ਜਾਂਬਮਾਲ ਕੁਝ ਚਿਰ ਲਈ ਲੜਿਆ, ਫਿਰ (ਉਸ ਨੂੰ) ਅੰਤ ਵਿੱਚ ਉਸੇ ਤਰ੍ਹਾਂ ਮਾਰ ਦਿੱਤਾ ਗਿਆ।
(ਸੈਨਾ ਨੇ) ਭੱਜ ਕੇ ਲੰਕਾ ਵਿੱਚ ਪ੍ਰਵੇਸ਼ ਕੀਤਾ ਅਤੇ ਰਾਵਣ ਨੂੰ ਸੁਨੇਹਾ ਦਿੱਤਾ
(ਕਿ) ਧੂਮਰ-ਅੱਛ ਅਤੇ ਜਾਂਬਮਲ (ਇਨ੍ਹਾਂ) ਦੋਹਾਂ ਨੂੰ ਰਾਮ ਨੇ ਮਾਰ ਦਿੱਤਾ ਹੈ।
ਜੋ ਕੁਝ ਪ੍ਰਭੂ (ਰਾਵਣ) ਦੇ ਦਿਲ ਵਿੱਚ ਸ਼ੁਭ ਸਲਾਹ ਆਉਂਦੀ ਹੈ, ਉਹੀ ਕਰੋ ॥੩੭੦॥
(ਰਾਵਣ ਨੇ ਆਪਣੇ) ਕੋਲ 'ਅਕੰਪਨ' (ਨਾਮ ਦੇ ਯੋਧੇ ਨੂੰ) ਵੇਖ ਕੇ ਸੈਨਾ ਸਹਿਤ (ਯੁੱਧ ਲਈ) ਭੇਜ ਦਿੱਤਾ।
'ਤਰ੍ਹਾਂ-ਤਰ੍ਹਾਂ' ਦੇ ਵਾਜੇ ਵੱਜਣ ਲੱਗੇ ਅਤੇ (ਲੰਕਾ) ਪੁਰੀ ਵਿੱਚ ਲਗਾਤਾਰ ਧੁਨ ਹੋਣ ਲੱਗੀ।
ਇੰਦਰ ਅਤੇ ਪ੍ਰਹਸਤ ਆਦਿ ਨੇ ਵਿਚਾਰ ਪੂਰਵਕ ਸਲਾਹ ਦਿੱਤੀ
ਹੇ ਰਾਜਨ! ਸੀਤਾ ਦੇ ਕੇ ਰਾਮ ਚੰਦਰ ਨਾਲ ਮਿਲ ਜਾਓ। ਕਿਸ ਲਈ ਗੁੱਸੇ ਨੂੰ ਪਾਲ ਰਹੇ ਹਨ ॥੩੭੧॥
ਛਪਯ ਛੰਦ
ਤਲਵਾਰਾਂ ਝਿਲਮਿਲ ਕਰਦੀਆਂ ਹਨ ਅਤੇ ਘੋਰ ਧੁਨ ਨਾਲ ਵਾਜੇ ਵੱਜਦੇ ਹਨ।
(ਉਨ੍ਹਾਂ ਦੇ) ਕਵਚਾਂ ਜਾਂ ਸਿਰ ਦੇ ਟੋਪਾਂ ਨਾਲ ਠਹਿਕਣ ਤੋਂ ਖੜ-ਖੜ ਦੀ ਆਵਾਜ਼ ਹੁੰਦੀ ਹੈ। (ਜਿਸ ਦੇ ਧੜਕੇ ਨਾਲ) ਮੁਨੀਆਂ ਦੇ ਧਿਆਨ ਛੁੱਟ ਰਹੇ ਹਨ।
ਇਕ ਸੂਰਮੇ ਇਕਨਾਂ ਨੂੰ ਚੁੱਕ ਕੇ ਲੈ ਗਏ ਹਨ ਅਤੇ ਇਕ ਇਕਨਾਂ ਨਾਲ ਉੱਧ ਵਿੱਚ ਰੁੱਝੇ ਹੋਏ ਸਨ।
ਸੰਘਣੀ ਧੁੰਧ ਪੈ ਗਈ ਹੈ (ਜਿਸ ਕਰਕੇ) ਹੱਥ ਅਤੇ ਮੂੰਹ ਨਹੀਂ ਦਿਮਦੇ।
