ਮਾਨੋ ਸਾਵਣ ਦੇ ਮਹੀਨੇ ਵਿਚ ਕਾਲੇ ਬਦਲ ਵਿਚ ਬਿਜਲੀ ਚਮਕਦੀ ਹੋਵੇ ॥੬੧੭॥
ਕਵੀ ਸ਼ਿਆਮ ਕਹਿੰਦੇ ਹਨ, (ਪ੍ਰੇਮ) ਰੰਗ ਵਿਚ ਰਤੀਆਂ ਹੋਈਆਂ ਸੁੰਦਰ (ਗੋਪੀਆਂ) ਸ੍ਰੀ ਕ੍ਰਿਸ਼ਨ ਨਾਲ ਖੇਡਦੀਆਂ ਹਨ।
(ਜਿਨ੍ਹਾਂ ਦੀ) ਸੁੰਦਰਤਾ 'ਸਚੀ' (ਇੰਦ੍ਰਾਣੀ) ਅਤੇ 'ਰਤਿ' (ਕਾਮਦੇਵ ਦੀ ਪਤਨੀ) ਨਾਲੋਂ (ਵੀ ਅਧਿਕ ਹੈ) ਉਹ ਮਨ ਵਿਚ ਸੱਚੀ ਪ੍ਰੀਤ ਕਰ ਕੇ ਖੇਡਦੀਆਂ ਹਨ।
ਜਮਨਾ ਨਦੀ ਦੇ ਕੰਢੇ ਰਾਤ ਅਤੇ ਦਿਨ ਰਾਸ ਦੀ ਖੇਡ ਬੇ-ਧੜਕ (ਢੰਗ ਨਾਲ) ਮਚੀ ਹੋਈ ਹੈ।
ਚੰਦ੍ਰਭਗਾ, ਚੰਦ੍ਰਮੁਖੀ ਅਤੇ ਰਾਧਾ ਸ਼ਰਮ-ਹੱਯਾ ਨੂੰ ਛਿੱਕੇ ਟੰਗ ਕੇ ਨਚਦੀਆਂ ਹਨ ॥੬੧੮॥
ਗੋਪੀਆਂ ਨੇ ਰਾਸ ਦੀ ਖੇਡ ਬਹੁਤ ਸੋਹਣੇ ਢੰਗ ਨਾਲ ਰਚਾਈ ਹੋਈ ਹੈ।
ਜਿਨ੍ਹਾਂ ਦੀਆਂ ਅੱਖੀਆਂ ਹਿਰਨ ਦੇ ਸਮਾਨ ਹਨ ਅਤੇ ਜਿਨ੍ਹਾਂ ਦੇ ਬਰਾਬਰ 'ਸਚੀ' (ਇੰਦ੍ਰਾਣੀ) ਦਾ ਰੂਪ ਵੀ ਨਹੀਂ ਹੈ।
ਉਨ੍ਹਾਂ ਦੇ ਸ਼ਰੀਰ ਸੋਨੇ ਵਰਗੇ (ਚਮਕਦਾਰ) ਹਨ ਅਤੇ ਮੂੰਹ ਚੰਦ੍ਰਮਾ ਦੇ ਸਮਾਨ ਹਨ। (ਇੰਜ ਪ੍ਰਤੀਤ ਹੁੰਦਾ ਹੈ)
ਮਾਨੋ ਕਰਤਾ ਨੇ ਹੱਥ ਵਿਚ (ਸਿਰਜਨਾ ਦੀ) ਸੁੱਧ ਸੁੰਦਰ ਸਾਮਗ੍ਰੀ ਲੈ ਕੇ ਰਾਧਾ ਨੂੰ ਬਣਾਇਆ ਹੋਵੇ ਅਤੇ ਬਾਕੀ ਬਚੀ (ਸਾਮਗ੍ਰੀ) ਤੋਂ ਹੋਰਾਂ ਨੂੰ ਸਿਰਜਿਆ ਹੋਵੇ ॥੬੧੯॥
ਜੋ ਵੀ (ਗੋਪੀ) ਰਾਸ ਵਿਚ ਖੇਡਣ ਆਈ ਹੈ, ਉਸ ਇਸਤਰੀ ਨੇ ਸ਼ਰੀਰ ਉਤੇ ਸੁੰਦਰ ਬਾਣਾ ਪਾਇਆ ਹੋਇਆ ਹੈ।
ਇਕ ਦੇ (ਬਸਤ੍ਰ) ਪੀਲੇ ਰੰਗ ਦੇ ਹਨ ਅਤੇ ਇਕ ਦੇ ਕਸੁੰਭੇ ਦੇ ਰੰਗ ਦੇ ਹਨ, ਇਕ ਦੇ ਹਰੇ (ਰੰਗ ਦੇ ਹਨ) ਅਤੇ ਇਕ ਦੇ ਕੇਸਰ ਭਿੰਨੇ ਹਨ।
