ਦੋਹਾਂ ਪਾਸਿਆਂ ਤੋਂ ਸ਼ਸਤ੍ਰ ਚਲੇ।
ਦੋਹਾਂ ਪਾਸਿਆਂ ਤੋਂ ਵਾਜੇ ਵਜੇ।
ਕ੍ਰਿਪਾਨਾਂ ਦੀ ਅਜਿਹੀ ਮਾਰ ਪਈ
ਕਿ ਇਕ ਇਸਤਰੀ ਵੀ ਜੀਉਂਦੀ ਨਹੀਂ ਬਚੀ ॥੧੭॥
ਦੋਹਰਾ:
ਬਜ੍ਰ ਬਾਣ, ਬਿਛੂਆ, ਤੀਰ ਆਦਿ ਬੇਸ਼ੁਮਾਰ ਹਥਿਆਰ ਚਲੇ।
ਸਾਰੀਆਂ ਇਸਤਰੀਆਂ ਮਾਰੀਆਂ ਗਈਆਂ, ਇਕ ਵੀ ਈਸਤਰੀ ਨਾ ਬਚੀ ॥੧੮॥
ਚੌਪਈ:
ਉਨ੍ਹਾਂ ਦੋਹਾਂ ਨੇ ਦੋਹਰੇ ਫਲਾਂ ਵਾਲੀਆਂ ਬਰਛੀਆਂ ਲੈ ਲਈਆਂ
ਅਤੇ ਦੋਹਾਂ ਨੇ (ਇਕ ਦੂਜੇ ਦੇ) ਪੇਟ ਵਿਚ ਦੇ ਮਾਰੀਆਂ।
ਉਨ੍ਹਾਂ ਨੂੰ ਸਹਿ ਕੇ ਫਿਰ ਕਟਾਰਾਂ ਨਾਲ ਲੜੀਆਂ
ਅਤੇ ਦੋਵੇਂ ਯੁੱਧ-ਭੂਮੀ ਵਿਚ ਜੂਝ ਮਰੀਆਂ ॥੧੯॥
ਦੋਹਰਾ:
ਆਪਣੇ ਪ੍ਰੀਤਮ ਦੇ ਪ੍ਰੇਮ ਨੂੰ ਮਨ ਵਿਚ ਰਖ ਕੇ ਦੋਵੇਂ ਇਸਤਰੀਆਂ ਵੈਰੀਆਂ ਨਾਲ ਲੜੀਆਂ
ਅਤੇ ਸਵਰਗ ਸਿਧਾਰ ਕੇ ਆਪਣੇ ਪਤੀ ਨੂੰ ਮਿਲ ਪਈਆਂ ॥੨੦॥
ਆਪਣੇ ਪ੍ਰੀਤਮ ਦੇ ਪ੍ਰੇਮ ਲਈ ਜੋ ਲੜੀਆਂ ਹਨ, ਉਹ ਇਸਤਰੀਆਂ ਧੰਨ ਹਨ।
ਉਨ੍ਹਾਂ ਦਾ ਯਸ਼ ਸੰਸਾਰ ਵਿਚ ਪਸਰ ਗਿਆ ਹੈ ਅਤੇ ਸਵਰਗ ਵਿਚ ਜਾ ਵਸੀਆਂ ਹਨ ॥੨੧॥
ਪ੍ਰੀਤਮ ਦੀ ਪੀੜ ਨੂੰ ਅਨੁਭਵ ਕਰ ਕੇ (ਉਹ) ਜੂਝ ਮਰੀਆਂ ਹਨ (ਅਤੇ ਯੁੱਧ-ਭੂਮੀ ਤੋਂ ਉਨ੍ਹਾਂ ਨੇ) ਪਾਸਾ ਨਹੀਂ ਮੋੜਿਆ ਹੈ।
ਕਵੀ ਸ਼ਿਆਮ ਕਹਿੰਦੇ ਹਨ ਕਿ ਤਦ ਹੀ ਇਹ ਕਥਾ ਪੂਰੀ ਹੋ ਗਈ ਹੈ ॥੨੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੨॥੨੩੯੦॥ ਚਲਦਾ॥
ਚੌਪਈ:
ਦੇਵਤੇ ਅਤੇ ਦੈਂਤ ਦੋਵੇਂ ਮਿਲ ਕੇ
ਛੀਰ ਸਮੁੰਦਰ ਰਿੜਕਣ ਲਈ ਗਏ।
ਜਦੋਂ ਹੀ ਚੌਦਾਂ ਰਤਨ ਬਾਹਰ ਕਢੇ ਗਏ,
ਉਦੋਂ ਹੀ ਦੈਂਤ ਕ੍ਰੋਧਿਤ ਹੋ ਕੇ ਉਠ ਖੜੋਤੇ ॥੧॥
(ਅਤੇ ਕਹਿਣ ਲਗੇ) ਅਸੀਂ ਹੀ ਚੌਦਾਂ ਰਤਨ ਲਵਾਂਗੇ,
