ਸ਼੍ਰੀ ਦਸਮ ਗ੍ਰੰਥ

ਅੰਗ - 323


ਕਾਨ੍ਰਹ ਬਜਾਵਤ ਹੈ ਮੁਰਲੀ ਸੁਨਿ ਹੋਤ ਸੁਰੀ ਅਸੁਰੀ ਸਭ ਬਉਰੀ ॥

ਕ੍ਰਿਸ਼ਨ (ਇਸ ਤਰ੍ਹਾਂ ਦੀ) ਮੁਰਲੀ ਵਜਾਉਂਦਾ ਹੈ, (ਜਿਸ ਨੂੰ) ਸੁਣ ਕੇ ਦੇਵ ਅਤੇ ਦੈਂਤ ਇਸਤਰੀਆਂ ਬੌਰੀਆਂ ਹੋ ਜਾਂਦੀਆਂ ਹਨ।

ਆਇ ਗਈ ਬ੍ਰਿਖਭਾਨ ਸੁਤਾ ਸੁਨਿ ਪੈ ਤਰੁਨੀ ਹਰਨੀ ਜਿਮੁ ਦਉਰੀ ॥੩੦੨॥

(ਬੰਸਰੀ ਦੀ ਸੁਰ) ਸੁਣ ਕੇ ਬ੍ਰਿਖ ਭਾਨ (ਗਵਾਲੇ) ਦੀ ਪੁੱਤਰੀ (ਰਾਧਾ) ਜਵਾਨ ਹਿਰਨੀ ਵਾਂਗ ਦੌੜ ਕੇ (ਉਥੇ) ਆ ਗਈ ॥੩੦੨॥

ਜੋਰਿ ਪ੍ਰਨਾਮ ਕਰਿਯੋ ਹਰਿ ਕੋ ਕਰ ਨਾਥ ਸੁਨੋ ਹਮ ਭੂਖ ਲਗੀ ਹੈ ॥

(ਗਵਾਲ ਬਾਲਕਾਂ ਨੇ) ਹੱਥ ਜੋੜ ਕੇ ਕ੍ਰਿਸ਼ਨ ਨੂੰ ਪ੍ਰਣਾਮ ਕੀਤਾ ਅਤੇ ਕਿਹਾ, ਹੇ ਨਾਥ! ਸੁਣੋ, ਸਾਨੂੰ ਬਹੁਤ ਭੁਖ ਲਗੀ ਹੈ।

ਦੂਰ ਹੈ ਸਭ ਗੋਪਿਨ ਕੇ ਘਰ ਖੇਲਨ ਕੀ ਸਭ ਸੁਧ ਭਗੀ ਹੈ ॥

ਗਵਾਲਿਆਂ ਦੇ ਘਰ ਬਹੁਤ ਦੂਰ ਰਹਿ ਗਏ ਹਨ। ਖੇਡਦਿਆਂ ਹੋਇਆਂ ਸਾਡੀ ਸੁਧ-ਬੁਧ ਨਹੀਂ ਰਹੀ,

ਡੋਲਤ ਸੰਗ ਲਗੇ ਤੁਮਰੇ ਹਮ ਕਾਨ੍ਰਹ ਤਬੈ ਸੁਨਿ ਬਾਤ ਪਗੀ ਹੈ ॥

ਅਸੀਂ ਤਾਂ ਤੇਰੇ ਨਾਲ ਹੀ ਘੁੰਮਦੇ ਰਹੇ। ਕਾਨ੍ਹ ਨੇ ਉਨ੍ਹਾਂ ਦੀ ਗੱਲ ਸੁਣ ਕੇ (ਪਿਆਰ ਨਾਲ) ਭਿੰਨੇ ਹੋਏ

ਜਾਹੁ ਕਹਿਯੋ ਮਥਰਾ ਗ੍ਰਿਹ ਬਿਪਨ ਸਤਿ ਕਹਿਯੋ ਨਹਿ ਬਾਤ ਠਗੀ ਹੈ ॥੩੦੩॥

(ਬੋਲਾਂ ਵਿਚ) ਕਿਹਾ ਮਥੁਰਾ ਦੇ ਬ੍ਰਾਹਮਣਾਂ ਦੇ ਘਰ ਜਾਓ ਅਤੇ (ਖਾਣ ਦੇ ਪਦਾਰਥਾਂ ਲਈ) ਕਹੋ। ਮੈਂ ਸੱਚ ਕਹਿੰਦਾ ਹਾਂ, ਇਸ ਵਿਚ ਰਤਾ ਜਿੰਨੀ ਵੀ ਠਗੀ ਨਹੀਂ ਹੈ ॥੩੦੩॥