ਯੁੱਧ-ਭੂਮੀ ਵਿੱਚ ਸਾਹਮਣੇ ਸੂਰਵੀਰ (ਖੜੇ ਹਨ) ਅਤੇ ਅੰਗਦ ਰਾਜੇ ਦੀ ਸੈਨਾ ਡੱਟੀ ਹੋਈ ਹ।
(ਰਾਮ ਚੰਦਰ ਦੀ) 'ਜੈ' ਦੀ ਸਦ ਇਕ-ਸਾਰ ਬਹੁਤ ਅਧਿਕ ਹੋ ਰਹੀ ਹੈ ਅਤੇ ਸੁਅਰਗ ਵਿੱਚ ਦੇਵਤੇ ਧੰਨ-ਧੰਨ ਕਹਿ ਰਹੇ ਹਨ ॥੩੭੨॥
ਇਧਰੋਂ ਯੁਵਰਾਜ ਅੰਗਦ ਹੈ ਅਤੇ ਦੂਜੇ (ਰਾਵਣ ਦੇ) ਪਾਸਿਓਂ 'ਅਕੰਪਨ' ਸੂਰਮਾ ਹੈ।
ਦੋਵੇਂ ਤੀਰਾਂ ਦੀ ਲਗਾਤਾਰ ਬਰਖਾ ਕਰਦੇ ਹਨ ਅਤੇ 'ਯੁੱਧ ਭੂਮੀ' ਨੂੰ ਜਰਾ ਜਿੰਨਾ ਵੀ ਛੱਡਦੇ ਨਹੀਂ ਹਨ।
ਅੰਤ ਨੂੰ (ਦੋਹਾਂ ਦੇ ਹੱਥ ਇਕ ਦੂਜੇ ਦੀ) ਵੱਖੀ ਵਿੱਚ ਪੈ ਗਏ ਅਤੇ 'ਯੁੱਧ-ਭੂਮੀ' ਵਿੱਚ ਲੋਥਾਂ ਖਿੱਲਰ ਗਈਆਂ।
ਘਾਇਲ ਹੋਏ ਸੂਰਮੇ ਘੇਰਨੀਆਂ ਖਾ ਰਹੇ ਹਨ। ਯੁੱਧ-ਕਰਮ ਨਾਲ ਰੱਜ ਕੇ ਸੂਰਮੇ ਲਲਕਾਰਦੇ ਹਨ।
ਦੇਵਤੇ ਸੁੰਦਰ ਬਿਮਾਨਾਂ ਵਿੱਚ ਬੈਠ ਕੇ (ਯੁੱਧ ਨੂੰ) ਵੇਖ ਰਹੇ ਸਨ ਅਤੇ ਧੰਨ-ਧੰਨ ਜਪ ਰਹੇ ਹਨ
(ਅਤੇ ਕਹਿੰਦੇ ਹਨ ਕਿ) ਭੂਤ, ਭਵਿੱਖ ਅਤੇ ਵਰਤਮਾਨ ਵਿੱਚ ਹੁਣ ਤੱਕ ਅਜਿਹਾ ਯੁੱਧ ਨਹੀਂ ਵੇਖਿਆ ॥੩੭੩॥
ਕਿਤੇ (ਰਣ-ਭੂਮੀ) ਵਿੱਚ ਸਿਰ ਦਿਸਦੇ ਹਨ ਅਤੇ ਕਿਤੇ ਧਰਤੀ ਉੱਤੇ ਪਏ ਧੜ ਭਕ-ਭਕ ਕਰਦੇ ਹਨ।
ਕਿਤੇ ਟੰਗ ਤੜਫਦੀ ਹੈ ਅਤੇ ਕਿਤੇ ਸੁੰਦਰ ਛਬੀ ਵਾਲਾ ਹੱਥ ਉਛਲਦਾ ਹੈ।
ਕਿਤੇ ਜੋਗਣੀਆਂ ਲਹੂ ਦੇ ਖੱਪਰ ਭਰਦੀਆਂ ਹਨ ਅਤੇ ਕਿਤੇ ਇੱਲਾਂ ਚੀਕਦੀਆਂ ਹਨ।
