ਸ਼੍ਰੀ ਦਸਮ ਗ੍ਰੰਥ

ਅੰਗ - 970


ਪਾਇ ਬ੍ਰਤੋਤਮ ਕੌ ਤਰੁਨੀ ਤਨ ਸੋਕ ਨਿਵਾਰਿ ਅਸੋਕੁਪਜਾਯੋ ॥

ਉਸ ਉੱਤਮ ਬ੍ਰਤਧਾਰੀ ਨੂੰ ਪ੍ਰਾਪਤ ਕਰ ਕੇ ਇਸਤਰੀ ਨੇ ਦੁਖ ਨੂੰ ਤਿਆਗ ਕੇ ਆਨੰਦ ਪੈਦਾ ਕਰ ਲਿਆ।

ਭਾਤਿ ਅਨੇਕ ਬਿਹਾਰਤ ਸੁੰਦਰ ਸਾਤ ਸੁਤਾ ਖਟ ਪੂਤੁਪਜਾਯੋ ॥

ਉਹ ਸੁੰਦਰ ਅਨੇਕ ਤਰ੍ਹਾਂ ਨਾਲ (ਜੰਗਲ ਵਿਚ) ਵਿਚਰਦੀ ਰਹੀ ਅਤੇ ਸੱਤ ਲੜਕੀਆਂ ਅਤੇ ਛੇ ਪੁੱਤਰਾਂ ਨੂੰ ਜਨਮ ਦਿੱਤਾ।

ਤ੍ਯਾਗ ਦਯੇ ਬਨ ਕੋ ਬਸਿਬੋ ਪੁਰ ਭੀਤਰ ਕੋ ਬਸਿਯੋ ਮਨ ਭਾਯੋ ॥੨੦॥

ਉਸ ਤਪਸਵੀ ਨੇ ਜੰਗਲ ਦਾ ਵਾਸਾ ਛਡ ਕੇ ਸ਼ਹਿਰ ਵਿਚ ਵਸਣ ਦਾ ਮਨ ਬਣਾਇਆ ॥੨੦॥

ਏਕ ਮਹਾ ਬਨ ਹੈ ਸੁਨਿ ਹੋ ਮੁਨਿ ਆਜੁ ਚਲੈ ਤਹ ਜਾਇ ਬਿਹਾਰੈ ॥

(ਉਸ ਇਸਤਰੀ ਨੇ ਮੁਨੀ ਨੂੰ ਕਿਹਾ) ਹੇ ਮੁਨੀ! ਸੁਣੋ! (ਇਥੇ ਨੇੜੇ) ਇਕ ਮਹਾ ਬਨ ਹੈ, ਅਜ ਚਲ ਕੇ ਉਥੇ ਵਿਹਾਰ ਕਰੀਏ।