ਕਾਨ੍ਰਹ ਬਾਚ ॥

ਕਾਨ੍ਹ ਨੇ ਕਿਹਾ:

ਸਵੈਯਾ ॥

ਸਵੈਯਾ:

ਫੇਰਿ ਕਹੀ ਹਰਿ ਜੀ ਸਭ ਗੋਪਨ ਕੰਸ ਪੁਰੀ ਇਹ ਹੈ ਤਹ ਜਈਐ ॥

ਕ੍ਰਿਸ਼ਨ ਨੇ ਫਿਰ ਗਵਾਲ-ਬਾਲਕਾਂ ਨੂੰ ਕਿਹਾ, ਇਹ ਕੰਸਪੁਰੀ (ਮਥੁਰਾ) ਹੈ, ਉਥੇ ਜਾਓ।

ਜਗ ਕੋ ਮੰਡਲ ਬਿਪਨ ਕੋ ਗ੍ਰਿਹ ਪੂਛਤ ਪੂਛਤ ਢੂੰਢ ਸੁ ਲਈਐ ॥

ਯੱਗ ਦੇ ਮੰਡਲ ਜਾਂ ਬ੍ਰਾਹਮਣਾਂ ਦੇ ਘਰ ਪੁਛਦਿਆਂ ਪੁਛਦਿਆਂ ਲਭ ਲੈਣਾ।

ਅੰਜੁਲ ਜੋਰਿ ਸਭੈ ਪਰਿ ਪਾਇਨ ਤਉ ਫਿਰ ਕੈ ਬਿਨਤੀ ਇਹ ਕਈਐ ॥

(ਉਨ੍ਹਾਂ ਅਗੇ) ਹੱਥ ਜੋੜ ਕੇ ਅਤੇ ਚਰਨੀ ਪੈ ਕੇ ਫਿਰ ਇਹ ਬੇਨਤੀ ਕਰਨਾ

ਖਾਨ ਕੇ ਕਾਰਨ ਭੋਜਨ ਮਾਗਤ ਕਾਨ੍ਰਹ ਛੁਧਾਤੁਰ ਹੈ ਸੁ ਸੁਨਈਐ ॥੩੦੪॥

ਅਤੇ ਸੁਣਾਉਣਾ ਕਿ ਕਾਨ੍ਹ ਭੁਖ ਨਾਲ ਆਤੁਰ ਹੈ ਅਤੇ ਖਾਣ ਲਈ ਭੋਜਨ ਮੰਗਦਾ ਹੈ ॥੩੦੪॥

ਮਾਨ ਲਈ ਜੋਊ ਕਾਨ੍ਰਹ ਕਹੀ ਪਰਿ ਪਾਇਨ ਸੀਸ ਨਿਵਾਇ ਚਲੇ ॥

ਜੋ (ਗੱਲ) ਕਾਨ੍ਹ ਕਹੀ, (ਬਾਲਕਾਂ ਨੇ) ਮੰਨ ਲਈ ਅਤੇ (ਕ੍ਰਿਸ਼ਨ ਦੇ) ਪੈਰੀਂ ਪੈ ਕੇ ਅਤੇ ਸੀਸ ਨਿਵਾ ਕੇ ਚਲ ਪਏ।

