ਸ਼੍ਰੀ ਦਸਮ ਗ੍ਰੰਥ

ਅੰਗ - 180


ਰੁਆਮਲ ਛੰਦ ॥

ਰੁਆਮਲ ਛੰਦ:

ਘਾਇ ਖਾਇ ਭਜੇ ਸੁਰਾਰਦਨ ਕੋਪੁ ਓਪ ਮਿਟਾਇ ॥

ਦੇਵਤਿਆਂ ਦੇ ਵੈਰੀ (ਦੈਂਤ) ਘਾਇਲ ਹੋ ਕੇ ਤੇਜਹੀਣ ਅਵਸਥਾ ਵਿਚ ਭਜਣ ਲਗੇ।

ਅੰਧਿ ਕੰਧਿ ਫਿਰਿਯੋ ਤਬੈ ਜਯ ਦੁੰਦਭੀਨ ਬਜਾਇ ॥

ਤਦੋਂ ਅੰਧਕ ਦੈਂਤ (ਮਸਤੀ ਨਾਲ) ਜਿਤ ਦੇ ਨਗਾਰੇ ਵਜਾ ਕੇ ਘੁੰਮਣ ਲਗਿਆ।

ਸੂਲ ਸੈਹਥਿ ਪਰਿਘ ਪਟਸਿ ਬਾਣ ਓਘ ਪ੍ਰਹਾਰ ॥

ਤ੍ਰਿਸ਼ੂਲ, ਸੈਹੱਥੀ, ਪਰਘ, ਪੱਟਾ ਅਤੇ ਬਾਣ ਆਦਿ ਦੇ ਪ੍ਰਹਾਰ ਹੋਣ ਲਗੇ।

ਪੇਲਿ ਪੇਲਿ ਗਿਰੇ ਸੁ ਬੀਰਨ ਖੇਲ ਜਾਨੁ ਧਮਾਰ ॥੧੭॥

ਧਕਮਧਕੀ ਨਾਲ ਸੂਰਮੇ ਡਿਗ ਰਹੇ ਸਨ ਮਾਨੋ ਧਮਾਰ (ਨਾਚ) ਖੇਡ ਰਹੇ ਹੋਣ ॥੧੭॥

ਸੇਲ ਰੇਲ ਭਈ ਤਹਾ ਅਰੁ ਤੇਗ ਤੀਰ ਪ੍ਰਹਾਰ ॥

ਉਥੇ (ਯੁੱਧ-ਭੂਮੀ ਵਿਚ) ਬਰਛੀਆਂ ਦੇ ਬਹੁਤ (ਵਾਰ) ਹੋਏ ਅਤੇ ਤੀਰਾਂ ਤੇ ਤਲਵਾਰਾਂ ਦੇ ਪ੍ਰਹਾਰ ਹੋਏ।

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਹਥਿਯਾਰ ॥

ਥਾਂ ਥਾਂ ਸੈਨਿਕ ਫਿਰ ਰਹੇ ਸਨ ਅਤੇ ਵਾਹੋਦਾਹੀ ਸ਼ਸਤ੍ਰ ਚਲਾ ਰਹੇ ਸਨ।

ਅੰਗ ਭੰਗ ਪਰੇ ਕਹੂੰ ਸਰਬੰਗ ਸ੍ਰੋਨਤ ਪੂਰ ॥

(ਕਿਤੇ) ਕਿਸੇ ਦੇ ਕਟੇ ਹੋਏ ਅੰਗ ਡਿਗੇ ਪਏ ਸਨ ਅਤੇ ਕਿਤੇ ਸਾਰੇ ਸ਼ਰੀਰ ਲਹੂ ਨਾਲ ਲਥ-ਪਥ ਹੋਏ ਪਏ ਸਨ।