ਉਸ ਦੀ ਛਬੀ ਦੇ ਉੱਚੇ ਅਤੇ ਸ੍ਰੇਸ਼ਠ ਯਸ਼ ਨੂੰ ਕਵੀ ਨੇ ਆਪਣੇ ਮਨ ਵਿਚ (ਇਸ ਤਰ੍ਹਾਂ) ਪਛਾਣਿਆ ਹੈ।
ਉਹ ਨਚਦੀਆਂ ਨਚਦੀਆਂ ਧਰਤੀ ਉਤੇ ਡਿਗ ਪਈਆਂ ਹਨ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਰਹੀਆਂ ਹਨ, (ਪਰ ਅਜੇ) ਨੈਣ ਰਜੇ ਨਹੀਂ ਹਨ ॥੬੨੦॥
ਉਨ੍ਹਾਂ (ਗੋਪੀਆਂ) ਦਾ ਇਤਨਾ ਪ੍ਰੇਮ ਵੇਖ ਕੇ ਬਹੁਤ ਆਨੰਦਿਤ ਹੋਏ ਕ੍ਰਿਸ਼ਨ ਹਸ ਰਹੇ ਹਨ।
(ਉਨ੍ਹਾਂ ਦੀ) ਗੋਪੀਆਂ ਨਾਲ ਪ੍ਰੀਤ ਬਹੁਤ ਵਧ ਗਈ ਹੈ ਅਤੇ ਫਿਰ (ਉਨ੍ਹਾਂ ਦੇ) ਬਹੁਤ ਅਧਿਕ (ਪ੍ਰੇਮ) ਰਸ ਵਿਚ ਫਸੇ ਹੋਏ ਹਨ।
ਜਿਸ ਦੇ ਤਨ ਨੂੰ ਵੇਖਣ ਨਾਲ ਪੁੰਨ ਵੱਧ ਜਾਂਦੇ ਹਨ ਅਤੇ ਜਿਸ ਨੂੰ ਵੇਖਣ ਨਾਲ ਪਾਪ ਨਸ਼ਟ ਹੋ ਜਾਂਦੇ ਹਨ।
ਜਿਵੇਂ ਚੰਦ੍ਰਮਾ ਦੇ ਅਗੇ ਬਿਜਲੀ ਚਮਕਦੀ ਹੈ, ਉਵੇਂ ਹੀ ਸ੍ਰੀ ਕ੍ਰਿਸ਼ਨ ਦੇ ਦੰਦ ਅਨਾਰ ਦੇ ਦਾਣਿਆਂ ਵਾਂਗ ਲਿਸ਼ਕਦੇ ਹਨ ॥੬੨੧॥
ਜਿਹੜਾ ਸ੍ਰੀ ਕ੍ਰਿਸ਼ਨ ਸਾਰਿਆਂ ਦੈਂਤਾਂ ਨੂੰ ਮਾਰਨ ਵਾਲਾ ਹੈ, (ਉਸ ਨੇ) ਗੋਪੀਆਂ ਨੂੰ ਹਸ ਕੇ ਗੱਲ ਕਹੀ ਹੈ।
ਜੋ ਸਾਧਕਾਂ ਨੂੰ ਵਰ ਦੇਣ ਵਾਲਾ ਹੈ ਅਤੇ ਅਸਾਧਾਂ ਨੂੰ ਨਸ਼ਟ ਕਰਨ ਵਾਲਾ ਹੈ।
ਉਹੀ ਜਸੋਧਾ ਦਾ ਪੁੱਤਰ ਅਤੇ ਬਲਰਾਮ ਦਾ ਭਰਾ ਰਾਸ ਵਿਚ ਖੇਡਦਾ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਨੇ ਨੈਣਾਂ ਦੇ ਸੰਕੇਤ ਕਰ ਕੇ ਗੋਪੀਆਂ ਦੀ ਮਤ ਨੂੰ ਚੁਰਾ ਲਿਆ ਹੋਵੇ ॥੬੨੨॥
ਕਵੀ ਸ਼ਿਆਮ ਕਹਿੰਦੇ ਹਨ, ਦੇਵ ਗੰਧਾਰੀ, ਬਿਲਾਵਲ, ਸ਼ੁੱਧ ਮਲ੍ਹਾਰ (ਰਾਗਾਂ ਦੀ ਧੁਨ) ਸੁਣਾਈ ਹੈ।