ਚਲਿ ਕੈ ਪੁਰ ਕੰਸ ਬਿਖੈ ਜੋ ਗਏ ਗ੍ਰਿਹਿ ਬਿਪਨ ਕੇ ਸਭ ਗੋਪ ਭਲੇ ॥

(ਉਥੋਂ) ਚਲ ਕੇ ਮਥੁਰਾ ਵਿਚ ਗਏ ਅਤੇ ਭਲੇ ਬ੍ਰਾਹਮਣਾਂ ਦੇ ਘਰ ਚਲੇ ਗਏ।

ਕਰਿ ਕੋਟਿ ਪ੍ਰਨਾਮ ਕਰੀ ਬਿਨਤੀ ਫੁਨਿ ਭੋਜਨ ਮਾਗਤ ਕਾਨ੍ਰਹ ਖਲੇ ॥

ਕਰੋੜਾਂ ਵਾਰ ਪ੍ਰਣਾਮ ਕਰ ਕੇ ਬੇਨਤੀ ਕੀਤੀ (ਕਿ ਨਗਰ ਤੋਂ ਬਾਹਰ) ਕਾਨ੍ਹ ਖੜੋਤੇ ਹਨ ਅਤੇ ਭੋਜਨ ਮੰਗ ਰਹੇ ਹਨ।

ਅਬ ਦੇਖਹੁ ਚਾਤੁਰਤਾ ਇਨ ਕੀ ਧਰਿ ਬਾਲਕ ਮੂਰਤਿ ਬਿਪ ਛਲੇ ॥੩੦੫॥

ਹੁਣ ਇਨ੍ਹਾਂ ਦੀ ਚਾਲਾਕੀ ਵੇਖੋ ਕਿ ਬਾਲਕ ਰੂਪ ਧਾਰ ਕੇ ਬ੍ਰਾਹਮਣਾਂ ਨੂੰ ਛਲ ਲਿਆ ਹੈ ॥੩੦੫॥

ਬਿਪ੍ਰ ਬਾਚ ॥

ਬ੍ਰਾਹਮਣਾਂ ਨੇ ਕਿਹਾ:

ਸਵੈਯਾ ॥

ਸਵੈਯਾ:

ਕੋਪ ਭਰੇ ਦਿਜ ਬੋਲ ਉਠੇ ਹਮ ਤੇ ਤੁਮ ਭੋਜਨ ਮਾਗਨ ਆਏ ॥

ਗੁੱਸੇ ਨਾਲ ਭਰੇ ਹੋਏ ਬ੍ਰਾਹਮਣ (ਅਗੋਂ) ਬੋਲ ਪਏ ਕਿ ਤੁਸੀਂ ਸਾਡੇ ਕੋਲੋਂ ਭੋਜਨ ਮੰਗਣ ਆਏ ਹੋ।

ਕਾਨ੍ਰਹ ਬਡੋ ਸਠ ਅਉ ਮੁਸਲੀ ਹਮਹੂੰ ਤੁਮਹੂੰ ਸਠ ਸੇ ਲਖ ਪਾਏ ॥

ਕਾਨ੍ਹ ਅਤੇ ਬਲਰਾਮ ਦੋਵੇਂ ਵੱਡੇ ਝੂਠੇ ਹਨ ਅਤੇ ਅਸੀਂ ਤੁਹਾਨੂੰ ਵੀ (ਉਨ੍ਹਾਂ ਵਰਗਾ) ਝੂਠਾ ਜਾਣ ਲਿਆ ਹੈ।

ਪੇਟ ਭਰੈ ਅਪਨੋ ਤਬ ਹੀ ਜਬ ਆਨਤ ਤੰਦੁਲ ਮਾਗਿ ਪਰਾਏ ॥

ਅਸੀਂ ਤਦ ਹੀ ਆਪਣਾ ਪੇਟ ਭਰਦੇ ਹਾਂ ਜਦ ਅਸੀਂ ਦੂਜਿਆਂ ਤੋਂ ਚਾਵਲ ਮੰਗ ਕੇ ਲਿਆਉਂਦੇ ਹਾਂ।

ਏਤੇ ਪੈ ਖਾਨ ਕੋ ਮਾਗਤ ਹੈ ਇਹ ਯੌ ਕਹਿ ਕੈ ਅਤਿ ਬਿਪ ਰਿਸਾਏ ॥੩੦੬॥

ਅਜਿਹੀ ਸਥਿਤੀ ਹੋਣ ਤੇ ਵੀ (ਤੁਸੀਂ ਸਾਡੇ ਕੋਲੋਂ) ਖਾਣ ਲਈ ਮੰਗਦੇ ਹੋ। ਇਹ ਗੱਲ ਇੰਜ ਕਹਿ ਕੇ ਬ੍ਰਾਹਮਣ ਬਹੁਤ ਕ੍ਰੋਧਵਾਨ ਹੋ ਗਏ ॥੩੦੬॥

