ਕੋਈ ਇਕ ਕਿਸੇ ਹੋਰ ਇਕ ਦੇ ਦਸੇ ਮਾਰਗ ਉਤੇ ਨਹੀਂ ਚਲੇਗਾ
ਅਤੇ ਇਕ ਦੂਜੇ ਦੀ ਗੱਲ ਨੂੰ ਉਲਟ ਦੇਵੇਗਾ ॥੭॥
ਸਾਰੀ ਧਰਤੀ ਪਾਪਾਂ ਦੇ ਭਾਰ ਨਾਲ ਦੁਖੀ ਹੋ ਜਾਵੇਗੀ
ਅਤੇ ਧਰਮ-ਕਰਮ (ਦੇ ਮਾਰਗ) ਉਤੇ ਕੋਈ ਨਹੀਂ ਤੁਰੇਗਾ।
ਘਰ ਘਰ ਵਿਚ ਹੋਰ ਹੋਰ ਹੀ ਮਤ ਹੋ ਜਾਣਗੇ
ਅਤੇ ਇਕ ਧਰਮ ਉਤੇ ਕੋਈ ਵੀ ਨਹੀਂ ਚਲੇਗਾ ॥੮॥
ਦੋਹਰਾ:
ਘਰ ਘਰ ਵਿਚ ਵਖੋ ਵਖਰੇ ਮਤ (ਹੋਣਗੇ) ਅਤੇ ਇਕ ਮਤ ਉਤੇ ਕੋਈ ਵੀ ਨਹੀਂ ਚਲੇਗਾ।
ਜਿਥੇ ਕਿਥੇ ਪਾਪਾਂ ਦਾ ਬੋਲ ਬਾਲਾ ਹੋ ਜਾਵੇਗਾ ਅਤੇ ਧਰਮ ਕਿਤੇ ਵੀ ਨਹੀਂ ਹੋਵੇਗਾ ॥੯॥
ਚੌਪਈ:
ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ
ਅਤੇ ਛਤ੍ਰੀ ਜਗਤ ਵਿਚ (ਕਿਤੇ) ਨਹੀਂ ਦਿਖੇਗਾ।
ਹਰ ਕੋਈ ਅਜਿਹਾ ਮਤ (ਧਾਰਨ) ਕਰ ਲਵੇਗਾ
ਜਿਸ ਕਰ ਕੇ ਸ਼ੂਦ੍ਰਤਾ ਪ੍ਰਾਪਤ ਹੋਵੇਗੀ ॥੧੦॥
ਹਿੰਦੂ ਅਤੇ ਮੁਸਲਮਾਨ ਦੋਹਾਂ ਮਤਾਂ ਨੂੰ ਤਿਆਗ ਕੇ,
ਘਰ ਘਰ ਵਿਚ ਵਖਰੇ ਵਖਰੇ ਮਤ ਚਲ ਪੈਣਗੇ।
ਇਕ ਪਾਸੋਂ ਕੋਈ ਇਕ ਸਲਾਹ ਨਹੀਂ ਲਵੇਗਾ
ਅਤੇ ਕੋਈ ਇਕ ਕਿਸੇ ਇਕ ਨਾਲ ਨਹੀਂ ਰਹੇਗਾ ॥੧੧॥
(ਹਰ ਕੋਈ) ਆਪਣੇ ਆਪ ਨੂੰ ਪਾਰਬ੍ਰਹਮ ਕਹੇਗਾ
ਅਤੇ ਛੋਟਾ ਵੱਡੇ ਨੂੰ ਸਿਰ ਨਹੀਂ ਨਿਵਾਏਗਾ।
ਇਕ ਇਕ ਘਰ ਵਿਚ ਹਰ ਇਕ ਦਾ (ਆਪਣਾ ਆਪਣਾ) ਮਤ ਹੋਵੇਗਾ
ਅਤੇ ਘਰ ਘਰ ਵਿਚ ਰਾਮ ਹੋ ਕੇ ਬੈਠਣਗੇ ॥੧੨॥
ਕੋਈ ਭੁਲ ਕੇ ਵੀ ਪੁਰਾਣ ਨਹੀਂ ਪੜ੍ਹੇਗਾ
ਅਤੇ ਕੋਈ ਵੀ ਹੱਥ ਵਿਚ ਕੁਰਾਨ ਨਹੀਂ ਫੜੇਗਾ।
ਜੋ ਕੋਈ ਵੇਦ ਜਾਂ ਕਤੇਬ (ਸਾਮੀ ਧਰਮ ਪੁਸਤਕਾਂ) ਹੱਥ ਵਿਚ ਲਵੇਗਾ,
