ਸ਼੍ਰੀ ਦਸਮ ਗ੍ਰੰਥ

ਅੰਗ - 827


ਚਮਤਕਾਰ ਇਕ ਤੌਹਿ ਦਿਖੈਹੌ ॥

ਮੈਂ ਤੈਨੂੰ ਇਕ ਚਮਤਕਾਰ ਵਿਖਾਉਂਦਾ ਹਾਂ।

ਤਿਹ ਪਾਛੈ ਤੁਹਿ ਮੰਤ੍ਰ ਸਿਖੈਹੌ ॥੧੬॥

ਉਸ ਤੋਂ ਬਾਦ ਤੈਨੂੰ ਮੰਤ੍ਰ ਸਿਖਾਵਾਂਗਾ ॥੧੬॥

ਦੋਹਰਾ ॥

ਦੋਹਰਾ:

ਹੋਤ ਪੁਰਖ ਤੇ ਮੈ ਤ੍ਰਿਯਾ ਤ੍ਰਿਯ ਤੇ ਨਰ ਹ੍ਵੈ ਜਾਉ ॥

ਮੈਂ ਪੁਰਸ਼ ਤੋਂ ਇਸਤਰੀ ਅਤੇ ਇਸਤਰੀ ਤੋ ਪੁਰਸ਼ ਹੋ ਜਾਵਾਂਗਾ।

ਨਰ ਹ੍ਵੈ ਸਿਖਵੌ ਮੰਤ੍ਰ ਤੁਹਿ ਤ੍ਰਿਯ ਹ੍ਵੈ ਭੋਗ ਕਮਾਉ ॥੧੭॥

ਪੁਰਸ਼ ਹੋ ਕੇ ਤੈਨੂੰ ਮੰਤ੍ਰ ਸਿਖਾਵਾਂਗਾ ਅਤੇ ਇਸਤਰੀ ਹੋ ਕੇ ਕਾਮ-ਕ੍ਰੀੜਾ ਕਰਾਂਗਾ ॥੧੭॥

ਰਾਇ ਬਾਚ ॥

ਰਾਇ ਨੇ ਕਿਹਾ:

ਪੁਰਖ ਮੰਤ੍ਰ ਦਾਇਕ ਪਿਤਾ ਮੰਤ੍ਰ ਦਾਇਕ ਤ੍ਰਿਯ ਮਾਤ ॥

ਮੰਤ੍ਰ ਦੇਣ ਵਾਲਾ ਪੁਰਸ਼ ਪਿਤਾ ਅਤੇ ਮੰਤ੍ਰ ਦੇਣ ਵਾਲੀ ਇਸਤਰੀ ਮਾਤਾ ਹੁੰਦੀ ਹੈ।

ਤਿਨ ਕੀ ਸੇਵਾ ਕੀਜਿਯੈ ਭੋਗਨ ਕੀ ਨ ਜਾਤ ॥੧੮॥

ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ, ਕਾਮ-ਕ੍ਰੀੜਾ ਨਹੀਂ ਕੀਤੀ ਜਾਂਦੀ ॥੧੮॥

ਅੜਿਲ ॥

ਅੜਿਲ:

ਬਹੁ ਬਰਿਸਨ ਲਗਿ ਜਾਨਿ ਸੇਵ ਗੁਰ ਕੀਜਿਯੈ ॥

ਬਹੁਤ ਬਰਸ ਤਕ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ

ਜਤਨ ਕੋਟਿ ਕਰਿ ਬਹੁਰਿ ਸੁ ਮੰਤ੍ਰਹਿ ਲੀਜਿਯੈ ॥

ਅਤੇ ਫਿਰ ਬਹੁਤ ਯਤਨ ਕਰ ਕੇ ਮੰਤ੍ਰ ਹਾਸਲ ਕਰਨਾ ਚਾਹੀਦਾ ਹੈ।

ਜਾਹਿ ਅਰਥ ਕੇ ਹੇਤ ਸੀਸ ਨਿਹੁਰਾਇਯੈ ॥

ਉਸ ਲਈ (ਉਸ ਦੇ ਸਾਹਮਣੇ) ਸੀਸ ਨਿਵਾਉਣਾ ਚਾਹੀਦਾ ਹੈ।

ਹੋ ਕਹੋ ਚਤੁਰਿ ਤਾ ਸੌ ਕ੍ਯੋਨ ਕੇਲ ਮਚਾਇਯੈ ॥੧੯॥

ਹੇ ਚਤੁਰ! ਦਸੋ, (ਫਿਰ) ਉਸ ਨਾਲ ਕਿਉਂ ਕਾਮ-ਕ੍ਰੀੜਾ ਕੀਤੀ ਜਾਏ ॥੧੯॥

ਚੌਪਈ ॥

ਚੌਪਈ:

ਤਬ ਜੋਗੀ ਇਹ ਭਾਤਿ ਸੁਨਾਯੋ ॥

ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,

ਤਵ ਭੇਟਨ ਹਿਤ ਭੇਖ ਬਨਾਯੋ ॥

ਤੁਹਾਨੂੰ ਮਿਲਣ ਲਈ ਇਹ ਭੇਖ ਬਣਾਇਆ ਸੀ।

ਅਬ ਮੇਰੇ ਸੰਗ ਭੋਗ ਕਮੈਯੈ ॥

ਹੁਣ ਮੇਰੇ ਨਾਲ ਕਾਮ-ਕ੍ਰੀੜਾ ਕਰੋ

ਆਨ ਪਿਯਾ ਸੁਭ ਸੇਜ ਸੁਹੈਯੈ ॥੨੦॥

ਅਤੇ ਹੇ ਪ੍ਰੀਤਮ! (ਮੇਰੀ) ਸ਼ੁਭ ਸੇਜ ਉਤੇ ਸੁਸ਼ੋਭਿਤ ਹੋਵੋ ॥੨੦॥

ਦੋਹਰਾ ॥

ਦੋਹਰਾ:

ਤਨ ਤਰਫਤ ਤਵ ਮਿਲਨ ਕੌ ਬਿਰਹ ਬਿਕਲ ਭਯੋ ਅੰਗ ॥

ਤੈਨੂੰ ਮਿਲਣ ਲਈ ਮੇਰਾ ਤਨ ਤੜਪਦਾ ਹੈ ਅਤੇ ਬਿਰਹੋਂ ਕਾਰਨ ਮੇਰੇ ਅੰਗ ਵਿਆਕੁਲ ਹੋ ਗਏ ਹਨ।

ਸੇਜ ਸੁਹੈਯੈ ਆਨ ਪਿਯ ਆਜੁ ਰਮੋ ਮੁਹਿ ਸੰਗ ॥੨੧॥

ਹੇ ਪ੍ਰਿਯ! (ਮੇਰੀ) ਸੇਜ ਉਤੇ ਆ ਕੇ ਬਿਰਾਜੋ ਅਤੇ ਅਜ ਮੇਰੇ ਨਾਲ ਰਮਣ ਕਰੋ ॥੨੧॥

ਭਜੇ ਬਧੈਹੌ ਚੋਰ ਕਹਿ ਤਜੇ ਦਿਵੈਹੌ ਗਾਰਿ ॥

(ਜੇ) ਭਜੋਗੇ ਤਾਂ ਚੋਰ ਕਹਿ ਕੇ ਪਕੜਵਾ ਦਿਆਂਗੀ ਅਤੇ (ਜੇ) ਛਡੋਗੇ ਤਾਂ ਗਾਲ੍ਹਾਂ ਦਿਆਂਗੀ।

ਨਾਤਰ ਸੰਕ ਬਿਸਾਰਿ ਕਰਿ ਮੋ ਸੌ ਕਰਹੁ ਬਿਹਾਰ ॥੨੨॥

ਨਹੀਂ ਤਾਂ ਨਿਸੰਗ ਹੋ ਕੇ ਮੇਰੇ ਨਾਲ ਰਮਣ ਕਰੋ ॥੨੨॥

ਕਾਮਾਤੁਰ ਹ੍ਵੈ ਜੋ ਤਰੁਨਿ ਆਵਤ ਪਿਯ ਕੇ ਪਾਸ ॥

ਕਾਮ ਨਾਲ ਪੀੜਿਤ ਹੋ ਕੇ ਜੋ ਇਸਤਰੀ ਪ੍ਰਿਯ ਦੇ ਕੋਲ ਆਉਂਦੀ ਹੈ।

ਮਹਾ ਨਰਕ ਸੋ ਡਾਰਿਯਤ ਦੈ ਜੋ ਜਾਨ ਨਿਰਾਸ ॥੨੩॥

