ਸ਼੍ਰੀ ਦਸਮ ਗ੍ਰੰਥ

ਅੰਗ - 715


ਸ੍ਰੀ ਭਗਵੰਤ ਭਜਯੋ ਨ ਅਰੇ ਜੜ ਲਾਜ ਹੀ ਲਾਜ ਤੈ ਕਾਜੁ ਬਿਗਾਰਯੋ ॥੨੫॥

ਹੇ ਮੂਰਖ! (ਤੂੰ) ਸ੍ਰੀ ਭਗਵਾਨ ਦਾ ਭਜਨ ਨਹੀਂ ਕੀਤਾ ਅਤੇ ਲਾਜ ਹੀ ਲਾਜ ਵਿਚ ਕੰਮ ਵਿਗਾੜ ਲਿਆ ਹੈ ॥੨੫॥

ਬੇਦ ਕਤੇਬ ਪੜੇ ਬਹੁਤੇ ਦਿਨ ਭੇਦ ਕਛੂ ਤਿਨ ਕੋ ਨਹਿ ਪਾਯੋ ॥

(ਤੂੰ) ਵੇਦ ਅਤੇ ਕਤੇਬ ਬਹੁਤ ਦਿਨਾਂ ਤਕ ਪੜ੍ਹੇ ਹਨ, ਪਰ ਉਨ੍ਹਾਂ ਦਾ ਕੁਝ ਵੀ ਭੇਦ ਨਹੀਂ ਪਾਇਆ ਹੈ।

ਪੂਜਤ ਠੌਰ ਅਨੇਕ ਫਿਰਯੋ ਪਰ ਏਕ ਕਬੈ ਹੀਯ ਮੈ ਨ ਬਸਾਯੋ ॥

ਅਨੇਕ ਥਾਵਾਂ ਨੂੰ ਪੂਜਦਾ ਫਿਰਿਆ ਹੈਂ, ਪਰ ਇਕ (ਪ੍ਰਭੂ) ਨੂੰ ਕਦੇ ਹਿਰਦੇ ਵਿਚ ਨਹੀਂ ਵਸਾਇਆ।

ਪਾਹਨ ਕੋ ਅਸਥਾਲਯ ਕੋ ਸਿਰ ਨਯਾਇ ਫਿਰਯੋ ਕਛੁ ਹਾਥਿ ਨ ਆਯੋ ॥

ਪੱਥਰ ਨੂੰ ਅਤੇ ਕਬਰਾਂ (ਮੜ੍ਹੀਆਂ) ਨੂੰ ਸਿਰ ਨਿਵਾਉਂਦਾ ਫਿਰਿਆ ਹੈ, (ਪਰ ਉਥੋਂ) ਵੀ ਕੁਝ ਹੱਥ ਨਹੀਂ ਲਗਾ ਹੈ।

ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੂੜ ਕਹਾ ਉਰਝਾਯੋ ॥੨੬॥

ਹੇ ਮੂਰਖ ਮਨ! ਪ੍ਰਗਟ (ਅਗੂੜ) ਪ੍ਰਭੂ ਨੂੰ ਛਡ ਕੇ ਆਪਣੀ ਹੂੜ ਵਿਚ ਕਿਉਂ ਉਲਝ ਗਿਆ ਹੈਂ ॥੨੬॥

ਜੋ ਜੁਗਿਯਾਨ ਕੇ ਜਾਇ ਉਠਿ ਆਸ੍ਰਮ ਗੋਰਖ ਕੋ ਤਿਹ ਜਾਪ ਜਪਾਵੈ ॥

ਜੇ ਕੋਈ ਉਠ ਕੇ ਜੋਗੀਆਂ ਦੇ ਡੇਰੇ ਚਲਾ ਜਾਵੇ, (ਤਾਂ) ਉਸ ਨੂੰ ਗੋਰਖ ਦਾ ਜਾਪ ਜਪਵਾਉਂਦੇ ਹਨ।

ਜਾਇ ਸੰਨਯਾਸਨ ਕੇ ਤਿਹ ਕੌ ਕਹਿ ਦਤ ਹੀ ਸਤਿ ਹੈ ਮੰਤ੍ਰ ਦ੍ਰਿੜਾਵੈ ॥

(ਜੇ ਕੋਈ) ਸੰਨਿਆਸੀਆਂ (ਕੋਲ) ਜਾਏ, (ਤਾਂ) ਉਸ ਨੂੰ ਕਹਿੰਦੇ ਹਨ ਕਿ ਦੱਤ ਹੀ ਸਤਿਸਰੂਪ ਹੈ, ਇਹੀ ਮੰਤ੍ਰ ਦ੍ਰਿੜ੍ਹ ਕਰਵਾਉਂਦੇ ਹਨ।

