ਮਰਨ ਵੇਲੇ ਮੇਰੇ ਪਤੀ ਨੇ ਬੋਲ ਕਹੇ ਸਨ,
ਉਹ ਮੈਂ ਤੁਹਾਨੂੰ ਦਸਦੀ ਹਾਂ।
(ਇਕ) ਉਤਮ ਬ੍ਰਾਹਮਣ ਨੇ ਰਾਜੇ ਨੂੰ ਸਰਾਪ ਦਿੱਤਾ ਸੀ,
ਇਸ ਲਈ ਉਸ ਨੇ ਗ਼ਰੀਬ ਦਾ ਭੇਸ ਧਾਰਨ ਕੀਤਾ ਹੈ ॥੧੦॥
ਦੋਹਰਾ:
ਇਸੇ ਕਿਲ੍ਹੇ ਦੇ ਦਰਵਾਜ਼ੇ ਤੇ ਰਾਜਾ ਵੀ ਜਾ ਬੈਠਾ ਹੈ।
(ਉਸ ਨੇ) ਰਾਜੇ ਦੀ ਦੇਹ ਤਿਆਗ ਕੇ ਗ਼ਰੀਬ ਦੀ ਦੇਹ ਪਾ ਲਈ ਹੈ ॥੧੧॥
ਤਾਂ ਰਾਜੇ ਨੇ ਉਸ (ਬ੍ਰਾਹਮਣ) ਨੂੰ ਕਿਹਾ ਕਿ ਮੇਰਾ ਕਦੇ ਉੱਧਾਰ ਹੋਵੇਗਾ।
ਜੋ ਉਤਮ ਬ੍ਰਾਹਮਣ ਨੇ ਰਾਜੇ ਨੂੰ ਕਿਹਾ, ਉਹੀ ਮੈਂ (ਤੁਹਾਨੂੰ) ਦਸਦੀ ਹਾਂ ॥੧੨॥
ਚੌਪਈ:
(ਤੁਸੀਂ) ਕੁਝ ਦਿਨ ਕਿਲ੍ਹੇ ਦੇ ਦੁਆਰ ਉਤੇ ਰਹੋ
ਅਤੇ ਆਪਣੀ ਦੇਹ ਨੂੰ ਬਹੁਤ ਦੁਖ ਦਿੰਦੇ ਹੋਏ ਟਿਕੇ ਰਹੋ।
(ਫਿਰ) ਰਾਣੀ ਲਭਦੀ ਹੋਈ ਇਥੇ ਆਵੇਗੀ
ਅਤੇ ਤੁਹਾਨੂੰ ਆਪਣਾ ਰਾਜ ਦੇਵੇਗੀ ॥੧੩॥
ਦੋਹਰਾ:
ਭਾਵੇਂ ਤੁਹਾਡਾ ਰੂਪ ਓਹੋ ਜਿਹਾ ਨਹੀਂ ਹੋਵੇਗਾ, ਪਰ ਰਾਜ ਉਸੇ ਤਰ੍ਹਾਂ ਕਰੋਗੇ।
ਜੋ ਰਾਜਾ ਮੈਨੂੰ ਮਰਨ ਵੇਲੇ ਕਹਿ ਗਏ ਸਨ, ਉਹ ਮੈਂ ਤੁਹਾਨੂੰ ਕਹਿ ਦਿੱਤਾ ਹੈ ॥੧੪॥
ਚੌਪਈ:
ਮੈਂ ਅਤੇ ਤੁਸੀਂ ਉਸ ਨੂੰ ਖੋਜਣ ਜਾਂਦੇ ਹਾਂ
ਅਤੇ ਜੋ ਰਾਜੇ ਨੇ ਕਿਹਾ ਸੀ, ਉਸੇ ਅਨੁਸਾਰ ਕਾਰਵਾਈ ਕਰਦੇ ਹਾਂ।
ਮੈਂ ਤਦ ਹੀ ਜਗਤ ਵਿਚ ਜੀਉਂਦੀ ਰਹਿ ਸਕਾਂਗੀ,
ਜਦ ਇਸ ਰੂਪ ਵਾਲਾ ਰਾਜਾ ਪ੍ਰਾਪਤ ਕਰ ਲਵਾਂਗੀ ॥੧੫॥
ਰਾਣੀ ਨੂੰ ਲੈ ਕੇ ਮੰਤ੍ਰੀ (ਉਥੇ) ਗਿਆ
ਅਤੇ ਉਸ ਪੁਰਸ਼ ਨੂੰ ਰਾਜਾ ਬਣਾ ਦਿੱਤਾ।
ਉਸ ਨੂੰ ਸਾਰੇ ਦੇਸ ਦਾ ਰਾਜਾ ਬਣਾ ਦਿੱਤਾ