ਕਿਤੇ ਮਸਾਣ ਕਿਲਕਾਰਦੇ ਹਨ ਅਤੇ ਕਿਤੇ ਭੈਰਵ ਭਭਕਾਂ ਮਾਰਦੇ ਹਨ।
ਇਸ ਤਰ੍ਹਾਂ (ਯੁੱਧ ਵਿੱਚ) ਬੰਦਰ ਅੰਗਦ ਦੀ ਜਿੱਤ ਹੋਈ ਅਤੇ ਦੈਂਤ ਰਾਵਣ ਦਾ ਪੁੱਤਰ ਮਾਰਿਆ ਗਿਆ।
ਜੋਸ਼ ਵਿੱਚ ਆਏ ਅਤੇ ਉਤਸ਼ਾਹ ਤੋਂ ਹੀਣੇ ਸੂਰਮੇ ਦੰਦਾਂ ਵਿੱਚ ਘਾਹ ਫੜ-ਫੜ ਕੇ ਭੱਜੇ ਜਾਂਦੇ ਹਨ ॥੩੭੪॥
ਉਧਰ ਦੂਤ ਨੇ ਜਾ ਕੇ ਰਾਵਣ ਨੂੰ ਸੂਰਮੇ (ਅਕੰਪਨ) ਦਾ ਮਰਨਾ ਸੁਣਾ ਦਿੱਤਾ।
ਇਧਰ ਸੁਗ੍ਰੀਵ ਅਤੇ ਰਾਮ ਜੀ ਨੇ ਅੰਗਦ ਨੂੰ ਦੂਤ ਬਣਾ ਕੇ ਭੇਜ ਦਿੱਤਾ
ਅਤੇ ਉਸ ਨੂੰ (ਇਹ) ਗੱਲ ਸਮਝਾ ਦਿੱਤੀ ਕਿ ਜਾ ਕੇ ਸੰਧੀ ਕਰਨ ਦਾ ਉਦਮ ਕਰਨਾ ਪਰ ਇਹ ਸਿਧਾਂਤ ਸੁਣਾ ਦਿੱਤਾ-
ਕਿ ਸੀਤਾ ਰਾਮ ਜੀ ਨੂੰ ਦੇ ਕੇ ਮਿਲ ਪਓ, ਨਹੀਂ ਤਾਂ ਤੇਰਾ ਕਾਲ ਆਇਆ ਸਮਝੋ।
ਬਾਲੀ ਦਾ ਪੁੱਤਰ (ਅੰਗਦ) (ਸ੍ਰੀ ਰਾਮ ਦੇ) ਚਰਨਾਂ ਨੂੰ ਛੋਹ ਕੇ ਤੁਰਨ ਲੱਗਾ ਤਾਂ ਰਾਮ ਨੇ ਉਸ ਦੀ ਪਿੱਠ ਉੱਤੇ ਆਪਣਾ ਹੱਥ ਧਰਿਆ
ਅਤੇ ਜੱਫੀ ਵਿੱਚ ਲੈ ਕੇ ਅਨੇਕ ਤਰ੍ਹਾਂ ਦੀ ਅਸੀਸ ਦਿੱਤੀ, ਜਿਸ ਨਾਲ (ਅਗੰਦ ਦਾ) ਤਨ ਰੋਮਾਂਚਿਤ ਹੋ ਕੇ ਪਸੀਜ ਗਿਆ ॥੩੭੫॥
ਪ੍ਰਤਿ ਉਤਰ ਸੰਵਾਦ
ਛਪੈ ਛੰਦ
ਅੰਗਦ ਨੇ ਕਿਹਾ- ਹੇ ਰਾਵਣ! ਸੀਤਾ (ਰਾਮ ਨੂੰ) ਦੇ ਦਿਓ (ਕਿਉਂਕਿ) ਤੁਸੀਂ ਇਸ ਦੀ ਪਰਛਾਈ ਵੀ ਨਹੀਂ ਵੇਖ ਸਕੋਗੇ।
(ਰਾਵਣ ਨੇ ਕਿਹਾ-) ਲੰਕਾ ਖੋਹ ਲੈਣਗੇ, (ਓਏ) ਲੰਕਾ ਨੂੰ ਵੇਖ ਕੇ ਇਸ ਨੂੰ (ਕੋਈ) ਜਿੱਤ ਨਹੀਂ ਸਕਦਾ।