ਜੋ ਕੋਊ ਜਾਇ ਤੁਰਕਨ ਮੈ ਮਹਿਦੀਨ ਕੇ ਦੀਨ ਤਿਸੇ ਗਹਿ ਲਯਾਵੈ ॥

ਜੇ ਕੋਈ ਤੁਰਕਾਂ (ਮੁਸਲਮਾਨਾਂ) ਦੇ ਸਥਾਨ ਵਿਚ ਚਲਾ ਜਾਵੇ, (ਤਾਂ) ਉਸ ਨੂੰ ਪਕੜ ਕੇ ਮਹਿਦੀਨ (ਹਜ਼ਰਤ ਮੁਹੰਮਦ) ਦੇ ਦੀਲ ਵਿਚ ਲੈ ਆਉਂਦੇ ਹਨ।

ਆਪਹਿ ਬੀਚ ਗਨੈ ਕਰਤਾ ਕਰਤਾਰ ਕੋ ਭੇਦੁ ਨ ਕੋਊ ਬਤਾਵੈ ॥੨੭॥

(ਉਹ ਸਾਰੇ) ਆਪਣੇ ਧਰਮ ਵਿਚ ਹੀ ਕਰਤਾ ਪੁਰਖ ਨੂੰ ਗਿਣਦੇ ਹਨ, ਪਰ ਕਰਤਾਰ ਦੇ ਭੇਦ ਨੂੰ ਕੋਈ ਵੀ ਨਹੀਂ ਦਸਦਾ ਹੈ ॥੨੭॥

ਜੋ ਜੁਗੀਆਨ ਕੇ ਜਾਇ ਕਹੈ ਸਬ ਜੋਗਨ ਕੋ ਗ੍ਰਿਹ ਮਾਲ ਉਠੈ ਦੈ ॥

ਜੇ (ਕੋਈ) ਜੋਗੀਆਂ (ਕੋਲ) ਜਾ ਕੇ (ਪਰਮ ਸੱਤਾ ਨੂੰ ਪ੍ਰਾਪਤ ਕਰਨ ਦੀ ਗੱਲ) ਕਹੇ (ਤਾਂ ਕਹਿਣਗੇ ਕਿ) ਘਰ ਦਾ ਸਾਰਾ ਮਾਲ ਉਠਾ ਕੇ ਜੋਗੀਆਂ ਨੂੰ ਦੇ ਦਿਓ।

ਜੋ ਪਰੋ ਭਾਜਿ ਸੰਨ੍ਯਾਸਨ ਕੈ ਕਹੈ ਦਤ ਕੇ ਨਾਮ ਪੈ ਧਾਮ ਲੁਟੈ ਦੈ ॥

ਜੇ (ਉਥੋਂ) ਭਜ ਕੇ ਸੰਨਿਆਸੀਆਂ (ਕੋਲ ਜਾਵੇ ਤਾਂ) ਕਹਿਣਗੇ ਕਿ ਦੱਤ ਦੇ ਨਾਂ ਤੇ ਘਰ ਨੂੰ ਲੁਟਾ ਦਿਓ।

ਜੋ ਕਰਿ ਕੋਊ ਮਸੰਦਨ ਸੌ ਕਹੈ ਸਰਬ ਦਰਬ ਲੈ ਮੋਹਿ ਅਬੈ ਦੈ ॥

ਜੇਕਰ ਕੋਈ ਮਸੰਦਾਂ ਨੂੰ ਜਾ ਕੇ ਕਹੇ (ਤਾਂ ਉਹ ਕਹਿੰਦੇ ਹਨ ਕਿ) ਸਾਰਾ ਧਨ ਹੁਣੇ ਲਿਆ ਕੇ ਸਾਨੂੰ ਦੇ ਦਿਓ।