ਨਹੀਂ ਤਾਂ ਦੇਵਤਿਆਂ ਨੂੰ ਜੀਣ ਨਹੀਂ ਦਿਆਂਗੇ।
ਫ਼ੌਜਾਂ ਦੇ ਬੇਸ਼ੁਮਾਰ ਦਲ ਉਮਡ ਪਏ।
(ਦੈਂਤ ਕਹਿਣ ਲਗੇ ਕਿ ਅਸੀਂ) ਛੋਟੇ ਭਰਾਵਾਂ ਤੋਂ ਭਜ ਕੇ ਨਹੀਂ ਜਾਵਾਂਗੇ ॥੨॥
ਦੋਹਰਾ:
ਰਾਜ ਦਾ ਕੰਮ-ਕਾਰ ਅਤੇ ਸਾਰੀ ਸਾਜ-ਸੱਜਾ ਜੋ ਕੁਝ ਵੀ ਪ੍ਰਾਪਤ ਹੁੰਦੀ ਹੈ,
ਉਹ ਵੱਡੇ ਭਰਾ ਨੂੰ ਦਿੱਤੀ ਜਾਂਦੀ ਹੈ, ਛੋਟੇ ਭਰਾ ਨਹੀਂ ਲੈਂਦੇ ॥੩॥
ਭੁਜੰਗ ਛੰਦ:
ਉਸ ਵੇਲੇ ਵੱਡੇ ਵੱਡੇ ਦੈਂਤ ਗੁੱਸੇ ਵਿਚ ਆ ਕੇ ਚੜ੍ਹ ਪਏ
ਅਤੇ ਮਾਰੂ ਨਗਾਰੇ ਅਤੇ ਭਿਆਨਕ ਵਾਜੇ ਵਜਣ ਲਗੇ।
ਉਧਰੋਂ ਦੇਵਤੇ ਵੀ ਕ੍ਰੋਧਿਤ ਹੋ ਕੇ ਆਣ ਢੁਕੇ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੱਗ ਦੇ ਭਾਂਬੜ ਉਠੇ ਹੋਣ ॥੪॥
ਬਹੁਤ ਕ੍ਰੋਧਿਤ ਹੋ ਕੇ (ਸੂਰਮੇ) ਡਟ ਗਏ ਹਨ।
ਇਧਰ ਬਾਂਕੇ ਦੇਵਤੇ ਹਨ ਅਤੇ ਉਧਰ ਭਿਆਨਕ ਦੈਂਤ ਹਨ।
ਗੁੱਸੇ ਨਾਲ ਭਰੇ ਹੋਏ ਸੂਰਮੇ ਇਕੱਠੇ ਹੋ ਕੇ
ਹੈਂਕੜ ਹੈਂਕੜ ਕੇ ਯੁੱਧ ਦੇ ਕਾਰਜ ਲਈ ਚੜ੍ਹ ਪਏ ਹਨ ॥੫॥
ਕਿਤੇ (ਮੱਥੇ ਉਤੇ ਧਾਰਨ ਕੀਤੇ ਜਾਣ ਵਾਲੇ ਲੋਹੇ ਦੇ) ਟਿੱਕੇ ਪਏ ਹਨ
ਅਤੇ ਕਿਤੇ ਟੋਪ ਭੰਨੇ ਪਏ ਹਨ। ਚੰਗੀ ਤਰ੍ਹਾਂ ਸੱਜ ਧੱਜ ਕੇ ਕਰੋੜਾਂ ਸੂਰਮੇ ਆਣ ਢੁਕੇ ਹਨ।
ਕਿਤੇ ਵੱਡੇ ਭਾਰੀ ਸੂਰਮੇ ਹਥਿਆਰਾਂ ਨਾਲ ਟੁਕ ਦਿੱਤੇ ਗਏ ਹਨ।
ਨਾ ਕਟੇ ਜਾ ਸਕਣ ਵਾਲੇ ਕਰੋੜਾਂ ਹਾਥੀ ਮਾਰੇ ਗਏ ਹਨ ॥੬॥
ਕਿਤਨੇ ਹੀ (ਲਹੂ ਵਿਚ) ਡੁਬੇ ਪਏ ਹਨ ਅਤੇ ਕਿਤਨੇ ਹੀ ਘਾਇਲ ਹੋ ਕੇ ਘੁੰਮ ਰਹੇ ਹਨ।
ਕਿਤਨੇ ਹੀ ਯੋਧੇ ਝੂਮ ਝੂਮ ਕੇ ਡਿਗ ਪਏ ਹਨ।
ਕਈ ਪਾਣੀ ਮੰਗ ਰਹੇ ਹਨ ਅਤੇ ਕਿਤਨੇ ਹੀ 'ਮਾਰੋ' 'ਮਾਰੋ' ਕੂਕਦੇ ਹਨ।