ਫੂਲ ਘਨੇ ਫਲ ਰਾਜਤ ਸੁੰਦਰ ਫੂਲਿ ਰਹੇ ਜਮੁਨਾ ਕੇ ਕਿਨਾਰੈ ॥

ਉਥੇ ਬਹੁਤ ਫੁਲ ਅਤੇ ਸੁੰਦਰ ਫਲ ਹਨ, ਜੋ ਜਮਨਾ ਦੇ ਕੰਢੇ ਉਤੇ ਸ਼ੁਭਾਇਮਾਨ ਹਨ।

ਤ੍ਯਾਗ ਬਿਲੰਬ ਚਲੋ ਤਿਤ ਕੋ ਤੁਮ ਕਾਨਨ ਸੋ ਰਮਨੀਯ ਨਿਹਾਰੈ ॥

ਬਿਨਾ ਦੇਰ ਕੀਤੇ ਤੁਸੀਂ ਉਥੇ ਚਲੋ, (ਉਹ ਇਸ) ਬਨ ਤੋਂ ਜ਼ਿਆਦਾ ਸੁੰਦਰ ਦਿਸਦਾ ਹੈ।

ਕੇਲ ਕਰੈ ਮਿਲਿ ਆਪਸ ਮੈ ਦੋਊ ਕੰਦ੍ਰਪ ਕੌ ਸਭ ਦ੍ਰਪ ਨਿਵਾਰੈ ॥੨੧॥

ਉਥੇ ਅਸੀਂ ਦੋਵੇਂ ਮਿਲ ਕੇ ਕਾਮ-ਕ੍ਰੀੜਾ ਕਰਾਂਗੇ ਅਤੇ ਕਾਮ ਦੇਵ ਦਾ ਘਮੰਡ ਦੂਰ ਕਰਾਂਗੇ ॥੨੧॥

ਕਾਨਨ ਜੇਤਿਕ ਥੇ ਤਿਹ ਦੇਸ ਸਭੈ ਅਥਿਤੇਸ ਕੋ ਬਾਲ ਦਿਖਾਏ ॥

ਜਿਤਨੇ ਵੀ ਉਸ ਦੇਸ ਵਿਚ ਬਨ ਸਨ, ਉਹ ਸਾਰੇ ਉਸ ਇਸਤਰੀ ਨੇ ਯੋਗੀ ਨੂੰ ਵਿਖਾਏ।

ਕਾਖ ਤੇ ਕੰਕਨ ਕੁੰਡਲ ਕਾਢਿ ਜਰਾਵਕਿ ਜੇਬ ਜਰੇ ਪਹਿਰਾਏ ॥

(ਉਸ ਇਸਤਰੀ ਨੇ ਆਪਣੀ) ਪੋਟਲੀ ਵਿਚੋਂ ਕੰਗਣ, ਕੁੰਡਲ ਅਤੇ ਹੋਰ ਜੜਾਊ ਗਹਿਣੇ ਕਢ ਕੇ (ਯੋਗੀ ਨੂੰ!) ਪਵਾਏ।

ਮੋਹਿ ਰਹਿਯੋ ਤਿਹ ਕੌ ਲਖਿ ਕੈ ਮੁਨਿ ਜੋਗ ਕੈ ਨ੍ਯਾਸ ਸਭੈ ਬਿਸਰਾਏ ॥

ਉਨ੍ਹਾਂ ਨੂੰ ਵੇਖ ਕੇ ਮੁਨੀ ਮੋਹਿਆ ਗਿਆ ਅਤੇ ਯੋਗ ਦੀਆਂ ਸਾਰੀਆਂ ਜੁਗਤਾਂ ਭੁਲ ਗਿਆ।

ਕਾਹੂੰ ਪ੍ਰਬੋਧ ਕਿਯੋ ਨਹਿ ਤਾ ਕਹ ਆਪਨ ਹੀ ਗ੍ਰਿਹ ਮੈ ਮੁਨਿ ਆਏ ॥੨੨॥

ਉਸ ਨੂੰ ਕਿਸੇ ਨੇ ਗਿਆਨ ਉਪਦੇਸ਼ ਨਾ ਕੀਤਾ, ਮੁਨੀ ਆਪਣੇ ਹੀ ਘਰ ਵਿਚ ਆ ਗਿਆ ॥੨੨॥

ਦੋਹਰਾ ॥

ਦੋਹਰਾ:

ਸਾਤ ਸੁਤਾ ਆਗੇ ਕਰੀ ਤੀਨੁ ਤ੍ਰਿਯਹਿ ਸੁਤ ਲੀਨ ॥

ਉਨ੍ਹਾਂ ਨੇ ਸੱਤ ਧੀਆਂ ਨੂੰ ਅਗੇ ਕਰ ਲਿਆ ਅਤੇ ਤਿੰਨ ਪੁੱਤਰਾਂ ਨੂੰ ਇਸਤਰੀ ਨੇ ਸੰਭਾਲ ਲਿਆ।

ਇਕ ਕਾਧੇ ਇਕ ਕਾਖ ਮੈ ਖਸਟਮ ਮੁਨਿ ਸਿਰ ਦੀਨ ॥੨੩॥

(ਬਾਕੀ ਤਿੰਨ ਪੁੱਤਰਾਂ ਵਿਚੋਂ) ਇਕ ਮੋਢੇ ਉਤੇ, ਇਕ ਕੁਛੜ ਅਤੇ ਛੇਵਾਂ ਮੁਨੀ ਨੇ ਸਿਰ ਉਤੇ ਬਿਠਾ ਦਿੱਤਾ ॥੨੩॥

ਤੋਟਕ ਛੰਦ ॥

ਤੋਟਕ ਛੰਦ:

ਪੁਰ ਮੈ ਰਿਖਿ ਆਇ ਸੁਨੇ ਜਬ ਹੀ ॥

ਨਗਰ ਵਿਚ ਜਦ ਲੋਕਾਂ ਨੇ ਰਿਸ਼ੀ ਦਾ ਆਣਾ ਸੁਣਿਆ

ਜਨ ਪੂਜਨ ਤਾਹਿ ਚਲੇ ਸਭ ਹੀ ॥

ਤਾਂ ਸਭ ਲੋਕ ਉਸ ਦੀ ਪੂਜਾ ਕਰਨ ਲਈ ਤੁਰ ਪਏ।

ਚਿਤ ਭਾਤਹਿ ਭਾਤਿ ਅਨੰਦਿਤ ਹ੍ਵੈ ॥

ਸਾਰਿਆਂ ਦੇ ਚਿਤ ਭਾਂਤ ਭਾਂਤ ਨਾਲ ਆਨੰਦਿਤ ਹਨ

ਬ੍ਰਿਧ ਬਾਲ ਨ ਜ੍ਵਾਨ ਰਹਿਯੋ ਘਰ ਕ੍ਵੈ ॥੨੪॥

ਅਤੇ ਬਿਰਧ, ਬਾਲ, ਜਵਾਨ ਕੋਈ ਵੀ ਘਰ ਨਹੀਂ ਰਿਹਾ ॥੨੪॥

ਸਭ ਹੀ ਕਰ ਕੁੰਕਮ ਫੂਲ ਲੀਏ ॥

ਸਭ ਨੇ ਹੱਥ ਵਿਚ ਕੇਸਰ ਦੇ ਫੁਲ ਲਏ ਹੋਏ ਹਨ

ਮੁਨਿ ਊਪਰ ਵਾਰਿ ਕੈ ਡਾਰਿ ਦੀਏ ॥

(ਜੋ ਉਨ੍ਹਾਂ ਨੇ) ਮੁਨੀ ਉਤੇ ਵਾਰ ਸੁਟੇ ਹਨ।

ਲਖਿ ਕੈ ਤਿਨ ਕੌ ਰਿਖਿ ਯੌ ਹਰਖਿਯੋ ॥

ਉਨ੍ਹਾਂ ਨੂੰ ਵੇਖ ਕੇ ਰਿਸ਼ੀ ਇਸ ਤਰ੍ਹਾਂ ਪ੍ਰਸੰਨ ਹੋਇਆ

ਤਬ ਹੀ ਘਨ ਸਾਵਨ ਜ੍ਯੋ ਬਰਖਿਯੋ ॥੨੫॥

ਅਤੇ ਤਦੋਂ ਸਾਵਣ ਵਰਗੇ ਬਦਲ ਵਰ੍ਹਨ ਲਗ ਗਏ ॥੨੫॥

ਦੋਹਰਾ ॥

ਦੋਹਰਾ:

ਬਰਖਿਯੋ ਤਹਾ ਅਸੇਖ ਜਲ ਹਰਖੇ ਲੋਕ ਅਪਾਰ ॥

ਉਥੇ ਬਹੁਤ ਅਧਿਕ ਮੀਂਹ ਪਿਆ ਅਤੇ ਲੋਕੀਂ ਬਹੁਤ ਪ੍ਰਸੰਨ ਹੋਏ।

ਭਯੋ ਸੁਕਾਲ ਦੁਕਾਲ ਤੇ ਐਸੇ ਚਰਿਤ ਨਿਹਾਰਿ ॥੨੬॥

ਅਜਿਹਾ ਚਰਿਤ੍ਰ ਵੇਖ ਕੇ ਕਾਲ ਤੋਂ ਸੁਕਾਲ ਹੋ ਗਿਆ ॥੨੬॥

ਤੋਟਕ ਛੰਦ ॥

ਤੋਟਕ ਛੰਦ:

ਘਨ ਜ੍ਯੋ ਬਰਖਿਯੋ ਸੁ ਘਨੋ ਤਹ ਆਈ ॥

(ਉਥੇ) ਬਦਲ ਜਿਉਂ ਹੀ ਬਹੁਤ ਅਧਿਕ ਵਰ੍ਹਿਆ (ਤਾਂ ਹਰ ਪਾਸੇ ਜਲ ਹੀ ਜਲ) ਹੋ ਗਿਆ।

ਪੁਨਿ ਲੋਕਨ ਕੇ ਉਪਜੀ ਦੁਚਿਤਾਈ ॥

ਫਿਰ ਲੋਕਾਂ ਦੇ ਮਨ ਵਿਚ ਦੁਬਿਧਾ ਪੈਦਾ ਹੋ ਗਈ।

ਜਬ ਲੌ ਗ੍ਰਿਹ ਤੇ ਰਿਖਿ ਰਾਜ ਨ ਜੈ ਹੈ ॥

ਜਦ ਤਕ (ਨਗਰ ਦੇ) ਘਰ ਤੋਂ ਰਿਸ਼ੀ-ਰਾਜ ਨਹੀਂ ਜਾਂਦੇ,

ਤਬ ਲੌ ਗਿਰਿ ਗਾਵ ਬਰਾਬਰਿ ਹ੍ਵੈ ਹੈ ॥੨੭॥

ਤਦ ਤਕ ਪਿੰਡ ਡਿਗ ਕੇ ਬਰਾਬਰ ਹੋ ਜਾਵੇਗਾ ॥੨੭॥

ਤਬ ਹੀ ਤਿਹ ਪਾਤ੍ਰਹਿ ਬੋਲਿ ਲਿਯੋ ॥

(ਰਾਜੇ ਨੇ) ਤਦ ਉਸ ਇਸਤਰੀ ਨੂੰ ਬੁਲਾ ਲਿਆ

ਨਿਜੁ ਆਧਿਕ ਦੇਸ ਬਟਾਇ ਦਿਯੋ ॥

ਅਤੇ ਉਸ ਨੂੰ ਅੱਧਾ ਰਾਜ ਵੰਡ ਦਿੱਤਾ।

ਪੁਨਿ ਤਾਹਿ ਕਹਿਯੋ ਰਿਖਿ ਕੌ ਤੁਮ ਟਾਰੋ ॥

ਫਿਰ ਉਸ ਨੂੰ ਕਿਹਾ ਕਿ ਰਿਸ਼ੀ ਨੂੰ (ਇਥੋਂ) ਲੈ ਜਾਓ

ਪੁਰ ਬਾਸਿਨ ਕੋ ਸਭ ਸੋਕ ਨਿਵਾਰੋ ॥੨੮॥

ਅਤੇ ਨਗਰ ਵਾਸੀਆਂ ਦੇ ਸਭ ਦੁਖ ਦੂਰ ਕਰੋ ॥੨੮॥

ਸਵੈਯਾ ॥

ਸਵੈਯਾ:

ਬੈਸ ਬਿਤੀ ਬਸਿ ਬਾਮਹੁ ਕੇ ਬਿਸੁਨਾਥ ਕਹੂੰ ਹਿਯ ਮੈ ਨ ਸਰਿਯੋ ॥

(ਤਦ ਇਸਤਰੀ ਮੁਨੀ ਨੂੰ ਸੰਬੋਧਿਤ ਹੋਈ ਕਿ) ਇਸਤਰੀ ਦੇ ਵਸ ਪਿਆਂ ਸਾਰੀ ਉਮਰ ਗੁਜ਼ਾਰ ਦਿੱਤੀ, ਪਰ ਕਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ।

ਬਿਸੰਭਾਰ ਭਯੋ ਬਰਰਾਤ ਕਹਾ ਬਿਨੁ ਬੇਦ ਕੇ ਬਾਦਿ ਬਿਬਾਦਿ ਬਰਿਯੋ ॥

(ਤੂੰ) ਬੇਸੁਧ ਹੋ ਗਿਆ ਹੈਂ। ਵੇਦ ਦੇ ਵਾਦ ਵਿਵਾਦ ਨੂੰ ਛਡ ਕੇ ਤੂੰ ਬਰੜਾਉਂਦਾ ਫਿਰਦਾ ਹੈਂ।

ਬਹਿ ਕੈ ਬਲੁ ਕੈ ਬਿਝੁ ਕੈ ਉਝ ਕੈ ਤੁਹਿ ਕਾਲ ਕੋ ਖ੍ਯਾਲ ਕਹਾ ਬਿਸਰਿਯੋ ॥

(ਸੰਸਾਰਿਕਤਾ ਵਿਚ) ਵਹਿ ਕੇ, (ਵਾਸਨਾਵਾਂ ਵਿਚ) ਸੜ ਕੇ, (ਪਰਮਾਤਮਾ ਤੋਂ) ਵਿਛੜ ਕੇ ਅਤੇ (ਕਰਤੱਵ ਪਥ ਤੋਂ) ਉਖੜ ਕੇ, ਤੂੰ ਕਾਲ ਦਾ ਖਿਆਲ ਕਿਉਂ ਭੁਲਾ ਦਿੱਤਾ ਹੈ।