ਬਿਪਨ ਭੋਜਨ ਜਉ ਨ ਦਯੋ ਤਬ ਹੀ ਗ੍ਰਿਹ ਗੋਪ ਚਲੇ ਸੁ ਖਿਸਾਨੇ ॥

(ਜਦੋਂ) ਬ੍ਰਾਹਮਣਾਂ ਨੇ ਭੋਜਨ ਨਾ ਦਿੱਤਾ ਤਦੋਂ ਹੀ ਗਵਾਲ ਬਾਲਕ ਖਿਝੇ ਹੋਏ (ਉਨ੍ਹਾਂ ਦੇ) ਘਰਾਂ ਨੂੰ (ਛਡ ਕੇ) ਚਲ ਪਏ।

ਕੰਸ ਪੁਰੀ ਤਜ ਕੈ ਗ੍ਰਿਹ ਬਿਪਨ ਨਾਖਿ ਚਲੇ ਜਮੁਨਾ ਨਿਜਕਾਨੇ ॥

ਮਥੁਰਾ ਨੂੰ ਛਡ ਕੇ ਅਤੇ ਬ੍ਰਾਹਮਣਾਂ ਦੇ ਘਰ ਲੰਘ ਕੇ ਜਮਨਾ ਦੇ ਨੇੜੇ ਜਾ ਪਹੁੰਚੇ।

ਬੋਲਿ ਉਠਿਯੋ ਮੁਸਲੀ ਕ੍ਰਿਸਨੰ ਸੰਗਿ ਅੰਨ੍ਰਯ ਬਿਨਾ ਜਬ ਆਵਤ ਜਾਨੇ ॥

ਜਦੋਂ ਬਲਰਾਮ ਨੇ ਉਨ੍ਹਾਂ ਨੂੰ ਭੋਜਨ ਤੋਂ ਬਿਨਾ ਆਉਂਦੇ ਵੇਖਿਆ ਤਾਂ ਉਹ ਕ੍ਰਿਸ਼ਨ ਨੂੰ ਕਹਿਣ ਲਗਾ ਕਿ ਵੇਖੋ,

ਦੇਖਹੁ ਲੈਨ ਕੋ ਆਵਤ ਥੇ ਦਿਜ ਦੇਨ ਕੀ ਬੇਰ ਕੋ ਦੂਰ ਪਰਾਨੇ ॥੩੦੭॥

ਲੈਣ ਲਈ (ਇਹ) ਬ੍ਰਾਹਮਣ (ਨਿਤ ਸਾਡੇ ਘਰ) ਆ ਜਾਂਦੇ ਹਨ, ਪਰ ਦੇਣ ਦੀ ਵਾਰੀ ਦੂਰ ਭਜ ਗਏ ਹਨ ॥੩੦੭॥

ਕਬਿਤੁ ॥

ਕਬਿੱਤ:

ਬਡੇ ਹੈ ਕੁਮਤੀ ਅਉ ਕੁਜਤੀ ਕੂਰ ਕਾਇਰ ਹੈ ਬਡੇ ਹੈ ਕਮੂਤ ਅਉ ਕੁਜਾਤਿ ਬਡੇ ਜਗ ਮੈ ॥

(ਇਹ ਬ੍ਰਾਹਮਣ) ਜਗਤ ਵਿਚ ਵੱਡੇ ਕੁਮਤੀ, ਕੁਜਤੀ, ਝੂਠੇ ਅਤੇ ਕਾਇਰ ਹਨ ਅਤੇ ਬਹੁਤ ਹੀ ਕੁ-ਨਸਲੇ (ਅਰਥਾਤ ਮਾੜੀ ਨਸਲ ਵਾਲੇ) ਅਤੇ ਕੁਜਾਤ ਹਨ।