ਏਕ ਏਕ ਬਰੀ ਅਨੇਕਨ ਹੇਰਿ ਹੇਰਿ ਸੁ ਹੂਰ ॥੧੮॥

ਇਕ ਇਕ (ਯੋਧੇ) ਨੇ ਵੇਖ ਵੇਖ ਕੇ ਅਨੇਕਾਂ ਹੂਰਾਂ ਵਰੀਆਂ ਸਨ ॥੧੮॥

ਚਉਰ ਚੀਰ ਰਥੀ ਰਥੋਤਮ ਬਾਜ ਰਾਜ ਅਨੰਤ ॥

ਕਿਤੇ ਅਨੰਤ ਚੌਰਾਂ, ਬਸਤ੍ਰ, ਘੋੜੇ, ਰਥ, ਰਥੀ ਅਤੇ ਰਾਜੇ ਡਿਗੇ ਪਏ ਸਨ।

ਸ੍ਰੋਣ ਕੀ ਸਰਤਾ ਉਠੀ ਸੁ ਬਿਅੰਤ ਰੂਪ ਦੁਰੰਤ ॥

ਬਹੁਤ ਭਿਆਨਕ ਰੂਪ ਵਾਲੀ ਲਹੂ ਦੀ ਨਦੀ ਵਗਣ ਲਗੀ ਸੀ।

ਸਾਜ ਬਾਜ ਕਟੇ ਕਹੂੰ ਗਜ ਰਾਜ ਤਾਜ ਅਨੇਕ ॥

ਕਿਤੇ ਸੁਸ਼ਜਿਤ ਘੋੜੇ ਕਟੇ ਹੋਏ ਡਿਗੇ ਪਏ ਸਨ ਅਤੇ ਕਿਤੇ ਸ੍ਰੇਸ਼ਠ ਹਾਥੀ ਮੁਕੁਟਾਂ ਸਹਿਤ ਪਏ ਸਨ।

ਉਸਟਿ ਪੁਸਟਿ ਗਿਰੇ ਕਹੂੰ ਰਿਪੁ ਬਾਚੀਯੰ ਨਹੀ ਏਕੁ ॥੧੯॥

ਕਿਤੇ ਤਕੜੇ ਊਠ ਡਿਗੇ ਪਏ ਸਨ ਅਤੇ ਵੈਰੀਆਂ ਵਿਚੋਂ ਕੋਈ ਵੀ (ਜ਼ਿੰਦਾ) ਨਹੀਂ ਬਚਿਆ ਸੀ ॥੧੯॥

ਛਾਡਿ ਛਾਡਿ ਚਲੇ ਤਹਾ ਨ੍ਰਿਪ ਸਾਜ ਬਾਜ ਅਨੰਤ ॥

ਅਨੰਤ ਸੁਸਜਿਤ ਘੋੜੇ ਛਡ ਛਡ ਕੇ ਰਾਜੇ ਉਥੋਂ ਖਿਸਕ ਰਹੇ ਸਨ।

ਗਾਜ ਗਾਜ ਹਨੇ ਸਦਾ ਸਿਵ ਸੂਰਬੀਰ ਦੁਰੰਤ ॥

ਸ਼ਿਵ ਨੇ ਗਜ ਵਜ ਕੇ ਭਿਆਨਕ ਸੂਰਵੀਰਾਂ ਨੂੰ ਮਾਰ ਦਿੱਤਾ ਸੀ।

ਭਾਜ ਭਾਜ ਚਲੇ ਹਠੀ ਹਥਿਆਰ ਹਾਥਿ ਬਿਸਾਰਿ ॥

ਹੱਥਾਂ ਵਿਚ ਹਥਿਆਰ ਧਾਰਨ ਕਰਨ ਦੀ ਗੱਲ ਨੂੰ ਭੁਲਾ ਕੇ ਹਠੀ ਯੁੱਧ-ਵੀਰ ਭਜਦੇ ਜਾਂਦੇ ਸਨ।

ਬਾਣ ਪਾਣ ਕਮਾਣ ਛਾਡਿ ਸੁ ਚਰਮ ਬਰਮ ਬਿਸਾਰਿ ॥੨੦॥

ਕਈ ਕਵਚ, ਢਾਲਾਂ ਅਤੇ ਹੱਥਾਂ ਵਿਚ ਤੀਰ-ਕਮਾਨਾਂ ਨੂੰ ਭੁਲਾ ਕੇ ਛਡ ਕੇ ਜਾ ਰਹੇ ਸਨ ॥੨੦॥

ਨਰਾਜ ਛੰਦ ॥

ਨਰਾਜ ਛੰਦ:

ਜਿਤੇ ਕੁ ਸੂਰ ਧਾਈਯੰ ॥

ਜਿਤਨੇ ਵੀ ਸੂਰਮੇ ਧਾਵਾ ਕਰ ਕੇ ਆਏ ਸਨ,

ਤਿਤੇਕੁ ਰੁਦ੍ਰ ਘਾਈਯੰ ॥

ਉਤਨੇ ਹੀ ਸ਼ਿਵ ਨੇ ਮਾਰ ਦਿੱਤੇ।

ਜਿਤੇ ਕੁ ਅਉਰ ਧਾਵਹੀ ॥

ਜਿਤਨੇ ਹੋਰ ਧਾਵਾ ਕਰਨਗੇ,

ਤਿਤਿਯੋ ਮਹੇਸ ਘਾਵਹੀ ॥੨੧॥

ਉਤਨਿਆਂ ਨੂੰ ਹੀ ਸ਼ਿਵ ਮਾਰ ਦੇਵੇਗਾ ॥੨੧॥

ਕਬੰਧ ਅੰਧ ਉਠਹੀ ॥

ਧੜ ਅੰਨ੍ਹੇ ਵਾਹ ਉਠ ਕੇ (ਭਜ ਰਹੇ ਸਨ)।

ਬਸੇਖ ਬਾਣ ਬੁਠਹੀ ॥

ਵਿਸ਼ੇਸ਼ ਬਾਣ-ਬਰਖਾ ਹੋ ਰਹੀ ਸੀ।

ਪਿਨਾਕ ਪਾਣਿ ਤੇ ਹਣੇ ॥

ਅਨੰਤ ਬਣੇ ਫਿਰਦੇ ਸੂਰਮੇ

ਅਨੰਤ ਸੂਰਮਾ ਬਣੇ ॥੨੨॥

ਸ਼ਿਵ ਹੱਥੋਂ ਮਾਰੇ ਗਏ ॥੨੨॥

ਰਸਾਵਲ ਛੰਦ ॥

ਰਸਾਵਲ ਛੰਦ:

ਸਿਲਹ ਸੰਜਿ ਸਜੇ ॥

ਸ਼ਸਤ੍ਰਾਂ ਅਤੇ ਕਵਚਾਂ ਨਾਲ ਸਜੇ ਹੋਏ

ਚਹੂੰ ਓਰਿ ਗਜੇ ॥

ਯੋਧੇ ਚੌਹਾਂ ਪਾਸੇ ਗਜ ਰਹੇ ਸਨ।

ਮਹਾ ਬੀਰ ਬੰਕੇ ॥

(ਉਹ) ਅਜਿਹੇ ਬਾਂਕੇ ਵੀਰ ਸਨ

ਮਿਟੈ ਨਾਹਿ ਡੰਕੇ ॥੨੩॥

ਕਿ ਜਿਨ੍ਹਾਂ ਦਾ ਡੰਕਾ ਕਦੇ ਮਿਟ ਨਹੀਂ ਸਕਦਾ ॥੨੩॥

ਬਜੇ ਘੋਰਿ ਬਾਜੰ ॥

ਵਾਜੇ ਭਿਆਨਕ ਨਾਦ ਨਾਲ ਵਜਦੇ ਸਨ,

ਸਜੇ ਸੂਰ ਸਾਜੰ ॥

ਸੂਰਮੇ ਯੁੱਧ ਦੀ ਸਜਾਵਟ ਦੇ ਸਾਮਾਨ ਨਾਲ ਚੰਗੀ ਤਰ੍ਹਾਂ ਸਜੇ ਹੋਏ ਸਨ।

ਘਣੰ ਜੇਮ ਗਜੇ ॥

(ਉਹ) ਬਦਲਾਂ ਵਾਂਗ ਗਜਦੇ ਸਨ

ਮਹਿਖੁਆਸ ਸਜੇ ॥੨੪॥

ਅਤੇ ਵਡਿਆਂ ਧਨੁਸ਼ਾਂ ਨਾਲ ਸਜੇ ਹੋਏ ਸਨ ॥੨੪॥

ਮਹਿਖੁਆਸ ਧਾਰੀ ॥

ਦੇਵਤੇ ਵੀ ਵੱਡੇ ਆਕਾਰ ਪ੍ਰਕਾਰ ਦੇ ਧਨੁਸ਼ ਧਾਰਨ ਕਰਕੇ

ਚਲੇ ਬਿਯੋਮਚਾਰੀ ॥

(ਯੁੱਧ-ਭੂਮੀ ਵਿਚ ਪਹੁੰਚ ਗਏ)।

ਸੁਭੰ ਸੂਰ ਹਰਖੇ ॥

(ਉਨ੍ਹਾਂ ਨੂੰ ਵੇਖ ਕੇ) ਸਾਰੇ ਸੂਰਮੇ ਆਨੰਦਿਤ ਹੋ ਗਏ

ਸਰੰ ਧਾਰ ਬਰਖੇ ॥੨੫॥

ਅਤੇ ਬਾਣਾਂ ਦੀ ਬਰਖਾ ਹੋਣ ਲਗ ਗਈ ॥੨੫॥

ਧਰੇ ਬਾਣ ਪਾਣੰ ॥

(ਸੂਰਵੀਰਾਂ ਨੇ) ਹੱਥਾਂ ਵਿਚ ਬਾਣ ਲਏ ਹੋਏ ਸਨ

ਚੜੇ ਤੇਜ ਮਾਣੰ ॥

ਅਤੇ ਤੇਜ ਤੇ ਮਾਣ ਨਾਲ (ਯੁੱਧ ਕਰਨ ਲਈ) ਚੜ੍ਹੇ ਸਨ।

ਕਟਾ ਕਟਿ ਬਾਹੈ ॥

ਕਟਾ-ਕਟ (ਸ਼ਸਤ੍ਰ) ਚਲਾ ਰਹੇ ਸਨ

ਅਧੋ ਅੰਗ ਲਾਹੈ ॥੨੬॥

ਅਤੇ (ਵੈਰੀ ਦੇ) ਅੱਧੇ ਅੰਗ (ਅਰਥਾਤ ਸਿਰ) ਲਾਹ ਰਹੇ ਸਨ ॥੨੬॥

ਰਿਸੇ ਰੋਸਿ ਰੁਦ੍ਰੰ ॥

ਰੁਦਰ ਕ੍ਰੋਧ ਨਾਲ ਭਰਿਆ ਹੋਇਆ ਸੀ

ਚਲੈ ਭਾਜ ਛੁਦ੍ਰੰ ॥

(ਜਿਸ ਨੂੰ ਵੇਖ ਕੇ) ਕਾਇਰ ਭਜ ਚਲੇ ਸਨ।

ਮਹਾ ਬੀਰ ਗਜੇ ॥

ਮਹਾਨ ਵੀਰ-ਯੋਧੇ ਗਜ ਰਹੇ ਸਨ,

ਸਿਲਹ ਸੰਜਿ ਸਜੇ ॥੨੭॥

(ਉਹ) ਸ਼ਸਤ੍ਰਾਂ ਅਤੇ ਕਵਚਾਂ ਨਾਲ ਸਜੇ ਹੋਏ ਸ ਨਾ ॥੨੭॥

ਲਏ ਸਕਤਿ ਪਾਣੰ ॥

(ਉਨ੍ਹਾਂ ਵੀਰਾਂ ਨੇ) ਹੱਥ ਵਿਚ ਬਰਛੀਆਂ ਲਈਆਂ ਹੋਈਆਂ ਸਨ।