ਜੈਤਸਿਰੀ ਅਤੇ ਗੂਜਰੀ (ਰਾਗਾਂ ਦੀ) ਸੁੰਦਰ ਧੁਨ ਨਾਲ ਰਾਮਕਲੀ ਦੀ ਤਾਨ ਨੂੰ ਵੀ ਪੂਰਿਆ ਹੈ।
ਜਿਨ੍ਹਾਂ ਨੇ (ਉਸ) ਸੁਰ ਨੂੰ ਸੁਣ ਲਿਆ ਹੈ, ਉਹ ਸਥਾਵਰ (ਸਥਿਰ ਅਵਸਥਾ ਵਿਚ ਰਹਿਣ ਵਾਲੀਆਂ ਵਸਤੂਆਂ) ਤੋਂ ਜੰਗਮ (ਗਤਿਮਾਨ ਵਸਤੂਆਂ) ਅਤੇ ਜੜ ਤੋਂ ਚੇਤਨ ਹੋ ਗਏ ਹਨ।
ਰਾਸ ਵਿਚ ਗੋਪੀਆਂ ਨਾਲ ਮਿਲ ਕੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਬੰਸਰੀ ਨੂੰ ਵਜਾਇਆ ਹੈ ॥੬੨੩॥
ਦੀਪਕ ਅਤੇ ਨਟ-ਨਾਇਕ ਰਾਗ ਅਤੇ ਗੌੜੀ (ਰਾਗ) ਦੀ ਤਾਨ ਬਹੁਤ ਸੋਹਣੇ ਢੰਗ ਨਾਲ ਵਜਾਈ ਹੈ।
ਸੋਰਠ, ਸਾਰੰਗ, ਰਾਮਕਲੀ ਅਤੇ ਜੈਤਸਿਰੀ ਦੀ ਸੁਰ ਬਹੁਤ ਚੰਗੇ ਤਰੀਕੇ ਨਾਲ ਸੁਣਾਈ ਹੈ।
(ਸ੍ਰੀ ਕ੍ਰਿਸ਼ਨ ਦੀ ਬੰਸਰੀ ਦੀ ਸੁਰ ਨੂੰ ਸੁਣ ਕੇ) ਧਰਤੀ ਉਤੇ ਰਹਿਣ ਵਾਲੇ ਸਾਰੇ ਲੋਕ ਪ੍ਰਸੰਨ ਹੋ ਰਹੇ ਸਨ ਅਤੇ ਦੇਵਤਿਆਂ ਦਾ ਰਾਜਾ (ਇੰਦਰ) ਵੀ ਸੁਣ ਕੇ ਰੀਝ ਰਿਹਾ ਹੈ।
ਸ਼ਿਆਮ ਨੇ (ਜਮਨਾ) ਨਦੀ ਦੇ ਕੰਢੇ ਉਤੇ ਗੋਪੀਆਂ ਨਾਲ ਆਨੰਦ ਪੂਰਵਕ ਮੁਰਲੀ ਵਜਾਈ ਹੈ ॥੬੨੪॥
ਜਿਸ ਦੇ ਮੁਖ ਦੀ ਸੁੰਦਰਤਾ ਚੰਦ੍ਰਮਾ ਵਰਗੀ ਸੀ ਅਤੇ ਉਸ ਦੇ ਸ਼ਰੀਰ ਦੀ ਚਮਕ ਮਾਨੋ ਸੋਨੇ ਦੇ ਸਮਾਨ ਸੀ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਆਪਣੇ ਹੱਥ ਨਾਲ ਅਨੂਪਮ ਜਿਹੀ ਮੂਰਤ ਚਿਤਰੀ ਹੋਵੇ।
ਚਾਂਦਨੀ ਰਾਤ ਨੂੰ ਗੋਪੀਆਂ ਦੀ ਟੋਲੀ ਵਿਚ ਇਹ ਗੋਪੀ ਹੋਰਨਾਂ ਗਵਾਲਣਾਂ ਤੋਂ ਚੰਗੀ ਹੈ।
ਜੋ ਗੱਲ ਸ੍ਰੀ ਕ੍ਰਿਸ਼ਨ ਦੇ ਮਨ ਵਿਚ ਸੀ, ਉਹ ਰਾਧਾ ਨੇ (ਆਪਣੇ ਮਨ) ਵਿਚ ਜਾਣ ਲਈ ਹੈ ॥੬੨੫॥
ਸ੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਿਹਾ:
