ਸ਼੍ਰੀ ਦਸਮ ਗ੍ਰੰਥ

ਅੰਗ - 854


ਆਖਿ ਮੂੰਦਿ ਤ੍ਰਿਯ ਏਕ ਕੀ ਦੂਜੀ ਲਈ ਬੁਲਾਇ ॥

ਇਕ ਇਸਤਰੀ ਦੀਆਂ ਅੱਖਾਂ ਬੰਦ ਕਰ ਕੇ ਦੂਜੀ ਨੂੰ ਬੁਲਾਇਆ

ਅਧਿਕ ਭੋਗ ਤਾ ਸੋ ਕਿਯਾ ਇਮਿ ਕਹਿ ਦਈ ਉਠਾਇ ॥੫॥

ਅਤੇ ਉਸ ਨਾਲ ਬਹੁਤ ਭੋਗ ਕਰ ਕੇ ਇਹ ਕਹਿੰਦੇ ਹੋਇਆਂ ਉਠਾ ਦਿੱਤਾ ॥੫॥

ਐ ਰੁਚਿ ਸੋ ਤੋ ਸੌ ਰਮੋ ਰਮੋ ਨ ਯਾ ਕੇ ਸੰਗ ॥

ਮੈਂ ਰੁਚੀ ਪੂਰਵਕ ਤੇਰੇ ਨਾਲ ਰਮਣ ਕਰਦਾ ਹਾਂ ਅਤੇ ਉਸ ਨਾਲ ਰਮਣ ਨਹੀਂ ਕਰਦਾ,

ਕੋਟਿ ਕਸਟ ਤਨ ਪੈ ਸਹੋਂ ਕੈਸੋਈ ਦਹੈ ਅਨੰਗ ॥੬॥

ਭਾਵੇਂ ਕਾਮ ਦੇਵ ਮੈਨੂੰ ਕਿਤਨਾ ਵੀ ਸਾੜੇ, ਪਰ ਮੈਂ (ਸਭ) ਕਸ਼ਟ ਤਨ ਉਤੇ ਸਹਾਰਦਾ ਹਾਂ ॥੬॥

ਅੜਿਲ ॥

ਅੜਿਲ:

ਸ੍ਰੀ ਅਸਮਾਨ ਕਲਾ ਭਜਿ ਦਈ ਉਠਾਇ ਕੈ ॥

ਅਸਮਾਨ ਕਲਾ ਨੂੰ ਭੋਗ ਕੇ ਉਠਾ ਦਿੱਤਾ

ਰੁਕਮ ਕੇਤੁ ਨ੍ਰਿਪ ਐਸੋ ਚਰਿਤ ਦਿਖਾਇ ਕੈ ॥

ਰੁਕਮ ਕੇਤੁ ਰਾਜੇ ਨੇ ਇਸ ਤਰ੍ਹਾਂ ਚਰਿਤ੍ਰ ਵਿਖਾ ਕੇ।

ਮੂਰਖ ਰਾਨੀ ਦੁਤਿਯ ਨ ਕਛੁ ਜਾਨਤ ਭਈ ॥

ਦੂਜੀ ਮੂਰਖ ਰਾਣੀ ਕੁਝ ਵੀ ਜਾਣ ਨਾ ਸਕੀ

ਹੋ ਲੁਕ ਮੀਚਨ ਕੀ ਖੇਲ ਜਾਨ ਜਿਯ ਮੈ ਲਈ ॥੭॥

ਅਤੇ ਇਸ ਨੂੰ (ਨਿਰੀ) ਲੁਕਣ-ਮੀਚੀ ਦੀ ਖੇਡ ਹੀ ਸਮਝਿਆ ॥੭॥

ਚੌਪਈ ॥

ਚੌਪਈ:

ਰਤਿ ਕਰਿ ਕੈ ਤ੍ਰਿਯ ਦਈ ਉਠਾਈ ॥

(ਰਾਜੇ ਨੇ) ਰਤੀ-ਕ੍ਰੀੜਾ ਕਰ ਕੇ (ਉਸ) ਇਸਤਰੀ ਨੂੰ ਉਠਾ ਦਿੱਤਾ

ਪੁਨਿ ਵਾ ਕੀ ਦੋਊ ਆਖਿ ਛੁਰਾਈ ॥

ਅਤੇ ਦੂਜੀ ਦੀਆਂ ਦੋਹਾਂ ਅੱਖਾਂ (ਦੀ ਪਟੀ) ਖੋਲ੍ਹ ਦਿੱਤੀ।

ਅਧਿਕ ਨੇਹ ਤਿਹ ਸੰਗ ਉਪਜਾਯੋ ॥

ਉਸ ਨਾਲ ਬਹੁਤ ਪ੍ਰੇਮ ਵਿਖਾਇਆ,

ਮੂਰਖ ਨਾਰਿ ਭੇਦ ਨਹਿ ਪਾਯੋ ॥੮॥

ਪਰ ਉਹ ਮੂਰਖ ਨਾਰੀ (ਕੁਝ ਵੀ) ਭੇਦ ਨਾ ਸਮਝ ਸਕੀ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫॥੬੭੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੈਂਤੀਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫॥੬੭੯॥ ਚਲਦਾ॥

ਚੌਪਈ ॥

ਚੌਪਈ:

ਸੁਨੋ ਰਾਇ ਇਕ ਕਥਾ ਪ੍ਰਕਾਸੋ ॥

(ਮੰਤ੍ਰੀ ਨੇ ਕਿਹਾ-) ਹੇ ਰਾਜਨ! ਸੁਣੋ, ਮੈਂ ਇਕ ਕਥਾ ਪ੍ਰਗਟ ਕਰਦਾ ਹਾਂ

ਤੁਮਰੇ ਚਿਤ ਕੇ ਭ੍ਰਮਹਿ ਬਿਨਾਸੋ ॥

(ਜਿਸ ਨਾਲ) ਤੁਹਾਡੇ ਚਿਤ ਦਾ ਭਰਮ ਖ਼ਤਮ ਕਰਦਾ ਹਾਂ।

ਗੈਂਡੇ ਖਾ ਡੋਗਰ ਤਹ ਰਹੈ ॥

ਉਥੇ ਇਕ ਗੈਂਡੇ ਖਾਂ (ਨਾਂ ਦਾ) ਡੋਗਰ ਰਹਿੰਦਾ ਸੀ।

ਫਤੇ ਮਤੀ ਤਿਹ ਤ੍ਰਿਯ ਜਗ ਕਹੈ ॥੧॥

ਉਸ ਦੀ ਇਸਤਰੀ ਨੂੰ ਲੋਕੀਂ ਫਤੇ ਮਤੀ ਕਹਿੰਦੇ ਸਨ ॥੧॥

ਤਾ ਕੇ ਮਹਿਖ ਧਾਮ ਧਨ ਭਾਰੀ ॥

ਉਸ ਪਾਸ ਮੱਝਾਂ (ਦੇ ਰੂਪ ਵਿਚ) ਬਹੁਤ ਧਨ ਸੀ।

ਤਿਨ ਕੀ ਕਰਤਿ ਅਧਿਕ ਰਖਵਾਰੀ ॥

ਉਸ ਦੀ ਉਹ ਬਹੁਤ ਰਖਵਾਲੀ ਕਰਦਾ ਸੀ।

ਚਰਵਾਰੇ ਬਹੁ ਤਿਨੈ ਚਰਾਵਹਿ ॥

ਉਨ੍ਹਾਂ ਨੂੰ ਬਹੁਤ ਚਰਵਾਹੇ ਚਰਾਉਂਦੇ ਸਨ

ਸਾਝ ਪਰੈ ਘਰ ਕੋ ਲੈ ਆਵਹਿ ॥੨॥

ਅਤੇ ਸ਼ਾਮ ਪੈਣ ਤੇ ਘਰ ਲੈ ਆਉਂਦੇ ਸਨ ॥੨॥

ਇਕ ਚਰਵਾਹਾ ਸੌ ਤ੍ਰਿਯ ਅਟਕੀ ॥

ਇਕ ਚਰਵਾਹੇ ਨਾਲ ਉਹ ਇਸਤਰੀ ਫਸ ਗਈ

ਭੂਲਿ ਗਈ ਸਭ ਹੀ ਸੁਧਿ ਘਟਕੀ ॥

ਅਤੇ ਆਪਣੇ ਸ਼ਰੀਰ (ਅਥਵਾ ਘਰ) ਦੀ ਸਾਰੀ ਸੁਧ ਬੁਧ ਭੁਲ ਗਈ।

ਨਿਤਿਪ੍ਰਤਿ ਤਾ ਸੌ ਭੋਗ ਕਮਾਵੈ ॥

ਉਹ ਉਸ ਨਾਲ ਹਰ ਰੋਜ਼ ਭੋਗ ਕਰਦੀ

ਨਦੀ ਪੈਰਿ ਬਹੁਰੋ ਘਰ ਆਵੈ ॥੩॥

ਅਤੇ ਨਦੀ ਤਰ ਕੇ ਫਿਰ ਘਰ ਆ ਜਾਂਦੀ ॥੩॥

ਡੋਗਰ ਸੋਧ ਏਕ ਦਿਨ ਲਹਿਯੋ ॥

ਡੋਗਰ ਨੂੰ ਇਕ ਦਿਨ ਇਸ ਦੀ ਖ਼ਬਰ ਲਗ ਗਈ

ਤੁਰਤੁ ਤ੍ਰਿਯਾ ਕੋ ਪਾਛੋ ਗਹਿਯੋ ॥

ਅਤੇ ਤੁਰਤ ਇਸਤਰੀ ਦਾ ਪਿਛਾ ਕੀਤਾ।

ਕੇਲ ਕਰਤ ਨਿਰਖੇ ਤਹ ਜਾਈ ॥

ਜਾ ਕੇ ਉਸ ਨੂੰ ਕਾਮ-ਕ੍ਰੀੜਾ ਕਰਦਿਆਂ ਵੇਖਿਆ

ਬੈਠ ਰਹਾ ਜਿਯ ਕੋਪ ਬਢਾਈ ॥੪॥

ਅਤੇ ਮਨ ਵਿਚ ਕ੍ਰੋਧ ਕਰ ਕੇ ਬੈਠ ਗਿਆ ॥੪॥

ਕਰਿ ਕਰਿ ਕੇਲਿ ਸੋਇ ਤੇ ਗਏ ॥

ਰਤੀ-ਕ੍ਰੀੜਾ ਕਰ ਕੇ ਉਹ ਸੌਂ ਗਏ

ਬੇਸੰਭਾਰ ਨਿਜੁ ਤਨ ਤੇ ਭਏ ॥

ਅਤੇ ਸ਼ਰੀਰ ਵਜੋਂ ਬੇਸੁਰਤ ਹੋ ਗਏ।

ਸੋਵਤ ਦੁਹੂੰਅਨ ਨਾਥ ਨਿਹਾਰਿਯੋ ॥

(ਉਨ੍ਹਾਂ) ਦੋਹਾਂ ਨੂੰ ਪਤੀ ਨੇ ਸੁਤਿਆਂ ਵੇਖਿਆ

ਕਾਢਿ ਕ੍ਰਿਪਾਨ ਮਾਰ ਹੀ ਡਾਰਿਯੋ ॥੫॥

ਅਤੇ ਕ੍ਰਿਪਾਨ ਕਢ ਕੇ (ਚਰਵਾਹੇ ਨੂੰ) ਮਾਰ ਦਿੱਤਾ ॥੫॥

ਦੋਹਰਾ ॥

ਦੋਹਰਾ:

ਕਾਟਿ ਮੂੰਡ ਤਾ ਕੋ ਤੁਰਤ ਤਹੀ ਬੈਠ ਛਪਿ ਜਾਇ ॥

ਉਸ (ਚਰਵਾਹੇ) ਦਾ ਸਿਰ ਕਟ ਕੇ ਉਹ ਉਥੇ ਤੁਰਤ ਲੁਕ ਕੇ ਬੈਠ ਗਿਆ।

ਤਨਿਕ ਤਾਤ ਲੋਹੂ ਲਗੇ ਬਾਲ ਜਗੀ ਅਕੁਲਾਇ ॥੬॥

(ਜਦੋਂ) ਥੋੜਾ ਜਿੰਨਾ ਗਰਮ ਲਹੂ ਲਗਾ (ਤਾਂ ਉਹ) ਇਸਤਰੀ ਘਬਰਾ ਕੇ ਜਾਗ ਪਈ ॥੬॥

ਚੌਪਈ ॥

ਚੌਪਈ:

ਮੂੰਡ ਬਿਨਾ ਨਿਜੁ ਮੀਤ ਨਿਹਾਰਿਯੋ ॥

ਸਿਰ ਤੋਂ ਬਿਨਾ ਆਪਣੇ ਮਿਤਰ ਨੂੰ ਵੇਖ ਕੇ

ਅਧਿਕ ਕੋਪ ਚਿਤ ਭੀਤਰ ਧਾਰਿਯੋ ॥

(ਉਸ ਨੇ) ਆਪਣੇ ਚਿਤ ਵਿਚ ਬਹੁਤ ਕ੍ਰੋਧ ਧਾਰਨ ਕੀਤਾ।

ਦਸੋ ਦਿਸਨ ਕਾਢੇ ਅਸਿ ਧਾਵੈ ॥

ਤਲਵਾਰ ਕਢ ਕੇ (ਉਹ) ਚੌਹਾਂ ਪਾਸੇ ਭਜਣ ਲਗੀ

ਹਾਥਿ ਪਰੈ ਤਿਹ ਮਾਰਿ ਗਿਰਾਵੈ ॥੭॥

ਕਿ (ਜੇ ਕੋਈ) ਹੱਥ ਲਗ ਜਾਏ (ਤਾਂ) ਉਸ ਨੂੰ ਮਾਰ ਦਿਆਂ ॥੭॥

ਡੋਗਰ ਛਪ੍ਯੋ ਹਾਥ ਨਹਿ ਆਯੋ ॥

ਡੋਗਰ ਲੁਕਿਆ ਹੋਇਆ ਸੀ, (ਇਸ ਲਈ) ਹੱਥ ਨਹੀਂ ਲਗਾ।

ਢੂੰਢਿ ਰਹੀ ਤ੍ਰਿਯ ਨ ਦਰਸਾਯੋ ॥

(ਉਹ) ਇਸਤਰੀ ਲਭਦੀ ਰਹੀ, (ਪਰ ਉਸ ਨੂੰ) ਨਜ਼ਰ ਨਾ ਪਿਆ।

ਵੈਸੇ ਹੀ ਪੈਰਿ ਨਦੀ ਕਹ ਆਈ ॥

ਉਹ ਉਸੇ ਤਰ੍ਹਾਂ ਨਦੀ ਤਰ ਕੇ ਆ ਗਈ

ਤਹਾ ਮਿਤ੍ਰ ਕਹ ਦਿਯਾ ਬਹਾਈ ॥੮॥

ਅਤੇ ਉਸ (ਨਦੀ) ਵਿਚ ਮਿਤਰ ਨੂੰ ਰੁੜ੍ਹਾ ਦਿੱਤਾ ॥੮॥