ਬਨਿ ਕੈ ਤਨਿ ਕੈ ਬਿਹਰੌ ਪੁਰ ਮੈ ਜੜ ਲਾਜਹਿ ਲਾਜ ਕੁਕਾਜ ਕਰਿਯੋ ॥੨੯॥

ਤੂੰ ਬਣ ਠਣ ਕੇ, ਨਗਰ ਵਿਚ ਘੁੰਮ ਰਿਹਾ ਹੈਂ। ਹੇ ਮੂਰਖ! ਲਾਜ ਛਡ ਕੇ ਬਹੁਤ ਮਾੜਾ ਕੰਮ ਕੀਤਾ ਹੈ ॥੨੯॥

ਦੋਹਰਾ ॥

ਦੋਹਰਾ:

ਬਚਨ ਸੁਨਤ ਐਸੋ ਮੁਨਿਜ ਮਨ ਮੈ ਕਿਯੋ ਬਿਚਾਰ ॥

ਇਸ ਤਰ੍ਹਾਂ ਦੇ ਬੋਲ ਸੁਣ ਕੇ ਮੁਨੀ ਨੇ ਮਨ ਵਿਚ ਵਿਚਾਰ ਕੀਤਾ।

ਤੁਰਤ ਬਨਹਿ ਪੁਰਿ ਛੋਰਿ ਕੈ ਉਠਿ ਭਾਜਿਯੋ ਬਿਸੰਭਾਰ ॥੩੦॥

ਤੁਰਤ ਬੇਸੁਧ ਹੋ ਕੇ ਨਗਰ ਨੂੰ ਛਡ ਦਿੱਤਾ ਅਤੇ ਬਨ ਵਲ ਉਠ ਭਜਿਆ ॥੩੦॥

ਪ੍ਰਿਥਮ ਆਨਿ ਕਾਢਿਯੋ ਰਿਖਹਿ ਮੇਘ ਲਯੋ ਬਰਖਾਇ ॥

ਪਹਿਲਾਂ ਰਿਸ਼ੀ ਨੂੰ ਜੰਗਲ ਵਿਚੋਂ ਕਢ ਲਿਆਂਦਾ, (ਫਿਰ) ਬਦਲਾਂ ਤੋਂ ਬਰਖਾ ਕਰਵਾ ਲਈ

ਅਰਧ ਰਾਜ ਤਿਹ ਨ੍ਰਿਪਤਿ ਕੋ ਲੀਨੌ ਆਪੁ ਬਟਾਇ ॥੩੧॥

ਅਤੇ ਉਸ ਰਾਜੇ ਤੋਂ ਅਧਾ ਰਾਜ ਵੰਡਵਾ ਲਿਆ ॥੩੧॥

ਸਤ ਟਾਰਿਯੋ ਤਿਹ ਮੁਨਿਜ ਕੋ ਅਰਧ ਦੇਸ ਕੌ ਪਾਇ ॥

ਉਸ ਮੁਨੀ ਦਾ ਸੱਤ ਭੰਗ ਕੀਤਾ ਅਤੇ ਅੱਧਾ ਦੇਸ਼ ਪ੍ਰਾਪਤ ਕਰ ਲਿਆ।

ਭਾਤਿ ਭਾਤਿ ਕੇ ਸੁਖ ਕਰੇ ਹ੍ਰਿਦੈ ਹਰਖ ਉਪਜਾਇ ॥੩੨॥

(ਫਿਰ) ਹਿਰਦੇ ਵਿਚ ਆਨੰਦ ਵਧਾ ਕੇ ਭਾਂਤ ਭਾਂਤ ਦੇ ਸੁਖ ਮਾਣੇ ॥੩੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੪॥੨੨੩੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਚੌਦਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੪॥੨੨੩੯॥ ਚਲਦਾ॥