ਅਤੇ ਸਾਰਾ ਰਾਜ-ਸਾਜ ਉਸ ਨੂੰ ਦੇ ਦਿੱਤਾ ॥੧੬॥
ਦੋਹਰਾ:
ਆਪਣੇ ਰਾਜੇ ਨੂੰ ਮਾਰ ਕੇ ਰਾਣੀ ਨੇ ਚਰਿਤ੍ਰ ਖੇਡਿਆ
ਅਤੇ ਗ਼ਰੀਬ ਤੋਂ ਰਾਜਾ ਬਣਾ ਕੇ ਮਨ ਵਿਚ ਬਹੁਤ ਪ੍ਰਸੰਨ ਹੋਈ ॥੧੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮ੍ਰੰਤੀ ਭੂਪ ਸੰਬਾਦ ਦੇ ੬੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੩॥੧੧੨੯॥ ਚਲਦਾ॥
ਚੌਪਈ:
ਇਕ ਮੈਂਗਲ ਸਿੰਘ ਰਾਜਾ ਹੁੰਦਾ ਸੀ।
ਉਸ ਨੂੰ ਲੋਕੀ ਰਘੂਬੰਸੀ ਕਹਿੰਦੇ ਸਨ।
ਉਸ ਦੇ ਘਰ ਇਕ ਸੁੰਦਰ ਇਸਤਰੀ ਸੀ।
ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਘੜ ਕੇ ਬਣਾਈ ਹੋਵੇ ॥੧॥
ਸੋਰਠਾ:
ਉਸ (ਇਸਤਰੀ) ਦਾ ਨਾਂ ਦੰਤ ਪ੍ਰਭਾ ਸੀ। ਜੋ ਸਾਰਾ ਜਗਤ ਜਾਣਦਾ ਸੀ।
ਉਸ ਦੀ ਸੁੰਦਰ ਸ਼ੋਭਾ ਨੂੰ ਵੇਖ ਵੇਖ ਕੇ ਦੇਵਤੇ ਅਤੇ ਇੰਦਰ ਥਕ ਜਾਂਦੇ ਸਨ ॥੨॥
ਦੋਹਰਾ:
ਉਸ ਦੇ ਘਰ ਰਸ-ਰੀਤ ਵਿਚ ਅਤਿ ਨਿਪੁਣ ਇਕ ਦਾਸੀ ਸੀ।
(ਉਹ) ਵੇਦ, ਵਿਆਕਰਣ, ਛੇ ਸ਼ਾਸਤ੍ਰ ਅਤੇ ਕੋਕ ਸ਼ਾਸਤ੍ਰ ਤੇ ਸੰਗੀਤ ਪੜ੍ਹੀ ਹੋਈ ਸੀ ॥੩॥
ਉਸ ਦਾ ਰੂਪ ਵੇਖ ਕੇ ਰਾਜਾ ਉਸ ਨਾਲ ਅਟਕ ਗਿਆ।
ਪਰ (ਆਪਣੀ) ਇਸਤਰੀ ਤੋਂ ਸੰਗਦਿਆਂ (ਅਰਥਾਤ ਡਰਦਿਆਂ) ਉਸ ਨੂੰ ਕੁਝ ਦੇ ਨਹੀਂ ਸਕਦਾ ਸੀ ॥੪॥
ਚੌਪਈ:
ਇਕ ਅੰਗੂਠੀ ਰਾਜੇ ਨੇ ਹੱਥ ਵਿਚ ਲਈ
ਅਤੇ ਲੈ ਕੇ ਉਸ ਦਾਸੀ ਨੂੰ ਦੇ ਦਿੱਤੀ।
ਉਸ ਨੂੰ ਇਹ ਗੱਲ ਸਮਝਾ ਦਿੱਤੀ
ਕਿ ਕਹਿਣਾ, (ਮੈਨੂੰ) ਡਿਗੀ ਹੋਈ ਮਿਲੀ ਹੈ ॥੫॥