ਬਡੇ ਚੋਰ ਚੂਹਰੇ ਚਪਾਤੀ ਲੀਏ ਤਜੈ ਪ੍ਰਾਨ ਕਰੈ ਅਤਿ ਜਾਰੀ ਬਟਪਾਰੀ ਅਉਰ ਮਗ ਮੈ ॥

(ਇਹ) ਵੱਡੇ ਚੋਰ ਅਤੇ ਚੂੜ੍ਹੇ ਹਨ ਜੋ ਰੋਟੀ ਲਈ ਪ੍ਰਾਣ ਤਿਆਗ ਦਿੰਦੇ ਹਨ ਅਤੇ ਬਹੁਤ ਬਦਮਾਸ਼ੀ ਅਤੇ ਰਾਹ ਵਿਚ ਡਕੈਤੀ ਕਰਦੇ ਹਨ।

ਬੈਠੇ ਹੈ ਅਜਾਨ ਮਾਨੋ ਕਹੀਅਤ ਹੈ ਸਯਾਨੇ ਕਛੂ ਜਾਨੇ ਨ ਗਿਆਨ ਸਉ ਕੁਰੰਗ ਬਾਧੇ ਪਗ ਮੈ ॥

(ਇਹ) ਬਹੁਤ ਬੇਸਮਝ ਹਨ, ਪਰ ਬੈਠੇ ਇੰਜ ਹਨ ਜਿਵੇਂ ਸਿਆਣੇ ਕਹੇ ਜਾਂਦੇ ਹਨ। ਗਿਆਨ ਤਾਂ ਕੁਝ ਜਾਣਦੇ ਨਹੀਂ, ਪਰ ਪੈਰ ਨਾਲ ਸੌ ਹਿਰਨ ਬੰਨ੍ਹੀ ਫਿਰਦੇ ਹਨ (ਅਰਥਾਤ ਸੌ ਹਿਰਨਾਂ ਦੀ ਗਤਿ ਨਾਲ ਭਜੀ ਫਿਰਦੇ ਹਨ ਅਥਵਾ ਬਹੁਤ ਬੇਲਿਹਾਜ ਹਨ)।

ਬਡੈ ਹੈ ਕੁਛੈਲ ਪੈ ਕਹਾਵਤ ਹੈ ਛੈਲ ਐਸੇ ਫਿਰਤ ਨਗਰ ਜੈਸੇ ਫਿਰੈ ਢੋਰ ਵਗ ਮੈ ॥੩੦੮॥

(ਇਹ) ਹਨ ਤਾਂ ਬਹੁਤ ਕੋਝੇ, ਪਰ ਆਪਣੇ ਆਪ ਨੂੰ ਸੁੰਦਰ ਅਖਵਾਉਂਦੇ ਹਨ ਅਤੇ ਨਗਰ ਵਿਚ ਇੰਜ ਫਿਰਦੇ ਹਨ ਜਿਵੇਂ ਪਸੂ ਵਗ ਵਿਚ ਫਿਰਦੇ ਹਨ ॥੩੦੮॥

ਮੁਸਲੀ ਬਾਚ ਕਾਨ੍ਰਹ ਸੋ ॥

ਬਲਰਾਮ ਨੇ ਕਾਨ੍ਹ ਨੂੰ ਕਿਹਾ:

ਸਵੈਯਾ ॥

ਸਵੈਯਾ:

ਆਇਸੁ ਹੋਇ ਤਉ ਖੈਚ ਹਲਾ ਸੰਗ ਮੂਸਲ ਸੋ ਮਥੁਰਾ ਸਭ ਫਾਟੋ ॥

(ਮੈਨੂੰ) ਜੇ ਆਗਿਆ ਹੋਵੇ ਤਾਂ ਹਲ ਨਾਲ ਸਾਰੀ ਮਥੁਰਾ ਨਗਰੀ ਖਿਚ ਲਵਾਂ ਅਤੇ ਮੁਸਲੀ (ਮੋਹਲੇ) ਨਾਲ ਸਭ ਨੂੰ ਕੁਟ ਦਿਆਂ।

ਬਿਪਨ ਜਾਇ ਕਹੋ ਪਕਰੋ ਕਹੋ ਮਾਰਿ ਡਰੋ ਕਹੋ ਰੰਚਕ ਡਾਟੋ ॥

ਜੇ ਕਹੋ ਤਾਂ ਬ੍ਰਾਹਮਣਾਂ ਨੂੰ ਪਕੜ ਲਿਆਵਾਂ, ਜੇ ਕਹੋ ਤਾਂ ਮਾਰ ਸੁਟਾਂ ਅਤੇ ਜੇ ਕਹੋ ਤਾਂ ਥੋੜਾ ਜਿੰਨਾ ਡਾਂਟ ਦਿਆਂ।