ਲੇਉ ਹੀ ਲੇਉ ਕਹੈ ਸਬ ਕੋ ਨਰ ਕੋਊ ਨ ਬ੍ਰਹਮ ਬਤਾਇ ਹਮੈ ਦੈ ॥੨੮॥

(ਅਸੀਂ ਪਰਮਾਤਮਾ ਨੂੰ ਮਿਲਾ ਦਿੰਦੇ ਹਾਂ)। ਸਾਰੇ ਲੈਣਾ ਹੀ ਲੈਣਾ ਕਹਿੰਦੇ ਹਨ (ਪਰ) ਕੋਈ ਵੀ ਸਾਨੂੰ ਪਰਮਾਤਮਾ (ਦੀ ਪ੍ਰਾਪਤੀ ਦਾ ਸਾਧਨ) ਨਹੀਂ ਦਸਦਾ ਹੈ ॥੨੮॥

ਜੋ ਕਰਿ ਸੇਵ ਮਸੰਦਨ ਕੀ ਕਹੈ ਆਨਿ ਪ੍ਰਸਾਦਿ ਸਬੈ ਮੋਹਿ ਦੀਜੈ ॥

ਜੇ ਕੋਈ ਮਸੰਦਾਂ ਦੀ ਸੇਵਾ ਕਰਨੀ ਚਾਹੇ, (ਉਸ ਨੂੰ) ਕਹਿਣਗੇ ਕਿ ਘਰ (ਪ੍ਰਸਾਦਿ-ਭਵਨ) ਤੋਂ ਸਭ ਕੁਝ ਲਿਆ ਕੇ ਮੈਨੂੰ ਦੇ ਦਿਓ।

ਜੋ ਕਛੁ ਮਾਲ ਤਵਾਲਯ ਸੋ ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ ॥

ਜੋ ਕੁਝ ਮਾਲ ਤੇਰੇ ਘਰ ਵਿਚ ਹੈ,। ਉਹ ਹੁਣੇ ਹੀ ਉਠ (ਕੇ ਜਾਓ ਅਤੇ) ਸਾਨੂੰ ਭੇਟ ਕਰ ਦਿਓ।

ਮੇਰੋ ਈ ਧਯਾਨ ਧਰੋ ਨਿਸਿ ਬਾਸੁਰ ਭੂਲ ਕੈ ਅਉਰ ਕੋ ਨਾਮੁ ਨ ਲੀਜੈ ॥

ਰਾਤ ਦਿਨ ਮੇਰਾ ਹੀ ਧਿਆਨ ਧਰੋ ਅਤੇ ਭੁਲ ਕੇ ਵੀ ਹੋਰ ਕਿਸੇ ਦਾ ਨਾਂ ਨਾ ਲਵੋ।

ਦੀਨੇ ਕੋ ਨਾਮੁ ਸੁਨੈ ਭਜਿ ਰਾਤਹਿ ਲੀਨੇ ਬਿਨਾ ਨਹਿ ਨੈਕੁ ਪ੍ਰਸੀਜੈ ॥੨੯॥

ਦੇਣ ਦਾ ਨਾਂ ਸੁਣਦਿਆਂ ਹੀ ਰਾਤੋ ਰਾਤ ਭਜ ਜਾਂਦੇ ਹਨ ਅਤੇ ਲਏ ਬਿਨਾ ਰਤਾ ਜਿੰਨੇ ਵੀ ਪ੍ਰਸੰਨ ਨਹੀਂ ਹੁੰਦੇ ॥੨੯॥

