ਉਹ ਸਾਰੇ ਸੰਸਾਰ ਵਿਚੋਂ ਸੋਹਣੀ ਸੀ
ਅਤੇ ਵੇਦਾਂ, ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਨੂੰ ਜਾਣਦੀ ਸੀ ॥੨॥
ਉਸ ਦਾ ਪਤੀ (ਜੋਗੀ ਤੋਂ) ਬਹੁਤ ਡਰਦਾ ਸੀ।
(ਇਸ ਲਈ) ਉਸ ਨੂੰ ਇਕ ਆਦਮੀ ਰੋਜ਼ ਖਵਾਂਦਾ ਸੀ।
ਉਹ ਚਿਤ ਵਿਚ ਬਹੁਤ ਡਰ ਮੰਨਦਾ ਸੀ
ਮਤਾਂ ਜੋਗੀ ਉਸ ਨੂੰ ਹੀ ਖਾ ਜਾਏ ॥੩॥
ਤਦ ਰਾਣੀ ਨੇ ਹੱਸ ਕੇ ਕਿਹਾ,
ਹੇ ਪ੍ਰਾਣਾਂ ਤੋਂ ਪਿਆਰੇ ਰਾਜੇ! ਸੁਣੋ।
ਅਜਿਹਾ ਯਤਨ ਕਿਉਂ ਨਾ ਕੀਤਾ ਜਾਏ
ਕਿ ਜੋਗੀ ਨੂੰ ਮਾਰ ਕੇ ਪ੍ਰਜਾ ਨੂੰ ਬਚਾ ਲਿਆ ਜਾਏ ॥੪॥
ਰਾਜੇ ਨੂੰ ਇਸ ਤਰ੍ਹਾਂ ਕਹਿ ਕੇ
(ਉਸ ਨੇ) ਸਾਰੇ ਸ਼ਰੀਰ ਉਤੇ ਸੁੰਦਰ ਗਹਿਣੇ ਸਜਾ ਲਏ।
ਬਲੀ ਦੀ ਬਹੁਤ ਸਾਮਗ੍ਰੀ ਲੈ ਲਈ
ਅਤੇ ਅੱਧੀ ਰਾਤ ਨੂੰ ਜੋਗੀ ਕੋਲ ਗਈ ॥੫॥
ਪਹਿਲਾਂ ਉਸ ਨੂੰ ਭੋਜਨ ਖਵਾਇਆ
ਅਤੇ ਫਿਰ ਬਹੁਤ ਸ਼ਰਾਬ ਲੈ ਕੇ ਪਿਲਾਈ।
ਫਿਰ ਆਪ ਹੱਸ ਕੇ ਕਹਿਣ ਲਗੀ
ਕਿ ਮੈਂ ਤੇਰੇ ਨਾਲ ਭੋਗ ਕਰਨ ਲਈ ਆਈ ਹਾਂ ॥੬॥
ਦੋਹਰਾ:
ਪਹਿਲਾਂ ਮੈਨੂੰ ਇਹ ਦਸੋ ਜਿਸ ਢੰਗ ਨਾਲ ਕਿ ਤੁਸੀਂ ਬੰਦੇ ਨੂੰ ਖਾਂਦੇ ਹੋ।
ਫਿਰ ਬਹੁਤ ਰੁਚੀ ਪੂਰਵਕ ਮੇਰੇ ਨਾਲ ਲਿਪਟ ਕੇ ਭੋਗ ਕਰੋ ॥੭॥
ਜਦ ਜੋਗੀ ਨੇ ਇਸ ਤਰ੍ਹਾਂ ਸੁਣਿਆ, ਉਹ ਮਨ ਵਿਚ ਬਹੁਤ ਫੁਲ ਗਿਆ
(ਅਤੇ ਕਹਿਣ ਲਗਾ ਕਿ) ਅਜ ਵਰਗਾ ਸੁਖ ਪ੍ਰਿਥਵੀ ਉਤੇ ਕਿਤੇ ਵੀ ਨਹੀਂ ਹੈ ॥੮॥
ਚੌਪਈ:
ਉਹ ਅਬੜਵਾਏ ਉਠ ਖੜੋਤਾ
ਅਤੇ ਰਾਣੀ ਨੂੰ ਆਪਣੇ ਨਾਲ ਲੈ ਲਿਆ।
(ਉਸ ਦੀ) ਬਾਂਹ ਪਕੜ ਕੇ ਮਨ ਵਿਚ ਬਹੁਤ ਪ੍ਰਸੰਨ ਹੋਇਆ।
(ਪਰ ਉਸ ਨੇ) ਭੇਦ ਅਭੇਦ ਨੂੰ ਕੁਝ ਨਾ ਸਮਝਿਆ ॥੯॥
(ਉਥੇ ਉਸ ਨੇ ਇਕ) ਵੱਡਾ ਸਾਰਾ ਕੜਾਹ ਵੇਖਿਆ
ਅਤੇ ਉਸ ਦੇ ਸੱਤ ਫੇਰੇ ਲਏ।
ਰਾਣੀ ਨੇ ਉਸ ਨੂੰ ਪਕੜ ਕੇ ਕੜਾਹੇ ਵਿਚ ਸੁਟ ਦਿੱਤਾ।
ਜੀਉਂਦੇ ਨੂੰ ਹੀ ਭੁੰਨ ਕੇ ਮਾਰ ਦਿੱਤਾ ॥੧੦॥
ਦੋਹਰਾ:
ਆਪਣੇ ਆਪ ਨੂੰ ਬਚਾ ਕੇ (ਰਾਣੀ ਨੇ) ਜੋਗੀ ਨੂੰ ਭੁੰਨ ਦਿੱਤਾ।
(ਇਸ ਤਰ੍ਹਾਂ) ਚਰਿਤ੍ਰ ਕਰ ਕੇ ਇਸਤਰੀ ਨੇ ਪ੍ਰਜਾ ਨੂੰ ਬਚਾ ਲਿਆ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੬॥੪੧੩੪॥ ਚਲਦਾ॥
ਦੋਹਰਾ:
ਫੈਲਕੂਸ ਬਾਦਸ਼ਾਹ ਦਾ ਸਿਕੰਦਰ ਨਾਂ ਦਾ ਸ਼ੂਰਵੀਰ ਪੁੱਤਰ ਸੀ।
ਉਸ ਸੁਪੁੱਤਰ ਦੀ ਸੀਰਤ ਅਤੇ ਸੂਰਤ ਨੂੰ ਵੇਖ ਕੇ ਕਾਮ ਦੇਵ ('ਸੰਬਰਾਰਿ') ਵੀ ਸ਼ਰਮਿੰਦਾ ਹੁੰਦਾ ਸੀ ॥੧॥
ਚੌਪਈ:
ਜਦੋਂ ਉਸ ਨੇ ਰਾਜ-ਪਾਟ ਸੰਭਾਲਿਆ,
ਤਾਂ ਪਹਿਲੀ ਲੜਾਈ ਜੰਗਿਰ ਨਾਲ ਕੀਤੀ।
ਉਸ ਦਾ ਦੇਸ਼ ਖੋਹ ਲਿਆ
ਅਤੇ ਆਪਣਾ ਨਾਂ ਸਿਕੰਦਰ ਸ਼ਾਹ ਰਖਿਆ ॥੨॥
ਫਿਰ ਉਸ ਨੇ ਦਾਰਾ ਬਾਦਸ਼ਾਹ ਨੂੰ ਮਾਰਿਆ
ਅਤੇ ਮਗਰੋਂ ਹਿੰਦੁਸਤਾਨ ਵਲ ਚੜ੍ਹ ਆਇਆ।
(ਪਹਿਲਾਂ) ਕਾਨਕੁਬਜ ਦੇ ਰਾਜੇ (ਜਾਂ ਐਸ਼ਵਰਜ) ਨੂੰ ਜਿਤਿਆ
(ਅਤੇ ਜੋ ਵੀ) ਸਾਹਮਣੇ ਆਇਆ, ਉਸ ਨੂੰ ਪਛਾੜ ਦਿੱਤਾ ॥੩॥