ਅਉਰ ਕਹੋ ਤੋ ਉਖਾਰਿ ਪੁਰੀ ਬਲੁ ਕੈ ਅਪੁਨੇ ਜਮੁਨਾ ਮਹਿ ਸਾਟੋ ॥

ਜੇ ਹੋਰ ਕਹੋ ਤਾਂ ਆਪਣੇ ਬਲ ਨਾਲ ਮਥੁਰਾ ਨਗਰੀ ਨੂੰ ਉਖਾੜ ਕੇ ਜਮਨਾ ਵਿਚ ਸੁਟ ਦਿਆਂ।

ਸੰਕਤ ਹੋ ਤੁਮ ਤੇ ਜਦੁਰਾਇ ਨ ਹਉ ਇਕਲੋ ਅਰਿ ਕੋ ਸਿਰ ਕਾਟੋ ॥੩੦੯॥

ਹੇ ਸ੍ਰੀ ਕ੍ਰਿਸ਼ਨ! ਤੇਰੇ ਤੋਂ ਝਿਝਕਦਾ ਹਾਂ, ਨਹੀਂ ਤਾਂ ਮੈਂ ਇਕੱਲਾ ਹੀ ਵੈਰੀ ਦੇ ਸਿਰ ਵਢ ਕੇ ਸੁਟ ਦਿਆਂ ॥੩੦੯॥

ਕਾਨ੍ਰਹ ਬਾਚ ॥

ਕ੍ਰਿਸ਼ਨ ਨੇ ਕਿਹਾ:

ਸਵੈਯਾ ॥

ਸਵੈਯਾ:

ਕ੍ਰੋਧ ਛਿਮਾਪਨ ਕੈ ਮੁਸਲੀ ਹਰਿ ਫੇਰਿ ਕਹੀ ਸੰਗ ਬਾਲਕ ਬਾਨੀ ॥

ਹੇ ਬਲਰਾਮ! ਕ੍ਰੋਧ ਨੂੰ ਸ਼ਾਂਤ ਕਰੋ। ਅਤੇ ਫਿਰ ਕ੍ਰਿਸ਼ਨ ਨੇ ਗਵਾਲ ਬਾਲਕਾਂ ਨੂੰ ਗੱਲ ਕਹੀ।

ਬਿਪ ਗੁਰੂ ਸਭ ਹੀ ਜਗ ਕੇ ਸਮਝਾਇ ਕਹੀ ਇਹ ਕਾਨ੍ਰਹ ਕਹਾਨੀ ॥

ਬ੍ਰਾਹਮਣ ਸਾਰੇ ਜਗਤ ਦੇ ਗੁਰੂ ਹਨ, ਇਹ ਗੱਲ ਚੰਗੀ ਤਰ੍ਹਾਂ ਸਮਝਾ ਕੇ ਗਵਾਲ ਬਾਲਕਾਂ ਨੂੰ ਕਾਨ੍ਹ ਨੇ (ਦੋਬਾਰਾ ਬ੍ਰਾਹਮਣਾਂ ਪਾਸ ਜਾਣ ਲਈ ਕਿਹਾ)।

