(ਹੁਣ) ਹੇਠਾਂ ਨੂੰ ਕਿਉਂ ਤਕਦੇ ਹੋ ॥੪੩॥
(ਮੁੰਦਰੀ ਵੇਖ ਕੇ) ਰਾਜਾ ਜਾਣ ਗਿਆ
ਅਤੇ (ਸ਼ਕੁੰਤਲਾ ਨੂੰ) ਪਛਾਣ ਲਿਆ।
ਤਦ ਉਸ ਨੂੰ ਵਰ ਲਿਆ
ਅਤੇ ਬਹੁਤ ਤਰ੍ਹਾਂ ਨਾਲ ਭਰ ਦਿੱਤਾ (ਅਰਥਾਤ-ਸੰਤੁਸ਼ਟ ਕਰ ਦਿੱਤਾ) ॥੪੪॥
(ਰਾਜੇ ਦੇ ਉਸ ਇਸਤ੍ਰੀ ਤੋਂ) ਸੱਤ ਪੁੱਤਰ ਪੈਦਾ ਹੋਏ
ਜੋ ਰੂਪ ਅਤੇ ਰਸ ਦੇ ਭੰਡਾਰ ਸਨ।
(ਉਹ ਪੁੱਤਰ) ਅਮਿਤ ਤੇਜ ਅਤੇ ਬਲ ਵਾਲੇ ਸਨ।
(ਉਹ) ਵੈਰੀਆਂ ਦੇ ਭਾਰੀ ਦਲ ਨੂੰ ਦਲ ਸੁਟਣ ਵਾਲੇ ਸਨ ॥੪੫॥
ਬਲਵਾਨ ਰਾਜਿਆਂ ਨੂੰ ਮਾਰ ਕੇ ਧਰਤੀ ਦੇ
ਅਨੇਕ ਸਥਲ ਜਿਤ ਲਏ ਸਨ।
(ਫਿਰ) ਰਿਸ਼ੀਆਂ ਅਤੇ ਰਿੱਤਜਾਂ ('ਰਜੀ' ਯੱਗ ਕਰਨ ਵਾਲੇ ਬ੍ਰਾਹਮਣ) ਨੂੰ ਬੁਲਾ ਕੇ
ਯੱਗ ਦੀ ਮਰਯਾਦਾ ਦੀ ਸਾਜਨਾ ਕੀਤੀ ॥੪੬॥
(ਉਨ੍ਹਾਂ ਪੁੱਤਰਾਂ ਨੇ) ਸ਼ੁਭ ਕਰਮ ਕਰ ਕੇ
ਵੈਰੀਆਂ ਦੇ ਸਮੂਹਾਂ ਨੂੰ ਨਸ਼ਟ ਕਰ ਦਿੱਤਾ।
(ਉਹ) ਮਹਾਨ ਸੂਰਮੇ ਸਨ,
(ਉਨ੍ਹਾਂ ਵਰਗਾ) ਹੋਰ ਕੋਈ ਨਹੀਂ ਸੀ ॥੪੭॥
(ਉਨ੍ਹਾਂ ਦੇ ਮੁਖ ਉਤੇ) ਬਹੁਤ ਜੋਤਿ ਚਮਕਦੀ ਸੀ
(ਜਿਸ ਦੇ ਸਾਹਮਣੇ) ਚੰਦ੍ਰਮਾ ਦੀ ਚਮਕ ਕਿਸ ਕੰਮ ਦੀ।
(ਉਨ੍ਹਾਂ ਨੂੰ ਵੇਖ ਕੇ) ਚਾਰੇ ਚਕ ਹੈਰਾਨ ਸਨ
ਅਤੇ ਦੇਵ ਇਸਤਰੀਆਂ ਮੋਹਿਤ ਹੋ ਰਹੀਆਂ ਸਨ ॥੪੮॥
ਰੂਆਲ ਛੰਦ:
ਅਰਬਾਂ ਖਰਬਾਂ ਹੰਕਾਰੀ ਰਾਜਿਆਂ ਨੂੰ ਗਾਲ ਗਾਲ ਕੇ ਮਾਰ ਦਿੱਤਾ।
ਨਾ ਜਿਤੇ ਜਾ ਸਕਣ ਵਾਲੇ ਰਾਜਿਆਂ ਨੂੰ ਜਿਤ ਜਿਤ ਕੇ (ਉਨ੍ਹਾਂ ਤੋਂ) ਦੇਸ ਬਿਦੇਸ ਖੋਹ ਲਏ।
ਪਰਬਤਾਂ ਨੂੰ ਹਟਾ ਹਟਾ ਕੇ ਉੱਤਰ ਦਿਸ਼ਾ ਵਿਚ ਕਰ ਦਿੱਤਾ
ਅਤੇ (ਉਨ੍ਹਾਂ ਦੇ) ਰਥਾਂ ਦੇ ਪਹੀਇਆਂ ('ਚਕ੍ਰ') ਦੀਆਂ ਲਕੀਰਾਂ ਨਾਲ ਧਰਤੀ ਉਤੇ ਸੱਤ ਸਮੁੰਦਰ ਬਣ ਗਏ ॥੪੯॥
ਹਥਿਆਰ ਵਾਹ ਵਾਹ ਕੇ ਨਾ ਗਾਹੇ ਜਾ ਸਕਣ ਵਾਲੇ ਦੇਸਾਂ ਨੂੰ ਗਾਹ ਲਿਆ
ਅਤੇ ਨਾ ਤੋੜੇ ਜਾ ਸਕਣ ਵਾਲੇ ਪਰਬਤਾਂ ਨੂੰ ਤੋੜ ਕੇ ਉੱਤਰ (ਦਿਸ਼ਾ) ਵਲ ਸੁਟ ਦਿੱਤਾ।
ਦੇਸ ਅਤੇ ਵਿਦੇਸ ਨੂੰ ਜਿਤ ਕੇ ਵਿਸ਼ੇਸ਼ ਰੂਪ ਵਿਚ ਰਾਜ ਕਮਾਇਆ।