ਆਖਨ ਭੀਤਰਿ ਤੇਲ ਕੌ ਡਾਰ ਸੁ ਲੋਗਨ ਨੀਰੁ ਬਹਾਇ ਦਿਖਾਵੈ ॥

ਅੱਖਾਂ ਵਿਚ (ਸੁਰਮਚੂਆਂ ਨਾਲ) ਤੇਲ ਨੂੰ ਪਾ ਕੇ ਲੋਕਾਂ ਨੂੰ ਹੰਝੂ ਵਗਾ ਕੇ ਵਿਖਾਉਂਦੇ ਹਨ।

ਜੋ ਧਨਵਾਨੁ ਲਖੈ ਨਿਜ ਸੇਵਕ ਤਾਹੀ ਪਰੋਸਿ ਪ੍ਰਸਾਦਿ ਜਿਮਾਵੈ ॥

ਜੇ ਕੋਈ ਆਪਣਾ ਸੇਵਕ ਧਨਵਾਨ ਲਗੇ ਤਾਂ ਪਰੋਸ ਕੇ ਭੋਜਨ ਛਕਾਂਦੇ ਹਨ।

ਜੋ ਧਨ ਹੀਨ ਲਖੈ ਤਿਹ ਦੇਤ ਨ ਮਾਗਨ ਜਾਤ ਮੁਖੋ ਨ ਦਿਖਾਵੈ ॥

ਜੇ ਕੋਈ ਨਿਰਧਨ ਦਿਸ ਪਵੇ, ਉਸ ਨੂੰ ਨਹੀਂ ਦਿੰਦੇ ਅਤੇ ਮੰਗਣ ਨੂੰ ਚਲੇ ਗਏ ਨੂੰ ਮੂੰਹ ਨਹੀਂ ਵਿਖਾਂਦੇ।

ਲੂਟਤ ਹੈ ਪਸੁ ਲੋਗਨ ਕੋ ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ ॥੩੦॥

(ਉਹ) ਮੂਰਖ ਲੋਕਾਂ ਨੂੰ ਲੁਟਦੇ ਹਨ (ਪਰ) ਕਦੇ ਪਰਮਾਤਮਾ ਦੇ ਗੁਣ ਨਹੀਂ ਗਾਂਦੇ ॥੩੦॥

ਆਂਖਨ ਮੀਚਿ ਰਹੈ ਬਕ ਕੀ ਜਿਮ ਲੋਗਨ ਏਕ ਪ੍ਰਪੰਚ ਦਿਖਾਯੋ ॥

ਅੱਖਾਂ ਬੰਦ ਕਰਕੇ ਬਗਲੇ ਵਾਂਗ (ਸਮਾਧੀ ਲਗਾਈ ਰਖਦੇ ਹਨ) ਅਤੇ ਲੋਕਾਂ (ਨੂੰ ਠਗਣ ਲਈ) ਇਕ ਪ੍ਰਪੰਚ ਵਿਖਾਂਦੇ ਹਨ।

ਨਿਆਤ ਫਿਰਯੋ ਸਿਰੁ ਬਧਕ ਜਯੋ ਧਯਾਨ ਬਿਲੋਕ ਬਿੜਾਲ ਲਜਾਯੋ ॥

ਸ਼ਿਕਾਰੀ ਵਾਂਗ ਸਿਰ ਨਿਵਾਈ ਫਿਰਦੇ ਹਨ ਅਤੇ ਅਜਿਹਾ ਧਿਆਨ (ਲਗਾਂਦੇ ਹਨ ਕਿ ਜਿਸਨੂੰ) ਵੇਖ ਕੇ ਬਿਲਾ ਵੀ ਸ਼ਰਮਸਾਰ ਹੋ ਜਾਂਦਾ ਹੈ।

ਲਾਗਿ ਫਿਰਯੋ ਧਨ ਆਸ ਜਿਤੈ ਤਿਤ ਲੋਗ ਗਯੋ ਪਰਲੋਗ ਗਵਾਯੋ ॥

ਜਿਥੋਂ ਧਨ ਦੀ ਆਸ ਹੁੰਦੀ ਹੈ, ਉਥੇ ਲਗੇ ਲਗੇ ਫਿਰਦੇ ਹਨ। (ਉਨ੍ਹਾਂ ਨੇ ਅਜਿਹਾ ਕਰਕੇ) ਲੋਕ ਹੀ ਨਹੀਂ ਗੰਵਾ ਲਿਆ, ਪਰਲੋਕ ਵੀ ਗੰਵਾ ਰਹੇ ਹਨ।