(ਜੇ ਪ੍ਰਿਯ) ਉਸ ਨੂੰ ਨਿਰਾਸ ਜਾਣ ਦੇਵੇ ਤਾਂ ਉਸ ਨੂੰ ਮਹਾ ਨਰਕ ਵਿਚ ਸੁਟ ਦਿੱਤਾ ਜਾਵੇ ॥੨੩॥

ਤਨ ਅਨੰਗ ਜਾ ਕੇ ਜਗੈ ਤਾਹਿ ਨ ਦੈ ਰਤਿ ਦਾਨ ॥

ਜਿਸ (ਇਸਤਰੀ) ਦੇ ਸ਼ਰੀਰ ਵਿਚ ਜੇ ਕਾਮ ਜਾਗਿਆ ਹੋਵੇ, ਉਸ ਨੂੰ (ਜੇ ਪੁਰਸ਼) ਪ੍ਰੇਮ ਦਾ ਦਾਨ ਨਹੀਂ ਦਿੰਦਾ,

ਤਵਨ ਪੁਰਖ ਕੋ ਡਾਰਿਯਤ ਜਹਾ ਨਰਕ ਕੀ ਖਾਨਿ ॥੨੪॥

ਉਸ ਪੁਰਸ਼ ਨੂੰ ਉਥੇ ਸੁਟਿਆ ਜਾਏ ਜਿਥੇ ਨਰਕ ਦੀ ਖਾਣ ਹੈ ॥੨੪॥

ਅੜਿਲ ॥

ਅੜਿਲ:

ਰਾਮਜਨੀ ਗ੍ਰਿਹ ਜਨਮ ਬਿਧਾਤੈ ਮੁਹਿ ਦਿਯਾ ॥

ਵਿਧਾਤਾ ਨੇ ਮੈਨੂੰ ਵੇਸਵਾ ਦੇ ਘਰ ਜਨਮ ਦਿੱਤਾ ਹੈ।

ਤਵ ਮਿਲਬੇ ਹਿਤ ਭੇਖ ਜੋਗ ਕੋ ਮੈ ਲਿਯਾ ॥

ਤੈਨੂੰ ਮਿਲਣ ਲਈ ਮੈਂ ਜੋਗ ਦਾ ਭੇਖ ਲਿਆ ਹੈ।

ਤੁਰਤ ਸੇਜ ਹਮਰੀ ਅਬ ਆਨਿ ਸੁਹਾਇਯੈ ॥

ਹੁਣ ਤੁਰਤ ਮੇਰੀ ਸੇਜ ਨੂੰ ਸੁਸ਼ੋਭਿਤ ਕਰੋ।

ਹੋ ਹ੍ਵੈ ਦਾਸੀ ਤਵ ਰਹੋਂ ਨ ਮੁਹਿ ਤਰਸਾਇਯੈ ॥੨੫॥

ਮੈਂ ਤੁਹਾਡੀ ਦਾਸੀ ਹੋ ਕੇ ਰਹਾਂਗੀ, ਮੈਨੂੰ (ਹੋਰ) ਨਾ ਤਰਸਾਓ ॥੨੫॥

ਦੋਹਰਾ ॥

ਦੋਹਰਾ:

ਕਹਾ ਭਯੋ ਸੁਘਰੇ ਭਏ ਕਰਤ ਜੁਬਨ ਕੋ ਮਾਨ ॥

ਕੀ ਹੋਇਆ (ਜੇ ਤੁਸੀਂ) ਸੁਘੜ ਹੋ ਅਤੇ ਜਵਾਨੀ ਦਾ ਮਾਣ ਕਰਦੇ ਹੋ।

ਬਿਰਹ ਬਾਨ ਮੋ ਕੋ ਲਗੇ ਬ੍ਰਿਥਾ ਨ ਦੀਜੈ ਜਾਨ ॥੨੬॥

ਮੈਨੂੰ ਵਿਯੋਗ ਦਾ ਬਾਣ ਲਗਾ ਹੈ, (ਇਸ ਨੂੰ) ਬਿਰਥਾ ਨਾ ਜਾਣ ਦਿਓ ॥੨੬॥

ਅੜਿਲ ॥

ਅੜਿਲ:

ਬ੍ਰਿਥਾ ਨ ਦੀਜੈ ਜਾਨ ਮੈਨ ਬਸਿ ਮੈ ਭਈ ॥

(ਸਮੇਂ ਨੂੰ) ਵਿਅਰਥ ਨਾ ਜਾਣ ਦਿਓ, ਮੈਂ (ਇਸ ਵੇਲੇ) ਕਾਮ ਦੇ ਵਸ ਵਿਚ ਹਾਂ।

ਬਿਰਹਿ ਸਮੁੰਦ ਕੇ ਬੀਚ ਬੂਡਿ ਸਿਰ ਲੌ ਗਈ ॥

(ਮੈਂ) ਵਿਰਹ ਦੇ ਸਮੁੰਦਰ ਵਿਚ ਸਿਰ ਤਕ ਡੁਬੀ ਹੋਈ ਹਾਂ।

ਭੋਗ ਕਰੇ ਬਿਨੁ ਮੋਹਿ ਜਾਨ ਨਹੀ ਦੀਜਿਯੈ ॥

ਮੈਨੂੰ ਕਾਮ-ਕ੍ਰੀੜਾ ਕੀਤੇ ਬਿਨਾ ਜਾਣ ਨਾ ਦਿਓ

ਹੋ ਘਨਵਾਰੀ ਨਿਸ ਹੇਰਿ ਗੁਮਾਨ ਨ ਕੀਜਿਯੈ ॥੨੭॥

ਅਤੇ ਬਦਲ ਵਰਗੀ ਕਾਲੀ ਰਾਤ ਰੂਪ (ਮੇਰੀ ਕਾਮ ਅਵਸਥਾ) ਨੂੰ ਵੇਖ ਕੇ ਗੁਮਾਨ ਨਾ ਕਰੋ ॥੨੭॥

ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ ॥

ਹਰ ਪਾਸੇ ਤੋਂ ਲੋਕੀਂ ਤੁਹਾਡੇ ਕੋਲ ਆਉਂਦੇ ਹਨ।

ਮਨ ਬਾਛਤ ਜੋ ਬਾਤ ਉਹੈ ਬਰ ਪਾਵਹੀ ॥

ਜੋ ਮਨ ਦੀ ਇੱਛਾ ਹੋਵੇ, ਉਹੀ ਵਰ ਪ੍ਰਾਪਤ ਕਰਦੇ ਹਨ।

ਕਵਨ ਅਵਗ੍ਰਯਾ ਮੋਰਿ ਨ ਤੁਮ ਕਹ ਪਾਇਯੈ ॥

ਮੇਰੇ ਤੋਂ ਕੀ ਗੁਸਤਾਖ਼ੀ ਹੋਈ ਹੈ (ਕਿ ਮੈਂ) ਤੁਹਾਨੂੰ ਪ੍ਰਾਪਤ ਨਹੀਂ ਕਰ ਸਕਦੀ।

ਹੋ ਦਾਸਨ ਦਾਸੀ ਹ੍ਵੈ ਹੌ ਸੇਜ ਸੁਹਾਇਯੈ ॥੨੮॥

(ਮੈਂ) ਤੁਹਾਡੀ ਦਾਸਨ ਦਾਸੀ ਹੋਵਾਂਗੀ, (ਮੇਰੀ) ਸੇਜਾ ਨੂੰ ਸੁਸ਼ੋਭਿਤ ਕਰੋ ॥੨੮॥

ਮੰਤ੍ਰ ਸਿਖਨ ਹਿਤ ਧਾਮ ਤਿਹਾਰੇ ਆਇਯੋ ॥

(ਰਾਜੇ ਨੇ ਉੱਤਰ ਦਿੱਤਾ ਕਿ ਮੈਂ) ਮੰਤ੍ਰ ਸਿਖਣ ਲਈ ਤੇਰੇ ਘਰ ਆਇਆ ਸਾਂ।

ਤੁਮ ਆਗੈ ਐਸੇ ਇਹ ਚਰਿਤ ਬਨਾਇਯੋ ॥

ਅਗੋਂ ਤੂੰ ਅਜਿਹਾ ਚਰਿਤ੍ਰ ਬਣਾਇਆ ਹੈ।

ਮੈ ਨ ਤੁਹਾਰੇ ਸੰਗ ਭੋਗ ਕ੍ਯੋਹੂੰ ਕਰੋ ॥

ਮੈਂ ਤੇਰੇ ਨਾਲ ਕਾਮ-ਕ੍ਰੀੜਾ ਕਿਉਂ ਕਰਾਂ।

ਹੋ ਧਰਮ ਛੂਟਨ ਕੇ ਹੇਤ ਅਧਿਕ ਮਨ ਮੈ ਡਰੋ ॥੨੯॥

(ਆਪਣੇ) ਧਰਮ ਦੇ ਨਸ਼ਟ ਹੋਣ ਕਾਰਨ ਮਨ ਵਿਚ ਬਹੁਤ ਡਰਦਾ ਹਾਂ ॥੨੯॥


Flag Counter