ਆਇਸੁ ਮਾਨਿ ਗਏ ਫਿਰ ਕੈ ਜੁ ਹੁਤੀ ਨ੍ਰਿਪ ਕੰਸਹਿ ਕੀ ਰਜਧਾਨੀ ॥

ਬਾਲਕ (ਕ੍ਰਿਸ਼ਨ ਦੀ) ਆਗਿਆ ਮੰਨ ਕੇ ਕੰਸ ਰਾਜੇ ਦੀ ਰਾਜਧਾਨੀ (ਮਥੁਰਾ) ਵਿਚ ਫਿਰ ਗਏ

ਖੈਬੇ ਕੋ ਭੋਜਨ ਮਾਗਤ ਕਾਨ੍ਰਹ ਕਹਿਯੋ ਨਹਿ ਬਿਪ ਮਨੀ ਅਭਿਮਾਨੀ ॥੩੧੦॥

ਅਤੇ (ਬ੍ਰਾਹਮਣਾਂ ਨੂੰ) ਕਿਹਾ ਕਿ ਕ੍ਰਿਸ਼ਨ ਖਾਣ ਲਈ ਭੋਜਨ ਮੰਗਦਾ ਹੈ, ਪਰ ਅਭਿਮਾਨੀ ਬ੍ਰਾਹਮਣਾਂ ਨੇ (ਉਨ੍ਹਾਂ ਦੀ ਗੱਲ) ਨਾ ਮੰਨੀ ॥੩੧੦॥

ਕਬਿਤੁ ॥

ਕਬਿੱਤ:

ਕਾਨ੍ਰਹ ਜੂ ਕੇ ਗ੍ਵਾਰਨ ਕੋ ਬਿਪਨ ਦੁਬਾਰ ਰਿਸਿ ਉਤਰ ਦਯੋ ਨ ਕਛੂ ਖੈਬੇ ਕੋ ਕਛੂ ਦਯੋ ॥

ਕਾਨ੍ਹ ਦੇ (ਮਿਤਰ) ਗਵਾਲ ਬਾਲਕਾਂ ਨੂੰ ਬ੍ਰਾਹਮਣਾਂ ਨੇ ਦੋਬਾਰਾ ਕ੍ਰੋਧ ਕਰ ਕੇ ਨਾ ਉੱਤਰ ਦਿੱਤਾ ਅਤੇ ਨਾ ਹੀ ਖਾਣ ਨੂੰ ਕੁਝ ਦਿੱਤਾ।

ਤਬ ਹੀ ਰਿਸਾਏ ਗੋਪ ਆਏ ਹਰਿ ਜੂ ਕੇ ਪਾਸ ਕਰਿ ਕੈ ਪ੍ਰਨਾਮ ਐਸੇ ਉਤਰ ਤਿਨੈ ਦਯੋ ॥

ਤਦ ਗਵਾਲ ਬਾਲਕ ਕ੍ਰੋਧਵਾਨ ਹੋ ਕੇ ਕ੍ਰਿਸ਼ਨ ਜੀ ਕੋਲ ਆ ਗਏ ਅਤੇ ਨਮਸਕਾਰ ਕਰ ਕੇ ਇਸ ਤਰ੍ਹਾਂ ਉੱਤਰ ਦਿੱਤਾ

ਮੋਨ ਸਾਧਿ ਬੈਠਿ ਰਹੈ ਖੈਬੇ ਕੋ ਨ ਦੇਤ ਕਛੂ ਤਬੈ ਫਿਰਿ ਆਇ ਜਬੈ ਕ੍ਰੋਧ ਮਨ ਮੈ ਭਯੋ ॥

ਕਿ (ਸਾਡੀ ਬੇਨਤੀ ਕਰਨ ਤੇ ਬ੍ਰਾਹਮਣ) ਚੁਪ ਕਰ ਕੇ ਬੈਠੇ ਰਹੇ ਅਤੇ ਖਾਣ ਲਈ ਕੁਝ ਨਾ ਦਿੱਤਾ। ਤਦੋਂ ਅਸੀਂ ਮਨ ਵਿਚ ਕ੍ਰੋਧਵਾਨ ਹੋ ਕੇ ਮੁੜ ਆਏ ਹਾਂ।

ਅਤਿ ਹੀ ਛੁਧਾਤੁਰ ਭਏ ਹੈ ਹਮ ਦੀਨਾਨਾਥ ਕੀਜੀਐ ਉਪਾਵ ਨ ਤੋ ਬਲ ਤਨ ਕੋ ਗਯੋ ॥੩੧੧॥

ਹੇ ਦੀਨਾਨਾਥ! ਅਸੀਂ ਭੁਖ ਕਾਰਨ ਬਹੁਤ ਵਿਆਕੁਲ ਹਾਂ, ਕੋਈ ਉਪਾ ਕਰੋ, ਨਹੀਂ ਤਾਂ ਸ਼ਰੀਰ ਦਾ ਬਲ ਛੀਣ ਹੋ ਜਾਏਗਾ ॥੩੧੧॥