨॥

ਤਦੋਂ ਇਸ ਨਾਲ ਉਠ ਕੇ ਆ ਗਈ ਹਾਂ ॥੨੨॥

ਦੋਹਰਾ ॥

ਦੋਹਰਾ:

ਦੇਸ ਸੁਖੀ ਤੁਮਰੋ ਬਸੋ ਸੁਖੀ ਰਹਹੁ ਤੁਮ ਤਾਤ ॥

ਹੇ ਪਿਤਾ ਜੀ! ਤੁਸੀਂ ਸੁਖੀ ਰਹੋ ਅਤੇ ਤੁਹਾਡਾ ਦੇਸ਼ ਸੁਖੀ ਵਸੇ।

ਸੁਖੀ ਦੋਊ ਹਮਹੂੰ ਬਸੈ ਚਿਰ ਜੀਵੋ ਤੁਮ ਮਾਤ ॥੨੩॥

ਅਸੀਂ ਵੀ ਦੋਵੇਂ ਸੁਖੀ ਵਸੀਏ ਅਤੇ ਹੇ ਮਾਤਾ ਜੀ! ਤੁਸੀਂ ਚਿਰਾਂ ਤਕ ਜੀਓ ॥੨੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੯॥੨੩੩੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੧੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੯॥੨੩੩੨॥ ਚਲਦਾ॥

ਦੋਹਰਾ ॥

ਦੋਹਰਾ:

ਏਕ ਦਿਵਸ ਸ੍ਰੀ ਇੰਦ੍ਰ ਜੂ ਹਰ ਘਰ ਕਿਯੋ ਪਿਯਾਨ ॥

ਇਕ ਦਿਨ ਸ੍ਰੀ ਇੰਦਰ ਜੀ ਸ਼ਿਵ ਦੇ ਘਰ ਗਏ।

ਮਹਾ ਰੁਦ੍ਰ ਕਉ ਰੁਦ੍ਰ ਲਖਿ ਚਿੰਤ ਬਢੀ ਅਪ੍ਰਮਾਨ ॥੧॥

ਮਹਾ ਰੁਦ੍ਰ ਨੂੰ ਭਿਆਨਕ ਰੂਪ ਵਿਚ ਵੇਖ ਕੇ ਬਹੁਤ ਚਿੰਤਾ ਹੋਈ ॥੧॥

ਚੌਪਈ ॥

ਚੌਪਈ:

ਦੇਵਤੇਸ ਜਬ ਰੁਦ੍ਰ ਨਿਹਾਰਿਯੋ ॥

ਜਦ ਇੰਦਰ ('ਦੇਵਤੇਸ') ਨੇ ਰੁਦ੍ਰ ਨੂੰ ਵੇਖਿਆ

ਮਹਾ ਕੋਪ ਕਰਿ ਬਜ੍ਰ ਪ੍ਰਹਾਰਿਯੋ ॥

ਤਾਂ ਬਹੁਤ ਗੁੱਸੇ ਹੋ ਕੇ ਬਜ੍ਰ ਦਾ ਵਾਰ ਕੀਤਾ।

ਤਾ ਤੇ ਅਮਿਤ ਕੋਪ ਤਬ ਤਯੋ ॥

(ਤਾਂ ਰੁਦ੍ਰ ਦਾ) ਗੁੱਸਾ ਹੋਰ ਭੜਕ ਉਠਿਆ

ਛਾਡਤ ਜ੍ਵਾਲ ਬਕਤ੍ਰ ਤੇ ਭਯੋ ॥੨॥

ਅਤੇ ਮੂੰਹ ਤੋਂ ਅਗਨੀ ਕੱਢਣ ਲਗਾ ॥੨॥

ਪਸਰਿ ਜ੍ਵਾਲ ਸਭ ਜਗ ਮਹਿ ਗਈ ॥

ਸਾਰੇ ਸੰਸਾਰ ਵਿਚ ਅਗਨੀ ਪਸਰ ਗਈ

ਦਾਹਤ ਤੀਨਿ ਭਵਨ ਕਹ ਭਈ ॥

ਅਤੇ ਤਿੰਨਾਂ ਲੋਕਾਂ ਨੂੰ ਸਾੜਨ ਲਗੀ।

ਦੇਵ ਦੈਤ ਸਭ ਹੀ ਡਰ ਪਾਏ ॥

ਦੇਵਤੇ ਅਤੇ ਦੈਂਤ ਸਾਰੇ ਡਰ ਗਏ

ਮਿਲਿ ਕਰਿ ਮਹਾ ਰੁਦ੍ਰ ਪਹਿ ਆਏ ॥੩॥

ਅਤੇ ਮਿਲ ਕੇ ਮਹਾ ਰੁਦ੍ਰ ਕੋਲ ਪਹੁੰਚੇ ॥੩॥

ਮਹਾ ਰੁਦ੍ਰ ਤਬ ਕੋਪ ਨਿਵਾਰਿਯੋ ॥

ਤਦ ਮਹਾ ਰੁਦ੍ਰ ਨੇ ਕ੍ਰੋਧ ਨੂੰ ਛਡ ਦਿੱਤਾ

ਬਾਰਿਧ ਮੈ ਪਾਵਕ ਕੋ ਡਾਰਿਯੋ ॥

ਅਤੇ ਅਗਨੀ ਨੂੰ ਸਮੁੰਦਰ ਵਿਚ ਸੁਟ ਦਿੱਤਾ।

ਸਕਲ ਤੇਜ ਇਕਠੋ ਹ੍ਵੈ ਗਯੋ ॥

ਸਾਰਾ ਤੇਜ ਇਕੱਠਾ ਹੋ ਗਿਆ।

ਤਾ ਤੇ ਦੈਤ ਜਲੰਧਰ ਭਯੋ ॥੪॥

ਉਸ ਤੋਂ ਜਲੰਧਰ ਦੈਂਤ ਪੈਦਾ ਹੋਇਆ ॥੪॥

ਬ੍ਰਿੰਦਾ ਨਾਮ ਤ੍ਰਿਯਾ ਤਿਨ ਕੀਨੀ ॥

ਉਸ ਨੇ ਬ੍ਰਿੰਦਾ ਨਾਂ ਦੀ ਇਸਤਰੀ ਨੂੰ ਗ੍ਰਹਿਣ ਕੀਤਾ

ਅਤਿ ਪਤਿਬ੍ਰਤਾ ਜਗਤ ਮੈ ਚੀਨੀ ॥

ਜੋ ਜਗਤ ਵਿਚ ਅਤਿ ਪਤਿਬ੍ਰਤਾ ਮੰਨੀ ਜਾਂਦੀ ਸੀ।

ਤਿਹ ਪ੍ਰਸਾਦਿ ਪਤਿ ਰਾਜ ਕਮਾਵੈ ॥

ਉਸੇ ਦੀ ਕ੍ਰਿਪਾ ਕਰ ਕੇ ਪਤੀ ਰਾਜ ਕਮਾਉਂਦਾ ਸੀ।

ਤਾ ਕੌ ਦੁਸਟ ਨ ਦੇਖਨ ਪਾਵੈ ॥੫॥

ਉਸ ਨੂੰ ਕੋਈ ਦੁਸ਼ਟ ਵੇਖ ਵੀ ਨਹੀਂ ਸਕਦਾ ਸੀ ॥੫॥

ਦੇਵ ਅਦੇਵ ਜੀਤਿ ਤਿਨ ਲਏ ॥

ਉਸ ਨੇ (ਸਾਰੇ) ਦੇਵਤੇ ਅਤੇ ਦੈਂਤ ਜਿਤ ਲਏ

ਲੋਕ ਚਤੁਰਦਸ ਬਸਿ ਮਹਿ ਭਏ ॥

ਅਤੇ ਚੌਦਾਂ ਲੋਕਾਂ ਨੂੰ ਵਸ ਵਿਚ ਕਰ ਲਿਆ।


Flag Counter