(ਅੰਗਦ ਨੇ ਕਿਹਾ-) ਕ੍ਰੋਧ ਦੀ ਵਿਸ਼ ਨਾ ਘੋਲੋ, ਵੇਖਣਾ ਕਿਸ ਤਰ੍ਹਾਂ ਯੁੱਧ ਮਚਦਾ ਹੈ।
(ਰਾਵਣ ਨੇ ਕਿਹਾ-) ਰਾਮ ਸਮੇਤ ਬੰਦਰਾਂ ਦੀ ਸਾਰੀ ਸੈਨਾ ਮਿਰਗਾਂ ਅਤੇ ਗਿਦੜਾਂ (ਦੇ ਸਮਾਨ ਹੈ) ਅੱਜ (ਉਸ ਨੂੰ ਸਿੰਘ ਰੂਪ ਹੋ ਕੇ) ਖਾਵਾਂਗਾ।
(ਅੰਗਦ ਨੇ ਕਿਹਾ-) ਹੇ ਮੂੜ-ਮਤਿ! ਹੰਕਾਰ ਨਾ ਕਰ, ਧਿਆਨ ਦੇ ਕੇ ਸੁਣ, ਹੰਕਾਰ ਦੇ ਬਹੁਤ ਘਰ ਗਾਲ੍ਹ ਦਿੱਤੇ ਹਨ।
(ਰਾਵਣ ਨੇ ਕਿਹਾ-) ਹੇ ਗਰਬ ਦੇ ਘਰ! ਮੈਂ ਸਭ ਆਪਣੇ ਵਸ ਕੀਤੇ ਹੋਏ ਹਨ। ਇਹ ਦੋ ਕੰਗਲੇ ਮਨੁੱਖ (ਰਾਮ ਤੇ ਲੱਛਣ) (ਮੇਰੇ ਸਾਹਮਣੇ) ਕਿਸ ਗਿਣਤੀ ਵਿੱਚ ਹਨ ॥੩੭੬॥
ਰਾਵਣ ਨੇ ਅੰਗਦ ਪ੍ਰਤਿ ਕਿਹਾ-
ਛੁਪੈ ਛੰਦ
(ਵੇਖ!) ਅਗਨੀ (ਦੇਵਤਾ) ਮੇਰਾ ਭੋਜਨ (ਪਾਕ) ਤਿਆਰ ਕਰਦਾ ਹੈ ਅਤੇ ਪੌਣ (ਦੇਵਤਾ) ਮੇਰੇ ਦਰਵਾਜ਼ੇ ਉੱਤੇ ਝਾੜੂ ਫੇਰਦਾ ਹੈ,
ਚੰਦ੍ਰਮਾ ਨੇ (ਹੱਥ ਵਿੱਚ) ਚੌਰ ਧਾਰਨ ਕੀਤਾ ਹੋਇਆ ਹੈ ਅਤੇ ਸੂਰਜ (ਮੇਰੇ) ਸਿਰ 'ਤੇ ਛਤਰ ਝੁਲਾਉਂਦਾ ਹੈ।
ਲੱਛਮੀ ਮੈਨੂੰ ਸ਼ਰਾਬ ਪਿਲਾਉਂਦੀ ਹੈ ਅਤੇ ਬ੍ਰਹਮਾ (ਮੇਰੇ ਲਈ) ਵੇਦ ਪਾਠ ਕਰਦਾ ਹੈ।
ਵਰਣ (ਦੇਵਤਾ ਮੇਰੇ) ਘਰ ਨਿੱਤ ਪਾਣੀ ਭਰਦਾ ਹੈ ਅਤੇ ਹੋਰ ਸਾਰੇ ਦੇਵਤੇ ਮੈਨੂੰ ਨਮਸਕਾਰ ਕਰਦੇ ਹਨ।
ਵੱਡੇ-ਵੱਡੇ ਬਲਵਾਨ ਦੈਂਤ (ਮੈਨੂੰ) ਆਪਣਾ ਕਹਿੰਦੇ ਹਨ ਅਤੇ ਉਸ ਬਲ ਕਰਕੇ ਹੀ ਕੁਬੇਰ ਤੇ ਜੱਛ ਮੈਨੂੰ 'ਕਰ' ਦਿੰਦੇ ਹਨ।