ਅੰਤ ਵਿਚ ਪ੍ਰਿਥੁ ਰਾਜੇ ਦੀ ਜੋਤਿ ਜਾ ਕੇ (ਪ੍ਰਭੂ ਦੀ) ਜੋਤਿ ਵਿਚ ਮਿਲ ਗਈ ॥੫੦॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਅਵਤਾਰ ਦੇ ਬਿਆਸ ਦੇ ਰਾਜਾ ਪ੍ਰਿਥੁ ਦੇ ਰਾਜ ਦੀ ਸਮਾਪਤੀ।
ਹੁਣ ਭਰਤ ਦੇ ਰਾਜ ਦਾ ਕਥਨ:
ਰੂਆਲ ਛੰਦ:
ਅੰਤ ਸਮਾਂ ਆ ਪਹੁੰਚਿਆ ਜਾਣ ਕੇ ਰਾਜ ਅਵਤਾਰ ਪ੍ਰਿਥ ਰਾਜ ਨੇ
ਸਾਰੇ ਮਿਤ੍ਰਾਂ, ਮੰਤ੍ਰੀਆਂ, ਪੁਤ੍ਰਾਂ ਨੂੰ ਬੁਲਾ ਕੇ ਧਨ ਦੌਲਤ ਤੇ ਜਾਇਦਾਦ ਵੰਡ ਦਿੱਤੀ।
ਸੱਤ ਪੁਤ੍ਰਾਂ ਨੂੰ ਸੱਤ ਦੀਪ ਤੁਰਤ ਵੰਡ ਦਿੱਤੇ।
ਸੋਭਾ ਯੁਕਤ ਸੱਤ ਪੁੱਤ੍ਰ ਸੱਤਾਂ ਦੀਪਾਂ ਵਿੱਚ ਰਾਜ ਕਰਨ ਲੱਗੇ ॥੫੧॥
ਸੱਤਾਂ ਰਾਜ ਕੁਮਾਰਾਂ ਦੇ ਸਿਰ ਉਤੇ ਸੱਤ ਛਤ੍ਰ ਝੁਲਣ ਲਗੇ।
(ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ) ਮਾਨੋ ਸੱਤ ਇੰਦਰ ਧਰਤੀ ਉਤੇ ਆ ਪਏ ਹੋਣ (ਅਤੇ ਇਹ) ਸੱਤੇ (ਇੰਦਰ ਦੇ) ਅਵਤਾਰ ਹੋਣ।
(ਉਨ੍ਹਾਂ ਨੇ) ਮਿਲ ਕੇ ਸਾਰੇ ਸ਼ਾਸਤ੍ਰਾਂ ਅਤੇ ਵੇਦਾਂ ਦੀ ਵਿਚਾਰ ਪੂਰਵਕ ਰੀਤ ਧਾਰਨ ਕੀਤੀ।
ਲੋਕ ਭਲਾਈ ਅਤੇ ਸੁਧਾਰ ਲਈ ਦਾਨ ਦਾ ਅੰਸ਼ ਕਢ ਲਿਆ ॥੫੨॥
ਨ ਖੰਡੀ ਜਾ ਸਕਣ ਵਾਲੀ ਧਰਤੀ ('ਉਰਬੀ') ਦੇ ਖੰਡ ਖੰਡ ਕਰ ਕੇ ਰਾਜਕੁਮਾਰਾਂ ਨੇ (ਆਪਸ ਵਿਚ) ਵੰਡ ਲਈ।
ਸੱਤ ਦੀਪਾਂ ਦਾ ਨਾਮ ਫਿਰ ਵਿਚਾਰ ਪੂਰਵਕ 'ਨਵ ਖੰਡ' ਰਖਿਆ ਗਿਆ।
ਵੱਡੇ ਪੁੱਤਰ, ਜਿਸ ਨੇ ਧਰਤੀ ਨੂੰ ਧਾਰਨ ਕੀਤਾ, ਦਾ ਨਾਂ 'ਭਰਤ' ਕਿਹਾ ਗਿਆ।
ਅਠਾਰ੍ਹਾਂ ਵਿਦਿਆਵਾਂ ਦੇ ਉੱਤਮ ਖ਼ਜ਼ਾਨੇ (ਸਮਝੇ ਜਾਣ ਵਾਲੇ ਲੋਕ ਉਸ ਭੂਮੀ ਖੰਡ ਨੂੰ) 'ਭਰਥ ਖੰਡ' ਕਹਿਣ ਲਗ ਪਏ ॥੫੩॥
ਕਿਹੜਾ ਕਿਹੜਾ (ਨਾਮ) ਕਵੀ ਕਥਨ ਕਰੇ, (ਕਿਉਂਕਿ ਉਨ੍ਹਾਂ ਦੇ) ਨਾਮ ਅਤੇ ਸਥਾਨ ਅਨੰਤ ਹਨ।
ਅਸੀਮ ('ਦੁਰੰਤ') ਨੌ ਖੰਡ ਦੀਪਾਂ ਨੂੰ (ਉਨ੍ਹਾਂ) ਸਾਰਿਆਂ ਨੇ ਵੰਡ ਲਿਆ।
ਥਾਂ ਥਾਂ ਤੇ ਜੋ ਰਾਜੇ ਹੋਏ, (ਉਨ੍ਹਾਂ) ਦੇ ਨਾਮ ਅਤੇ ਸਥਾਨ ਅਨੇਕ ਹਨ।