ਉਸ ਨੂੰ ਗੋਹਿਆਂ ਦੇ ਅਗਨੀ ਵਿਚ ਸਾੜ ਦੇਣਗੇ ॥੧੩॥
ਜਗਤ ਵਿਚ ਪਾਪ ਦੀ ਕਥਾ ਚਲ ਪਵੇਗੀ
ਅਤੇ ਧਰਮ ਆਪਣੀ ਰਾਜਧਾਨੀ ਛਡ ਕੇ ਭਜ ਜਾਵੇਗਾ।
ਘਰ ਘਰ ਵਿਚ ਵਖਰੇ ਵਖਰੇ ਮਤ ਪ੍ਰਚਲਿਤ ਹੋ ਜਾਣਗੇ
ਜਿਸ ਕਰ ਕੇ ਧਰਮ ਭਰਮ ਬਣ ਕੇ ਉਡ ਪੁਡ ਜਾਵੇਗਾ ॥੧੪॥
ਇਕ ਇਕ ਦਾ ਮਤ ਇਸ ਤਰ੍ਹਾਂ ਪ੍ਰਧਾਨ ਹੋ ਜਾਵੇਗਾ
ਜਿਸ ਦੇ ਫਲਸਰੂਪ ਸਾਰੇ ਸੂਦ੍ਰ (ਬਿਰਤੀ) ਵਾਲੇ ਹੋ ਜਾਣਗੇ।
ਛਤ੍ਰੀ ਅਤੇ ਬ੍ਰਾਹਮਣ ਕੋਈ ਨਹੀਂ ਰਹੇਗਾ
ਅਤੇ ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ ॥੧੫॥
ਸ਼ੂਦ੍ਰ ਦੇ ਘਰ ਬ੍ਰਾਹਮਣੀ ਵਸੇਗੀ
ਅਤੇ ਵੈਸ਼ ਇਸਤਰੀ ਛਤ੍ਰਾਣੀ ਹੋਵੇਗੀ।
ਛਤ੍ਰੀ ਦੇ ਘਰ ਵੈਸ਼ ਇਸਤਰੀ ਵਸੇਗੀ
ਅਤੇ ਬ੍ਰਾਹਮਣ ਦੇ ਘਰ ਸੂਦ੍ਰ ਇਸਤਰੀ ਹੋਵੇਗੀ ॥੧੬॥
ਇਕ ਧਰਮ ਉਤੇ ਪ੍ਰਜਾ ਨਹੀਂ ਚਲੇਗੀ
ਅਤੇ ਵੇਦ ਅਤੇ ਕਤੇਬ, ਦੋਹਾਂ ਦੇ ਮਤਾਂ ਨੂੰ ਦਲ ਸੁਟੇਗੀ (ਅਰਥਾਤ-ਨਕਾਰ ਦੇਵੇਗੀ)
ਘਰ ਘਰ ਵਿਚ ਵਖ ਵਖ ਮਤ ਹੋਵੇਗਾ
ਅਤੇ ਇਕ ਮਾਰਗ ਉਤੇ ਕਈ ਨਹੀਂ ਚਲੇਗਾ ॥੧੭॥
ਗੀਤਾ ਮਾਲਤੀ ਛੰਦ:
ਘਰ ਘਰ ਵਿਚ ਭਿੰਨ ਭਿੰਨ ਮਤਾਂ ਨੂੰ ਇਕ ਇਕ (ਵਿਅਕਤੀ) ਚਲਾਵੇਗਾ।
ਸਭ ਕੋਈ ਆਕੜ ਆਕੜ ਕੇ ਫਿਰੇਗਾ ਅਤੇ (ਕੋਈ) ਇਕ ਕਿਸੇ ਹੋਰ ਨੂੰ ਸਿਰ ਨਹੀਂ ਨਿਵਾਏਗਾ।
ਫਿਰ ਹੋਰ ਹੋਰ ਨਵੇਂ ਨਵੇਂ ਮਤ ਹਰ ਮਹੀਨੇ ਖੜੇ ਹੋ ਜਾਣਗੇ।
ਦੇਵਤਿਆਂ, ਪਿਤਰਾਂ ਅਤੇ ਪੀਰਾਂ ਨੂੰ ਭੁਲ ਕੇ ਵੀ ਕੋਈ ਪੂਜਣ ਨਹੀਂ ਜਾਏਗਾ ॥੧੮॥
ਦੇਵਤਿਆਂ ਅਤੇ ਪੀਰਾਂ ਨੂੰ ਭੁਲਾ ਕੇ (ਆਪਣੇ) ਆਪ ਨੂੰ ਪਰਮੇਸ਼ਵਰ ਅਖਵਾਉਣਗੇ।