ਦੋਹਰਾ:
ਕ੍ਰਿਸ਼ਨ ਨੇ ਰਾਧਾ ਦੇ ਸ਼ਰੀਰ ਨੂੰ ਵੇਖ ਕੇ ਅਤੇ ਹਸ ਕੇ ਇਹ ਗੱਲ ਕਹੀ,
(ਹੇ ਰਾਧਾ!) ਹਿਰਨੀ (ਵਰਗੇ ਨੈਣ) ਅਤੇ ਫਿਰ ਕਾਮਦੇਵ (ਦੀ ਖ਼ੂਬਸੂਰਤੀ) ਸਭ ਕੁਝ ਤੇਰੇ ਸ਼ਰੀਰ ਵਿਚ ਹੈ ॥੬੨੬॥
ਸਵੈਯਾ:
ਹੇ ਗੋਪੀ! ਸੁਣ, (ਤੂੰ) ਤਕਦੀਰ ਦਾ ਮੱਥਾ (ਅਰਥਾਤ ਨਸੀਬ) ਚੁਰਾ ਲਿਆ ਹੈ ਅਤੇ (ਤੇਰੇ) ਮੁਖ ਨੇ ਚੰਦ੍ਰਮਾ ਦੀ ਜੋਤਿ ਖੋਹ ਲਈ ਹੈ।
(ਤੇਰੇ) ਨੈਣ ਮਾਨੋ ਤਿਖੇ ਤੀਰ ਹੋਣ ਅਤੇ ਭੌਆਂ ਮਾਨੋ ਕਸੀ ਹੋਈ ਕਮਾਨ ਸਮਝੀ ਜਾਵੇ।
(ਤੇਰੇ) ਕੋਇਲ ਵਰਗੇ ਬੋਲ ਹਨ, ਕਬੂਤਰ ਜਿਹੀ ਗਰਦਨ ਹੈ, (ਅਸੀਂ ਓਹੀ ਗੱਲ ਕਹੀ ਹੈ) ਜੋ ਸਾਡੇ ਮਨ ਵਿਚ ਵਸੀ ਹੋਈ ਹੈ।
ਇਤਨਾ ਹੀ ਨਹੀਂ, ਮੇਰਾ ਚਿਤ ਵੀ ਚੁਰਾ ਲਿਆ ਹੈ। (ਇਹ) ਇਸਤਰੀ ਬਿਜਲੀ ਦੇ ਸਮਾਨ ਲਿਸ਼ਕ ਰਹੀ ਹੈ ॥੬੨੭॥
ਸ੍ਰੀ ਕ੍ਰਿਸ਼ਨ ਰਾਧਾ ਨੂੰ ਲੈ ਕੇ ਬਹੁਤ ਸੋਹਣੇ ਢੰਗ ਨਾਲ ਸੁੰਦਰ ਗੀਤ ਗਾਉਂਦਾ ਹੈ।
ਸਾਰੰਗ, ਦੇਵ ਗੰਧਾਰੀ, ਵਿਭਾਸ, ਬਿਲਾਵਲ (ਆਦਿਕ ਰਾਗਾਂ ਵਿਚ) ਤਾਨ ਪੂਰਦਾ ਹੈ।
ਜੋ ਕੋਈ ਮੂਰਖ ('ਜੜ') ਧੁਨ ਨੂੰ ਸੁਣਦਾ ਹੈ, ਉਹ ਘਰ-ਬਾਰ ਨੂੰ ਛਡ ਕੇ ਉਧਰ ਨੂੰ ਭਜ ਜਾਂਦਾ ਹੈ।
ਜੋ ਪੰਛੀ ਆਕਾਸ਼ ਵਿਚ ਉਡਦਾ ਜਾ ਰਿਹਾ ਹੋਵੇ, (ਜੇ ਉਹ) ਬੰਸਰੀ ਦੀ ਧੁਨ ਸੁਣ ਲਵੇ, ਤਾਂ ਸੁਣ ਕੇ ਰੁਕ ਜਾਂਦਾ ਹੈ ॥੬੨੮॥
ਗੋਪੀਆਂ ਦੀ ਟੋਲੀ ਨਾਲ ਕ੍ਰਿਸ਼ਨ ਇਸ ਤਰ੍ਹਾਂ ਗਾਉਂਦੇ ਅਤੇ ਨਚਦੇ ਹਨ।
ਮਨ ਵਿਚ ਆਨੰਦ ਵਧਾ ਕੇ ਖੇਡਦੇ ਹਨ ਅਤੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਧਾਰਦੇ ਹਨ।